ਐਮ.ਐਸ.ਪੀ.: ਕੇਂਦਰ ਨੇ ਕਿਸਾਨਾਂ ਨੂੰ ‘ਦੀਵਾਲੀ ਤੋਹਫ਼ਾ` ਦੇਣ ਤੋਂ ਹੱਥ ਘੁੱਟਿਆ

ਚੰਡੀਗੜ੍ਹ: ਕੇਂਦਰ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਐਤਕੀਂ ਕਿਸਾਨਾਂ ਨੂੰ ਤੋਹਫ਼ਾ ਦੇਣ ‘ਚ ਹੱਥ ਘੁੱਟਿਆ ਹੈ। ਸਰਕਾਰ ਨੇ ਕਣਕ ਦੀ ਫ਼ਸਲ ‘ਤੇ ਸਾਲ 2025-26 ਲਈ ਘੱਟੋ ਘੱਟ ਸਮਰਥਨ ਮੁੱਲ 2425 ਰੁਪਏ ਪ੍ਰਤੀ ਕੁਇੰਟਲ ਦਾ ਐਲਾਨ ਕੀਤਾ ਹੈ, ਜੋ ਕਿ ਡੇਢ ਸੌ ਰੁਪਏ ਦਾ ਪ੍ਰਤੀ ਕੁਇੰਟਲ ਦਾ ਵਾਧਾ ਬਣਦਾ ਹੈ। ਪਿਛਲੇ ਸਾਲ ਵੀ ਕੇਂਦਰ ਨੇ 150 ਰੁਪਏ ਪ੍ਰਤੀ ਕੁਇੰਟਲ ਭਾਅ ਵਧਾਇਆ ਸੀ।

ਲੰਘੇ 55 ਵਰਿ੍ਹਆਂ ‘ਤੇ ਨਜ਼ਰ ਮਾਰੀਏ ਤਾਂ ਕਦੇ ਵੀ ਇਹ ਵਾਧਾ 150 ਰੁਪਏ ਨੂੰ ਪਾਰ ਨਹੀਂ ਕੀਤਾ। ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਵਾਧਾ ਐਲਾਨਿਆ ਗਿਆ ਹੈ। ਲਾਗਤ ਖ਼ਰਚਿਆਂ ਦੇ ਮੁਕਾਬਲੇ ਇਹ ਵਾਧਾ ਨਿਗੂਣਾ ਹੈ। 1998-99 ਵਿਚ ਕਣਕ ਦਾ ਸਰਕਾਰੀ ਭਾਅ 550 ਰੁਪਏ ਪ੍ਰਤੀ ਕੁਇੰਟਲ ਸੀ, ਜਦੋਂਕਿ ਡੀਜ਼ਲ ਦਾ 200 ਲਿਟਰ ਦਾ ਡਰੰਮ 1974 ਰੁਪਏ ਦਾ ਭਰਦਾ ਸੀ।
ਹੁਣ ਕਣਕ ਦਾ ਭਾਅ 2425 ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਕੀਤਾ ਹੈ, ਜਦੋਂਕਿ ਡੀਜ਼ਲ ਦਾ ਡਰੰਮ 17,604 ਰੁਪਏ ਹੋ ਗਿਆ ਹੈ। ਕਣਕ ਦਾ 1970-71 ਵਿੱਚ ਸਰਕਾਰੀ ਭਾਅ 76 ਰੁਪਏ ਕੁਇੰਟਲ ਹੁੰਦਾ ਸੀ ਅਤੇ 1984-85 ਵਿੱਚ 157 ਰੁਪਏ ਹੋ ਗਿਆ। 2001-02 ਵਿਚ ਭਾਅ 620 ਰੁਪਏ ਐਲਾਨਿਆ ਸੀ ਅਤੇ ਦਸ ਸਾਲ ਪਹਿਲਾਂ 2014-15 ਵਿਚ ਇਹ 1400 ਰੁਪਏ ਪ੍ਰਤੀ ਕੁਇੰਟਲ ਸੀ। 1989 ਵਿਚ ਡੀਜ਼ਲ ਦਾ ਭਾਅ 3.50 ਰੁਪਏ ਪ੍ਰਤੀ ਲਿਟਰ ਸੀ ਜੋ ਕਿ 2002 ਵਿਚ 16.59 ਰੁਪਏ ਪ੍ਰਤੀ ਲਿਟਰ ਹੋ ਗਿਆ ਸੀ। 2010 ਵਿਚ 40.10 ਰੁਪਏ ਅਤੇ ਹੁਣ ਮੌਜੂਦਾ ਸਮੇਂ ਡੀਜ਼ਲ ਪ੍ਰਤੀ ਲਿਟਰ 88.02 ਰੁਪਏ ਹੋ ਗਿਆ। ਪੰਜਾਬ ਵਿਚ ਕਣਕ ਦੇ ਬੋਨਸ ਦੇਣ ਤੋਂ ਪਾਸਾ ਵੱਟਿਆ ਜਾਂਦਾ ਹੈ ਅਤੇ ਸਿਰਫ਼ ਦੋ ਵਾਰ 2005-06 ਵਿਚ 50 ਰੁਪਏ ਅਤੇ 2006-07 ਵਿਚ 100 ਰੁਪਏ ਪ੍ਰਤੀ ਕੁਇੰਟਲ ਪਿੱਛੇ ਬੋਨਸ ਦਿੱਤਾ ਗਿਆ ਸੀ। ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਸਰਕਾਰਾਂ ਨੇ ਪਿਛਲੇ ਵਰ੍ਹੇ ਵੀ ਕਣਕ ਉਤੇ ਬੋਨਸ ਦਿੱਤਾ ਸੀ। ਸਵਾਮੀਨਾਥਨ ਕਮਿਸ਼ਨ ਦੀ ਸਿਫ਼ਾਰਸ਼ ਅਨੁਸਾਰ ਕਦੇ ਫ਼ਸਲਾਂ ਦੇ ਭਾਅ ਤੈਅ ਨਹੀਂ ਹੋਏ। ਲੰਘੇ 12 ਵਰਿ੍ਹਆਂ ਦੌਰਾਨ ਕਣਕ ਦੇ ਭਾਅ ਵਿਚ 2014-15 ਤੇ 2015-16 ਤੋਂ ਇਲਾਵਾ 2021-22 ਵਿਚ ਪੰਜਾਹ-ਪੰਜਾਹ ਰੁਪਏ ਦਾ ਵਾਧਾ ਕੀਤਾ ਗਿਆ ਜਦੋਂਕਿ 2022-23 ਵਿਚ 40 ਰੁਪਏ ਦਾ ਵਾਧਾ ਅਤੇ 2016-17 ਵਿਚ 75 ਰੁਪਏ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ। 2013-14 ਤੋਂ ਹੁਣ ਤੱਕ ਸਿਰਫ ਪੰਜ ਵਾਰ ਕਣਕ ਦੇ ਸਰਕਾਰੀ ਭਾਅ ਵਿਚ ਵਾਧਾ ਸੌ ਰੁਪਏ ਨੂੰ ਪਾਰ ਕੀਤਾ ਹੈ।
ਦੱਸ ਦਈਏ ਕਿ ਕੇਂਦਰ ਮੰਤਰੀ ਮੰਡਲ ਨੇ 2025-26 ਦੇ ਹਾੜ੍ਹੀ ਮਾਰਕੀਟਿੰਗ ਸੀਜ਼ਨ ਲਈ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) 150 ਰੁਪਏ ਵਧਾ ਕੇ 2425 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਸਰਕਾਰ ਵੱਲੋਂ ਇਹ ਕਦਮ ਅੱਗੇ ਕਈ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਠਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਹੋਈ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਪੱਧਰ ਦੀ ਕਮੇਟੀ (ਸੀ.ਸੀ.ਈ.ਏ.) ਦੀ ਮੀਟਿੰਗ ਵਿਚ ਅਪਰੈਲ 2025 ਤੋਂ ਸ਼ੁਰੂ ਹੋਣ ਵਾਲੇ ਮਾਰਕੀਟਿੰਗ ਸੈਸ਼ਨ 2025-26 ਲਈ ਹਾੜ੍ਹੀ ਦੀਆਂ ਛੇ ਫ਼ਸਲਾਂ ਦੇ ਐਮ.ਐਸ.ਪੀ. ਵਿਚ 130 ਰੁਪਏ ਤੋਂ 300 ਰੁਪਏ ਪ੍ਰਤੀ ਕੁਇੰਟਲ ਤੱਕ ਦੇ ਵਾਧੇ ਦੀ ਮਨਜ਼ੂਰੀ ਦਿੱਤੀ ਗਈ। ਸਰਕਾਰ ਨੇ ਰੈਪਸੀਡ ਅਤੇ ਸਰ੍ਹੋਂ ਬੀਜ ਲਈ ਵੀ ਐਮ.ਐਸ.ਪੀ. 300 ਰੁਪਏ ਵਧਾ ਕੇ 5950 ਰੁਪਏ ਕੁਇੰਟਲ ਕਰ ਦਿੱਤਾ ਹੈ।
