ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅਤੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਇੱਥੇ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਸੰਗਤ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਪੁਰਬ ਮੌਕੇ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਵਿਖੇ ਸੁੰਦਰ ਜਲੌਅ ਸਜਾਏ ਗਏ। ਵੱਡੀ ਗਿਣਤੀ ਸੰਗਤ ਨੇ ਸਰੋਵਰ ਵਿਚ ਇਸ਼ਨਾਨ ਅਤੇ ਕੀਰਤਨ ਸਰਵਣ ਕੀਤਾ। ਗੁਰਪੁਰਬ ਸਬੰਧੀ ਹਰਿਮੰਦਰ ਸਾਹਿਬ ਦੀ ਫੁੱਲਾਂ ਨਾਲ ਸਜਾਵਟ ਕੀਤੀ ਗਈ।
ਇਸ ਮੌਕੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਵਧੀਕ ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਨਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖਾਲਸਾ, ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ ਸਣੇ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਮਗਰੋਂ ਰਾਗੀ, ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤ ਨੂੰ ਇਤਿਹਾਸ ਨਾਲ ਜੋੜਿਆ।
ਇਸ ਤੋਂ ਪਹਿਲਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਦਿਆਂ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਨੇ ਸੰਗਤਾਂ ਨੂੰ ਗੁਰੂ ਰਾਮਦਾਸ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਕਵੀ ਦਰਬਾਰ ਵਿਚ ਪੰਥਕ ਕਵੀਆਂ ਨੇ ਚੌਥੇ ਪਾਤਸ਼ਾਹ ਦੇ ਜੀਵਨ ਇਤਿਹਾਸ ਆਦਿ ਬਾਰੇ ਕਵਿਤਾਵਾਂ ਰਾਹੀਂ ਚਾਨਣਾ ਪਾਇਆ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲਿਆਂ ‘ਚ ਜੇਤੂ ਰਹੇ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਰਾਗ ਦਰਬਾਰ ਅਤੇ ਪੜਤਾਲ ਗਾਇਨ ਕੀਰਤਨ ਸਮਾਗਮ ਵੀ ਕਰਵਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਪਾਵਨ ਬਾਣੀ ਦਾ ਰਾਗਾਂ ਅਧਾਰਿਤ ਗਾਇਨ ਕੀਤਾ।
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਚ ਦੇਸ਼ ਵਿਦੇਸ਼ ਤੋਂ ਲਗਭਗ 5 ਲੱਖ ਤੋਂ ਵੱਧ ਦੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਏ ਹਨ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਲੇਜ਼ਰ ਲਾਈਟਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ, ਜਿਸ ਨਾਲ ਗੁਰੂ ਘਰ ਦੀ ਅਲੌਕਿਕ ਦਿੱਖ ਹੋਰ ਵਧ ਗਈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਮੁਤਾਬਕ ਇਸ ਵਾਰ ਲਗਭਗ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਰੂ ਘਰ ਪਹੁੰਚ ਕੇ ਮੱਥਾ ਟੇਕਿਆ ਹੈ। ਇਸ ਸਬੰਧੀ ਪ੍ਰਬੰਧਕਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਆਪਣੀਆਂ ਸਰਾਵਾਂ ਤੋਂ ਇਲਾਵਾ ਆਲੇ ਦੁਆਲੇ ਦੇ ਵੱਖ-ਵੱਖ ਹੋਟਲਾਂ ‘ਚ ਵੀ ਸੰਗਤ ਦੀ ਰਿਹਾਇਸ਼ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਪਹੁੰਚੀ ਸੰਗਤ ਦੇਰ ਰਾਤ ਆਤਿਸ਼ਬਾਜ਼ੀ ਹੋਣ ਤੱਕ ਮੌਜੂਦ ਰਹੀ। ਮੈਨੇਜਰ ਮੁਤਾਬਕ ਇਕ ਸ਼ਰਧਾਲੂ ਵੱਲੋਂ ਲੇਜ਼ਰ ਲਾਈਟਾਂ ਦੀ ਸੇਵਾ ਕੀਤੀ ਗਈ ਹੈ ਤੇ ਇਹ ਲੇਜ਼ਰ ਲਾਈਟਾਂ ਸ੍ਰੀ ਹਰਿਮੰਦਰ ਸਾਹਿਬ ਦੇ ਚਾਰੋਂ ਪਾਸੇ ਲਾਈਆਂ ਗਈਆਂ ਹਨ।
ਪੰਜ ਲੱਖ ਤੋਂ ਵੱਧ ਦੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ
ਅੰਮ੍ਰਿਤਸਰ: ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਚ ਦੇਸ਼ ਵਿਦੇਸ਼ ਤੋਂ ਲਗਭਗ 5 ਲੱਖ ਤੋਂ ਵੱਧ ਦੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਏ ਹਨ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਲੇਜ਼ਰ ਲਾਈਟਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ, ਜਿਸ ਨਾਲ ਗੁਰੂ ਘਰ ਦੀ ਅਲੌਕਿਕ ਦਿੱਖ ਹੋਰ ਵਧ ਗਈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਮੁਤਾਬਕ ਇਸ ਵਾਰ ਲਗਭਗ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਰੂ ਘਰ ਪਹੁੰਚ ਕੇ ਮੱਥਾ ਟੇਕਿਆ ਹੈ।