ਕਲਪਨਾ ਸੋਰੇਨ ਤੇ ਪ੍ਰਿਅੰਕਾ ਵਾਡਰਾ ਦੀ ਰਾਜਨੀਤੀ

ਗੁਲਜ਼ਾਰ ਸਿੰਘ ਸੰਧੂ
ਇਸ ਵਾਰੀ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਨੇ ਦੋ ਬੀਬੀਆਂ ਦੀ ਰਾਜਨੀਤੀ ਦਾ ਪਰਦਾ ਚੁੱਕਿਆ ਹੈ| ਕਲਪਨਾ ਸੋਰੇਨ ਦਾ ਖਾਸ ਕਰਕੇ| 34 ਸਾਲਾ ਕਲਪਨਾ 4 ਮਾਰਚ 2024 ਨੂੰ ਪਤੀ ਹੇਮੰਤ ਸੋਰੇਨ ਦੇ ਜੇਲ੍ਹ ਜਾਣਾ ਤੋਂ ਇਕ ਮਹੀਨਾ ਪਿਛੋਂ ਅਚਾਨਕ ਸਿਆਸੀ ਮੰਚ ਉੱਤੇ ਆਈ ਤੇ ਉਸ ਨੇ 1,19,372 ਵਿਚੋਂ 1,02,230 ਵੋਟਾਂ ਲੈ ਕੇ ਆਪਣੀ ਵਿਰੋਧੀ ਮੁਨੀਆ ਦੇਵੀ ਨੂੰ 17,142 ਵੋਟਾਂ ਨਾਲ ਹਰਾਇਆ| ਉਸਦੇ ਚੋਣ ਪ੍ਰਚਾਰ ਵਿਚ ਏਨਾ ਦਮ ਸੀ ਕਿ ਕਈ ਹਲਕਿਆਂ ਵਾਲੇ ਉਸਦੀ ਹਾਜ਼ਰੀ ਦਾ ਦਮ ਭਰਦੇ ਸਨ ਤੇ ਬਾਰ ਬਾਰ ਉਸਨੂੰ ਆਪਣੇ ਹਲਕੇ ਵਿਚ ਬੋਲਣ ਲਈ ਸੱਦ ਰਹੇ ਸਨ|

52 ਸਾਲਾ ਪ੍ਰਿਅੰਕਾ ਗਾਂਧੀ ਵਾਡਰਾ ਵਾਇਨਾਡ ਲੋਕ ਸਭਾ ਹਲਕੇ ਤੋਂ ਚੋਣ ਜਿੱਤ ਕੇ ਲੋਕ ਸਭਾ ਦੀ ਮੈਂਬਰ ਬਣੀ ਹੈ| ਭਾਵੇਂ ਉਹ ਰਾਇ ਬਰੇਲੀ ਤੇ ਅਮੇਥੀ ਤੋਂ ਆਪਣੀ ਮਾਂ ਸੋਨੀਆ ਗਾਂਧੀ ਤੇ ਭਰਾ ਰਾਹੁਲ ਗਾਂਧੀ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਜਾਣੀ ਜਾਂਦੀ ਸੀ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਹੋਣ ਕਾਰਨ ਵੀ ਪਰ ਵਾਇਨਾਡ ਦੀ ਜਿੱਤ ਨੇ ਉਸਦਾ ਕੱਦ ਹੋਰ ਵੀ ਉੱਚਾ ਕੀਤਾ ਹੈ| ਏਥੇ ਉਸਨੂੰ ਛੇ ਲੱਖ 22 ਹਜ਼ਾਰ ਵਿਚੋਂ ਚਾਰ ਲੱਖ 11 ਹਜ਼ਾਰ ਵੋਟਾਂ ਪਈਆਂ ਹਨ ਅਤੇ ਦੂਜੇ ਨੰਬਰ `ਤੇ ਆਉਣ ਵਾਲੇ ਵਿਰੋਧੀ ਨੂੰ ਦੋ ਲੱਖ 11 ਹਜ਼ਾਰ ਤੀਜੇ ਨੰਬਰ ਵਾਲੇ ਨੂੰ ਇੱਕ ਲੱਖ 99 ਹਜ਼ਾਰ|
ਦੋਨਾਂ ਬੀਬੀਆਂ ਦੀ ਜਿੱਤ ਨੇ ਦੇਸ਼ ਦੇ ਗ੍ਰਹਿ ਮੰਤਰੀ ਤਾਂ ਕੀ ਪ੍ਰਧਾਨ ਮੰਤਰੀ ਵਲੋਂ ਪੰਡਤ ਨਹਿਰੂ ਦੇ ਖਾਨਦਾਨ ਨੂੰ ਸ਼ਾਹੀ ਪਰਿਵਾਰ ਤੇ ਰਾਹੁਲ ਗਾਂਧੀ ਨੂੰ ਸ਼ਹਿਜ਼ਾਦਾ ਗਰਦਾਨਣ ਦੇ ਵਿਅੰਗ ਦੀ ਵੀ ਫੂਕ ਕੱਢ ਦਿੱਤੀ ਹੈ| ਸੋਰੇਨ ਜੋੜੀ ਨੇ ਝਾਰਖੰਡ ਵਿਚ ਬੰਗਲਾਦੇਸ਼ੀ ਸ਼ਰਨਾਰਥੀਆਂ ਦੀ ਆਮਦ ਵਾਲੇ ਮਿਹਣੇ ਦਾ ਉਤਰ ਵੀ ਜੰਮ ਕੇ ਦਿੱਤਾ ਹੈ| ਇਸ ਵਿਸ਼ੇ ਨੂੰ ਰਾਜ ਸਰਕਾਰ ਦੀ ਥਾਂ ਕੇਂਦਰ ਦਾ ਕਹਿ ਕੇ| ਉਨ੍ਹਾਂ ਨੇ ਆਪਣੇ ਰਾਜ ਵਿਚ ਆਪਸੀ ਸਾਂਝ ਦੀ ਗੱਲ ਕਰਦਿਆਂ ਅਸ਼ਰਫੁੱਲ ਸ਼ੇਖ ਦੀ ਜੀਊਂਦੀ ਜਾਗਦੀ ਮਿਸਾਲ ਦਿੱਤੀ ਜਿਸਨੇ ਨਰਤਾਨਪੁਰ ਪਿੰਡ ਦੀ ਹਿੰਦੂ ਮਹਿਲਾ ਝਰਨਾ ਮਰਾਂਡੀ ਨਾਲ ਸ਼ਾਦੀ ਕੀਤੀ ਹੋਈ ਹੈ|
ਲਾਹੌਰ ਦੀਆਂ ਜੰਮੀਆਂ ਸੁਰਜੀਤ ਤੇ ਸੁਰਿੰਦਰ ਕੌਰ
ਮੇਰੀ ਮਿੱਤਰ ਮੰਡਲੀ ਵਿਚ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਨੇ ਓਧਰ ਰਹਿ ਗਈਆਂ ਰਹਿਮਤਾਂ ਦੀ ਗੱਲ ਕਰਦਿਆਂ ਲਾਹੌਰ ਦਾ ਗੁਣਗਾਇਨ ਕਰਨ ਸਮੇਂ ਇਹ ਵਾਕ ਬੋਲਣਾ ਕਿ ਜਿਸ ਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆਂ ਹੀ ਨਹੀਂ| ਸਾਡੇ ਵਰਗਿਆਂ ਕੋਲ ਕੋਈ ਉੱਤਰ ਨਾ ਹੁੰਦਾ| ਮਸਾਂ ਮੇਰੀ ਸ਼ਾਦੀ ਨੇ ਮੈਨੂੰ ਬੋਲਣ ਲਾਇਆ| ਮੈਂ ਲਾਹੌਰ ਤਾਂ ਨਹੀਂ ਸੀ ਵੇਖਿਆ ਉਸ ਸ਼ਹਿਰ ਵਿਚ ਜਨਮ ਲੈਣ ਵਾਲੀ ਨੂੰ ਵਿਆਹ ਲਿਆਇਆ ਸਾਂ| ਪਿਛਲੇ ਮਹੀਨੇ ਦੀ 25 ਤਰੀਕ ਨੂੰ ਇਹ ਵੀ ਪਤਾ ਲੱਗਿਆ ਕਿ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਵੀ ਲਾਹੌਰ ਵਿਚ ਪੈਦਾ ਹੋਈ ਸੀ| ਕਾਸ਼ ਇਸ ਗੱਲ ਦਾ ਇਲਮ ਮੈਨੂੰ 68 ਸਾਲ ਪਹਿਲਾਂ ਹੁੰਦਾ ਜਦੋਂ ਆਪਣੇ ਵਿਆਹ ਤੋਂ ਅੱਠ ਸਾਲ ਪਹਿਲਾਂ ਮੈਂ 1952 ਵਿਚ ਉਸਨੂੰ ਦਿੱਲੀ ਤੋਂ ਕਰਨਾਲ ਲੈ ਕੇ ਗਿਆ ਸਾਂ| ਉਥੇ ਸੁਰਿੰਦਰ ਕੌਰ ਤੇ ਆਸਾ ਸਿੰਘ ਮਸਤਾਨਾ ਨੇ ਮੇਰੇ ਮਿੱਤਰ ਕੁਲਵੰਤ ਸਿੰਘ ਵਿਰਕ ਦੇ ਭਤੀਜੇ ਦੀ ਸ਼ਾਦੀ ਵਿਚ ਗਾਉਣਾ ਸੀ| ਹੁਣ ਤਾਂ ਮੇਰੇ ਲਈ ਇਹ ਗੱਲ ਵੀ ਨਵੀਂ ਸੀ ਕਿ ਸੁਰਿੰਦਰ ਕੌਰ ਦੇ ਪਿਤਾ ਦਾ ਨਾਂ ਬਿਸ਼ਨ ਦਾਸ ਸੀ ਜਿਸਨੇ ਬਚਪਨ ਵਿਚ ਹੀ ਕੇਸ ਕਟਾ ਕੇ ਮਾਯਾ ਦੇਵੀ ਨਾਲ ਸ਼ਾਦੀ ਕਰ ਇਹ ਤਾਂ ਨਹੀਂ ਪਤਾ ਕਿ ਸੁਰਿੰਦਰ ਕੌਰ ਦਾ ਪਿਤਾ ਰੋਜ਼ੀ ਰੋਟੀ ਲਈ ਕੀ ਕਰਦਾ ਸੀ ਪਰ ਉਸਦੀ ਮਾਤਾ ਸੰਗੀਤ ਜਗਤ ਨੂੰ ਪਰਨਾਈ ਹੋਈ ਸੀ| ਉਹੀਓ ਸੀ ਜਿਸਨੇ ਅਪਣੀਆਂ ਧੀਆਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਤੇ ਨਰਿੰਦਰ ਕੌਰ ਨੂੰ ਗੀਤ ਸੰਗੀਤ ਦੇ ਮਾਰਗ ਤੋਰਿਆ ਸੀ| ਸੁਰਿੰਦਰ ਕੌਰ ਨੇ ਮੁਢਲੀ ਵਿਦਿਆ ਬੜੇ ਗੁਲਾਮ ਅਲੀ ਖਾਂ (ਪਟਿਆਲਾ ਘਰਾਣਾ) ਦੇ ਭਾਣਜੇ ਇਨਾਇਤ ਹੁਸੈਨ ਤੇ ਪੰਡਤ ਕੁੰਦਨ ਲਾਲ ਤੋਂ ਪ੍ਰਾਪਤ ਕੀਤੀ ਸੀ| ਇਸ ਕਲਾ ਨੇ ਉਸਨੂੰ 13 ਵਰ੍ਹੇ ਦੀ ਛੋਟੀ ਉਮਰੇ ਲਾਹੌਰ ਰੇਡੀਓ ਦਾ ਪ੍ਰੋਗ੍ਰਾਮ ਦਿਲਵਾਇਆ ਤੇ ਅੰਤ ‘ਪੰਜਾਬ ਦੀ ਕੋਇਲ’ ‘ਲੋਕ ਗੀਤਾਂ ਦੀ ਰਾਣੀ’ ਹੋ ਨਿਬੜੀ|
ਜਿੱਥੋਂ ਤਕ ਸੁਰਜੀਤ ਦਾ ਸਬੰਧ ਹੈ ਉਸਦੇ ਪਿਤਾ ਲਾਹੌਰ ਵਿਚ ਵਕੀਲ ਸਨ ਤੇ ਦਾਦਾ ਸੀਆਈਡੀ ਅਧਿਕਾਰੀ ਜਿਹੜਾ ਲਾਹੌਰ ਰੇਲਵੇ ਸਟੇਸ਼ਨ ਉਤੇ ਮੰਜੀ ਉਤੇ ਬੈਠੇ ਭਗਤ ਸਿੰਘ ਦੀ ਤਸਵੀਰ ਵਿਚ ਉਹਦੇ ਕੋਲੋਂ ਪੁੱਛ-ਗਿੱਛ ਕਰ ਰਿਹਾ ਦਿਖਾਈ ਦਿੰਦਾ ਹੈ|
ਸੁਰਜੀਤ ਉਮਰ ਵਿਚ ਤਾਂ ਸੁਰਿੰਦਰ ਕੌਰ ਨਾਲੋਂ ਢਾਈ ਮਹੀਨੇ ਵੱਡੀ ਹੈ ਪਰ ਸਾਰੀ ਉਮਰ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿਚ ਸਮਾਜ ਸੇਵਾ, ਪਰਿਵਾਰ ਨਿਯੋਜਨ ਤੇ ਮਹਿਲਾਵਾਂ ਤੇ ਬੱਚਿਆਂ ਦੀ ਭਲਾਈ ਵਿਚ ਗੁਆਚੀ ਰਹੀ ਹੈ| ਪੰਜਾਬ ਇਸਤਰੀ ਸਭਾ ਦੀ ਪ੍ਰਧਾਨਗੀ ਤੋਂ ਅਸਤੀਫਾ ਤਾਂ ਕੱਲ੍ਹ ਦੀ ਗੱਲ ਹੈ| ਉਸਨੂੰ ਇਹ ਪਤਾ ਹੈ ਕਿ ਉਸਦਾ ਜਨਮ ਜਿਸ ਘਰ ਹੋਇਆ ਸੀ| ਉਸਨੂੰ ਲਾਲ ਕੋਠੀ ਕਹਿੰਦੇ ਸਨ| ਇਹ ਵੀ ਕਿ 1947 ਤੋਂ ਪਿਛੋਂ ਘਰ ਵਿਚ ਸੁਰਜੀਤ ਪਰਿਵਾਰ ਦੇ ਜਾਣੂ ਹਫੀਜ਼ੁੱਲਾ ਨੇ ਅੱਖਾਂ ਦਾ ਹਸਪਤਾਲ ਖੋਲ੍ਹ ਲਿਆ ਸੀ|
