ਸੁਖਬੀਰ ਦੇ ਅਸਤੀਫੇ ਪਿੱਛੋਂ ਭੰਬਲਭੂਸਾ

ਚੰਡੀਗੜ੍ਹ: ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ੇ ਮਗਰੋਂ ਸ਼ੁਰੂ ਹੋਏ ਘਟਨਾਕ੍ਰਮ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ। ਪਹਿਲਾਂ ਸੁਖਬੀਰ ਵੱਲੋਂ ਅਚਨਚੇਤ ਦਿੱਤੇ ਅਸਤੀਫ਼ੇ ਨੂੰ ਲੈ ਕੇ ਪੰਥਕ ਹਲਕਿਆਂ ‘ਚ ਹੈਰਾਨੀ ਸੀ ਅਤੇ ਇਸ ਪੇਸ਼ਕਸ਼ ਦੀ ਸ਼ਲਾਘਾ ਕੀਤੀ ਜਾ ਰਹੀ ਸੀ ਪਰ ਪਾਰਟੀ ਦੀ ਵਰਕਿੰਗ ਕਮੇਟੀ ਵੱਲੋਂ ਬਾਦਲ ਦੀ ਹਮਾਇਤ ‘ਚ ਲਏ ਸਟੈਂਡ ਮਗਰੋਂ ਚੇਤੰਨ ਪੰਥਕ ਧਿਰਾਂ ‘ਚ ਚਰਚੇ ਛਿੜੇ ਹਨ ਕਿ ਇਹ ਸ਼ਾਇਦ ਅੰਦਰੂਨੀ ਤੌਰ ਉਤੇ ‘ਦੋਸਤਾਨਾ‘ ਤਰੀਕੇ ਨਾਲ ਪਟਕਥਾ ਲਿਖੀ ਗਈ ਸੀ।

ਵਰਕਿੰਗ ਕਮੇਟੀ ਨੇ ਸੁਖਬੀਰ ਦੇ ਅਸਤੀਫ਼ੇ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ, ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਯੂਥ ਅਕਾਲੀ ਦਲ ਤੋਂ ਇਲਾਵਾ ਇਸਤਰੀ ਅਕਾਲੀ ਦਲ ਦੇ ਮੈਂਬਰਾਂ ਤੋਂ ਰਾਇ ਲੈਣ ਦਾ ਫੈਸਲਾ ਕੀਤਾ ਹੈ। ਵਰਕਿੰਗ ਕਮੇਟੀ ਨੇ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਸਤੀਫ਼ੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਕਮੇਟੀ ਨੇ ਆਖਿਆ ਹੈ ਕਿ ਜੇ ਸੁਖਬੀਰ ਨੇ ਅਸਤੀਫ਼ਾ ਵਾਪਸ ਨਾ ਲਿਆ ਤਾਂ ਕਮੇਟੀ ਦੇ ਸਾਰੇ ਮੈਂਬਰ ਵੀ ਸਮੂਹਿਕ ਤੌਰ ‘ਤੇ ਅਸਤੀਫ਼ਾ ਦੇ ਦੇਣਗੇ।
ਇਧਰ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੋਚੀ-ਸਮਝੀ ਸਾਜ਼ਿਸ਼ ਅਤੇ ਡਰਾਮਾ ਕਰਾਰ ਦਿੱਤਾ ਹੈ। ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਜਦੋਂ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਸੀ, ਉਸੇ ਦਿਨ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ। ਹੁਣ ਸਾਰਾ ਕੁਝ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ।
