ਅੰਤ੍ਰਿੰਗ ਕਮੇਟੀ ਦੀ ਇਕੱਤਰਤਾ 30 ਦਸੰਬਰ ਨੂੰ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵਲੋਂ ਬਣਾਈ ਗਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਹੁਣ 30 ਦਸੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਅੰਤ੍ਰਿੰਗ ਕਮੇਟੀ ਦੀ ਇਕ ਹੰਗਾਮੀ ਇਕੱਤਰਤਾ 72 ਘੰਟਿਆਂ ਦੇ ਨੋਟਿਸ ‘ਤੇ 23 ਦਸੰਬਰ ਨੂੰ ਰੱਖੀ ਗਈ ਸੀ,
ਪਰ ਪ੍ਰਧਾਨ ਦੇ ਕਿਸੇ ਜ਼ਰੂਰੀ ਰੁਝੇਵੇਂ ਕਾਰਨ ਇਸ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਵਾਰ 30 ਦਸੰਬਰ ਦੀ ਸਵੇਰ ਨੂੰ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਰੱਖੀ ਗਈ ਅੰਤ੍ਰਿੰਗ ਕਮੇਟੀ ਇਕੱਤਰਤਾ ਮਹੀਨਾਵਾਰ ਆਮ ਇਕੱਤਰਤਾ ਵਜੋਂ ਹੀ ਹੋਵੇਗੀ, ਪਰ ਇਸ ਵਿਚ ਮੌਕੇ ‘ਤੇ ਹੀ ਹੋਰ ਪੰਥਕ ਮਾਮਲਿਆਂ ਅਤੇ ਮੌਜੂਦਾ ਪੰਥਕ ਹਾਲਾਤ ਬਾਰੇ ਵਿਚਾਰ-ਵਟਾਂਦਰਾ ਕਰਦਿਆਂ ਕੋਈ ਅਹਿਮ ਫ਼ੈਸਲਾ ਵੀ ਲਿਆ ਜਾ ਸਕਦਾ ਹੈ।
ਪਿਛਲੇ ਦਿਨਾਂ ਦਾ ਘਟਨਾਕ੍ਰਮ ਸੰਕੇਤ ਦਿੰਦਾ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਮੁਅਤਲ ਕਰਨ ਮਗਰੋਂ ਪੰਥਕ ਸਿਆਸਤ ਵਿੱਚ ਇੱਕ ਵੱਡਾ ਭੁਚਾਲ ਆਉਂਦਾ ਦਿਖਾਈ ਦੇ ਰਿਹਾ। ਕਿਉਂਕਿ ਐਸ.ਜੀ.ਪੀ.ਸੀ. ਦੀ ਇਸ ਕਾਰਵਾਈ ਤੇ ਕਈ ਪੰਥਕ ਧਿਰਾਂ ਵੱਲੋਂ ਵੱਡੇ ਸਵਾਲ ਉਠਾਏ ਜਾ ਰਹੇ ਨੇ। ਜਿਸ ਕਰਕੇ ਐਸ.ਜੀ.ਪੀ.ਸੀ. ਕਸੂਤੀ ਸਥਿਤੀ ਵਿੱਚ ਘਿਰਦੀ ਦਿਖਾਈ ਦੇ ਰਹੀ ਹੈ। ਇੱਥੇ ਹੀ ਬੱਸ ਨਹੀਂ ਅਕਾਲੀ ਦਲ ਸੁਧਾਰ ਲਹਿਰ ਨਾਲ ਸੰਬੰਧਿਤ ਰਹੇ ਆਗੂਆਂ ਵੱਲੋਂ ਵੀ ਇਸ ਦੇ ਵਿਰੋਧ ਵਿੱਚ ਇੱਕ ਵੱਡਾ ਇਕੱਠ ਸੱਦਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇੱਕ ਪਾਸੇ ਤਾਂ ਧਾਰਮਿਕ ਸਜ਼ਾ ਪੂਰੀ ਕਰਕੇ ਅਕਾਲੀ ਦਲ ਸਾਫ਼ ਸੁਥਰਾ ਹੋ ਕੇ ਫਿਰ ਤੋਂ ਚੋਣ ਮੈਦਾਨ ਵਿੱਚ ਆ ਚੁੱਕਿਆ ਹੈ, ਪਰ ਦੂਜੇ ਪਾਸੇ ਪੰਥਕ ਸਿਆਸਤ ਵਿੱਚ ਚੱਲ ਰਹੇ ਮੌਜੂਦਾ ਘਟਨਾਕ੍ਰਮ ਫਿਰ ਤੋਂ ਅਕਾਲੀ ਦਲ ਦੀ ਬੇੜੀ ਵਿੱਚ ਵੱਟੇ ਪਾਉਂਦੇ ਦਿਖਾਈ ਦੇ ਰਹੇ ਹਨ। ਇਹ ਸੰਕੇਤ ਵੀ ਦਿਖਾਈ ਦੇ ਰਹੇ ਹਨ ਕਿ ਅਕਾਲੀ ਦਲ ਹੁਣ ਬਿਨਾਂ ਸੁਖਬੀਰ ਸਿੰਘ ਬਾਦਲ ਤੋਂ ਚੱਲੇਗਾ ਜਾਂ ਬਚ-ਬਚਾ ਵਾਲਾ ਕੋਈ ਰਸਤਾ ਨਿਕਲ ਆਵੇਗਾ। ਸ਼੍ਰੋਮਣੀ ਅਕਾਲੀ ਦਲ ਇਕ ਪੰਥਕ ਜਥੇਬੰਦੀ ਹੈ, ਜਿਸ ਨੂੰ ਹੁਣ ਸੱਤ ਮੈਂਬਰੀ ਕਮੇਟੀ ਚਲਾਏਗੀ।ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਦੇ ਇਸ ਬਿਆਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਰਿਆਂ ਦੀ ਨਿਗ੍ਹਾ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੇ ਟਿਕੀ ਹੋਈ ਹੈ ਜੋ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਬਾਵਜੂਦ ਹਾਲੇ ਤੱਕ ਨਹੀਂ ਦਿੱਤਾ ਗਿਆ। ਭਾਵੇਂ ਕਿ ਇਸ ਦੇ ਲਈ 20 ਤਰੀਕ ਤੱਕ ਦਾ ਸਮਾਂ ਲਿਆ ਗਿਆ ਸੀ ਪਰ ਹੁਣ ਜਦੋਂ 20 ਤਰੀਕ ਲੰਘ ਗਈ ਤਾਂ ਜਾਣਕਾਰੀ ਮਿਲ ਰਹੀ ਹੈ ਕਿ ਹੁਣ ਸ਼ਹੀਦੀ ਪੰਦਰਵਾੜੇ ਕਰਕੇ ਅਸਤੀਫ਼ਾ ਫੇਰ ਟਾਲ ਦਿੱਤਾ ਗਿਆ ਹੈ। ਜਦਕਿ ਧਾਰਮਿਕ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਸੀ ਕਿ ਜਲਦੀ ਉਹਨਾਂ ਦਾ ਫੈਸਲਾ ਸੁਣਾਇਆ ਜਾਵੇ। ਹਾਲਾਂਕਿ ਉਸ ਸਮੇਂ ਸੁਖਬੀਰ ਸਿੰਘ ਬਾਦਲ ਨੂੰ ਪੇਸ਼ ਹੋਣ ਲਈ ਕਈ ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਪਰ ਸੁਖਬੀਰ ਦੂਜੇ ਦਿਨ ਹੀ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਗਏ ਸਨ। ਹੁਣ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਵੀ ਟਾਲਿਆ ਜਾ ਰਿਹਾ ਹੈ।
ਦਰਅਸਲ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰਨ ਦੇ ਫੈਸਲੇ ਨੂੰ ਲੈ ਕੇ ਕਈ ਪੰਥਕ ਆਗੂਆਂ ਵਿੱਚ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਲੀਡਰਾਂ ਦੀਆਂ ਪੰਥ ਵਿਰੋਧੀ ਕਾਰਵਾਈਆਂ ਖਿਲਾਫ ਡਟਣ ਦੀ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਦਾ ਕਹਿਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਹਾਲੇ ਕੋਈ ਇਲਜ਼ਾਮ ਸਾਬਿਤ ਨਹੀਂ ਹੋਇਆ।