ਰਾਮ ਮੰਦਰ ਬਾਰੇ ਫੈਸਲਾ ਅਤੇ ਚੀਫ ਜਸਟਿਸ

ਰਾਜੇਂਦਰ ਸ਼ਰਮਾ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਰਾਮ ਮੰਦਰ-ਬਾਬਰੀ ਮਸਜਿਦ ਮਸਲੇ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਵਿਚ ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦਾ ਵੱਡਾ ਯੋਗਦਾਨ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਜਸਟਿਸ ਚੰਦਰਚੂੜ ਨੇ ਲਿਖਿਆ। ਇਹ ਵੀ ਸ਼ਾਇਦ ਪਹਿਲੀ ਵਾਰ ਸੀ ਕਿ ਸੁਪਰੀਮ ਕੋਰਟ ਦੇ ਕਿਸੇ ਫੈਸਲੇ ਉਤੇ ਇਸ ਨੂੰ ਲਿਖਣ ਵਾਲੇ ਜੱਜ ਦਾ ਨਾਂ ਦਰਜ ਨਹੀਂ ਕੀਤਾ ਗਿਆ। ਜਸਟਿਸ ਚੰਦਰਚੂੜ ਨੇ ਇਸ ਫੈਸਲੇ ਬਾਰੇ ਜਿਹੜੀ ਟਿੱਪਣੀ ਕੀਤੀ ਹੈ, ਰਾਜੇਂਦਰ ਸ਼ਰਮਾ ਨੇ ਉਸ ‘ਤੇ ਤਿੱਖਾ ਵਿਅੰਗ ਕੱਸਿਆ ਹੈ। ਇਹ ਵਿਅੰਗ ਲਿਖਤ ਅਸੀਂ ਆਪਣੇ ਪਾਠਕਾਂ ਲਈ ਛਾਪ ਰਹੇ ਹਾਂ। ਇਸ ਦਾ ਤਰਜਮਾ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।

ਚੰਦਰਚੂੜ (ਚੀਫ ਜਸਟਿਸ ਡੀ.ਵਾਈ. ਚੰਦਰਚੂੜ) ਨੇ ਹਠ ਨਹੀਂ ਛੱਡਿਆ। ਪਿਛਲੇ ਨੱਬੇ ਦਿਨਾਂ ਦੀ ਤਰ੍ਹਾਂ, 91ਵੇਂ ਦਿਨ ਵੀ ਜਦ ਉਸ ਨੇ ਆਪਣੇ ਪੂਜਨੀਕ ਦੇ ਸਾਹਮਣੇ ਡਿਕਟਾਫ਼ੋਨ ਕੀਤਾ ਅਤੇ ਪ੍ਰਾਰਥਨਾ ਕਰਨ ਲੱਗਾ ਕਿ ਹੇ ਪ੍ਰਭੂ! ਮੁਲਕ ਨੂੰ ਸੰਕਟ ਤੋਂ ਬਚਾਓ, ਅਯੁਧਿਆ ਕੇਸ ਦਾ ਫ਼ੈਸਲਾ ਡਿਕਟੇਟ ਕਰਾਓ ਤਾਂ ਪ੍ਰਭੂ ਕੁਝ ਪਿਘਲ ਗਏ। ਬੋਲੇ, ਤੂੰ ਵੀ ਬੜਾ ਹਠੀ ਏਂ ਭਗਤਾ। ਉਂਞ ਮੈਨੂੰ ਹੁਣ ਵੀ ਲੱਗਦਾ ਹੈ ਕਿ ਮੈਨੂੰ ਅਜਿਹੇ ਕੇਸ-ਕੂਸ ਦੇ ਝਮੇਲਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਕੋਈ ਨਾ ਕੋਈ ਅਸੰਤੁਸ਼ਟ ਹੋਵੇਗਾ। ਨਹੱਕ ਬਦਨਾਮੀ ਹੋਵੇਗੀ। ਇਹ ਤੁਹਾਡਾ ਕੰਮ ਹੈ, ਤੁਸੀਂ ਆਪ ਹੀ ਕਰੋ। ਆਪਣੇ ਕਾਨੂੰਨ, ਸੰਵਿਧਾਨ ਵਗੈਰਾ ਦੇ ਹਿਸਾਬ ਨਾਲ। ਤੇ ਹਾਂ! ਨਿਆਂ ਦੇ ਹਿਸਾਬ ਨਾਲ ਤੈਅ ਕਰੋ। ਮੈਨੂੰ ਤਾਂ ਬਖ਼ਸ਼ ਹੀ ਦਿਓ।
ਪਰ ਸੁਰ ਨਰਮ ਦੇਖ ਕੇ ਚੰਦਰਚੂੜ ਦਾ ਹੌਸਲਾ ਹੋਰ ਵਧ ਗਿਆ। ਉਸ ਨੇ ਜ਼ਿੱਦ ਫੜ ਲਈ। ਪ੍ਰਭੂ, ਤੁਸੀਂ ਆਪ ਵੀ ਸਾਡੇ ਆਮ ਇਨਸਾਨਾਂ ਵਰਗੀਆਂ ਚਿੰਤਾਵਾਂ ਕਰਨ ਲੱਗ ਗਏ। ਕੋਈ ਨਾਰਾਜ਼ ਹੋਵੇਗਾ, ਬਦਨਾਮੀ ਹੋਵੇਗੀ। ਭਲਾ ਤੁਹਾਡਾ ਕੋਈ ਕੀ ਵਿਗਾੜ ਲਏਗਾ? ਉਂਞ ਵਿਗਾੜ ਤਾਂ ਕੋਈ ਸਾਡੇ ਵਰਗਿਆਂ ਦਾ ਵੀ ਨਹੀਂ ਸਕਦਾ, ਜਦ ਤੱਕ ਦਿੱਲੀ ਦੇ ਤਖ਼ਤ ਉੱਪਰ ਬੈਠਣ ਵਾਲਾ ਸਾਡੇ ਉੱਪਰ ਮਿਹਰਬਾਨ ਹੈ। ਅਸੀਂ ਵੀ ਜੋ ਫ਼ੈਸਲਾ ਕਰ ਦਿਆਂਗੇ, ਬਿਨਾਂ ਸੋਚੇ-ਸਮਝੇ ਵਕਤ ਬਰਬਾਦ ਕਰਕੇ ਜਨਤਾ ਨੂੰ ਮੰਨਣਾ ਹੀ ਪਵੇਗਾ ਪਰ ਤੁਹਾਡੀ ਗੱਲ ਕੁਝ ਹੋਰ ਏ ਪ੍ਰਭੂ। ਤੁਹਾਡਾ ਕੀ ਜਾਂਦਾ ਹੈ? ਤੇ ਰਹੀ ਕਾਨੂੰਨ, ਸੰਵਿਧਾਨ ਵਗੈਰਾ ਦੇ ਹਿਸਾਬ ਨਾਲ ਫ਼ੈਸਲਾ ਕਰਨ ਦੀ ਗੱਲ, ਉਸੇ ਹਿਸਾਬ ਨਾਲ ਫ਼ੈਸਲਾ ਹੋਣਾ ਹੁੰਦਾ ਤਾਂ ਕਦੋਂ ਦਾ ਹੋ ਗਿਆ ਹੁੰਦਾ। ਮਸਜਿਦ ਵਿਚੋਂ ਮੂਰਤੀਆਂ ਹਟਾਉਣ ਦਾ ਆਦੇਸ਼ ਹੋ ਤਾਂ ਗਿਆ ਸੀ, ਕੀ ਹੋਇਆ? ਏਨਾ ਇੰਤਜ਼ਾਰ ਥੋੜ੍ਹਾ ਕਰਨਾ ਪੈਂਦਾ। ਫਿਰ ਉਹ ਤਾਂ ਸਿਰਫ਼ ਫ਼ੈਸਲਾ ਹੁੰਦਾ, ਮਾਮੂਲੀ ਫ਼ੈਸਲਾ। ਅਸੀਂ ਤਾਂ ਇਤਿਹਾਸਕ ਫ਼ੈਸਲਾ ਕਰਨਾ ਹੈ। ਸਾਡਾ ਫ਼ਿਕਰ ਇਹ ਹੈ ਕਿ ਇਤਿਹਾਸ ਸਾਨੂੰ ਕਿਵੇਂ ਚੇਤੇ ਕਰੇਗਾ?
ਭਗਤ ਦੀ ਸਾਧਨਾ ਅੱਗੇ ਪ੍ਰਭੂ ਦਾ ਮਨ ਬਦਲ ਚੱਲਿਆ ਸੀ। ਫਿਰ ਵੀ ਉਨ੍ਹਾਂ ਨੇ ਇਕ ਆਖ਼ਰੀ ਕੋਸ਼ਿਸ਼ ਕੀਤੀ। ਬੋਲੇ- ਇਹ ਇਤਿਹਾਸ ਦੇ ਚੱਕਰਾਂ `ਚ ਕਿਉਂ ਪੈਂਦੇ ਹੋ? ਇਤਿਹਾਸ ਕਿਵੇਂ ਚੇਤੇ ਕਰੇਗਾ, ਇਸ ਦੀ ਚਿੰਤਾ ਛੱਡੋ। ਇਤਿਹਾਸ ਉਂਞ ਵੀ ਬਹੁਤ ਭੈੜੀ ਚੀਜ਼ ਹੈ। ਆਉਣ ਵਾਲਾ ਵਕਤ ਕਿਵੇਂ ਚੇਤੇ ਕਰੇਗਾ, ਇਹ ਸੋਚ ਕੇ ਕੰਮ ਕਰਨ ਵਾਲਿਆਂ ਦੀ ਬਹੁਤ ਦੁਰਗਤ ਹੁੰਦੀ ਦੇਖੀ ਹੈ। ਇਨ੍ਹਾਂ ਚੱਕਰਾਂ `ਚ ਪੈਣ ਦਾ ਕੋਈ ਫ਼ਾਇਦਾ ਨਹੀਂ ਹੈ। ਇਸ ਨਾਲੋਂ ਤਾਂ ਚੰਗਾ ਹੈ ਕਿ ਆਪਣਾ ਕੰਮ ਕਰੋ ਅਤੇ ਬਾਕੀ ਸਭ ਕੁਝ ਆਉਣ ਵਾਲਿਆਂ ਉੱਪਰ ਛੱਡ ਦਿਓ ਕਿ ਕਿਵੇਂ ਚੇਤੇ ਕਰਦੇ ਹਨ ਅਤੇ ਕਿਵੇਂ ਚੇਤੇ ਨਹੀਂ ਕਰਦੇ ਹਨ। ਉਂਞ ਵੀ ‘ਮੂੰਹ ਖਾਵੇ ਅੱਖ ਸ਼ਰਮਾਵੇ` ਕੁਝ ਨਹੀਂ! ਤੁਹਾਨੂੰ ਕੌਣ ਦੇਖਣ ਆਵੇਗਾ?
ਪਰ ਚੰਦਰਚੂੜ ਅੜਿਆ ਰਿਹਾ। ਤੁਹਾਨੂੰ ਇਤਿਹਾਸ ਦੀ ਚਿੰਤਾ ਸਮਝ ਨਹੀਂ ਆਵੇਗੀ ਮਹਾਰਾਜ ਪਰ ਮੇਰੀ ਤਾਂ ਰਾਤਾਂ ਦੀ ਨੀਂਦ ਇਹ ਸੋਚ-ਸੋਚ ਕੇ ਉੱਡ ਗਈ ਹੈ ਕਿ ਇਤਿਹਾਸ ਮੈਨੂੰ ਚੇਤੇ ਕਿਵੇਂ ਕਰੇਗਾ? ਅਦਾਲਤ ਦੇ ਬਾਹਰ ਮੇਰੇ ਸ਼ਾਨਦਾਰ ਭਾਸ਼ਣਾਂ, ਸੁਤੰਤਰਤਾ, ਮਨੁੱਖ ਹੱਕ ਵਗੈਰਾ ਦੇ ਵੱਡੇ-ਵੱਡੇ ਵਿਚਾਰਾਂ ਦੇ ਲਈ ਚੇਤੇ ਕਰੇਗਾ, ਜਾਂ ਅਦਾਲਤ ਦੇ ਅੰਦਰ ਦਿੱਤੇ ਗਏ ਮਾਮੂਲੀ ਫ਼ੈਸਲਿਆਂ ਦੇ ਲਈ ਚੇਤੇ ਕਰੇਗਾ ਜੋ ਦਿੱਲੀ ਦੇ ਤਖ਼ਤ ਉੱਪਰ ਬੈਠਣ ਵਾਲਿਆਂ ਦੀ ਮਰਜ਼ੀ ਦੇਖ-ਦੇਖ ਕੇ ਦਿੱਤੇ ਗਏ ਹਨ; ਜਾਂ ਇਤਿਹਾਸ ਮੈਨੂੰ ਹਰ ਵਕਤ ਮਿਣ-ਤੋਲ ਕੇ, ਸਰਕਾਰ ਅਤੇ ਜਨਤਾ ਦਰਮਿਆਨ ਪੱਲੜੇ ਬਰਾਬਰ ਕਰਨ `ਚ ਲੱਗੇ ਰਹਿਣ ਲਈ ਚੇਤੇ ਕਰੇਗਾ। ਕਦੇ-ਕਦੇ ਤਾਂ ਮੈਨੂੰ ਇਹ ਡਰ ਸਤਾਉਂਦਾ ਹੈ ਕਿ ਕਿਤੇ ਇਤਿਹਾਸ ਮੈਨੂੰ ਮਸਖ਼ਰਾ ਜਿਹਾ ਬਣਾ ਕੇ, ਨਿਆਂ ਦੀ ਮੂਰਤੀ ਦੀਆਂ ਅੱਖਾਂ ਦੀ ਪੱਟੀ ਖੁੱਲ੍ਹਵਾਉਣ ਅਤੇ ਉਸ ਦਾ ਪਹਿਰਾਵਾ ਬਦਲਣ ਦੇ ਲਈ ਤਾਂ ਚੇਤੇ ਨਹੀਂ ਕਰੇਗਾ? ਤੁਸੀਂ ਤਾਂ ਕ੍ਰਿਪਾ ਕਰ ਕੇ ਫ਼ੈਸਲਾ ਦੱਸ ਦਿਓ ਸਗੋਂ ਫ਼ੈਸਲਾ ਡਿਕਟੇਟ ਹੀ ਕਰਾ ਦਿਓ।
ਪ੍ਰਭੂ ਬੋਲੋ ਕਿ ਠੀਕ ਹੈ ਪਰ ਇਹ ਦੱਸ ਕਿ ਫ਼ੈਸਲੇ `ਚ ਉਲਝਣ ਕੀ ਹੈ? ਚੰਦਰਚੂੜ ਸਮਝਾਉਣ ਲੱਗ ਪਏ ਕਿ ਉਲਝਣ ਇਕ ਹੋਵੇ ਤਾਂ ਦੱਸਾਂ। ਇੱਥੇ ਤਾਂ ਇਕ ਫ਼ੈਸਲਾ, ਹਜ਼ਾਰ ਉਲਝਣਾਂ ਦਾ ਮਾਮਲਾ ਹੈ। ਹਜ਼ਾਰ ਉਲਝਣਾਂ ਦੀ ਇਕ ਉਲਝਣ ਇਹ ਹੈ ਕਿ ਫ਼ੈਸਲਾ ਹਿੰਦੂਆਂ ਦੇ ਹੱਕ `ਚ ਨਾ ਦਿੱਤਾ ਤਾਂ ਇਸ ਜਹਾਨ ਤੋਂ ਵਿਦਾ ਹੋਣ ਤੋਂ ਬਾਅਦ ਇਤਿਹਾਸ ਤਾਂ ਜਿਵੇਂ ਚੇਤੇ ਕਰੇਗਾ ਸੋ ਕਰੇਗਾ ਪਰ ਦਿੱਲੀ ਦਾ ਤਖ਼ਤ ਰੰਜਿਸ਼ ਦੀ ਨਜ਼ਰ ਨਾਲ ਚੇਤੇ ਰੱਖੇਗਾ। ਜੋ ਮੁਰਦਾਬਾਦ-ਮੁਰਦਾਬਾਦ ਹੁੰਦੀ ਰਹੇਗੀ, ਉਹ ਵੱਖਰੀ, ਪਰ ਰਿਟਾਇਰਮੈਂਟ ਤੋਂ ਬਾਅਦ ਕੁਝ ਵੀ ਨਹੀਂ ਮਿਲੇਗਾ, ਫੋਕੀ ਪੈਨਸ਼ਨ ਤੋਂ ਸਿਵਾਏ। ਨਾ ਰਾਜ ਸਭਾ, ਨਾ ਕੋਈ ਕਮਿਸ਼ਨ ਦਾ ਅਹੁਦਾ ਵਗੈਰਾ, ਕੁਝ ਵੀ ਨਹੀਂ ਮਿਲੇਗਾ। ਹੋਰ ਤਾਂ ਹੋਰ ਭਾਸ਼ਣ ਦੇਣ ਲਈ ਸੱਦੇ ਵੀ ਨਹੀਂ ਆਉਣਗੇ, ਅਯੁਧਿਆ-ਵਯੁੱਧਿਆ ਤੋਂ ਕੋਈ ਸੱਦਾ ਆਉਣ ਦਾ ਤਾਂ ਖ਼ੈਰ ਸਵਾਲ ਹੀ ਪੈਦਾ ਨਹੀਂ ਹੁੰਦਾ। ਪ੍ਰਭੂ ਨੇ ਛੇੜਿਆ- ਤਾਂ ਇਤਿਹਾਸ ਦੀ ਵੀ ਜ਼ਿਆਦਾ ਚਿੰਤਾ, ਰਿਟਾਇਰਮੈਂਟ ਤੋਂ ਫੌਰਨ ਬਾਅਦ ਦੇ ਇਤਿਹਾਸ ਦੀ ਹੈ! ਫਿਰ ਸਰਲਤਾ ਨਾਲ ਪੁੱਛਿਆ- ਫਿਰ ਮਸਲਾ ਕੀ ਏ, ਦੇ ਦਿਓ ਹਿੰਦੂਆਂ ਦੇ ਹੱਕ `ਚ ਫ਼ੈਸਲਾ!
ਚੰਦਰਚੂੜ ਸਮਝਾਉਣ ਲੱਗੇ ਕਿ ਇਹ ਵੀ ਏਨਾ ਸੌਖਾ ਨਹੀਂ ਹੈ। ਉੱਥੇ ਚਾਰ ਸੌ ਸਾਲ ਤੋਂ ਜ਼ਿਆਦਾ ਸਮੇਂ ਤੋਂ ਮਸਜਿਦ ਮੌਜੂਦ ਸੀ। ਪਹਿਲਾਂ ਮਸਜਿਦ `ਚ ਰਾਤ ਦੇ ਹਨੇਰੇ `ਚ ਚੋਰੀ-ਚੋਰੀ ਮੂਰਤੀਆਂ ਰੱਖ ਦਿੱਤੀਆਂ ਗਈਆਂ। ਫਿਰ ਮੁਕੱਦਮਾ ਠੋਕ ਦਿੱਤਾ ਕਿ ਮੂਰਤੀਆਂ ਦੀ ਪੂਜਾ ਕਰਨ ਦਾ ਹੱਕ ਮਿਲਣਾ ਚਾਹੀਦਾ ਹੈ। ਮੁਸਲਮਾਨਾਂ ਦਾ ਮਸਜਿਦ ਵਿਚ ਆਉਣਾ ਜਾਣਾ ਬੰਦ ਕਰਵਾ ਦਿੱਤਾ ਗਿਆ। ਫਿਰ ਮਸਜਿਦ ਨੂੰ ਪਰਦੇ ਦੇ ਓਹਲੇ ਲੁਕੋ ਕੇ ਉੱਥੇ ਸਿਰਫ਼ ਮੰਦਰ ਬਣਾ ਦਿੱਤਾ। ਫਿਰ ਮੰਗ ਕਰਨ ਲੱਗੇ ਕਿ ਮਸਜਿਦ ਤੋਂ ਜਗ੍ਹਾ ਖਾਲੀ ਕਰਾਈ ਜਾਵੇ, ਇੱਥੇ ਵਿਸ਼ਾਲ ਮੰਦਰ ਬਣ ਕੇ ਰਹੇਗਾ। ਫਿਰ ਧੱਕੇ ਨਾਲ ਮਸਜਿਦ ਢਾਹ ਦਿੱਤੀ ਗਈ ਅਤੇ ਜ਼ਮੀਨ ਉੱਪਰ ਦਾਅਵਾ ਠੋਕ ਦਿੱਤਾ ਗਿਆ। ਪ੍ਰਭੂ ਓਨੀ ਹੀ ਸਰਲਤਾ ਨਾਲ ਬੋਲੇ- ਫਿਰ ਸਮੱਸਿਆ ਕੀ ਹੈ? ਦੇ ਦਿਓ ਮੁਸਲਮਾਨਾਂ ਨੂੰ ਜ਼ਮੀਨ। ਮਸਜਿਦ ਉਨ੍ਹਾਂ ਦੀ, ਜ਼ਮੀਨ ਵੀ ਉਨ੍ਹਾਂ ਦੀ।
