ਟੇਕਰੀ ਤੇ ਟੋਕਰਾ

ਬਲਜੀਤ ਬਾਸੀ
ਫੋਨ: 734-259-9353
ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਪਟਿਆਲਾ ਨੇ 2003 ਵਿਚ ‘ਅਰਬੀ-ਫਾਰਸੀ ਵਿਚੋਂ ਉਤਪੰਨ ਸ਼ਬਦਾਵਲੀ’ ਨਾਮੀਂ ਕੋਸ਼ ਪ੍ਰਕਾਸ਼ਤ ਕੀਤਾ ਸੀ ਜਿਸ ਦੇ ਸੰਕਲਨਕਰਤਾ ਡਾਕਟਰ ਅਮਰਵੰਤ ਸਿੰਘ ਹਨ। ਪੰਜਾਬੀ ਵਿਚ ਇਨ੍ਹਾਂ ਦੋਵਾਂ ਭਾਸ਼ਾਵਾਂ ਦੇ ਸ਼ਬਦਾਂ ਦੀ ਭਰਮਾਰ ਹੈ ਜੋ ਭਾਰਤ ਵਿਚ ਲੰਮਾ ਸਮਾਂ ਮੁਸਲਮ ਹਕੂਮਤਾਂ ਦੌਰਾਨ ਏਧਰ ਦਾਖਲ ਹੋਏ।

ਇਨ੍ਹਾਂ ਹਕੂਮਤਾਂ ਦੀ ਸਰਕਾਰੀ ਭਾਸ਼ਾ ਫਾਰਸੀ ਰਹੀ। ਅਰਬੀ ਵਲੋਂ ਆਏ ਸ਼ਬਦ ਵਧੇਰੇ ਕਰਕੇ ਫਾਰਸੀ ਰਾਹੀਂ ਹੀ ਆਏ ਕਿਉਂਕਿ ਫਾਰਸੀ ਵਿਚ ਅਰਬੀ ਦੀ ਢੇਰ ਸਾਰੀ ਸ਼ਬਦਾਵਲੀ ਇਰਾਨ ਵਿਚ ਅਰਬੀ ਚੜ੍ਹਤ ਕਾਰਨ ਆਈ। ਇਨ੍ਹਾਂ ਸ਼ਬਦਾਂ ਦੀ ਪੰਜਾਬੀ ਵਿਚ ਨਿਸ਼ਾਨਦੇਹੀ ਕਰਨ ਦਾ ਉਪਰਾਲਾ ਸ਼ਲਾਘਾਯੋਗ ਹੈ। ਇਸ 600 ਸਫੇ ਦੇ ਕੋਸ਼ ਦਾ ਕਾਫ਼ੀ ਕੰਮ ਤਾਂ ਕੰਮ ਦਾ ਹੀ ਹੈ ਪਰ ਸਰਸਰੀ ਪਾਠ ਪਿਛੋਂ ਵੀ ਇਸ ਵਿਚ ਕਈ ਗਲਤੀਆਂ ਤੇ ਉਕਾਈਆਂ ਦਿਸ ਪੈਂਦੀਆਂ ਹਨ। ਕੋਸ਼ ਅਤੇ ਬੈਂਕ `ਤੇ ਲੋਕਾਂ ਦਾ ਅਟੁੱਟ ਵਿਸ਼ਵਾਸ ਹੁੰਦਾ ਹੈ। ਟੈਂਕੀ ਲਫਜ਼ ਉਤੇ ਲਿਖਣ ਲੱਗਿਆਂ ਮੈਂ ਇਸ ਕੋਸ਼ ਵਿਚ ਵੀ ਝਾਤੀ ਮਾਰਨ ਦੀ ਠਾਣੀ। ਟੈਂਕਾ ਅੱਖਰ ਨਾਲ ਸ਼ੁਰੂ ਹੋਣ ਵਾਲਾ ਪੰਨਾ ਖੋਲਿ੍ਹਆ ਤਾਂ ਖੱਬੇ ਸੱਜੇ ਦੋ ਪੰਨਿਆ ਵਿਚ ਛਪੇ ਇੰਦਰਾਜਾਂ ਦੀ ਗਿਣਤੀ ਕੇਵਲ 19 ਬਣੀ ਜਿਨ੍ਹਾਂ ਵਿਚ ਟੈਂਕੀ ਸ਼ਾਮਿਲ ਨਹੀਂ ਹੈ। ਫਾਰਸੀ ਵਿਚ ਮੁਢਲੇ ਤੌਰ `ਤੇ ਟ ਧੁਨੀ ਮੌਜੂਦ ਨਹੀਂ। ਸੱਜੇ ਖੱਬੇ ਕੁਝ ਲਫ਼ਜ਼ ਅਜਿਹੇ ਮਿਲੇ ਜਿਨ੍ਹਾਂ ਦਾ ਗ਼ਲਤ ਤੌਰ `ਤੇ ਪਿਛੋਕੜ ਅਰਬੀ ਫਾਰਸੀ ਦੱਸਿਆ ਗਿਆ ਹੈ। ਅੱਜ ਮੈਂ ਸਿਰਫ਼ ਇਸ ਦੇ 19ਵੇਂ ਅਤੇ ਆਖਰੀ ਇੰਦਰਾਜ ਟੇਕਰੀ/ਟੋਕਰਾ ਨਾਲ ਹੀ ਦੋ ਚਾਰ ਹੋਣਾ ਹੈ ਜੋ ਇਸ ਤਰ੍ਹਾਂ ਹੈ, ‘’ਟੇਕਰੀ/ਟੋਕਰੀ (ਫ ਤੈਕਰੀ = ਇੱਕ ਛੋਟੀ ਟਰੇ) ਟੋਕਰੀ ਢੋਣੀ ਮੁਹਾਵਰਾ ਹੈ। ਟੋਕਰਾ ਇਸ ਦਾ ਪੁਲਿੰਗ ਹੈ# ਹਜ਼ੂਰ ਸਾਹਿਬ (ਨਾਂਦੇੜ) ਦੇ ਨਾਲ ਸਬੰਧਤ ਗੁਰਦੁਆਰਿਆਂ ਵਿਚੋਂ ਇੱਕ ਗੁਰਦਆਰਾ ‘ਟੇਕਰੀ ਸਾਹਿਬ’ ਦੇ ਨਾਉਂ ਨਾਲ ਪ੍ਰਸਿੱਧ ਹੈ ਜਿਥੋਂ ਗੁਰੂ ਸਾਹਿਬ ਨੇ ਟੋਕਰੀਆਂ ਭਰ ਭਰ ਰੁਪਏ ਫੌਜ ਨੂੰ ਤਨਖਾਹ ਵਜੋਂ ਦਿੱਤੇ ਸਨ”।
ਸਪੱਸ਼ਟ ਹੈ ਕਿ ਕੋਸ਼ਕਾਰ ਟੇਕਰੀ ਅਤੇ ਟੋਕਰੀ ਸ਼ਬਦਾਂ ਨੂੰ ਇਕ ਸ਼ਬਦ ਦੇ ਦੋ ਵੱਖਰੇ ਭੇਦ ਸਮਝਦਾ ਹੈ ਤੇ ਇਨ੍ਹਾਂ ਨੂੰ ਫਾਰਸੀ ਦੇ ਤੈਕਰੀ ਤੋਂ ਬਣਿਆ ਸਮਝਦਾ ਹੈ। ਮੇਰੇ ਕੋਲ ਉਪਲੱਬਧ ਫਾਰਸੀ ਕੋਸ਼ਾਂ ਵਿਚੋਂ ਮੈਨੂੰ ਸਿਰਫ ਜੋਸਫ ਸਟੈਨਬੈਕ ਦੇ ਫਾਰਸੀ-ਅੰਗਰੇਜ਼ੀ ਕੋਸ਼ ਵਿਚ ਹੀ ਇਹ ਤੈਕਰੀ ਸ਼ਬਦ ਹਥਿਆਇਆ ਜਿਸ ਦਾ ਅਰਥ ਅਮਰਵੰਤ ਸਿੰਘ ਦੇ ਕੋਸ਼ ਵਾਲਾ ਹੀ ਹੈ ਅਰਥਾਤ ਛੋਟੀ ਟਰੇਅ। ਪੰਜਾਬੀ ਯੂਨੀਵਰਸਿਟੀ ਦੇ ਫਾਰਸੀ-ਪੰਜਾਬੀ ਕੋਸ਼ ਵਿਚ ਵੀ ਇਹ ਸ਼ਬਦ ਦਰਜ ਨਹੀਂ ਹੈ। ਇੱਕ ਹੋਰ ਸ਼ਬਦ ਤੈਫਰੀ ਦਾ ਵੀ ਇਹੋ ਅਰਥ ਹੈ ਤੇ ਜਾਪਦਾ ਹੈ ਇਹ ਤੈਕਰੀ ਦਾ ਹੀ ਇੱਕ ਭੇਦ ਹੈ। ਮੈਨੂੰ ਇਸ ਦੀ ਵਿਉਤਪਤੀ ਲੱਭਣ ਵਿਚ ਕਠਿਨਾਈ ਹੈ ਪਰ ਏਨਾ ਜ਼ਰੂਰ ਕਹਿ ਸਕਦਾ ਹਾਂ ਕਿ ਇਹ ਟੇਕਰੀ ਜਾਂ ਟੋਕਰਾ ਸ਼ਬਦਾਂ ਦਾ ਜੰਮਣਹਾਰ ਨਹੀਂ ਤੇ ਨਾ ਹੀ ਦੋਵੇਂ ਸਜਾਤੀ ਸ਼ਬਦ ਹੋ ਸਕਦੇ ਹਨ। ਕੇਵਲ ਥੋੜ੍ਹੀ ਬਹੁਤੀ ਧੁਨੀ ਅਤੇ ਅਰਥ ਦੀ ਸਾਂਝ ਨਾਲ ਹੀ ਕੋਈ ਸ਼ਬਦ ਸਜਾਤੀ ਨਹੀਂ ਹੋ ਜਾਂਦੇ।
ਟੇਕਰੀ ਦਾ ਪੁਲਿੰਗ ਰੂਪ ਟੇਕਰਾ ਹੈ ਤੇ ਇਸ ਦਾ ਅਰਥ ਕੋਸ਼ਾਂ ਮੁਤਾਬਕ ਵੀ ਤੇ ਆਮ ਸਮਝ ਮੁਤਾਬਕ ਵੀ ਟਿੱਲਾ ਹੈ। ਇਸ ਦਾ ਇੱਕ ਭੇਦ ਟੇਕੜੀ ਵੀ ਹੈ। ਟੇਕਰੀ ਸ਼ਬਦ ਪੰਜਾਬੀ ਜਾਂ ਕਿਸੇ ਹੋਰ ਆਰਿਆਈ ਭਾਸ਼ਾ ਵਿਚ ਟੋਕਰਾ ਜਾਂ ਟੋਕਰੀ ਦਾ ਅਰਥਾਵਾਂ ਸਿੱਧ ਨਹੀਂ ਹੁੰਦਾ। ਜਿੰਨੇ ਕੁ ਪੰਜਾਬੀ ਕੋਸ਼ ਮੇਰੇ ਹੱਥ ਲੱਗੇ ਹਨ ਸਭਨਾਂ ਵਿਚ ਇਸ ਦਾ ਇੱਕੋ ਇੱਕ ਅਰਥ ਟਿੱਲਾ, ਟਿੱਬਾ, ਛੋਟੀ ਪਹਾੜੀ ਹੀ ਮਿਲਦਾ ਹੈ। ਇਨ੍ਹਾਂ ਕੋਸ਼ਾਂ ਵਿਚ ਮਹਾਨ ਕੋਸ਼, ਮਈਆ ਸਿੰਘ ਦਾ ਪੰਜਾਬੀ-ਅੰਗਰੇਜ਼ੀ ਕੋਸ਼, ਭਾਸ਼ਾ ਵਿਭਾਗ ਦਾ ਪੰਜਾਬੀ-ਪੰਜਾਬੀ ਕੋਸ਼, ਪੰਜਾਬ ਯੂਨੀਵਰਸਿਟੀ ਦਾ ਪੰਜਾਬੀ-ਅੰਗਰੇਜ਼ੀ ਕੋਸ਼, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪੰਜਾਬੀ-ਅੰਗਰੇਜ਼ੀ ਕੋਸ਼ ਵਗੈਰਾ ਸ਼ਾਮਿਲ ਹਨ। ਇਹ ਸ਼ਬਦ ਹੋਰ ਹਿੰਦ-ਆਰਿਆਈ ਭਾਸ਼ਾਵਾਂ ਵਿਚ ਵੀ ਥੋੜ੍ਹੇ ਬਹੁਤੇ ਧੁਨੀ ਭੇਦ ਨਾਲ ਮਿਲਦਾ ਹੈ। ਲਿਲੀ ਟਰਨਰ ਦੇ ਹਿੰਦ-ਆਰਿਆਈ ਭਾਸ਼ਾਵਾਂ ਦੇ ਨਿਰੁਕਤ ਕੋਸ਼ ਵਿਚ ਟਿਸ ਸ਼ਬਦ ਦੀ ਮੁਢੀ *ਟੱਕ ਦਰਜ ਹੈ ਜਿਸ ਵਿਚ ਪਹਾੜੀ ਦਾ ਭਾਵ ਦਿੱਤਾ ਹੋਇਆ ਹੈ। ਇਹ ਸ਼ਬਦ ਸੰਸਕ੍ਰਿਤ ਵਿਚ ਮੈਨੂੰ ਨਹੀਂ ਮਿਲਿਆ ਇਸ ਲਈ ਟਰਨਰ ਨੇ ਇਸ ਦਾ ਕਾਲਪਨਿਕ ਧਾਤੂ ਪਹਾੜੀ ਦੇ ਭਾਵ ਵਾਲਾ *ਟੱਕ ਮਿਥ ਲਿਆ। ਉਸ ਅਨੁਸਾਰ ਇਹ ਸ਼ਬਦ ਔਸਟਰੋ-ਏਸ਼ਿਆਈ ਭਾਸ਼ਾ ਪਰਿਵਾਰ ਦੀ ਮੁੰਡਾ ਸ਼ਾਖਾ ਨਾਲ ਹੋ ਸਕਦਾ ਹੈ। ਇਸ ਦੇ ਹੋਰ ਭਾਸ਼ਾਵਾਂ ਵਿਚ ਕਈ ਭੇਦ ਮਿਲਦੇ ਹਨ ਜਿਨ੍ਹਾਂ ਵਿਚੋਂ ਕੁਝ ਦਾ ਜ਼ਿਕਰ ਕਰਦੇ ਹਾਂ, ਸਿੰਧੀ: ਟਕੁਰੁ = ਪਹਾੜ, ਟਕਿਰੀ = ਪਹਾੜੀ, ਟਾਕਰ= ਨੀਵੀਂ ਪਹਾੜੀ, ਟਿੱਬੀ, ਟਾਕਿਰ = ਪਰਬਤ ਆਰੋਹੀ, ਪਹਾੜ `ਤੇ ਚੜ੍ਹਨ ਵਾਲਾ; ਨੈਪਾਲੀ: ਟਾਕੁਰੋ = ਟੀਸੀ, ਚੋਟੀ; ਉੜੀਆ: ਟਿਕਰ = ਉਚੀ ਜ਼ਮੀਨ, ਉਚਾਣ, ਰੇਤਲਾ ਕਿਨਾਰਾ, ਟਿਕਰਾ = ਵਰਮੀ, ਸਿਉਂਕ ਦੀ ਬਣਾਈ ਧੋੜੀ; ਮਰਾਠੀ: ਟੇਕ, ਟੇਕੜ, ਟੇਕੜੀ = ਪਹਾੜੀ, ਟਿੱਲਾ; ਹਿੰਦੀ: ਟੇਕਰ, ਟੇਕਰਾ = ਧੋੜੀ, ਢੇਰ, ਪਹਾੜੀ; ਗੁਜਰਾਤੀ: ਟੇਕਰੋ, ਟੇਕਰੀ = ਪਹਾੜ, ਪਹਾੜੀ, ਟਿੱਲਾ; ਪੰਜਾਬੀ ਟੇਕਰਾ, ਟੇਕਰੀ = ਚਟਾਨ, ਪਹਾੜੀ, ਟਿੱਲਾ।
ਟਰਨਰ ਨੇ ਇਸ ਸ਼ਬਦ ਦੇ ਟ, ਤ, ਦ, ਡ ਧੁਨੀਆਂ ਨਾਲ ਸ਼ੁਰੂ ਹੁੰਦੇ ਕਈ ਰੁਪਾਂਤਰ ਵੀ ਗਿਣਾਏ ਹਨ ਜਿਨ੍ਹਾਂ ਵਿਚ ਪਹਾੜੀ ਜਿਹੇ ਭਾਵ ਹੀ ਹਨ ਜਿਵੇਂ ਪੰਜਾਬੀ ਤੁੰਗ, ਹਿੰਦੀ ਡੂਗਰ = ਪਹਾੜੀ। ਇਸ ਪਾਸੇ ਫਿਰ ਕਦੇ ਆਵਾਂਗੇ, ਅੱਜ ਅਸੀਂ ਟ ਧੁਨੀ ਹੀ ਅਲਾਪਦੇ ਹਾਂ। ਅਮਰਵੰਤ ਸਿੰਘ ਦੇ ਕੋਸ਼ ਵਿਚ ਇਹ ਗੱਲ ਦਰਜ ਹੈ ਕਿ ਨੰਦੇੜ ਸਾਹਿਬ ਦੇ ਇੱਕ ਗੁਰਦੁਆਰੇ ‘ਟੇਕਰੀ ਸਾਹਿਬ’ ਦਾ ਇਹ ਨਾਂ ਇਸ ਲਈ ਪਿਆ ਕਿਉਂਕਿ ਗੁਰੂ ਸਾਹਿਬ ਨੇ ਏਥੇ ਟੋਕਰੀਆਂ ਭਰ ਭਰ ਕੇ ਆਪਣੇ ਫੌਜੀਆਂ ਨੂੰ ਤਨਖਾਹ ਦਿੱਤੀ ਸੀ। ਸਪੱਸ਼ਟ ਹੈ ਕਿ ਅਮਰਵੰਤ ਸਿੰਘ ਗੁਰਦੁਆਰੇ ਦੇ ਨਾਂ ਵਿਚਲੇ ਟੇਕਰੀ ਸ਼ਬਦ ਨੂੰ ਟੋਕਰੀ ਦਾ ਰੁਪਾਂਤਰ ਹੀ ਸਮਝਦੇ ਹਨ ਪਰ ਸਚਾਈ ਇਹ ਨਹੀਂ। ਸੰਖੇਪ ਵਿਚ ਇਸ ਸਥਾਨ ਬਾਰੇ ਦੰਦ ਕਥਾ ਜਾਣ ਲਈਏ। ਮਹਾਂਰਾਸ਼ਟਰ ਦੇ ਨੰਦੇੜ ਸ਼ਹਿਰ ਨੂੰ ਸਿੱਖ ਧਰਮ ਗ੍ਰੰਥਾਂ ਵਿਚ ਅਬਚਲ ਨਗਰ ਅਤੇ ਹਜ਼ੂਰ ਸਾਹਿਬ ਕਿਹਾ ਜਾਂਦਾ ਹੈ। ਇਸ ਸ਼ਹਿਰ ਤੋਂ ਤਿੰਨ ਕੁ ਮੀਲ ਦੂਰ ਨਾਂਦੇੜ-ਅਕੋਲਾ ਸੜਕ ਉਤੇ ਗੁਰਦੁਆਰਾ ‘ਟੇਕਰੀ ਸਾਹਿਬ’ ਸਥਿਤ ਹੈ ਜਿਸ ਨੂੰ ‘ਗੁਰਦੁਆਰਾ ਮਾਲਟੇਕਰੀ/ਮਾਲਟੇਕੜੀ’ ਵੀ ਕਿਹਾ ਜਾਂਦਾ ਹੈ| ਮਾਲ ਦਾ ਅਰਥ ਖਜ਼ਾਨਾ ਹੈ ਅਤੇ ਇਸ ਨਾਲ ਟੇਕਰੀ ਇਸ ਲਈ ਜੋੜਿਆ ਗਿਆ ਹੈ ਕਿ ਇਹ ਇੱਕ ਉਚੇ ਥਾਂ ਜਾਂ ਟਿੱਲੇ `ਤੇ ਸਥਿਤ ਹੈ। ਮਾਨਤਾ ਹੈ ਕਿ ਗੁਰੂ ਨਾਨਕ ਦੇ ਸਮੇਂ ਏਥੇ ਗੁਪਤ ਖਜ਼ਾਨਾ ਦੱਬਿਆ ਪਿਆ ਸੀ। ਗੁਰੂ ਹਰਿਗੋਬਿੰਦ ਨੇ ਕਰਤਾਰਪੁਰੋਂ ਇੱਕ ਫਕੀਰ ਲੱਕੜਸ਼ਾਹ ਨੂੰ ਇਸ ਥਾਂ ਦੇ ਖਜ਼ਾਨੇ ਦੀ ਰਾਖੀ ਵਾਸਤੇ ਭੇਜਿਆ ਸੀ। ਇਹ ਫਕੀਰ ਦਸਵੇਂ ਗੁਰੂ ਜੀ ਦੇ ਆਉਣ ਤੱਕ ਖਜ਼ਾਨੇ ਦੀ ਰਾਖੀ ਕਰਦਾ ਰਿਹਾ। ਰੋਜ਼ਾਨਾ ਉਸ ਨੂੰ ਦੋ ਸੋਨੇ ਦੀਆਂ ਅਸ਼ਰਫੀਆਂ ਮਿਲਦੀਆਂ ਸਨ। ਗੁਰੂ ਗੋਬਿੰਦ ਸਿੰਘ ਜਦੋਂ ਨੰਦੇੜ ਆਏ ਤਾਂ ਉਨ੍ਹਾਂ ਦੇ ਨਾਲ ਸਿੱਖ ਫੌਜਾਂ ਵੀ ਆਈਆਂ ਸਨ| ਸਿੱਖ ਫੌਜਾਂ ਨੇ ਗੁਰੂ ਸਾਹਿਬ ਪਾਸ ਬੇਨਤੀ ਕੀਤੀ ਕਿ ਅਸੀਂ ਘਰ ਵਾਪਸ ਜਾਣਾ ਹੈ, ਸਾਨੂੰ ਤਨਖਾਹਾਂ ਦਿਓ। ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਹੁਕਮ ਕੀਤਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਪਤ ਖਜ਼ਾਨਾ ਮਾਲਟੇਕੜੀ ਦੀ ਥਾਂ `ਤੇ ਹੈ, ਉਹ ਖਜ਼ਾਨਾ ਲੈ ਕਰ ਆਓ। ਦੋਵੇਂ ਪਿਆਰਿਆਂ ਨੇ ਫੌਜਾਂ ਲੈ ਕੇ ਰੱਖੇ ਖਜ਼ਾਨੇ ਨੂੰ ਕੱਢਿਆ ਅਤੇ ਖੱਚਰਾਂ, ਬੈਲ ਗੱਡੀਆਂ ਵਿਚ ਭਰ ਕੇ ਗੁਰਦੁਆਰਾ ਸ਼੍ਰੀ ਸੰਗਤ ਸਾਹਿਬ ਵਾਲੀ ਥਾਂ `ਤੇ ਗੁਰੂ ਸਾਹਿਬ ਦੀ ਹਜੂਰੀ ਵਿਚ ਲੈ ਆਂਦਾ। ਉਨ੍ਹਾਂ ਇਹ ਖਜ਼ਾਨਾ ਢਾਲਾਂ ਭਰ-ਭਰ ਫੌਜਾਂ ਨੂੰ ਵੰਡਿਆ। ਬਾਕੀ ਜੋ ਖਜ਼ਾਨਾ ਬਚ ਗਿਆ ਉਹ ਵਾਪਸ ਗੁਰਦੁਆਰਾ ਸ੍ਰੀ ਮਾਲਟੇਕੜੀ ਵਾਲੀ ਥਾਂ `ਤੇ ਗੁਪਤ ਰੱਖ ਦਿੱਤਾ| ਰਵਾਇਤ ਹੈ ਕਿ ਇਸ ਸਥਾਨ ਨੂੰ ਪਹਿਲਾਂ ‘ਮਾਲ ਟਿੱਲਾ’ ਕਿਹਾ ਜਾਂਦਾ ਸੀ।
ਦੰਦ ਕਥਾਵਾਂ ਵਿਚ ਸ਼ਾਇਦ ਹੀ ਕਿਧਰੇ ਇਹ ਜ਼ਿਕਰ ਹੈ ਕਿ ਗੁਰੂ ਜੀ ਨੇ ਟੋਕਰੀਆਂ ਭਰ ਭਰ ਕੇ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਵੰਡੀ ਜਦ ਕਿ ਇਹ ਤੱਥ ਹੈ ਕਿ ਗੁਰਦੁਆਰਾ ਸਥਾਨ ਉੱਚੀ ਜਗਾਹ `ਤੇ ਹੈ। ਮਹਾਰਾਸ਼ਟਰ ਦੀ ਭਾਸ਼ਾ ਮਰਾਠੀ ਵਿਚ ਟੇਕਰੀ ਲਈ ਟੇਕੜੀ ਸ਼ਬਦ ਹੈ ਇਸ ਲਈ ਇਸ ਧਾਰਮਿਕ ਅਸਥਾਨ ਦਾ ਬਹੁਤਾ ਪ੍ਰਚੱਲਤ ਨਾਂ ‘ਗੁਰਦਵਾਰਾ ਮਾਲਟੇਕੜੀ’ ਹੀ ਹੈ। ‘ਮਹਾਨ ਕੋਸ਼’ ਅਨੁਸਾਰ ਵੀ ਟੇਕਰੀ ਨੂੰ ਦੱਖਣੀ ਭਾਸ਼ਾ ਵਿਚ ਟੇਕੜੀ ਕਿਹਾ ਜਾਂਦਾ ਹੈ। ਏਥੇ ਹੀ ਬੱਸ ਨਹੀਂ, ਗੁਰੂ ਨਾਨਕ ਦੇਵ ਜੀ ਨਾਲ ਜੁੜੇ ਇੱਕ ਹੋਰ ਧਾਰਮਿਕ ਸਥਾਨ ਦਾ ਨਾਂ ਵੀ ਟੇਕਰੀ ਸਾਹਿਬ ਹੈ ਜੋ ਕਿ ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ਵਿਚ ਹੈ। ਗੁਰੂ ਜੀ ਏਥੇ ਉਦਾਸੀਆਂ ਦੌਰਾਨ ਗਏ ਦੱਸੇ ਜਾਂਦੇ ਹਨ। ਗੁਰਦੁਆਰੇ ਦੇ ਬਾਹਰ ਲੱਗੇ ਬੋਰਡ ਵਿਚ ਇਸ ਦਾ ‘ਇਤਿਹਾਸ’ ਦੱਸਿਆ ਗਿਆ ਹੈ। ਇਸ ਅਨੁਸਾਰ ਰਾਜਾ ਭੋਜ ਦੇ ਦਰਬਾਰੀ ਗਣਪਤ ਨੂੰ ਕਿਸੇ ਵਿਭਚਾਰ ਕਾਰਨ ਕੋੜ੍ਹ ਹੋ ਗਿਆ ਜੋ ਤਮਾਮ ਉਪਚਾਰਾਂ ਉਪਰੰਤ ਵੀ ਠੀਕ ਨਾ ਹੋਇਆ। ਘਰੋਂ ਛੇਕਿਆ ਗਣਪਤ ਇੱਕ ਵੀਰਾਨ ਟਿੱਲੇ `ਤੇ ਕੁਟੀਆ ਬਣਾ ਕੇ ਰਹਿਣ ਲੱਗ ਪਿਆ। ਜਲਾਲੂਦੀਨ ਨਾਂ ਦੇ ਪੀਰ ਦੇ ਕਹਿਣ `ਤੇ ਉਹ ਗੁਰੂ ਨਾਨਕ ਦਾ ਨਾਂ ਧਿਆਉਣ ਲੱਗ ਪਿਆ ਤਾਂ ਆਖਰ ਗੁਰੂ ਜੀ ਪ੍ਰਗਟ ਹੋ ਗਏ। ਉਨ੍ਹਾਂ ਬਾਲੇ ਨੂੰ ਪਹਾੜੀ ਦੇ ਹੇਠੋਂ ਜਲ ਲਿਆਉਣ ਲਈ ਕਿਹਾ। ਗੁਰੂ ਜੀ ਨੇ ਇਹ ਜਲ ਕੋੜ੍ਹੀ ਗਣਪਤ `ਤੇ ਛਿੜਕ ਦਿੱਤਾ। ਜਲ ਦੇ ਅਸਰ ਵਜੋਂ ਬਾਂਵਰਾ ਹੋਇਆ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਹੋਸ਼ ਆਈ ਤਾਂ ਉਸ ਦਾ ਕੋੜ੍ਹ ਤਾਂ ਠੀਕ ਹੋ ਚੁੱਕਾ ਸੀ ਪਰ ਗੁਰੂ ਜੀ ਉਥੋਂ ਅਲੋਪ ਸਨ। ਬਾਅਦ ਵਿਚ ਜਿਸ ਥਾਂ ਤੋਂ ਪਾਣੀ ਲਿਆਂਦਾ ਉਥੇ ਗੁਰਦੁਆਰਾ ਬਾਉਲੀ ਸਾਹਿਬ ਤੇ ਗਣਪਤ ਦੀ ਝੌਂਪੜੀ ਵਾਲੇ ਸਥਾਨ `ਤੇ ਗੁਰਦੁਆਰਾ ਟੇਕਰੀ ਸਾਹਿਬ ਉਸਾਰਿਆ ਗਿਆ। ਇਸ ‘ਇਤਿਹਾਸ’ ਦੀ ਸਚਾਈ ਕੇਵਲ ਇਸੇ ਤੱਥ ਤੋਂ ਝੁਠਿਆਈ ਜਾ ਸਕਦੀ ਹੈ ਕਿ ਰਾਜਾ ਭੋਜ ਗਿਆਰ੍ਹਵੀਂ ਸਦੀ ਵਿਚ ਹੋਏ ਸਨ ਤੇ ਗੁਰੂ ਨਾਨਕ ਪੰਦਰਵੀਂ ਸਦੀ ਵਿਚ। ਖੈਰ ਸਾਡਾ ਮਕਸਦ ਏਥੇ ਇਹ ਦ੍ਰਿੜ੍ਹਾਉਣਾ ਹੈ ਕਿ ਇਹ ਗੁਰਦੁਆਰਾ ਉਚੇ ਸਥਾਨ `ਤੇ ਹੈ ਤਦੇ ਇਸ ਦੇ ਨਾਂ ਵਿਚ ਟੇਕਰੀ/ਟੇਕੜੀ ਸ਼ਬਦ ਹੈ। ਭਾਰਤ ਵਿਚ ਵਿਭਿੰਨ ਧਰਮਾਂ ਨਾਲ ਸਬੰਧਤ ਬਹੁਤ ਸਾਰੀਆਂ ਟੇਕਰੀਆਂ ਹਨ ਜਿਵੇਂ ਹੈਦਰਾਬਾਦ ਵਿਚ ਹਨੂਮਾਨ ਟੇਕਰੀ, ਲਾਲ ਟੇਕਰੀ, ਮੂਸਾਰਾਮ ਟੇਕਰੀ। ਮੱਧ ਪ੍ਰਦੇਸ਼ ਵਿਚ ਜਾਵਰਾ ਦੇ ਸਥਾਨ `ਤੇ ਇਕ ਹੁਸੈਨ ਟੇਕਰੀ ਹੈ ਜਿਥੇ ਲੋਕਾਂ ਨੂੰ ਕਰਬਲਾ ਦੇ ਸ਼ਹੀਦਾਂ ਦੀਆਂ ਰੂਹਾਂ ਜਿੰਨਾਂ ਭੁਤਾਂ ਦੇ ਰੂਪ ਵਿਚ ਦਿਸੀਆਂ ਸਨ। ਮਾਨਤਾ ਹੈ ਕਿ ਇਹ ਜਿੰਨ ਭੂਤ ਮਾਨਸਿਕ ਬੀਮਾਰੀਆਂ ਦੂਰ ਕਰ ਦਿੰਦੇ ਹਨ। ਭਾਰਤ ਵਿਚ ਤਪ ਦੇ ਚਾਹਵਾਨ ਆਮ ਤੌਰ `ਤੇ ਉਚੇ ਸਥਾਨ ਹੀ ਚੁਣਦੇ ਸਨ। ਇਸ ਲਈ ਇਸ ਸ਼ਬਦ ਦਾ ਅਰਥ ਘਰ ਜਿਹਾ ਵੀ ਹੋ ਗਿਆ ਹੈ,”ਯਮੁਨਾ ਅਪਨੀ ਧੋਤੀ ਲੇਕਰ ਬਜਰੈ ਸੇ ਉਤਰੀ ਔਰ ਬਾਲੂ ਕੀ ਏਕ ਊਂਚੀ ਟੇਕਰੀ ਕੇ ਕੋਨੇ ਮੇਂ ਚਲੀ ਗਈ।”
ਟੋਕਰਾ ਸ਼ਬਦ ਦੀ ਵਿਉਤਪਤੀ ਹੋਰ ਪਾਸਿਓਂ ਹੈ। ਕੋਸ਼ਕਾਰ ਪਲੈਟਸ ਨੇ ਇਸ ਨੂੰ ਸੰਸਕ੍ਰਿਤ ‘ਸਤੋਤ’ ਤੋਂ ਬਣਿਆ ਦੱਸਿਆ ਹੈ ਜਿਸ ਵਿਚ ਅਲਪਤਾ, ਥੋੜਾਪਣ ਦਾ ਭਾਵ ਹੈ ਪਰ ਇਹ ਸਪੱਸ਼ਟ ਨਹੀਂ ਹੁੰਦਾ ਕਿ ਥੋੜੇਪਣ ਦਾ ਟੋਕਰੇ ਨਾਲ ਕੀ ਜੋੜ ਬੈਠਦਾ ਹੈ। ਹਾਂ ਇਹ ਗੱਲ ਜ਼ਰੂਰ ਹੈ ਕਿ ‘ਥੋੜਾ’ ਸ਼ਬਦ ਸਤੋਤ ਤੋਂ ਵਿਉਤਪਤ ਹੋਇਆ। ਇਸ ਪਾਸੇ ਫਿਰ ਆਵਾਂਗੇ। ਟਰਨਰ ਨੇ ਇਸ ਦੀ ਮੁਢੀ *ਟੋਕ ਦਰਸਾਈ ਹੈ ਜਿਸ ਵਿਚ ਟੋਕਰਾ ਦਾ ਭਾਵ ਹੈ। ਇਸ ਸ਼ਬਦ ਦਾ ਕੁਝ ਪਸਾਰਾ ਪੇਸ਼ ਕਰਦੇ ਹਾਂ। ਬੰਗਾਲੀ ਵਿਚ ਟੋਕਰੀਨੁਮਾ ਟੋਪੀ ਨੂੰ ਟੋਕਾ ਆਖਦੇ ਹਨ। ਹੋਰ ਭਾਸ਼ਾਵਾਂ ਵਿਚ ਟੋਕਰਾ/ਟੋਕਰੀ ਲਈ ਸ਼ਬਦ ਹਨ: ਉੜੀਆ, ਟੋਕਾਈ, ਮਰਾਠੀ ਟੋਕਵੀ, ਸਿੰਧੀ ਟੋਕਿਰੋ, ਹਿੰਦੀ, ਨੈਪਾਲੀ: ਟੋਕਰਾ/ਟੋਕਰੀ; ਪਹਾੜੀ ਟੁਕਰੂ ਜੋ ਛਿਟੀਆਂ ਅਤੇ ਚੀਕਣੀ ਮਿੱਟੀ ਦਾ ਬਣਿਆ ਹੁੰਦਾ ਹੈ। ਮਰਾਠੀ ਵਿਚ ਚਮੜੇ ਦੀ ਬਣੀ ਗੋਲ ਟੋਕਰੀ ਨੂੰ ਟੋਕਰ ਆਖਦੇ ਹਨ।