ਚੰਡੀਗੜ੍ਹ: ਪਰਵਾਸੀਆਂ ਖਾਸ ਕਰ ਕੇ ਭਾਰਤੀਆਂ ਲਈ ਸਭ ਤੋਂ ਪਸੰਦੀਦਾ ਮੁਲਕ ਅਮਰੀਕਾ ਅਤੇ ਕੈਨੇਡਾ ਵਿਚ ਇਨ੍ਹੀਂ ਦਿਨੀਂ ਵੱਡੀ ਹਿਲਜੁਲ ਨਜ਼ਰ ਆ ਰਹੀ ਹੈ। ਅਮਰੀਕਾ ਵਿਚ ਡੋਨਲਡ ਟਰੰਪ ਦੀ ਨਵੇਂ ਰਾਸ਼ਟਰਪਤੀ ਵਜੋਂ ਚੋਣ ਅਤੇ ਕੈਨੇਡਾ ਵੱਲੋਂ ਆਪਣੀ ਪਰਵਾਸ ਨੀਤੀ ਵਿਚ ਧੜਾਧੜ ਕੀਤੇ ਜਾ ਰਹੇ ਬਦਲਾਓ ਇਥੇ ਰਹਿ ਰਹੇ ਲੋਕਾਂ ਲਈ ਵੱਡੀ ਫਿਕਰਮੰਦੀ ਖੜ੍ਹੀ ਕਰ ਰਹੇ ਹਨ। ਹਾਲਾਤ ਇਹ ਹਨ ਕਿ ਡੋਨਾਲਡ ਟਰੰਪ ਦੀ ਜਿੱਤ ਤੋਂ ਬਾਅਦ ਇਥੇ ਪਰਵਾਸੀਆਂ ‘ਚ ਡਰ ਦਾ ਮਾਹੌਲ ਹੈ। ਲੋਕ ਲਗਾਤਾਰ ਗੂਗਲ ਉਤੇ ਮਾਈਗ੍ਰੇਸ਼ਨ ਦੀ ਖੋਜ ਕਰ ਰਹੇ ਹਨ। ਗੂਗਲ ਟਰੈਂਡਸ ਵਿਚ ਨਜ਼ਰ ਆ ਰਿਹਾ ਹੈ ਕਿ ਲੋਕ ਕੈਨੇਡਾ ‘ਚ ਮਾਈਗ੍ਰੇਸ਼ਨ ਲਈ ਭਾਲ ਕਰ ਰਹੇ ਹਨ।
ਇਕ ਰਿਪੋਰਟ ਮੁਤਾਬਿਕ ਅੰਕੜੇ ਦਰਸਾਉਂਦੇ ਹਨ ਕਿ ਨਤੀਜਿਆਂ ਤੋਂ ਅਗਲੇ ਹੀ ਦਿਨ ਸਿਰਫ 24 ਘੰਟਿਆਂ ਵਿਚ ‘ਕੈਨੇਡਾ ਜਾਣ` ਲਈ ਗੂਗਲ ਸਰਚਾਂ ਵਿਚ 1270 ਫੀਸਦੀ ਦਾ ਵਾਧਾ ਹੋਇਆ ਹੈ। ਨਿਊਜ਼ੀਲੈਂਡ ਜਾਣ ਬਾਰੇ ਸਰਚ ਵਿਚ ਲਗਭਗ 2000 ਫੀਸਦੀ ਦਾ ਵਾਧਾ ਹੋਇਆ ਹੈ; ਆਸਟ੍ਰਰੇਲੀਆ ਲਈ ਸਰਚ ਕਰਨ ਵਾਲਿਆਂ ਵਿਚ 820 ਫੀਸਦੀ ਦਾ ਵਾਧਾ ਰਿਕਾਰਡ ਹੋਇਆ ਹੈ।
ਗੂਗਲ ਦੇ ਇਕ ਅਧਿਕਾਰੀ ਅਨੁਸਾਰ ਮਾਈਗ੍ਰੇਸ਼ਨ ਬਾਰੇ ਗੂਗਲ ਸਰਚ ਤਿੰਨੇ ਦੇਸ਼ਾਂ ਲਈ ਸਭ ਤੋਂ ਉੱਚੇ ਪੱਧਰ ਉਤੇ ਪਹੁੰਚ ਗਈ ਹੈ। ਸਰਚ ਇੰਜਣ ਨੇ ਪੂਰੇ ਅੰਕੜੇ ਨਹੀਂ ਦਿੱਤੇ ਪਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਵੈੱਬਸਾਈਟ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਉਸੇ ਦਿਨ 1500 ਦੇ ਮੁਕਾਬਲੇ 7 ਨਵੰਬਰ ਨੂੰ ਲਗਭਗ 25000 ਨਵੇਂ ਯੂ.ਐਸ. ਉਪਭੋਗਤਾਵਾਂ ਨੇ ਸਾਈਟ ਉਤੇ ਲੌਗਇਨ ਕੀਤਾ ਸੀ। ਟਰੰਪ ਦੀ 2016 ਦੀ ਜਿੱਤ ਤੋਂ ਬਾਅਦ ਵੀ ਅਮਰੀਕਾ ਤੋਂ ਦੂਜੇ ਦੇਸ਼ਾਂ ਵਿਚ ਜਾਣ ਦਾ ਅਚਾਨਕ ਰੁਝਾਨ ਦੇਖਣ ਨੂੰ ਮਿਲਿਆ ਸੀ।
ਇਸੇ ਦੌਰਾਨ ਹਾਲਾਤ ਦੇਖਦਿਆਂ ਕੈਨੇਡਾ ਵਿਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਟਰੰਪ ਦੀ ਜਿੱਤ ਨਾਲ ਅਮਰੀਕਾ ਤੋਂ ਵੱਡੀ ਗਿਣਤੀ ਵਿਚ ਗੈਰ-ਕਾਨੂੰਨੀ ਪਰਵਾਸੀਆਂ ਦੇ ਕੈਨੇਡਾ ਵਿਚ ਦਾਖਲ ਹੋਣ ਦਾ ਡਰ ਹੈ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਸਬੰਧੀ ‘ਹਾਈ ਅਲਰਟ` ਉਤੇ ਹਨ। ਅਮਰੀਕੀ ਸਰਹੱਦ ਉਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਘੁਸਪੈਠ ਨੂੰ ਰੋਕਣ ਲਈ ਸਰਹੱਦ ਉਤੇ ਹਰ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ। ਲਗਭਗ 9 ਹਜ਼ਾਰ ਕਿਲੋਮੀਟਰ ਵਿਚ ਫੈਲੀ ਅਮਰੀਕਾ-ਕੈਨੇਡਾ ਸਰਹੱਦ ਉਤੇ ਕੈਮਰਿਆਂ, ਸੈਂਸਰਾਂ ਅਤੇ ਡਰੋਨਾਂ ਨਾਲ ਨਜ਼ਰ ਰੱਖੀ ਜਾ ਰਹੀ ਹੈ।
ਦੱਸ ਦਈਏ ਕਿ ਅਮਰੀਕਾ ‘ਚ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਡੋਨਾਲਡ ਟਰੰਪ ਦਾ ਰੁਖ ਹਮੇਸ਼ਾ ਸਖਤ ਰਿਹਾ ਹੈ। ਟਰੰਪ ਅਮਰੀਕਾ ਦੀਆਂ ਕਈ ਸਮੱਸਿਆਵਾਂ ਦਾ ਸਭ ਤੋਂ ਵੱਡਾ ਕਾਰਨ ਗੈਰ-ਕਾਨੂੰਨੀ ਪਰਵਾਸੀਆਂ ਨੂੰ ਮੰਨਦੇ ਹਨ ਤੇ ਇਸ ਕਾਰਨ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ।
