ਭਾਰਤ ਨੇ ਭੇਜਿਆ ਵਧਾਈ ਸੰਦੇਸ਼
ਵਾਸ਼ਿੰਗਟਨ: ਡੋਨਲਡ ਟਰੰਪ ਨੇ ਇਕ ਵਾਰ ਮੁੜ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੀ ਸੱਤਾ ਸੰਭਾਲ ਲਈ ਹੈ। ਉਨ੍ਹਾਂ ਨੇ ਸੋਮਵਾਰ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਲਈ। ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ। ਜੇਡੀ ਵੈੰਸ ਨੇ ਉਪ-ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਹੈ। ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਸੁਨਹਿਰਾ ਯੁਗ ਸ਼ੁਰੂ ਹੋ ਗਿਆ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਵਧਾਈ ਦਿੱਤੀ ਹੈ। ਇਕ ਵਾਰ ਚੋਣ ਹਾਰਨ ਤੋਂ ਬਾਅਦ ਵਾਪਸੀ ਕਰਨ ਵਾਲੇ ਟਰੰਪ ਅਮਰੀਕਾ ਦੇ ਦੂਜੇ ਰਾਸ਼ਟਰਪਤੀ ਹਨ। ਇਨ੍ਹਾਂ ਤੋਂ ਪਹਿਲਾਂ ਸਿਰਫ਼ ਇਕ ਰਾਸ਼ਟਰਪਤੀ ਗਰੋਵਰ ਕਲੀਵਲੈਂਡ ਅਮਰੀਕਾ ਦੇ 22ਵੇਂ ਅਤੇ 24ਵੇਂ ਰਾਸ਼ਟਰਪਤੀ ਰਹੇ ਸਨ। ਭਾਰਤੀ ਸਮੇਂ ਮੁਤਾਬਕ, ਰਾਤ ਲਗਪਗ 10.30 ਵਜੇ ਟਰੰਪ ਨੇ ਯੂਐੱਸ ਕੈਪੀਟਲ ਦੇ ਅੰਦਰ ਬਾਈਬਲ ‘ਤੇ ਹੱਥ ਰੱਖ ਕੇ ਸਹੁੰ ਚੁੱਕੀ। ਚੀਫ ਜਸਟਿਸ ਜਾਨ ਰਾਬਰਟਸ ਨੇ ਉਨ੍ਹਾਂ ਨੂੰ ਸਹੁੰ ਦਿਵਾਈ। ਟਰੰਪ ਤੋਂ ਪਹਿਲਾਂ ਉਪ-ਰਾਸ਼ਟਰਪਤੀ ਜੇਡੀ ਵੈੰਸ ਨੇ ਸਹੁੰ ਚੁੱਕੀ। ਇਸ ਮੌਕੇ ਜੇਡੀ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵੀ ਮੌਜੂਦ ਸਨ। ਕੜਾਕੇ ਦੀ ਠੰਢ ਕਾਰਨ ਇਸ ਵਾਰ ਸਹੁੰ ਚੁੱਕ ਸਮਾਗਮ ਯੂਐੱਸ ਕੈਪੀਟਲ ਦੇ ਅੰਦਰ ਕੈਪੀਟਲ ਰੋਟੁੰਡਾ (ਹਾਲ) ‘ਚ ਕਰਵਾਇਆ ਗਿਆ। ਸਹੁੰ ਚੁੱਕਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਸਾਡੀ ਨੀਤੀ ਅਮਰੀਕਾ ਫਸਟ ਦੀ ਹੋਵੇਗੀ। ਤਬਦੀਲੀ ਦੀ ਅੱਜ ਤੋਂ ਸ਼ੁਰੂਆਤ ਹੋਵੇਗੀ। ਉਨ੍ਹਾਂ ਨੇ ਭ੍ਰਿਸ਼ਟਾਚਾਰ, ਮਹਿੰਗਾਈ ਖ਼ਤਮ ਕਰਨ ਦਾ ਵਾਅਦਾ ਕੀਤਾ ਤੇ ਕਿਹਾ ਕਿ ਅਮਰੀਕਾ ‘ਚ ਹੁਣ ਤੇਜ਼ੀ ਨਾਲ ਤਬਦੀਲੀ ਹੋਵੇਗੀ। ਚੋਣ ਮੁਹਿੰਮ ਦੌਰਾਨ ਖ਼ੁਦ ‘ਤੇ ਹੋਏ ਹਮਲੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੇਰੀ ਜ਼ਿੰਦਗੀ ਅਮਰੀਕਾ ਨੂੰ ਮਹਾਨ ਬਣਾਉਣ ਲਈ ਬਚੀ ਹੈ। ਹੁਣ ਅਸੀਂ ਘੁਸਪੈਠ ਨਹੀਂ ਹੋਣ ਦਿਆਂਗੇ। ਨਾਜਾਇਜ਼ ਪਰਵਾਸੀਆਂ ਨੂੰ ਉਥੇ ਛੱਡ ਕੇ ਆਵਾਂਗੇ ਜਿੱਥੋਂ ਉਹ ਆਏ ਸਨ। ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵ੍ਹਾਈਟ ਹਾਊਸ ਪੁੱਜੇ ਸਨ, ਜਿੱਥੇ ਥਾਇਡਨ ਤੇ ਪਹਿਲੀ ਮਹਿਲਾ ਜਿਲ ਬਾਇਡਨ ਨੇ ਹੱਥ ਮਿਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਪਹਿਲਾਂ ਟਰੰਪ ਵਾਸ਼ਿੰਗਟਨ ਦੇ ਸੇਂਟ ਜਾਂਸ ਪੀਪਤ ਚਰਚ ਗਏ।
ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਕੱਢਣ ਦੀ ਚੱਲੇਗੀ ਮੁਹਿੰਮ
ਸਹੁੰ ਚੁੱਕਣ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਵਾਸ਼ਿੰਗਟਨ ਡੀਸੀ ‘ਚ ਕੈਪੀਟਲ ਵਨ ਏਰੀਨਾ ‘ਚ ਜੇਤੂ ਰੈਲੀ ‘ਮੇਕ ਅਮੇਰਿਕਾ ਗ੍ਰੇਟ ਅਗੇਨ ‘ਚ ਟਰੰਪ ਨੇ ਕਿਹਾ ਕਿ ਬਹੁਤ ਛੇਤੀ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਡੀ ਜਲਾਵਤਨ ਕਾਰਵਾਈ ਸ਼ੁਰੂ ਕਰ ਕੇ ਨਾਜਾਇਜ਼ ਪਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢੇਗਾ। ਉਨ੍ਹਾਂ ਕਿਹਾ ‘ਮੈਂ ਆਪਣੇ ਦੇਸ਼ ਦੇ ਸਾਹਮਣੇ ਆਉਣ ਵਾਲੇ ਹਰ ਸੰਕਟ ਦਾ ਹੱਲ ਕਰਾਂਗਾ’।
