ਗੁਲਜ਼ਾਰ ਸਿੰਘ ਸੰਧੂ
ਫੋਨ: 91-98157-78469
ਮੈਡੀਟਰੇਨੀਅਨ ਸਾਗਰ ਦੇ ਤੱਟ ’ਤੇ ਪੈਂਦੀ ਗਾਜ਼ਾ ਪੱਟੀ ਦੇ ਵਸਨੀਕਾਂ ਦਾ ਬਖੇੜਾ 75 ਵਰਿ੍ਹਆਂ ਤੋਂ ਖਬਰਾਂ ਵਿਚ ਹੈ| ਅੱਜ ਤੋਂ ਤਿੰਨ ਹਜ਼ਾਰ ਸਾਲ ਪਹਿਲਾਂ ਜਦ ਦੁਨੀਆ ਭਰ ਦੇ ਆਦਿਵਾਸੀ ਲੋਕ ਰੇਤ ਦੇ ਟਿੱਬਿਆਂ ਵਾਂਗ ਮੌਲਦੇ, ਵਿਗਸਦੇ ਤੇ ਟੱਪਰੀਵਾਸਾਂ ਵਾਂਗ ਨਿੱਤ ਨਵੇਂ ਟਿਕਾਣੇ ਲੱਭਦੇ ਸਨ ਏਥੇ ਰਹਿਣ ਵਾਲਿਆਂ ਨੇ ਇਸ ਪੱਟੀ ਦੇ ਰੇਤਿਆਂ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਸੀ|
ਏਸ ਪੱਟੀ ਦੇ ਦੱਖਣ ਵਿਚ ਮਿਸਰ ਦੇਸ਼ ਸੀ ਤੇ ਉੱਤਰ ਵਿਚ ਸੀਰੀਆ| ਮਿਸਰੀਆਂ ਨੇ ਇਨ੍ਹਾਂ ਲੋਕਾਂ ਨੂੰ ਜਿਨ੍ਹਾਂ ਵਿਚ ਫਿਲਸਤੀਨੀ ਵੀ ਸ਼ਾਮਲ ਸਨ, ‘ਸਾਗਰ ਜਾਏ’ ਕਹਿਣਾ ਸ਼ੁਰੂ ਕਰ ਦਿੱਤਾ| ਫੇਰ ਜਦੋਂ ਇਨ੍ਹਾਂ ਰੇਤਿਆਂ ਵਿਚ ਇਜ਼ਰਾਇਲੀ ਵੀ ਆ ਵੜੇ ਤਾਂ ਗਾਜ਼ਾ ਪੱਟੀ ਵਾਲਿਆਂ ਨੇ ਇਜ਼ਰਾਇਲੀਆਂ ਦੇ ਉਥੇ ਪੈਰ ਨਹੀਂ ਲੱਗਣ ਦਿੱਤੇ|
ਗਾਜ਼ਾ ਪੱਟੀ ਵਾਲੇ ਲੋਕ ਨਵੀਆਂ ਵਸਤਾਂ ਬਣਾਉਣ ਤੇ ਵਰਤਣ ਦੇ ਸ਼ੌਕੀਨ ਸਨ| ਖਾਣ-ਪੀਣ ਦੇ ਵੀ| ਉਹ ਸ਼ਰਾਬ ਵੀ ਕੱਢਣੀ ਜਾਣਦੇ ਸਨ ਤੇ ਆਪਣੀ ਵਰਤੋਂ ਲਈ ਲੋਹਾ ਤੇ ਤਾਂਬਾ ਢਾਲ ਕੇ ਬਰਤਨ ਤੇ ਹਥਿਆਰ ਤੱਕ ਬਣਾ ਲੈਂਦੇ ਸਨ| ਉਹ ਇਜ਼ਰਾਇਲੀਆਂ ਨੂੰ ਆਪਣੀ ਇਸ ਕਲਾ ਦੀ ਸੂਹ ਨਹੀਂ ਸਨ ਲੱਗਣ ਦਿੰਦੇ| ਉਹ ਰੰਬੇ ਚੰਡਣ ਜਾਂ ਦਾਤਰੀਆਂ ਦੇ ਦੰਦੇ ਕੱਢਣ ਲਈ ਵੀ ਇਜ਼ਰਾਇਲੀਆਂ ਤੋਂ ਨਕਦੀ ਲੈਂਦੇ ਸਨ| ਸਹਿਜੇ-ਸਹਿਜੇ ਉਨ੍ਹਾਂ ਨੇ ਇਸ ਪੱਟੀ ਵਿਚ ਪੰਜ ਵੱਡੇ ਟਿਕਾਣੇ ਹੋਂਦ ਵਿਚ ਲੈ ਆਂਦੇ ਜਿਨ੍ਹਾਂ ਦੇ ਨਾਂ ਅਸ਼ੋਧ, ਐਕਰੋਨ, ਐਸ਼ਕੀ ਲੋਨ, ਗਾਥ ਤੇ ਗਾਜ਼ਾ ਹਨ| ਉਹ ਹਰ ਸ਼ਹਿਰ ਦੇ ਮੁਖੀ ਨੂੰ ਰਾਜਾ ਕਹਿੰਦੇ ਸਨ ਤੇ ਪੰਜ ਰਾਜੇ ਮਿਲ ਕੇ ਆਪਣੇ ਸਮਾਜਿਕ ਤੇ ਆਰਥਿਕ ਮਸਲੇ ਵੀ ਹੱਲ ਕਰਦੇ ਸਨ ਤੇ ਆਪਣੀ ਰੱਖਿਆ ਲਈ ਇਸ ਤਰ੍ਹਾਂ ਦੀ ਸੈਨਾ ਵੀ ਤਿਆਰ ਕਰਦੇ ਸਨ| ਅਰਬ ਦੇਸ਼ ਵੀ ਉਨ੍ਹਾਂ ਦੀ ਪਿੱਠ ਥਾਪੜਦੇ ਸਨ| ਉਦੋਂ ਤੱਕ ਇਹ ਸਭ ਕੁਝ ਠੀਕ-ਠਾਕ ਚਲਦਾ ਰਿਹਾ ਜਦੋਂ ਤੱਕ ਇਜ਼ਰਾਇਲੀਆਂ ਨੇ ਇਨ੍ਹਾਂ ਨੂੰ ਦਬਾਉਣ ਤੇ ਇਨ੍ਹਾਂ ਤੋਂ ਕੰਮ ਲੈਣ ਜਾਂ ਇਨ੍ਹਾਂ ਦੇ ਹੱਕ ਖੋਹਣ ਦੀ ਵਿਉਂਤਬੰਦੀ ਨਹੀਂ ਕੀਤੀ|
ਪੰਜ ਵੱਡੇ ਸ਼ਹਿਰਾਂ ਦੀ ਗੱਲ ਤਾਂ ਇਕ ਪਾਸੇ ਰਹੀ ਇਸ ਤਰ੍ਹਾਂ ਦੀ ਤਬਾਹੀ ਦਾ ਸ਼ਿਕਾਰ ਹੋਏ ਪਿੰਡਾਂ ਦੀ ਗਿਣਤੀ 400 ਹੈ ਜਿਨ੍ਹਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੀ ਆਪਣੀ ਜ਼ਮੀਨ ਤੋਂ ਬੇਦਖਲ ਕਰ ਦਿੱਤਾ ਗਿਆ| ਉਨ੍ਹਾਂ ਦੇ ਸਕੂਲ, ਕਾਲਜ, ਹਸਪਤਾਲ ਤੇ ਬੁਨਿਆਦੀ ਢਾਂਚਾ ਟੁੱਟਣ-ਫੁੱਟਣ ਕਾਰਨ ਉਹ ਸ਼ਰਨਾਰਥੀ ਕੈਂਪਾਂ ਵਿਚ ਰਹਿਣ ਲਈ ਮਜਬੂਰ ਹਨ| ਬਰਤਾਨਵੀ ਹਾਕਮਾਂ ਦੀ ਚੜ੍ਹਤ ਦੇ ਦਿਨਾਂ ਵਿਚ ਕੀ ਫਲਸਤੀਨੀ ਤੇ ਕੀ ਇਜ਼ਰਾਇਲੀ ਬਰਤਾਨੀਆ ਦੇ ਅਧੀਨ ਹੋ ਗਏ| ਜਦੋਂ 1948 ਵਿਚ ਗੋਰਿਆਂ ਨੂੰ ਉਹ ਧਰਤੀ ਛੱਡਣੀ ਪਈ ਤਾਂ ਉਹ ਜਾਂਦੇ ਸਾਰੇ ਹੱਕ ਇਜ਼ਰਾਇਲੀਆਂ ਨੂੰ ਦੇ ਗਏ| ਕੁਝ ਏਸੇ ਤਰ੍ਹਾਂ ਦਾ ਵਰਤਾਰਾ ਜਿਹੋ ਜਿਹਾ ਅਖੰਡ ਹਿੰਦੁਸਤਾਨ ਦੇ ਟੋਟੇ ਕਰਨ ਵੇਲੇ ਹੋਇਆ| ਉਹ ਫੇਰ ਵੀ ਜੀ ਰਹੇ ਹਨ ਤੇ ਜ਼ਿੰਦਗੀ ਮਾਨਣ ਦੀ ਇੱਛਾ ਰਖਦੇ ਹਨ|
ਪਿਛਲੇ ਦੋ ਦਹਾਕਿਆਂ ਤੋਂ ਅਰਸ਼ਦ ਨਾਂ ਦੀ ‘ਥੀਏਟਰ’ ਮੰਡਲੀ ਨੇ ਆਪਣੇ ਮੰਚਨ ਰਾਹੀਂ ਇਨ੍ਹਾਂ ਦੇ ਦੁਖ ਦਰਦ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਹੈ| ਪੰਜਾਬ ਤੋਂ ‘ਹੁਣ’ ਨਾਂ ਦੀ ਪੁਸਤਕ ਲੜੀ ਨੇ ਅਰਸ਼ਦ ਥੀਏਟਰ ਦੀਆਂ ਮਨ-ਬਚਨੀਆਂ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਦਾ ਕਰਨ ਦਾ ਉਪਰਾਲਾ ਕੀਤਾ ਹੈ| ਅਨੁਵਾਦ ਕਮਲ ਦੁਸਾਂਝ ਦਾ ਹੈ| ਨਿੱਕ-ਸੁੱਕ ਦਾ ਮੰਤਵ ਵੀ ਇਸ ਨੂੰ ਅੱਗੇ ਤੋਰਨਾ ਹੈ| ਪੇਸ਼ ਹਨ ਚੋਣਵੀਆਂ ਮਨੋ-ਬਚਨੀਆਂ ਦੇ ਚੋਣਵੇਂ ਬੋਲ:
ਇਹ ਪਹਿਲੀ ਵਾਰ ਸੀ ਕਿ ਗਾਜ਼ਾ ਦੀਆਂ ਗਲੀਆਂ ਸਾਫ ਸਨ| ਕਿਧਰੇ ਕਾਗਜ਼ ਦਾ ਟੁਕੜਾ ਜਾਂ ਲਕੜੀ ਦਾ ਡੱਕਾ ਨਹੀਂ ਸੀ| ਖਾਣਾ ਬਣਾਉਣ ਦਾ ਸਵਾਲ ਹੀ ਨਹੀਂ ਸੀ| ਮੇਰੀ ਅੰਮੀ ਨੇ ਓਵਨ ਤੋਂ ਬਰੈੱਡ ਲਿਆਉਣ ਲਈ ਕਿਹਾ| ਕੀ ਵੇਖਦਾ ਹਾਂ ਕਿ ਬਰੈੱਡ ਲੈਣ ਵਾਲਿਆਂ ਦੀ ਕਤਾਰ ਗਾਜ਼ਾ ਤੋਂ ਵੈਸਟ ਬੈਂਕ ਤਕ ਲੰਮੀ ਸੀ| ਲੋਕੀਂ ਅੱਠ ਘੰਟੇ ਤੋਂ ਉਡੀਕ ਰਹੇ ਸਨ| ਬਰੈੱਡ ਦੀ ਥਾਂ ਇਜ਼ਰਾਇਲੀ ਜਹਾਜ਼ਾਂ ਦੀ ਬੰਬਾਰੀ ਸ਼ੁਰੂ ਹੋ ਗਈ| ਹਫੜਾ-ਦਫੜੀ ਮੱਚ ਗਈ| ਕਈ ਭੱਜਣ ਵਾਲਿਆਂ ਦੇ ਹੱਥਾਂ ਵਿਚ ਅੱਧੀ ਬਰੈੱਡ ਦੇ ਟੁਕੜੇ ਸਨ, ਜਿਹੜੇ ਉਨ੍ਹਾਂ ਨੇ ਆਪਣੀਆਂ ਹਿੱਕਾਂ ਨਾਲ ਲਾਏ ਹੋਏ ਸਨ| ਲੋਕ ਜ਼ਖ਼ਮੀ ਹੋ ਰਹੇ ਸਨ| ਮਰ ਰਹੇ ਸਨ| ਮੈਂ ਖਾਲੀ ਹੱਥ ਖੜ੍ਹਾ ਸਾਂ| ਕਿਸੇ ਦੇ ਬੋਲ ਸੁਣਾਈ ਦਿੱਤੇ, ‘‘ਸ਼ੂਕਰ ਹੈ ਅੱਲ੍ਹਾ ਦਾ ਤੂੰ ਬਚ ਗਿਆ|’’ ਮੈਂ ਖਾਲੀ ਹੱਥ ਘਰ ਪਹੁੰਚਿਆ ਤਾਂ ਅੰਮੀ ਦੀਆਂ ਝਿੜਕਾਂ ਉਹ ਅੱਜ ਤੱਕ ਨਹੀਂ ਜਾਣਦੀ ਕਿ ਮੈਂ ਖਾਲੀ ਹੱਥ ਕਿਉਂ ਸਾਂ|
-ਮਹਿਮੂਦ ਨਾਜ਼ਿਮ ਜਨਮ 1994
ਮੈਂ ਪਾਸਪੋਰਟ ਮੰਤਰਾਲਾ ਨੇੜਲੇ ਰੀਗਲ ਸਕੂਲ ਵਿਚ ਪੜ੍ਹਦੀ ਹਾਂ| ਇਹ ਮੰਤਰਾਲਾ ਸਭ ਤੋਂ ਪਹਿਲਾਂ ਜੰਗ ਦੀ ਮਾਰ ਥੱਲੇ ਆਇਆ| ਮੈਂ ਉਦੋਂ ਪੰਜ ਸਾਲ ਦੀ ਸਾਂ| ਸਾਰੇ ਮੰਤਰੀ ਭੱਜ ਕੇ ਸਕੂਲ ਵਿਚ ਆ ਵੜੇ| ਮੇਰੇ ਤੋਂ ਬਿਨਾਂ ਸਾਰੀਆਂ ਕੁੜੀਆਂ ਰੋਣ ਲੱਗੀਆਂ| ਸਿਰਫ ਮੈਂ ਹੀ ਹੱਸ ਰਹੀ ਸਾਂ| ਕਿਉਂ? ਇਸਦੀ ਮੈਨੂੰ ਅੱਜ ਤੱਕ ਵੀ ਸਮਝ ਨਹੀਂ ਆਈ| ਮੈਂ ਤਾਂ ਕੇਵਲ ਏਨਾ ਜਾਣਦੀ ਹਾਂ ਕਿ ਉਸ ਤੋਂ ਬਾਅਦ ਮੈਂ ਹੋਰ ਦਲੇਰ ਹੋ ਗਈ ਹਾਂ ਤੇ ਪੂਰੀ ਦਲੇਰੀ ਨਾਲ ਭਵਿੱਖ ਵੱਲ ਵਧ ਰਹੀ ਹਾਂ|