ਚੰਦਰਚੂੜ ਨੇ ਮੱਥੇ `ਤੇ ਹੱਥ ਮਾਰਿਆ- ਪ੍ਰਭੂ ਕੀ ਮਸਲਾ ਏਨਾ ਸੌਖਾ ਹੈ, ਜਿਸ ਦੀ ਜ਼ਮੀਨ ਹੈ ਉਸ ਨੂੰ ਦੇ ਦੇਣਾ? ਹਿੰਦੂਆਂ ਦਾ ਵੀ ਤਾਂ ਦਾਅਵਾ ਹੈ ਕਿ ਚਾਰ ਸੌ ਸਾਲ ਪਹਿਲਾਂ ਮਸਜਿਦ ਬਣਾਏ ਜਾਣ ਤੋਂ ਪਹਿਲਾਂ ਉੱਥੇ ਉਨ੍ਹਾਂ ਦਾ ਮੰਦਰ ਹੁੰਦਾ ਸੀ। ਉਨ੍ਹਾਂ ਦੇ ਦਾਅਵੇ ਨੂੰ ਕਿਵੇਂ ਅਣਦੇਖਿਆ ਕਰ ਸਕਦੇ ਹਾਂ? ਪ੍ਰਭੂ ਥੋੜ੍ਹਾ ਜੱਕੋ-ਤੱਕੀ `ਚ ਪੈ ਗਏ ਨਜ਼ਰ ਆਏ। ਪੁੱਛਣ ਲੱਗੇ ਕਿ ਤੁਹਾਡੇ ਲੋਕਾਂ ਦੇ ਕਾਨੂੰਨ `ਚ ਚਾਰ ਸੌ-ਸਾਢੇ ਚਾਰ ਸੌ ਸਾਲ ਪੁਰਾਣੇ ਦਾਅਵਿਆਂ ਨੂੰ ਸਹੀ ਮੰਨ ਕੇ, ਉਨ੍ਹਾਂ ਥਾਵਾਂ ਉੱਪਰ ਮੌਜੂਦ ਇਮਾਰਤਾਂ ਨੂੰ ਢਾਹਿਆ-ਮਿਟਾਇਆ ਜਾ ਸਕਦਾ ਹੈ? ਚੰਦਰਚੂੜ ਬੋਲੇ- ਕਾਨੂੰਨ ਦੇ ਹਿਸਾਬ ਨਾਲ ਤਾਂ ਨਹੀਂ ਕਰ ਸਕਦੇ ਮਹਾਰਾਜ? ਫਿਰ ਪ੍ਰਭੂ ਪੁੱਛਣ ਲੱਗੇ ਕਿ ਕੀ ਇਹ ਸਾਬਤ ਹੋ ਗਿਆ ਕਿ ਮਸਜਿਦ ਤੋਂ ਪਹਿਲਾਂ ਉਸ ਜਗ੍ਹਾ `ਤੇ ਹਿੰਦੂਆਂ ਦਾ ਮੰਦਰ ਹੁੰਦਾ ਸੀ? ਚੰਦਰਚੂੜ ਬੋਲੇ, ਉਸ ਜਗਾ੍ਹ ਮੰਦਰ ਰਿਹਾ ਹੋਵੇਗਾ, ਇਹ ਤਾਂ ਸਾਬਤ ਨਹੀਂ ਹੋਇਆ ਪਰ ਮੰਦਰ ਨਹੀਂ ਰਿਹਾ ਹੋਵੇਗਾ, ਇਸ ਦਾ ਵੀ ਤਾਂ ਕੋਈ ਪੱਕਾ ਸਬੂਤ ਨਹੀਂ ਹੈ। ਪ੍ਰਭੂ ਹੱਸ ਕੇ ਬੋਲੇ- ਨਾ ਰਿਹਾ ਹੋਣ ਦਾ ਪੱਕਾ ਸਬੂਤ ਕਿਵੇਂ ਹੁੰਦਾ ਏ ਭਾਈ! ਖ਼ੈਰ, ਤੁਸੀਂ ਤਾਂ ਬਸ ਇਹ ਦੱਸੋ ਕਿ ਫ਼ੈਸਲਾ ਕੀ ਕਰਨਾ ਹੈ?
ਚੰਦਰਚੂੜ ਬੋਲੇ, ਬਣਾਉਣਾ ਤਾਂ ਮੰਦਰ ਹੀ ਪਵੇਗਾ। ਹੋਰ ਕੁਝ ਨਹੀਂ ਬਣਵਾ ਸਕਦੇ। ਪ੍ਰਭੂ ਬੋਲੇ, ਤਾਂ ਠੀਕ ਹੈ ਇਹੀ ਫ਼ੈਸਲਾ ਸੁਣਾ ਦਿਓ।
ਚੰਦਰਚੂੜ ਦੁਖੀ ਸੁਰ `ਚ ਬੋਲੇ, ਪ੍ਰਭੂ ਤੁਸੀਂ ਅਜੇ ਵੀ ਮਾਮਲੇ ਦੀ ਨਜ਼ਾਕਤ ਨਹੀਂ ਸਮਝੇ। ਅਜਿਹਾ ਫ਼ੈਸਲਾ ਸੁਣਾ ਦਿਆਂਗੇ ਤਾਂ ਦੁਨੀਆ ਕੀ ਕਹੇਗੀ? ਇਤਿਹਾਸ ਵਿਚ ਇਸ ਫ਼ੈਸਲੇ ਨੂੰ ਕਿਵੇਂ ਚੇਤੇ ਕੀਤਾ ਜਾਵੇਗਾ। ਲੋਕ ਕਹਿਣਗੇ ਕਿ ਨਿਆਂ ਨਹੀਂ, ਅਨਿਆਂ ਹੋਇਆ ਹੈ। ਤੁਸੀਂ ਕੋਈ ਅਜਿਹਾ ਰਾਹ ਦੱਸੋ ਕਿ ਫ਼ੈਸਲਾ ਤਾਂ ਇਹੀ ਰਹੇ ਪਰ ਨਿਆਂ ਨਾ ਵੀ ਲੱਗੇ ਤਾਂ ਵੀ ਘੱਟੋ-ਘੱਟ ਨੰਗਾ-ਚਿੱਟਾ ਅਨਿਆਂ ਨਾ ਕਹਾਵੇ। ਪ੍ਰਭੂ ਬੋਲੇ, ਇਹ ਮੇਰੇ ਤੋਂ ਨਹੀਂ ਹੋਵੇਗਾ। ਅਨਿਆਂ ਤਾਂ ਅਨਿਆਂ ਹੀ ਰਹੇਗਾ, ਮੇਰੇ ਕੋਲੋਂ ਇਸ ਨੂੰ ਨਿਆਂ ਨਹੀਂ ਕਿਹਾ ਜਾਣਾ। ਚੰਦਰਚੂੜ ਬੋਲੇ, ਪ੍ਰਭੂ ਰਾਹ ਤਾਂ ਤੁਹਾਨੂੰ ਹੀ ਦਿਖਾਉਣਾ ਪਵੇਗਾ। ਪ੍ਰਭੂ ਬੋਲੇ, ਇਹ ਮੇਰੇ ਤੋਂ ਨਹੀਂ ਹੋਵੇਗਾ। ਚੰਦਰਚੂੜ ਬੋਲੇ- ਇਹ ਤਾਂ ਹੋ ਵੀ ਗਿਆ। ਧੰਨ ਹੋ ਪ੍ਰਭੂ, ਤੁਸੀਂ ਰਾਹ ਦਿਖਾ ਦਿੱਤਾ। ਪ੍ਰਭੂ ਨੇ ਹੈਰਾਨੀ ਨਾਲ ਪੁੱਛਿਆ- ਕੀ ਰਾਹ ਦਿਖਾ ਦਿੱਤਾ ਭਗਤਾ। ਚੰਦਰਚੂੜ ਨੇ ਜੋਸ਼ `ਚ ਆ ਕੇ ਕਿਹਾ- ਤੁਸੀਂ ਹੀ ਤਾਂ ਰਾਹ ਦਿਖਾਇਆ ਕਿ ਚਾਰ ਸੌ ਸਾਲ ਪੁਰਾਣੇ ਮੰਦਰ ਦੇ ਦਾਅਵੇ ਦੇ ਹੱਕ `ਚ ਫ਼ੈਸਲਾ ਨਹੀਂ ਹੋ ਸਕਦਾ; ਯਾਨੀ ਬਾਅਦ ਦਾ ਦਾਅਵਾ ਹੋਵੇ ਜਾਂ ਬਾਅਦ ਤੱਕ ਦਾ ਦਾਅਵਾ ਹੋਵੇ, ਤਾਂ ਅਜਿਹਾ ਦਾਅਵਾ ਕਰਨ ਵਾਲੇ ਦੇ ਹੱਕ `ਚ ਫ਼ੈਸਲਾ ਹੋ ਸਕਦਾ ਹੈ। ਲੱਭ ਗਿਆ, ਯੁਰੇਕਾ, ਯੁਰੇਕਾ (ਲੱਭ ਗਿਆ, ਹੱਲ ਲੱਭ ਗਿਆ)। ਪ੍ਰਭੂ ਬੋਲੇ, ਸਮਝ `ਚ ਨਹੀਂ ਆਇਆ, ਕੀ ਹੱਲ ਲੱਭ ਗਿਆ।
ਹੁਣ ਚੰਦਰਚੂੜ ਤਹੱਮਲ ਨਾਲ ਸਮਝਾਉਣ ਲੱਗੇ- ਹਿੰਦੂਆਂ ਦਾ ਵਿਸ਼ਵਾਸ ਹੈ ਕਿ ਪਹਿਲਾਂ ਉੱਥੇ ਮੰਦਰ ਸੀ ਅਤੇ ਇਹ ਵਿਸ਼ਵਾਸ ਹੁਣ ਵੀ ਹੈ ਯਾਨੀ ਹਿੰਦੂਆਂ ਦੇ ਲਈ ਉੱਥੇ ਹਮੇਸ਼ਾ ਮੰਦਰ ਸੀ। ਤੇ ਜਿੱਥੇ ਮੰਦਰ ਹਮੇਸ਼ਾ ਸੀ, ਉੱਥੇ ਮੰਦਰ ਹਮੇਸ਼ਾ ਰਹੇਗਾ। ਆਖ਼ਿਰ, ਭਾਰਤ ਦਾ ਸੰਵਿਧਾਨ ਸਾਰਿਆਂ ਦੇ ਲਈ ਧਾਰਮਿਕ ਸੁਤੰਤਰਤਾ ਦੀ ਜ਼ਾਮਨੀ ਦਿੰਦਾ ਹੈ!
ਹੁਣ ਪ੍ਰਭੂ ਨੇ ਸਾਫ਼ ਕਹਿ ਦਿੱਤਾ- ਨਾਟ ਇਨ ਮਾਈ ਨੇਮ! (ਇਹ ਮੇਰੇ ਨਾਂ `ਤੇ ਨਹੀਂ ਕਰਨਾ); ਚੰਦਰਚੂੜ ਬੋਲੇ ਕਿ ਫਿਰ ਮੈਂ ਇਸ ਨੂੰ ਆਪਣਾ ਹੀ ਫ਼ੈਸਲਾ ਮੰਨ ਲੈਂਦਾ ਹਾਂ।
ਉਸ ਨੇ ਇਸ ਨੂੰ ਆਪਣਾ ਫ਼ੈਸਲਾ ਮੰਨ ਲਿਆ। ਪਤਾ ਨਹੀਂ ਕਿਉਂ ਲੋਕ ਫਿਰ ਵੀ ਇਸ ਵਿਚ ‘ਭਗਵਾਨ ਦਾ ਹੱਥ` ਖੋਜ ਰਹੇ ਹਨ। ਅਗਲੇ ਨੇ ਸਿਰਫ਼ ਏਨਾ ਹੀ ਕਿਹਾ ਸੀ ਕਿ ਮੈਂ ਪ੍ਰਭੂ ਦੇ ਸਾਹਮਣੇ ਮੁਕੱਦਮਾ ਰੱਖਿਆ ਸੀ। ਮੈਂ ਇਹ ਕਦ ਕਿਹਾ ਕਿ ਫ਼ੈਸਲਾ ਪ੍ਰਭੂ ਨੇ ਡਿਕਟੇਟ ਕਰਾਇਆ ਸੀ। ਡਿਕਟਾਫ਼ੋਨ ਦੀ ਤਾਂ ਵਰਤੋਂ ਹੀ ਨਹੀਂ ਹੋਈ!