ਉਸ ਨੂੰ ਐਸ.ਜੀ.ਪੀ.ਸੀ. ਨੇ ਤੁਰੰਤ ਮੀਟਿੰਗ ਬੁਲਾ ਕੇ ਅਹੁਦੇ ਤੋਂ ਲਾਂਭੇ ਕਰ ਦਿੱਤਾ। ਜਦੋਂ ਕਿ ਐਸ.ਜੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਏਨੀ ਭੱਦੀ ਸ਼ਬਦਾਵਲੀ ਬੋਲੀ, ਪਰ ਕਿਸੇ ਨੇ ਪ੍ਰਧਾਨ ਨੂੰ ਹਟਾਉਣ ਦੀ ਕੋਈ ਗੱਲ ਨਹੀਂ ਕੀਤੀ, ਨਾ ਹੀ ਕੋਈ ਮੀਟਿੰਗ ਕੀਤੀ ਹੈ।ਉਸ ਕੌਮ ਦੇ ਜਥੇਦਾਰ ਬਾਰੇ ਅਜਿਹੀਆਂ ਖ਼ਬਰਾਂ ਆਈਆਂ ਹਨ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੀ ਇਸ ਐਕਸ਼ਨ ਤੋਂ ਨਾਰਾਜ਼ ਹਨ। ਸਮਝਿਆ ਜਾ ਰਿਹਾ ਹੈ ਕਿ 30 ਦਸੰਬਰ ਵਾਲੀ ਮੀਟਿੰਗ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਦਾ ਮਾਮਲਾ ਉਠਾਇਆ ਜਾਵੇਗਾ। ਗਿਆਨੀ ਹਰਪ੍ਰੀਤ ਸਿੰਘ ਦਾ ਆਪਣਾ ਆਧਾਰ ਹੈ। ਉਹ ਸਿੱਖ ਕੌਮ ਵਿੱਚ ਇੱਕ ਪੜ੍ਹੇ ਲਿਖੇ ਨੌਜਵਾਨ ਜਥੇਦਾਰ ਵਜੋਂ ਇਕ ਸਜੱਗ ਨੁਮਾਇੰਦੇ ਕਹੇ ਜਾਂਦੇ ਹਨ। ਉਨ੍ਹਾਂ ਦੇ ਸਾਢੂ ਦੀ ਸ਼ਿਕਾਇਤ ਉਤੇ ਬਿਨਾਂ ਕੋਈ ਗਹਿਰੀ ਜਾਂਚ ਕੀਤਿਆਂ ਬਤੌਰ ਜਥੇਦਾਰ ਉਹਨਾਂ ਦੀਆਂ ਸੇਵਾਵਾਂ ਪੰਦਰਾਂ ਦਿਨਾਂ ਲਈ ਸਸਪੈਂਡ ਕਰ ਦਿੱਤੀਆਂ ਗਈਆਂ। ਇਸ ਨਾਲ ਸਿੱਖ ਕੌਮ ਵਿੱਚ ਜਿਹੜਾ ਮੈਸੇਜ ਗਿਆ ਉਹ ਕੋਈ ਬਹੁਤ ਪੋਜੀਟਿਵ ਨਹੀਂ ਗਿਆ। ਉਸਦਾ ਅਸਰ ਹੁਣ ਅੰਤ੍ਰਿੰਗ ਕਮੇਟੀ ਦੀ ਬੈਠਕ ਵਿੱਚ ਵੀ ਹੋਏਗਾ। ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਜਿਸ ਨੇ 15 ਦਿਨਾਂ ਦੇ ਵਿੱਚ ਜਾਂਚ ਕਰਨੀ ਹੈ। ਹੋ ਸਕਦਾ ਹੈ ਕਿ 15 ਦਿਨ ਜਾਂ 20 ਦਿਨ ਬਾਅਦ ਉਹ ਆਪਣੀ ਰਿਪੋਰਟ ਦੇਵੇ। ਤਾਂ ਕੀ ਅੰਤਰਿਮ ਕਮੇਟੀ ਦੀ ਬੈਠਕ ਵਿੱਚ ਹਰਜਿੰਦਰ ਸਿੰਘ ਧਾਮੀ ਕੋਈ ਨਵਾਂ ਫੈਸਲਾ ਲੈਣ ਵਾਲੇ ਹਨ।ਕੀ ਹਰਜਿੰਦਰ ਸਿੰਘ ਧਾਮੀ ਆਪਣੇ ਫੈਸਲੇ ਨੂੰ ਰੋਲ ਬੈਕ ਕਰ ਦੇਣਗੇ ? ਕੀ ਤਿੰਨ ਮੈਂਬਰੀ ਕਮੇਟੀ ਨੂੰ ਰੱਦ ਕਰ ਦਿੱਤਾ ਜਾਏਗਾ ? ਕੀ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਜਾਏਗਾ?
ਅੰਤਰਿੰਗ ਕਮੇਟੀ ਦੀ ਬੈਠਕ ਵਿੱਚ ਕੀ ਹੁੰਦਾ ਹੈ? ਇਸ ਤੋਂ ਹੀ ਪੰਥਕ ਸਿਆਸਤ ਦੀ ਦਿਸ਼ਾ ਤਹਿ ਹੋਵੇਗੀ।