ਕੁਸੁੰਬਾ ਦਾ ਐਮ.ਐਸ.ਪੀ. 140 ਰੁਪਏ ਵਧਾ ਕੇ 5940 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ। ਦਾਲਾਂ ਦੇ ਮਾਮਲੇ ਵਿਚ, ਮਸਰੀ ਦਾ ਐਮ.ਐਸ.ਪੀ. 275 ਰੁਪਏ ਵਧਾ ਕੇ 6700 ਰੁਪਏ, ਛੋਲਿਆਂ ਦਾ ਐਮ.ਐਸ.ਪੀ. 210 ਰੁਪਏ ਵਧਾ ਕੇ 5650 ਰੁਪਏ, ਜੌਂ ਦਾ ਐਮ.ਐਸ.ਪੀ. 130 ਰੁਪਏ ਵਧਾ ਕੇ 1980 ਰੁਪਏ ਕੁਇੰਟਲ ਕਰ ਦਿੱਤਾ ਗਿਆ ਹੈ।
ਵਾਧੇ ਨਾਲ ਕਿਸਾਨਾਂ ਦੀ ਜ਼ਿੰਦਗੀ ਹੋਰ ਆਸਾਨ ਹੋਵੇਗੀ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਐਮ.ਐਸ.ਪੀ. ਵਿਚ ਵਾਧੇ ਨਾਲ ਕਿਸਾਨਾਂ ਦੀ ਜ਼ਿੰਦਗੀ ਹੋਰ ਆਸਾਨ ਹੋਵੇਗੀ। ਪ੍ਰਧਾਨ ਮੰਤਰੀ ਨੇ ‘ਐਕਸ` ਉਤੇ ਪਾਈ ਇਕ ਪੋਸਟ ਵਿਚ ਕਿਹਾ, ‘‘ਆਪਣੇ ਕਿਸਾਨ ਭੈਣ-ਭਰਾਵਾਂ ਦੀ ਭਲਾਈ ਲਈ ਅਸੀਂ ਲਗਾਤਾਰ ਵੱਡੇ ਫੈਸਲੇ ਲੈਣ `ਚ ਲੱਗੇ ਹੋਏ ਹਾਂ।“ ਇਸੇ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹਾੜ੍ਹੀ ਦੀਆਂ ਛੇ ਫ਼ਸਲਾਂ ਦਾ ਐਮ.ਐਸ.ਪੀ. ਵਧਾਉਣ ਦੇ ਕੇਂਦਰੀ ਮੰਤਰੀ ਮੰਡਲ ਦੇ ਫੈਸਲੇ ਨਾਲ ਕਿਸਾਨਾਂ ਦੀ ਆਮਦਨ ਵਧੇਗੀ ਅਤੇ ਉਹ ਹੋਰ ਖੁਸ਼ਹਾਲ ਹੋਣਗੇ।
ਕਣਕ ਦੇ ਭਾਅ ‘ਚ ਵਾਧਾ ਨਿਗੂਣਾ ਕਰਾਰ
ਪਟਿਆਲਾ: ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਨੇ ਕੇਂਦਰ ਵੱਲੋਂ ਕਣਕ ਦੇ ਭਾਅ ‘ਚ ਕੀਤੇ 150 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨੂੰ ਨਕਾਰਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਜਿਣਸ ਦੀ ਖਰੀਦ ਹੀ ਨਹੀਂ ਕਰਨੀ ਤਾਂ ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀਆਂ ਮੁੱਖ ਫਸਲਾਂ ਦੇ ਭਾਅ ਦੇ ਐਲਾਨ ਕਰਨਾ ਦਾ ਕੋਈ ਮਤਲਬ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਇਸ ਵਾਰੀ ਝੋਨਾ ਮੰਡੀਆਂ ਵਿਚ ਰੁਲ ਰਿਹਾ ਹੈ ਅਤੇ ਕਿਸਾਨ ਮਜਬੂਰਨ ਸੜਕਾਂ ਤੇ ਰੇਲ ਲਾਈਨਾਂ ਰੋਕ ਰਹੇ ਹਨ। ਹੁਣ ਕਣਕ ਦੇ ਭਾਅ ਵਿਚ ਸਿਰਫ਼ 150 ਰੁਪਏ ਦਾ ਵਾਧਾ ਐਲਾਨ ਕੇ ਸਾਡੇ ਜ਼ਖਮਾਂ ‘ਤੇ ਲੂਣ ਛਿੜਕਿਆ ਹੈ।