ਮੇਰਾ ਪਹਿਲੀ ਵਾਰ ਲਾਹੌਰ ਜਾਣ ਦਾ ਸਬੱਬ 1998 ਵਿਚ ਬਣਿਆ ਜਦੋਂ ਮੈਂ ਦੇਸ਼ ਸੇਵਕ ਅਖਬਾਰ ਦਾ ਸੰਪਾਦਕ ਸਾਂ| ਉਦੋਂ ਗੋਆ ਦੇ ਰਾਜਪਾਲ ਰਹਿ ਚੁੱਕੇ ਕਰਨਲ ਪ੍ਰਤਾਪ ਸਿੰਘ ਗਿੱਲ ਨੇ ਨਵਾਜ਼ ਸ਼ਰੀਫ ਨਾਲ ਦੇਸ਼ ਵੰਡ ਤੋਂ ਪਹਿਲਾਂ ਦੀ ਪੇਂਡੂ ਸਾਂਝ ਕੱਢ ਕੇ ਆਪਣੇ ਵਾਕਫਾਂ ਨੂੰ ਪਾਕਿਸਤਾਨ ਲਿਜਾਣ ਦਾ ਪ੍ਰੋਗ੍ਰਾਮ ਬਣਾ ਲਿਆ ਸੀ| ਸੁਰਜੀਤ ਵੀ ਮੇਰੇ ਨਾਲ ਸੀ ਭਾਵੇਂ ਉਸ ਤੋਂ ਪਿੱਛੋਂ ਵੀ ਅਸੀਂ ਦੋਵੇਂ ਤਿੰਨ ਵਾਰ ਪਾਕਿਸਤਾਨ ਗਏ ਹਾਂ| ਲਾਹੌਰ ਸਮੇਤ| ਹੁਣ ਤਾਂ ਪੁਰਾਣੇ ਅਖਾਣਾਂ ਅਨੁਸਾਰ ਅਸੀਂ ਤਿੰਨ ਵਾਰੀ ਜੰਮ ਚੁੱਕੇ ਹਾਂ ਜਿਸ ਵਿਚ ਸੁਰਜੀਤ ਦਾ ਸੱਚੀ ਮੁੱਚੀ ਉਥੇ ਜੰਮਣਾ ਸ਼ਾਮਲ ਨਹੀਂ|
ਜਿੱਥੋਂ ਤੱਕ ਸੁਰਿੰਦਰ ਕੌਰ ਦਾ ਸਬੰਧ ਹੈ ਉਹ ਵੀ ਲੋਕ ਗਾਇਕੀ ਦੇ ਪ੍ਰੋਗ੍ਰਾਮਾਂ ਅਧੀਨ ਲਾਹੌਰ ਜਾਂਦੀ ਰਹੀ ਹੈ|
ਦੇਸ਼ ਵੰਡ ਤੋਂ ਪਿੱਛੋਂ ਤਾਂ ਲਾਹੌਰ ਜਾਣਾ ਹੋਰ ਵੀ ਕਠਿਨ ਹੋ ਗਿਆ ਹੈ| ਸੁਰਿੰਦਰ ਕੌਰ 2006 ਵਿਚ ਅਲਵਿਦਾ ਕਹਿ ਗਈ ਹੈ ਤੇ ਸੁਰਜੀਤ 95 ਸਾਲ ਦੀ ਹੋ ਗਈ ਹੈ| ਫੇਰ ਵੀ ਜੇ ਕੋਈ ਮੇਰੇ ਜੀਉਂਦੇ ਜੀਅ ਆਪਣੇ ਲਾਹੌਰ ਜੰਮਣ ਦੀ ਗੱਲ ਕਰਨਾ ਚਾਹੇ ਤਾਂ ਇਸ ਕਾਲਮ ਵਿਚ ਥਾਂ ਮਿਲ ਸਕਦੀ ਹੈ|

ਅੰਤਿਕਾ
ਰਾਵੀ ਪਾਰੋਂ ਬੁਸ਼ਰਾ ਏਜਾਜ਼॥
ਮੈਂ ਰੋਟੀ ਮੈਂ ਰੱਜ ਕੇ ਰੋਈ, ਮੈਨੂੰ ਕਿਤੇ ਨਾ ਆਵੇ ਕੱਲ੍ਹ|
ਮੈਂ ਉਧੜੀ ਜਾਵਾਂ ਅੰਦਰੋਂ, ਮੇਰੀ ਲਹਿੰਦੀ ਜਾਵੇ ਖੱਲ|
ਨੀ ਤੱਤੀਏ ਹਿਜਰ ਦੁਪਹਿਰੇ, ਹੁਣ ਮੇਰੇ ਪਾਸੋਂ ਟਲ|
ਆ ਵਿਹੜੇ ਸੂਰਜ ਮੇਰਿਆ, ਮੇਰੀ ਜ਼ੁਲਫਾਂ ਦੇ ਵਿੱਚ ਢਲ|