ਜੰਗ-ਏ-ਆਜ਼ਾਦੀ ਯਾਦਗਾਰ ਸ਼ਹੀਦਾਂ ਨੂੰ ਅਮਰ ਕਰਨ ਲਈ ਉਸਾਰੀ ਗਈ: ਰਾਜਪਾਲ

ਨਸ਼ਿਆਂ ਦੇ ਖਾਤਮੇ ਲਈ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਲੋਕ ਲਹਿਰ ਉਸਾਰਨ ਦੀ ਲੋੜ `ਤੇ ਜ਼ੋਰ
ਕਰਤਾਰਪੁਰ: ਨਸ਼ਾ ਮੁਕਤ ਰੰਗਲਾ ਪੰਜਾਬ ਮੁਹਿੰਮ ਦੇ ਦੂਸਰੇ ਤੇ ਆਖ਼ਰੀ ਦਿਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਿੰਡ ਭੱਠੇ ਨੋਬਲ ਸਕੂਲ ਪੁੱਜੇ। ਜਿੱਥੇ ਉਨ੍ਹਾਂ ਦਾ ਸਕੂਲ ਪ੍ਰਬੰਧਕ ਕਮੇਟੀ ਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਫੁੱਲਾਂ ਦੇ ਬੁੱਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੋਕੇ ਉਨ੍ਹਾਂ ਜਨ ਸਭਾ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਸ਼ਿਆਂ ਜਿਹੀ ਲਾਹਨਤ ਨੂੰ ਖਤਮ ਕਰਨ ਲਈ ਤੁਹਾਡੇ ਸਭ ਦੀ ਜ਼ਰੂਰਤ ਹੈ ਇਸ ਵਿੱਚ ਮਾਵਾਂ ਤੇ ਭੈਣਾਂ ਸਭ ਤੋਂ ਵੱਡਾ ਯੋਗਦਾਨ ਪਾ ਸਕਦੀਆਂ ਹਨ ਉਨ੍ਹਾਂ ਆਖਿਆ ਕਿ ਉਹ ਨਸ਼ਿਆਂ ਖਿਲਾਫ ਜਲਦ ਜਨ ਯਾਤਰਾ ਸ਼ੁਰੂ ਕਰਨਗੇ ਜਿਸ ਵਿਚ ਹਰੇਕ ਵਿਅਕਤੀ ਤੇ ਹਰੇਕ ਵਰਗ ਨੂੰ ਸਾਮਿਲ ਹੋਣ ਦਾ ਸੱਦਾ ਦਿੱਤਾ ਜਾਵੇਗਾ। ਇਸ ਮੋਕੇ ਉਨ੍ਹਾਂ ਹਵਾ ਵਿੱਚ ਗੁਬਾਰੇ ਛੱਡ ਕੇ ਨਸ਼ਾ ਮੁਕਤ ਰੰਗਲਾ ਪੰਜਾਬ ਯਾਤਰਾ ਦੀ ਅੱਜ ਦੀ ਸ਼ੁਰੂਆਤ ਕੀਤੀ। ਜਿਸ ਦੀ ਅਗਵਾਈ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਵਲੋਂ 7 ਕਿਲੋਮੀਟਰ ਨਾਲ ਪੈਦਲ ਚੱਲ ਕੇ ਕੀਤੀ ਗਈ। ਕਿਸ਼ਨਗੜ੍ਹ ਰੋਡ ਦੇ ਵੱਖ ਵੱਖ ਪਿੰਡਾਂ ਤੇ ਕਰਤਾਰਪੁਰ ਸ਼ਹਿਰ ਵਿੱਚ ਦੀ ਹੁੰਦੀ ਯਾਤਰਾ ਜੰਗ-ਏ-ਆਜ਼ਾਦੀ ਯਾਦਗਾਰ ਪਹੁੰਚੀ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਸ.ਡੀ.ਐਮ. ਬਲਬੀਰ ਰਾਜ ਸਿੰਘ ਤੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਵਲੋਂ ਫੁੱਲਾਂ ਦੇ ਬੁੱਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ ।
ਉਨ੍ਹਾਂ ਪਹਿਲਾਂ ਸ਼ਹੀਦੀ ਸਮਾਰਕ ਉੱਪਰ ਫੁੱਲ ਮਲ਼ਾਵਾਂ ਭੇਟ ਕਰਦਿਆਂ ਸ਼ਹੀਦਾਂ ਨੂੰ ਨਮਨ ਕੀਤਾ ਉਪਰੰਤ ਉਨ੍ਹਾਂ ਸ਼ਹੀਦੀ ਸਮਾਰਕ ਅੰਦਰ ਬਣੀ ਗੈਲਰੀ ਨੂੰ ਬੜੇ ਗਹੁ ਨਾਲ ਦੇਖਿਆ ।ਇਸ ਉਪਰੰਤ ਉਨ੍ਹਾਂ ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਅੱਜ ਸ਼ਹੀਦਾਂ ਦੀ ਪਵਿੱਤਰ ਧਰਤੀ ਜੰਗ-ਏ-ਆਜ਼ਾਦੀ ਯਾਦਗਾਰ ਵਿੱਚ ਪੁੱਜਾ ਹਾ ਬੜੇ ਮਾਣ ਦੀ ਗੱਲ ਹੈ। ਜੰਗ-ਏ-ਆਜ਼ਾਦੀ ਯਾਦਗਾਰ ਸ਼ਹੀਦਾਂ ਨੂੰ ਅਮਰ ਕਰਨ ਲਈ ਬਣਾਇਆ ਗਿਆ ਹੈ। ਰਾਜਪਾਲ ਕਟਾਰੀਆ ਨੇ ਕਿਹਾ ਕਿ ਪੰਜਾਬ ਮਹਾਨ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ, ਜਿਨ੍ਹਾਂ ਸੂਬੇ, ਦੇਸ਼ ਅਤੇ ਕੌਮ ਲਈ ਮਹਾਨ ਕੁਰਬਾਨੀਆਂ ਦਿੱਤੀਆਂ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਅਤੇ ਪੰਜਾਬ ਦੀ ਅਮੀਰ ਵਿਰਾਸਤ ਦੀ ਬਹਾਲੀ ਲਈ ਨਸ਼ਿਆਂ ਖਿਲਾਫ਼ ਲੜਾਈ ਵਿੱਚ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ 10 ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ‘ਤੇ ਚੱਲ ਕੇ ਇਸ ਅਲਾਮਤ ‘ਤੇ ਕਾਬੂ ਪਾਇਆ ਜਾ ਸਕਦਾ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਦਿੱਤੀਆਂ ਲਾਸਾਨੀ ਸ਼ਹਾਦਤਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਕਟਾਰੀਆ ਨੇ ਪੰਜਾਬ ਦੇ ਲੋਕਾਂ ਖਾਸ ਕਰ ਮਹਿਲਾਵਾਂ ਨੂੰ ਨਸ਼ਿਆਂ ਖਿਲਾਫ਼ ਮੈਦਾਨ ਵਿੱਚ ਨਿੱਤਰਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਸਮਾਜ ਵਿੱਚ ਬਹੁਤ ਅਹਿਮ ਸਥਾਨ ਰੱਖਦੀਆਂ ਹਨ, ਖਾਸ ਕਰ ਮਾਵਾਂ ਤੇ ਭੈਣਾਂ ਜੋ ਆਪਣੇ ਬੱਚਿਆਂ ਨੂੰ ਸਹੀ ਸੇਧ ਦੇ ਕੇ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ ਮਹੱਤਵਪੂਰਣ ਰੋਲ ਅਦਾ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਜੰਗ ਨੂੰ ਸਿਰਫ਼ ਸਰਕਾਰਾਂ ਦੀਆਂ ਕੋਸ਼ਿਸ਼ਾਂ ਤੱਕ ਹੀ ਸੀਮਤ ਨਹੀਂ ਕੀਤਾ ਜਾ ਸਕਦਾ, ਸਗੋਂ ਜਦੋਂ ਲੋਕ ਆਪਸੀ ਸਮਝ ਅਤੇ ਜ਼ਿੰਮੇਵਾਰੀ ਨਾਲ ਇਸ ਲੜਾਈ ਵਿੱਚ ਸ਼ਾਮਲ ਹੁੰਦੇ ਹਨ, ਤਾਂ ਅਜਿਹੀਆਂ ਮੁਹਿੰਮਾਂ ਦੀ ਸਫ਼ਲਤਾ ਹੋਰ ਯਕੀਨੀ ਬਣਦੀ ਹੈ। ਰਾਜਪਾਲ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਜਲਦ ਹੀ ਗਵਰਨਰ ਹਾਊਸ ਵਿੱਚ ਅੰਤਰ-ਧਰਮ ਸੰਵਾਦ ਕਰਵਾਇਆ ਜਾਵੇਗਾ ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਨਸ਼ਿਆਂ ਖਿਲਾਫ਼ ਲੋਕ ਲਹਿਰ ਉਸਾਰੀ ਜਾਵੇਗੀ। ਸੂਬੇ ਦੀ ਅਮੀਰ ਵਿਰਾਸਤ ਅਤੇ ਸਿਰੜੀ ਤੇ ਉੱਦਮੀ ਲੋਕਾਂ ਦੀ ਸ਼ਲਾਘਾ ਕਰਦਿਆਂ ਸ਼੍ਰੀ ਕਟਾਰੀਆ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਅਤੇ ਹਰੇ ਇਨਕਲਾਬ ਵਿੱਚ ਪੰਜਾਬ ਦਾ ਮੋਹਰੀ ਰੋਲ ਰਿਹਾ ਹੈ ਅਤੇ ਨਸ਼ਿਆਂ ਨੂੰ ਠੱਲ੍ਹ ਪਾ ਕੇ ਸੂਬਾ ਜਿਥੇ ਦੇਸ਼ ਵਿੱਚ ਹੋਰ ਤਾਕਤਵਰ ਬਣ ਕੇ ਉੱਭਰ ਸਕਦਾ ਹੈ ਉਥੇ ਵਿਕਸਤ ਭਾਰਤ ਵਿੱਚ ਵੀ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦਾ ਹੈ। ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਦੇ ਅਭਿਆਨ ਨੂੰ ਅੱਗੇ ਵਧਾਉਣ ਲਈ ਯਾਤਰਾ ਵਿੱਚ ਸ਼ਮੂਲੀਅਤ ਕਰਨ ਵਾਲੇ ਲੋਕਾਂ, ਔਰਤਾਂ, ਨੌਜਵਾਨਾਂ, ਸਮਾਜਿਕ ਸੰਸਥਾਵਾਂ, ਪੰਚਾਇਤਾਂ, ਸਕੂਲਾਂ, ਕਾਲਜਾਂ ਦਾ ਧੰਨਵਾਦ ਕਰਦਿਆਂ ਰਾਜਪਾਲ ਨੇ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਅਧੀਨ ਨਸ਼ਾ ਮੁਕਤ ਰੰਗਲਾ ਪੰਜਾਬ ਤਹਿਤ 10 ਦਿਨ ਲਗਾਤਾਰ ਪੈਦਲ ਯਾਤਰਾ ਕੀਤੀ ਜਾਵੇਗੀ ਅਤੇ ਨਸ਼ਿਆਂ ਦੇ ਖਾਤਮੇ ਲਈ ਘਰ-ਘਰ ਸੁਨੇਹਾ ਪਹੁੰਚਾਇਆ ਜਾਵੇਗਾ। ਇਸ ਮੋਕੇ ਰਾਜਪਾਲ ਕਟਾਰੀਆ ਵਲੋਂ ਬਜ਼ੁਰਗ ਮੈਰਾਥਨ ਦੌੜਾਕ ਫੋਜਾ ਸਿੰਘ ਤੇ ਲੇਖਕ ਖੁਸ਼ਵੰਤ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਇਸ ਮੋਕੇ ਸiLਵ ਦੁਲਾਰ ਸਿੰਘ ਢਿੱਲੋਂ, ਡਾਇਰੈਕਟਰ ਐਮ.ਐਚ.ਏ. ਲਲਿਤ ਜੈਨ, ਸਾਬਕਾ ਸੂਚਨਾ ਕਮਿਸ਼ਨਰ ਤੇ ਲੇਖਕ ਖੁਸ਼ਵੰਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਮੇਜਰ ਡਾ. ਅਮਿਤ ਮਹਾਜਨ, ਐਸ.ਡੀ.ਐਮ. ਬਲਬੀਰ ਰਾਜ ਸਿੰਘ, ਮਨਦੀਪ ਸਿੰਘ ਢਿੱਲੋਂ ਐਸ.ਪੀ., ਸੁਰਿੰਦਰਪਾਲ ਧੋਗੜੀ ਡੀ.ਐਸ.ਪੀ., ਨਾਇਬ ਤਹਿਸੀਲਦਾਰ ਅਮਰਜੀਤ ਸਿੰਘ, ਜਥੇਦਾਰ ਰਣਜੀਤ ਸਿੰਘ ਕਾਹਲੋਂ, ਡਾ. ਸੁਰਜੀਤ ਲਾਲ, ਸੁਰਿੰਦਰ ਸਿੰਘ ਕਾਹਲੋਂ, ਸਮਾਜਿਕ ਸੰਸਥਾਵਾਂ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।