ਮੋਗਾ: ਸੁਰੱਖਿਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ‘ਤੇ ਅੱਤਵਾਦੀ ਹਮਲੇ ਦੇ ਖ਼ਤਰੇ ਬਾਰੇ ਅਲਰਟ ਜਾਰੀ ਕੀਤਾ ਹੈ। ਏਜੰਸੀਆਂ ਨੂੰ ਸੂਚਨਾ ਮਿਲੀ ਹੈ ਕਿ ਇਹ ਹਮਲਾ ਟਿਫਨ, ਡ੍ਰੋਨ ਜਾਂ ਮਹਿਲਾ ਮਨੁੱਖੀ ਬੰਬ ਨਾਲ ਕੀਤਾ। ਜਾ ਸਕਦਾ ਹੈ।
ਅਲਰਟ ਜਾਰੀ ਹੋਣ ਦਾ ਕਾਰਨ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਤੋਂ ਪੰਜਾਬ ਆਏ ਸਾਰੇ ਟਿਫਨ ਬੰਬਾਂ ਦਾ ਬਰਾਮਦ ਨਾ ਹੋਣਾ ਅਤੇ ਵਿਦੇਸ਼ ਬੈਠੇ ਮੋਗਾ ਨਿਵਾਸੀ ਅੱਤਵਾਦੀ ਅਰਸ਼ਦੀਪ ਉਰਫ਼ ਅਰਸ਼ ਡੱਲਾ, ਪਰਮਿੰਦਰ ਪੱਟੂ, ਲਖਬੀਰ ਸਿੰਘ ਤੇ ਨਛੱਤਰ ਸਿੰਘ ਵੱਲੋਂ ਵੀ ਸੂਬੇ ਵਿਚ ਭਾਰੀ ਮਾਤਰਾ ਵਿਚ ਹਥਿਆਰ ਮੰਗਵਾਏ ਜਾਣਾ ਹੈ। ਖ਼ਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਐਤਵਾਰ ਨੂੰ ਮੋਗਾ ਆਏ ਸਨ ਅਤੇ ਇਸ ਤੋਂ ਪਹਿਲਾਂ ਐੱਸਐੱਸਪੀ ਦਫ਼ਤਰ ਦੀ ਸਕਿਓਰਿਟੀ ਬ੍ਰਾਂਚ ਵੱਲੋਂ ਇਹ ਗੁਪਤ ਪੱਤਰ ਸੁਰੱਖਿਆ ਫੋਰਸ ਤੇ ਅਫਸਰਾਂ ਨੂੰ ਭੇਜਿਆ ਗਿਆ ਹੈ। ਪੱਤਰ ਮਿਲਣ ਤੋਂ ਬਾਅਦ ਮੁੱਖ ਮੰਤਰੀ ਦੇ ਸਮਾਗਮ ਵਿਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਹੁਣ ਤੱਕ ਵੀਵੀਆਈਪੀਜ਼ ‘ਤੇ ਹੋਏ ਹਮਲਿਆਂ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਪੱਸ਼ਟ ਕੀਤਾ ਗਿਆ ਕਿ ਸਮਾਗਮ ਵਿਚ ਆਉਣ ਵਾਲੇ ਹਰ ਵਿਅਕਤੀ ‘ਤੇ ਤਿੱਖੀ ਨਜ਼ਰ ਰੱਖੀ ਜਾਵੇ। ਇਹੀ ਨਹੀਂ, ਮੰਚ ‘ਤੇ ਆਉਣ ਵਾਲੇ ਅਤੇ ਮੰਚ ਦੇ ਕੋਲ ਰਹਿਣ ਵਾਲੇ ਲੋਕਾਂ ‘ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾਵੇ।
ਪੱਤਰ ਵਿਚ ਕਿਹਾ ਗਿਆ ਹੈ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਮੁੱਖ ਅਤੇ ਖਡੂਰ ਸਾਹਿਬ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ‘ਤੇ ਕੀਤੀ ਗਈ ਕਾਰਵਾਈ ਦੀ ਵਜ੍ਹਾ ਨਾਲ ਵੀ ਮੁੱਖ ਮੰਤਰੀ ਵੱਖਵਾਦੀ ਜਥੇਬੰਦੀਆਂ ਦੇ ਨਿਸ਼ਾਨੇ ‘ਤੇ ਹਨ। ਇਹੀ ਨਹੀਂ, ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੀ ਕਈ ਵਾਰ ਮੁੱਖ ਮੰਤਰੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਚੁੱਕਾ ਹੈ। ਇਸ ਤੋਂ ਇਲਾਵਾ ਮੋਗਾ ਪੁਲਿਸ ਨੇ ਫਰਵਰੀ 2022 ਵਿਚ ਮੋਗਾ ਨਿਵਾਸੀ ਅੱਤਵਾਦੀ ਅਰਸ਼ ਡੱਲਾ ਨਾਲ ਜੁੜੇ ਅੱਤਵਾਦੀਆਂ ਤੋਂ ਹੈਂਡ ਗ੍ਰਨੇਡ ਬਰਾਮਦ ਕਰਨ ਦੇ ਨਾਲ ਹੀ ਅੱਤਵਾਦੀਆਂ ਦੇ ਮਡਿਊਲ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਹੀ ਨਹੀਂ, ਪੁਲਿਸ ਵੱਲੋਂ 14 ਜਨਵਰੀ 2022 ਨੂੰ ਅੰਮ੍ਰਿਤਸਰ ‘ਚ 2700 ਕਿਲੋ ਅਤੇ 21 ਜਨਵਰੀ 2022 ਨੂੰ ਗੁਰਦਾਸਪੁਰ ਦੀ ਸਰਹੱਦ ਤੋਂ 2700 ਕਿਲੋ ਆਰਡੀਐਕਸ ਬਰਾਮਦ ਕੀਤਾ ਗਿਆ ਹੈ। ਇਹ ਆਰਡੀਐਕਸ ਅੱਤਵਾਦੀ ਸਰਗਰਮੀਆਂ ਲਈ ਇਸਤੇਮਾਲ ਹੋਣਾ ਸੀ। ਹਾਲਾਂਕਿ ਅੱਤਵਾਦੀਆਂ ਵੱਲੋਂ ਸਰਹੱਦ ਪਾਰ ਤੋਂ ਮੰਗਵਾਏ ਗਏ ਟਿਫਨ ਬੰਬਾਂ ਵਿਚੋਂ ਕੁਝ ਇਕ ਹਾਲੇ ਵੀ ਟ੍ਰੇਸ ਨਹੀਂ ਹੋਏ ਹਨ। ਇਨ੍ਹਾਂ ਤੋਂ ਪਹਿਲਾਂ ਧਮਾਕੇ ਵੀ ਹੋ ਚੁੱਕੇ ਹਨ ਅਤੇ ਇਕ ਟਿਫਨ ਬੰਬ ਫ਼ਿLਰੋਜ਼ਪੁਰ ਦੇ ਪਿੰਡ ਸੇਖਵਾਂ ਤੋਂ ਬਰਾਮਦ ਕੀਤਾ ਜਾ ਚੁੱਕਾ ਹੈ।