ਆਪਣੇ ਪਹਿਲੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਡੋਨਾਲਡ ਟਰੰਪ ਨੇ ਇਮੀਗ੍ਰੇਸ਼ਨ ਨਿਯਮਾਂ ਨੂੰ ਬਦਲ ਦਿੱਤਾ ਸੀ। ਇੱਥੋਂ ਤੱਕ ਕਿ ਮੈਕਸੀਕੋ ਅਤੇ ਅਮਰੀਕਾ ਦੀ ਸਰਹੱਦ ਉਤੇ ਇਕ ਵੱਡੀ ਕੰਧ ਵੀ ਬਣਾਈ ਗਈ ਸੀ ਤਾਂ ਜੋ ਗੈਰ-ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਵਿਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਇਸ ਵਾਰ ਵੀ ਚੋਣ ਪ੍ਰਚਾਰ ਦੌਰਾਨ ਪੈਨਸਿਲਵੇਨੀਆ ਵਿਚ ਰੈਲੀ ਵਿਚ ਡੋਨਾਲਡ ਟਰੰਪ ਨੇ ਇਤਿਹਾਸ ਦਾ ਸਭ ਤੋਂ ਵੱਡਾ ‘ਪਰਵਾਸੀ ਵਿਰੋਧੀ` ਪ੍ਰੋਗਰਾਮ ਚਲਾਉਣ ਦੀ ਗੱਲ ਕਹੀ ਸੀ ਤਾਂ ਜੋ ਅਮਰੀਕਾ ਵਿਚ ਗੈਰ-ਕਾਨੂੰਨੀ ਦਾਖਲੇ ਨੂੰ ਰੋਕਿਆ ਜਾ ਸਕੇ ਅਤੇ ਲੱਖਾਂ ਗੈਰ-ਕਾਨੂੰਨੀ ਪਰਵਾਸੀਆਂ ਨੂੰ ਵੀ ਡਿਪੋਰਟ ਕੀਤਾ ਜਾ ਸਕੇ।
ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜਿੱਤ ਤੋਂ ਬਾਅਦ ਉਹ ਅਮਰੀਕੀ ਇਤਿਹਾਸ ਵਿਚ ਸਭ ਤੋਂ ਵੱਡੇ ਸਮੂਹਿਕ ਦੇਸ਼ ਨਿਕਾਲੇ ਦਾ ਐਲਾਨ ਕਰਨਗੇ। ਉਨ੍ਹਾਂ ਦੇ ਪਹਿਲੇ ਕਾਰਜਕਾਲ (2017 ਤੋਂ 2021) ਦੌਰਾਨ ਵੀ 10 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਪਰਵਾਸੀਆਂ ਨੂੰ ਕੈਨੇਡਾ ਭੱਜਣ ਲਈ ਮਜਬੂਰ ਕੀਤਾ ਗਿਆ ਸੀ।
ਡੌਲਨਡ ਟਰੰਪ ਨੇ ਪਰਵਾਸ ਖ਼ਾਸ ਤੌਰ ‘ਤੇ ਗ਼ੈਰ-ਕਾਨੂੰਨੀ ਪਰਵਾਸ ਦੀਆਂ ਨੀਤੀਆਂ ਉਤੇ ਹਮੇਸ਼ਾ ਸਖ਼ਤ ਰਵੱਈਆ ਅਖ਼ਤਿਆਰ ਕੀਤੀ ਹੈ। ਉਹ ‘ਅਮਰੀਕਨ ਫਸਟ‘ ਦਾ ਨਾਅਰਾ ਦਿੰਦੇ ਰਹੇ ਹਨ। ਇੰਟਰਵਿਊ ਵਿਚ ਪਰਵਾਸ ਦੇ ਮੁੱਦੇ ‘ਤੇ ਟਰੰਪ ਨੇ ਸਾਫ ਆਖਿਆ ਸੀ ਕਿ ਜੇ ਨਵੰਬਰ ਵਿਚ ਰਾਸ਼ਟਰਪਤੀ ਬਣਦਾ ਹਾਂ ਤਾਂ ਸਭ ਤੋਂ ਵੱਡੀ ਡੈਪੋਰਟੇਸ਼ਨ, ਯਾਨੀ, ਦੇਸ਼ ਨਿਕਾਲਾ ਹੋਵੇਗਾ। ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਹ ਰਾਸ਼ਟਰਪਤੀ ਅਹੁਦੇ ਸਨ ਤਾਂ ਦੱਖਣੀ ਸਰਹੱਦ ‘ਤੇ ਹਜ਼ਾਰਾਂ ਮੀਲ ਲੰਮੀ ਕੰਧ ਉਸਾਰੀ ਗਈ ਸੀ। ਪਰਵਾਸੀਆਂ ਦਾ ਰਾਹ ਡੱਕਣ ਲਈ ਹਰ ਹੀਲਾ ਵਰਤਿਆ ਗਿਆ ਸੀ। ਟਰੰਪ ਦੀ ਇਸ ਪਾਰੀ ਵਿਚ ਹਾਲਾਤ ਇਸ ਤੋਂ ਵੀ ਮਾੜੇ ਹੋਣ ਦੇ ਆਸਾਰ ਜਾਪ ਰਹਿ ਗਏ। ਇਸ ਲਈ ਪਰਵਾਸੀ ਗੁਆਂਢੀ ਮੁਲਕ ਕੈਨੇਡਾ ਵੱਲ ਰੁਖ ਕਰਨ ਦੀਆਂ ਜੁਗਤਾਂ ਘੜਨ ਲੱਗੇ ਹਨ। ਹਾਲਾਂਕਿ ਕੈਨੇਡਾ ਪਹਿਲਾਂ ਹੀ ਪਰਵਾਸੀਆਂ ਦਾ ਰਾਹ ਰੋਕਣ ਲਈ ਆਪਣੀ ਪਰਵਾਸ ਨੀਤੀ ਵਿਚ ਗਲਾਤਾਰ ਬਦਲਾਓ ਕਰ ਰਿਹਾ ਹੈ।
ਕੈਨੇਡਾ ਸਰਕਾਰ ਨੇ ਹਾਲ ਵਿਚ ਹੀ ਕਈ ਸਖਤ ਫੈਸਲੇ ਕੀਤੇ ਹਨ। ਸਰਕਾਰ ਨੇ ਵਿਜ਼ਿਟਰ ਵੀਜ਼ਾ ਉਤੇ ਆਉਣ ਵਾਲਿਆਂ ਨੂੰ ਵੱਡਾ ਝਟਕਾ ਦਿੰਦਿਆਂ ਵੀਜ਼ਾ ਨਿਯਮਾਂ ‘ਚ ਸਖ਼ਤ ਤਬਦੀਲੀ ਕਰ ਦਿੱਤੀ। ਕੈਨੇਡਾ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਹੁਣ 10 ਸਾਲ ਦਾ ਵਿਜ਼ਿਟਰ ਵੀਜ਼ਾ ਨਹੀਂ ਮਿਲੇਗਾ। ਨਵੇਂ ਨਿਯਮਾਂ ਮੁਤਾਬਕ ਲਾਜ਼ਮੀ ਨਹੀਂ ਹੈ ਕਿ ਹਰ ਬਿਨੈਕਾਰ ਨੂੰ ਪਾਸਪੋਰਟ ਦੀ ਮਿਆਦ ਤੱਕ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਮਿਲੇ। ਕੈਨੇਡਾ ਸਰਕਾਰ ਨੇ ਮਲਟੀਪਲ ਐਂਟਰੀ ਦੀ ਥਾਂ ਸਿੰਗਲ ਐਂਟਰੀ ਵਾਲੇ ਵੀਜ਼ੇ ਦੇਣ ਦਾ ਐਲਾਨ ਕੀਤਾ ਹੈ।
ਕੈਨੇਡਾ ਦੇ ਆਵਾਸ ਵਿਭਾਗ ਅਨੁਸਾਰ ਵਿਜ਼ਿਟਰ ਵੀਜ਼ਾ ਉਤੇ ਆਏ ਲੋਕਾਂ ਦੀ ਗਿਣਤੀ ਸਾਢੇ 10 ਲੱਖ ਤੋਂ ਵੀ ਵੱਧ ਹੈ ਅਤੇ ਇਨ੍ਹਾਂ ‘ਚੋਂ ਜਿਹੜੇ ਹੁਣ ਆਪਣੇ ਆਪ ਵਾਪਸ ਨਾ ਗਏ, ਉਨ੍ਹਾਂ ਨੂੰ ਵਾਪਸੀ ਲਈ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਰਕਾਰ ਦਾ ਇਹ ਫ਼ੈਸਲਾ ਤੁਰਤ ਲਾਗੂ ਹੋ ਗਿਆ ਹੈ ਤੇ ਗੈਰਕਾਨੂੰਨੀ ਢੰਗ ਨਾਲ ਟਿਕੇ ਹੋਏ ਲੋਕਾਂ ਦੀਆਂ ਸੂਚੀਆਂ ਬਣਨ ਲੱਗੀਆਂ ਹਨ। ਵਿਭਾਗ ਦੇ ਸੂਤਰ ਅਨੁਸਾਰ ਲਾਗੂ ਕੀਤੇ ਇਸ ਫੈਸਲੇ ਮਗਰੋਂ ਪਹਿਲਾਂ ਤੋਂ ਆਏ ਅਤੇ 6 ਮਹੀਨੇ ਦੀ ਮਿਆਦ ਤੋਂ ਬਾਅਦ ਵੀ ਕੈਨੇਡਾ ‘ਚ ਟਿਕੇ ਹੋਏ ਸਾਰੇ ਲੋਕਾਂ ‘ਚੋਂ ਜਿਹੜੇ ਖੁਦ ਆਪਣੇ ਦੇਸ਼ ਵਾਪਸ ਨਹੀਂ ਜਾਣਗੇ।
ਇਸ ਤੋਂ ਪਹਿਲਾਂ ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿਚ ਹੋਰ ਵੱਡਾ ਬਦਲਾਓ ਕਰਦਿਆਂ ਫਾਸਟ ਟਰੈਕ ਸਟੂਡੈਂਟ ਵੀਜ਼ਾ ਜਿਸ ਨੂੰ ਸਟੂਡੈਂਟ ਡਾਇਰੈਕਟ ਸਟ੍ਰੀਮ (ਐਸ.ਡੀ.ਐਸ) ਪ੍ਰੋਗਰਾਮ ਵੀ ਕਿਹਾ ਜਾਂਦਾ ਹੈ, ਨੂੰ ਤੁਰੰਤ ਬੰਦ ਕਰ ਦਿੱਤਾ। ਕੈਨੇਡਾ ਦੇ ਇਸ ਫੈਸਲੇ ਨਾਲ ਹਜ਼ਾਰਾਂ ਕੌਮਾਂਤਰੀ ਵਿਦਿਆਰਥੀਆਂ, ਖਾਸ ਕਰਕੇ ਕੈਨੇਡਾ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ‘ਤੇ ਸਿੱਧਾ ਅਸਰ ਪਏਗਾ। ਐਸ.ਡੀ.ਐਸ. ਪ੍ਰੋਗਰਾਮ 2018 ਵਿਚ ਸ਼ੁਰੂ ਕੀਤਾ ਗਿਆ ਸੀ ਤੇ ਇਸ ਦਾ ਮੁੱਖ ਮੰਤਵ ਭਾਰਤ, ਚੀਨ, ਪਾਕਿਸਤਾਨ ਤੇ ਫਿਲਪੀਨਜ਼ ਸਣੇ 14 ਮੁਲਕਾਂ ਦੇ ਉਮੀਦਵਾਰਾਂ, ਜੋ ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਲਈ ਸਟੱਡੀ ਪਰਮਿਟ ਦੇ ਅਮਲ ਨੂੰ ਸਟ੍ਰੀਮਲਾਈਨ ਕਰਨਾ ਸੀ। ਐਸ.ਡੀ.ਐਸ. ਪ੍ਰੋਗਰਾਮ ਵਿਸ਼ੇਸ਼ ਕਰਕੇ ਕੌਮਾਂਤਰੀ ਵਿਦਿਆਰਥੀਆਂ ਵਿਚ ਬਹੁਤ ਮਕਬੂਲ ਸੀ ਕਿਉਂਕਿ ਸਟੈਂਡਰਡ ਅਮਲ ਦੇ ਮੁਕਾਬਲੇ ਇਸ ਵਿਚ ਪਰਮਿਟ ਦੀ ਪ੍ਰਵਾਨਗੀ ਬਹੁਤ ਤੇਜ਼ (ਕਈ ਵਾਰ ਤਾਂ ਤਿੰਨ ਹਫ਼ਤਿਆਂ ਵਿਚ ਮਿਲ ਜਾਂਦੀ) ਸੀ ਪਰ ਹੁਣ ਇਹ ਸਹੂਲਤ ਸਰਕਾਰ ਨੇ ਖੋਹ ਲਈ ਹੈ।
