ਜਲੰਧਰ: ਉਲੰਪਿਕ ‘ਚੋਂ ਦੋ ਤਗਮੇ ਜਿੱਤਣ ਵਾਲੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਲਾਅਨ ਟੈਨਿਸ ਖਿਡਾਰਨ ਹਿਮਾਨੀ ਮੋਰ ਨਾਲ ਵਿਆਹ ਕਰ ਲਿਆ ਹੈ। ਇਸ ਦੀ ਜਾਣਕਾਰੀ ਨੀਰਜ ਚੋਪੜਾ ਵਲੋਂ ਸ਼ੋਸ਼ਲ ਮੀਡੀਆ ‘ਤੇ ਦਿੱਤੀ ਗਈ । ਇਸ ਵਿਆਹ ਦੇ ਸੰਬੰਧ ‘ਚ ਹਿਮਾਨੀ ਦੀ ਮਾਤਾ ਨੇ ਕਈ ਯਾਦਾਂ ਸਾਂਝੀਆਂ ਕੀਤੀਆਂ।
ਹਿਮਾਨੀ ਸੋਨੀਪਤ ਦੇ ਪਿੰਡ ਲੜਸੌਲੀ ਦੀ ਰਹਿਣ ਵਾਲੀ ਹੈ ਤੇ ਇਹ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਇਆ ਹੈ। ਦੋਵੇਂ ਪਰਿਵਾਰ ਇਕ ਦੂਜੇ ਨੂੰ ਪਿਛਲੇ 7-8 ਸਾਲ ਤੋਂ ਜਾਣਦੇ ਸਨ। ‘ਤੇ ਇਸੇ ਕਰਕੇ ਨੀਰਜ ਤੇ ਹਿਮਾਨੀ ਵੀ ਇਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਹਿਮਾਨੀ ਦੀ ਮਾਂ ਨੇ ਦੱਸਿਆ ਕਿ 14 ਤੋਂ 16 ਜਨਵਰੀ ਤੱਕ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਸਨ ਤੇ ਹਿਮਾਚਲ ‘ਚ ਇਹ ਵਿਆਹ ਸਮਾਗਮ ਕੀਤਾ ਗਿਆ। ਉਸ ਨੇ ਦੱਸਿਆ ਕਿ ਹਿਮਾਨੀ ਇਸ ਵੇਲੇ ਯੂ.ਐਸ.ਏ. ‘ਚ ਪੜ੍ਹਾਈ ਕਰ ਰਹੀ ਹੈ ਤੇ ਨੌਕਰੀ ਵੀ ਉੱਥੇ ਕਰ ਰਹੀ ਹੈ। ਆਲ ਇੰਡੀਆ ਟੈਨਿਸ ਮਹਾਂਸੰਘ ਦੀ ਵੈਬਸਾਈਟ ਅਨੁਸਾਰ 2018 ‘ਚ ਹਿਮਾਨੀ ਨੇ ਸਰਬੋਤਮ ਰਾਸ਼ਟਰੀ ਰੈਕਿੰਗ ਸਿੰਗਲ ‘ਚ 42 ਤੇ ਡਬਲਜ਼ ‘ਚ 27 ਸੀ।