ਗੌਰਤਲਬ ਹੈ ਕਿ ਪੰਜਾਬ ਦੀ ਸਿਆਸਤ ‘ਚ ਲੰਬਾ ਸਮਾਂ ਰਾਜ ਕਰਨ ਵਾਲੇ ਅਕਾਲੀ ਦਲ ਦੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਮੋਸ਼ੀ ਭਰੀ ਹਾਰ ਤੋਂ ਬਾਅਦ ਹੀ ਕੁਝ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ ਪਰ ਉਸ ਸਮੇਂ ਉਨ੍ਹਾਂ ਵੱਲੋਂ ਅਸਤੀਫ਼ਾ ਨਹੀਂ ਦਿੱਤਾ ਗਿਆ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦੇ ਸੱਤਾ ਵਿਚੋਂ ਬਾਹਰ ਹੋਣ ਦੇ ਨਾਲ-ਨਾਲ ਉਹ ਮੁੱਖ ਵਿਰੋਧੀ ਧਿਰ ਵਜੋਂ ਵੀ ਆਪਣੀ ਥਾਂ ਨਹੀਂ ਬਣਾ ਸਕਿਆ ਸੀ। ਉਸ ਸਮੇਂ ਪਹਿਲੀ ਵਾਰ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ (ਆਪ) ਮੁੱਖ ਵਿਰੋਧੀ ਧਿਰ ਬਣ ਗਈ ਸੀ। ਇਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ‘ਚ ਵੀ ਪਾਰਟੀ ਦੇ ਪੱਲੇ ਕੁਝ ਨਹੀਂ ਪਿਆ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਤਿੰਨ ਸੀਟਾਂ ‘ਤੇ ਸਿਮਟ ਗਿਆ। ਚੋਣਾਂ ਵਿਚ ਹੋਈਆਂ ਇਨ੍ਹਾਂ ਹਾਰਾਂ ਕਰ ਕੇ ਕਈ ਸੀਨੀਅਰ ਆਗੂਆਂ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ 2007 ਤੋਂ 2017 ਤੱਕ ਕੀਤੀਆਂ ਗਲਤੀਆਂ ਲਈ ‘ਤਨਖਾਹੀਆ` ਕਰਾਰ ਦੇ ਦਿੱਤਾ ਸੀ। ਹਾਲਾਂਕਿ ਅਕਾਲ ਤਖ਼ਤ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ‘ਤਨਖਾਹੀਆ` ਕਰਾਰ ਦਿੱਤੇ ਜਾਣ ਤੋਂ ਢਾਈ ਮਹੀਨੇ ਬਾਅਦ ਤੱਕ ਕੋਈ ਧਾਰਮਿਕ ਸਜ਼ਾ ਨਹੀਂ ਸੁਣਾਈ ਗਈ ਹੈ। ਇਸੇ ਕਰ ਕੇ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਅਕਾਲ ਤਖ਼ਤ `ਤੇ ਪੇਸ਼ ਹੋ ਕੇ ਜਲਦ ਕਾਰਵਾਈ ਦੀ ਅਪੀਲ ਕੀਤੀ ਸੀ।
ਦਰਅਸਲ, ਪਿਛਲੇ ਕਈ ਸਾਲਾਂ ਤੋਂ ਅਕਾਲੀ ਦਲ ਜਿਸ ਸਿਆਸੀ ਘੁੰਮਣਘੇਰੀ ਵਿਚ ਘਿਰਿਆ ਹੋਇਆ ਹੈ, ਉਸ ਵਿਚੋਂ ਨਿਕਲਣ ਲਈ ਇਸ ਨੂੰ ਕੋਈ ਰਾਹ ਨਹੀਂ ਮਿਲ ਰਿਹਾ। ਇਸ ਦੇ ਨਾਲ ਹੀ ਪਾਰਟੀ ਆਗੂਆਂ ਵੱਲੋਂ ਇਹ ਲਾਈਨ ਵੀ ਅਖ਼ਤਿਆਰ ਕੀਤੀ ਗਈ ਕਿ ਅਕਾਲ ਤਖ਼ਤ ਵੱਲੋਂ ਸਿਰਫ਼ ਧਾਰਮਿਕ ਸਜ਼ਾ ਹੀ ਲਾਈ ਜਾ ਸਕਦੀ ਹੈ ਅਤੇ ਜੇ ਕਿਸੇ ਤਰ੍ਹਾਂ ਦੀ ਰਾਜਨੀਤਕ ਸਜ਼ਾ ਲਾਈ ਗਈ ਤਾਂ ਇਸ ਨਾਲ ਦਿੱਕਤਾਂ ਪੈਦਾ ਹੋ ਸਕਦੀਆਂ ਹਨ। ਇਸ ਸਭ ਦੇ ਬਾਵਜੂਦ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ ਅਤੇ ਪਾਰਟੀ ਲੀਡਰਸ਼ਿਪ ਅਜੇ ਵੀ ਉਹੀ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਰ ਕੇ ਇਹ ਨੌਬਤ ਬਣੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਵਿਧਾਨ ਸਭਾ ਅਤੇ ਮਗਰੋਂ ਸੰਸਦੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਮਾੜੇ ਪ੍ਰਦਰਸ਼ਨ ਕਾਰਨ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਕਮਜ਼ੋਰ ਪੈ ਚੁੱਕੇ ਹਨ। ਅਸਲ ਵਿਚ, ਸੁਖਬੀਰ ਸਿੰਘ ਬਾਦਲ ਨੇ ਪਾਰਟੀ ਨੂੰ ਜਿਸ ਢੰਗ ਨਾਲ ਚਲਾਉਣ ਦਾ ਯਤਨ ਕੀਤਾ, ਉਸ ਦੀ ਦੱਬਵੀਂ ਸੁਰ ਵਿਚ ਆਲੋਚਨਾ ਤਾਂ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ ਪਰ ਉਦੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸਥਿਤੀ ਨੂੰ ਸੰਭਾਲ ਲੈਂਦੇ ਸਨ। ਉਨ੍ਹਾਂ ਤੋਂ ਬਾਅਦ ਸੁਖਬੀਰ ਖਿਲਾਫ ਲਗਾਤਾਰ ਬਗਾਵਤਾਂ ਉੱਠਣ ਲੱਗੀਆਂ ਅਤੇ ਹਾਲਾਤ ਹੌਲੀ-ਹੌਲੀ ਕਾਬੂ ਤੋਂ ਬਾਹਰ ਹੁੰਦੇ ਗਏ।
ਬਾਦਲਾਂ ਨੇ ਕਰੀਬ ਤਿੰਨ ਦਹਾਕਿਆਂ ਤੱਕ ਅਕਾਲੀ ਦਲ ‘ਤੇ ਮਜ਼ਬੂਤ ਪਕੜ ਬਣਾ ਕੇ ਰੱਖੀ। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਸ਼ਲਾਘਾਯੋਗ ਢੰਗ ਨਾਲ ਪਾਰਟੀ ਨੂੰ ਮਜ਼ਬੂਤੀ ਦਿੱਤੀ, ਸਾਰਿਆਂ ਨੂੰ ਨਾਲ ਲੈ ਕੇ ਚੱਲੇ ਪਰ ਆਪਣੇ ਆਖ਼ਿਰੀ ਵਰਿ੍ਹਆਂ ਵਿਚ ਉਹ ਹਾਲਾਤ ਨੂੰ ਬੇਕਾਬੂ ਹੋਣ ਤੋਂ ਨਹੀਂ ਰੋਕ ਸਕੇ। ਬੇਅਦਬੀ ਦੀਆਂ ਘਟਨਾਵਾਂ ਅਤੇ 2015 ਵਿਚ ਹੋਈ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੀ ਘਟਨਾ ਉਨ੍ਹਾਂ ਦੇ ਸ਼ਾਨਦਾਰ ਕਰੀਅਰ ‘ਤੇ ਦਾਗ਼ ਲਾ ਗਈ। ਅਪਰੈਲ 2023 ਵਿਚ ਸੀਨੀਅਰ ਬਾਦਲ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਬਗ਼ਾਵਤ ਨੂੰ ਕਾਬੂ ਹੇਠ ਰੱਖਣ ਅਤੇ ਖ਼ੁਦ ਨੂੰ ਪਾਰਟੀ ਦੇ ਨੇਤਾ ਵਜੋਂ ਸਥਾਪਿਤ ਕਰਨ ‘ਚ ਸੰਘਰਸ਼ ਕਰਦੇ ਰਹੇ। ਹੁਣ ਹਾਲਾਤ ਵੱਸੋਂ ਬਾਹਰ ਵਾਲੀ ਸਥਿਤੀ ਬਣੀ ਹੋਈ ਹੈ। ਇਸ ਲਈ ਪਾਰਟੀ ਦੀ ਹੋਣੀ ਤੈਅ ਕਰਨ ਬਾਰੇ ਆਉਣ ਵਾਲੇ ਦਿਨ ਕਾਫੀ ਅਹਿਮ ਹੋ ਸਕਦੇ ਹਨ।