-ਹੀਬਾ ਦਾ ਊਦ ਜਨਮ 1995
ਗਾਜ਼ਾ ਵਿਚ ਮੇਰਾ ਵੱਡੇ ਹੋਣਾ ਵੀ ਪ੍ਰਾਪਤੀ ਸੀ| ਉਥੇ ਤਾਂ ਹਰ ਬੱਚੇ ਦੇ ਦਰਵਾਜ਼ੇ ਉੱਤੇ ਪਹਿਰਾ ਸੀ| ਫਲਸਤੀਨ ਬੱਚੇ ਬੁਢੇ ਜੰਮਦੇ ਹੀ ਹਨ| ਏਥੇ ਬੱਚਾ ਭਾਵੇਂ ਛੇ ਸਾਲ ਦੀ ਉਮਰ ਦਾ ਹੈ ਉਹ ਪਰਿਵਾਰ ਨੂੰ ਸਹਾਰਾ ਦਿੰਦਾ ਹੈ|
-ਯਾਸਮੀਨ ਕਾਤੇਬ ਜਨਮ 1996
ਸ਼ਾਮ ਨੂੰ ਹਨੇਰਾ ਹੁੰਦੇ ਸਾਰ ਅਕਾਸ਼ ਰਾਕੇਟਾਂ ਨਾਲ ਚਮਕਣ ਲਗਦਾ ਹੈ| ਸਾਰੇ ਸਿਰਾਂ ਉੱਤੇ ਰਾਤ ਮੰਡਰਾਉਂਦੀ ਹੈ ਤੇ ਰਾਤ ਦਾ ਚਾਨਣ ਦਿਨ ਵਾਂਗ ਚਮਕਦਾ ਹੈ| ਗਾਜ਼ਾ ਵਿਚ ਵਕਤ ਦੀ ਰਫਤਾਰ ਨਾਪਣ ਦੇ ਮਾਪਤੋਲ ਵਖਰੇ ਨੇ| ਘੰਟੇ ਦਾ ਮਤਲਬ 60 ਸ਼ਹੀਦ ਤੇ 33,600 ਜ਼ਖ਼ਮੀ ਹੈ| 60 ਘਰ ਤਬਾਹ ਹੋ ਜਾਣ ਤਾਂ ਇੱਕ ਮਿੰਟ ਤੇ ਜੇ 60 ਮਾਵਾਂ ਰੁਦਨ ਕਰਨ ਤਾਂ ਇੱਕ ਸਕਿੰਟ|
-ਮਹਿਮੂਦ ਬਲਾਵੀ ਜਨਮ 2014
ਮੇਰੇ ਅੰਦਰਲਾ ਸਭ ਕੁਝ ਮਰ ਰਿਹਾ ਹੈ| ਰੌਲਾ-ਰੱਪਾ, ਚੀਖ ਚਿਹਾੜਾ, ਐਬੂਲੈਂਸਾਂ ਤੇ ਸਾਇਰਨ| ਆਲੇ-ਦੁਆਲੇ ਖੰਡਰ ਤੇ ਤਬਾਹੀ| ਕੋਈ ਚੀਖ ਚੀਖ ਕੇ ਨਵੀਨ ਕਹਿ ਰਿਹਾ ਹੈ| ਮੈਂ ਉੱਤਰ ਨਹੀਂ ਦੇ ਸਕਦਾ| ਮੇਰੇ ਮੂੰਹ ਵਿਚ ਧੂੜ ਤੇ ਮਿੱਟੀ ਭਰ ਗਈ ਹੈ| ਮੇਰੇ ਨੇੜੇ ਕੋਈ ਨਹੀਂ ਰਿਹਾ| ਮੇਰੀ ਧੌਂਕਣੀ ਮੈਨੂੰ ਪ੍ਰੇਸ਼ਾਨ ਕਰ ਰਹੀ ਹੈ| ਘਿਸਰ ਘਿਸਰ ਕੇ ਆਪਣੇ ਦਰਵਾਜ਼ੇ ਤੱਕ ਪੁਜਦਾ ਹਾਂ ਤਾਂ ਘਰ ਮਲਬਾ ਹੋ ਚੁੱਕਿਆ ਹੈ| ਸਾਰੇ ਮੈਂਬਰ ਘਰ ਖਾਲੀ ਕਰ ਰਹੇ ਹਨ| ਜਿਸ ਰਿਸ਼ਤੇਦਾਰ ਦੇ ਘਰ ਪਹੁੰਚਦੇ ਹਾਂ ਉਥੇ 30 ਤੋਂ ਵੱਧ ਲੋਕ ਹਨ| ਧਮਕੀ ਆਉਂਦੀ ਹੈ ਤਾਂ ਆਪਣੇ ਹੀ ਘਰ ਪਰਤਦੇ ਹਾਂ| ਕੇਵਲ ਮਰਨ ਖਾਤਰ| ਬਿਖਰੀਆਂ ਚੀਜ਼ਾਂ ਲਭਦਾ ਹਾਂ| ਤਾਂ ਬੰਬਾਂ ਦੇ ਖੋਲ ਮਿਲਦੇ ਹਨ| ਇਹ ਦਹਿਲਾ ਦੇਣ ਵਾਲਾ ਸੁਪਨਾ ਤੇ ਵਰਤਾਰਾ 51 ਦਿਨ ਚਲਦਾ ਹੈ|
ਕਈ ਪਿਆਰੇ ਛੱਡ ਗਏ| ਬਹਿਸ਼ਤੀ ਜਾ ਵੜੇ| ਮੈਨੂੰ ਦੁਖ, ਦਰਦ ਤੇ ਪੀੜਾ ਦੇਖਣ ਲਈ ਛੱਡ ਗਏ| ਮੈਂ ਨਹੀਂ ਮਰਿਆ| ਮੇਰੀ ਆਤਮਾ ਮਰ ਗਈ ਹੈ|
-ਨਿਵੀਨ ਜ਼ੈਦ ਜਨਮ 2014
ਅੰਤਿਕਾ
ਸੁਰਜੀਤ ਪਾਤਰ/ਜਨਮ ਦਿਨ 14 ਜਨਵਰੀ
ਮੇਰੇ ਪਿਆਰੇ ਪਿੰਡ, ਮਾਏਂ ਧਰਤੀਏ
ਪਰਤੀਏ ਇਉਂ, ਜਿਉਂ ਸੀ ਪੂਰਨ ਪਰਤਿਆ
ਬਾਗ ਜੋ ਸੁੱਕਾ ਸੀ ਹਰਿਆ ਹੋ ਗਿਆ
ਬੋਲ ਸੁਣ ਕੇ ਕਹਿੰਦੀ ਅੰਨ੍ਹੀ ਇੱਛਰਾਂ
ਤੂੰ ਮੇਰਾ ਪੂਰਨ ਏਂ, ਲਗਦਾ ਇਸ ਤਰ੍ਹਾਂ
ਮਾਂ ਦੇ ਸੀਨੇ ਲੱਗ ਕੇ ਪੂਰਨ ਰੋ ਪਿਆ
ਮਾਂ ਦਾ ਦਿਲ ਮਮਤਾ ਦਾ ਸੋਮਾ ਹੋ ਗਿਆ
ਦੁੱਧ ਦੀਆਂ ਬੂੰਦਾਂ ਸੀ ਸੀਨਿਓਂ ਸਿੰਮੀਆਂ
ਤੱਕਿਆ ਚੜ੍ਹਦਾ ਚੰਨ ਅੱਖਾਂ ਅੰਨ੍ਹੀਆਂ
ਧਰਤ ਮਾਂ ਲਈ ਹਾਂ ਅਸੀਂ ਪੂਰਨ ਸਮਾਨ
ਪਿੰਡ ਨੇ ਸਾਨੂੰ ਪਾਲਿਆ ਕੀਤਾ ਜਵਾਨ।
