ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਭਾਰਤ ਮੰਡਪਮ ਵਿਖੇ “ਗ੍ਰਾਮੀਣ ਭਾਰਤ ਮਹਾਉਤਸਵ 2025” ਦਾ ਉਦਘਾਟਨ ਕੀਤਾ।
ਪ੍ਰੋਗਰਾਮ ਦਾ ਥੀਮ ‘ਵਿਕਸਿਤ ਭਾਰਤ 2047 ਲਈ ਇਕ ਬਿਹਤਰੀਨ ਗ੍ਰਾਮੀਣ ਭਾਰਤ ਦਾ ਨਿਰਮਾਣ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ‘ਤੇ ਜਾਤ ਦੇ ਨਾਂਅ ‘ਤੇ ਸਮਾਜ ‘ਚ ਜ਼ਹਿਰ ਫੈਲਾਉਣ ਲਈ ਹਮਲਾ ਬੋਲਿਆ ਤੇ ਲੋਕਾਂ ਨੂੰ ਪਿੰਡਾਂ ਦੇ ਸਾਂਝੇ ਸੱਭਿਆਚਾਰ ਤੇ ਵਿਰਾਸਤ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅਜਿਹੀਆਂ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਕਿਹਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 2014 ਤੋਂ ਪੇਂਡੂ ਵਿਕਾਸ ‘ਤੇ ਧਿਆਨ ਕੇਂਦਰਿਤ ਕਰ ਰਹੀ ਹੋ ਤੇ 2047 ਤੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ `ਚ ਪਿੰਡ ਅਹਿਮ ਭੂਮਿਕਾ ਨਿਭਾਉਣਗੇ।
ਕਾਂਗਰਸ ਨੇਤਾ ਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ‘ਇੰਡੀਆ’ ਗੱਠਜੋੜ ਦੇ ਹੋਰ ਨੇਤਾਵਾਂ ਦੇ ਹਵਾਲੇ ਨਾਲ ਮੋਦੀ ਨੇ ਕਿਹਾ ਕਿ ਕੁਝ ਲੋਕ ਜਾਤ ਦੇ ਨਾਂਅ ‘ਤੇ ਸਮਾਜ ‘ਚ ਜ਼ਹਿਰ ਫੈਲਾਉਣ ਤੇ ਸਮਾਜਿਕ ਤਾਣੇ-ਬਾਣੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਨ੍ਹਾਂ ਸਾਜਿਸ਼ਾਂ ਨੂੰ ਨਾਕਾਮ ਕਰਨਾ ਹੈ ਤੇ ਆਪਣੇ ਪਿੰਡਾਂ ਦੀ ਸਾਂਝੀ ਵਿਰਾਸਤ ਨੂੰ ਸੰਭਾਲਣਾ ਤੇ ਮਜ਼ਬੂਤ ਕਰਨਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਉਹ ਲਗਾਤਾਰ ਗ੍ਰਾਮੀਣ ਭਾਰਤ ਦੀ ਸੇਵਾ ‘ਚ ਲੱਗੇ ਹੋਏ ਹਨ। ਉਨਾਂ ਕਿਹਾ ਕਿ ਪੇਂਡੂ ਭਾਰਤ ਦੇ ਲੋਕਾਂ ਲਈ ਸਨਮਾਨਜਨਕ ਜੀਵਨ ਯਕੀਨੀ ਬਣਾਉਣਾ ਮੇਰੀ ਸਰਕਾਰ ਦੀ ਤਰਜੀਹ ਹੈ।
ਸਰਕਾਰ ਦਾ ਦ੍ਰਿਸ਼ਟੀਕੋਣ ਇਕ ਸਸ਼ਕਤ ਗ੍ਰਾਮੀਣ ਭਾਰਤ ਨੂੰ ਯਕੀਨੀ ਬਣਾਉਣਾ, ਪਿੰਡਾਂ ਦੇ ਲੋਕਾਂ ਲਈ ਭਰਪੂਰ ਮੌਕੇ ਪ੍ਰਦਾਨ ਕਰਨਾ, ਪ੍ਰਵਾਸ ਨੂੰ ਘਟਾਉਣਾ ਤੇ ਪਿੰਡਾਂ ਦੇ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਉਣਾ ਹੈ। ਪਿੰਡਾਂ ‘ਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੀਆਂ ਸਕੀਮਾਂ ਬਾਰੇ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇ ਹਿੱਸੇ ਵਜੋਂ ਪਖਾਨੇ। ਬਣਾਏ ਗਏ ਹਨ ਤੇ ਪੇਂਡੂ ਭਾਰਤ ‘ਚ ਕਰੋੜਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਹਿੱਸੇ ਵਜੋਂ ਪੱਕੇ ਘਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ ਰਾਹੀਂ ਸੁਰੱਖਿਅਤ ਤੇ ਸਾਫ਼ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਵਿਜ਼ਨ ਪਿੰਡਾਂ ਨੂੰ ਵਿਕਾਸ ਅਤੇ ਮੌਕਿਆਂ ਦੇ ਜੀਵੰਤ ਕੇਂਦਰਾਂ ਵਿਚ ਬਦਲ ਕੇ ਪੇਂਡੂ ਭਾਰਤ ਨੂੰ ਸਸ਼ਕਤ ਬਣਾਉਣਾ ਹੈ।