ਪੰਜਾਬ ਕਲਾ ਪ੍ਰੀਸ਼ਦ ਐਮ. ਐਸ. ਰੰਧਾਵਾ ਤੇ ਹੋਰ

ਗੁਲਜ਼ਾਰ ਸਿੰਘ ਸੰਧੂ
ਜੁਲਾਈ 1981 ਨੂੰ ਸਥਾਪਤ ਹੋਈ ਪੰਜਾਬ ਕਲਾ ਪ੍ਰੀਸ਼ਦ ਦਾ ਪ੍ਰਥਮ ਤੇ ਪ੍ਰਮੁੱਖ ਕਰਤਾ ਧਰਤਾ ਮਹਿੰਦਰ ਸਿੰਘ ਰੰਧਾਵਾ ਸੀ| ਉਸਨੇ ਇਸਨੂੰ ਚੰਡੀਗੜ੍ਹ ਦੇ ਰੋਜ਼ ਗਾਰਡਨ ਵਿਚ ਸਥਾਪਤ ਕੀਤਾ ਤੇ ਕੇਂਦਰੀ ਸਰਕਾਰ ਦੇ ਪੈਟਰਨ ਉੱਤੇ ਇਸ ਦੀਆਂ ਤਿੰਨ

ਸ਼ਾਖਾਵਾਂ, ਰਾਹੀਂ ਰਾਜ ਦੇ ਸਾਹਿਤ ਸਭਿਆਚਾਰ ਦੀ ਨਿਸ਼ਾਨਦੇਹੀ ਦੇ ਉਸ ਕੰਮ ਨੂੰ ਅੱਗੇ ਤੋਰਿਆ ਜਿਸ ਨੂੰ ਵੀਹਵੀਂ ਸਦੀ ਦੇ ਭਾਈ ਵੀਰ ਸਿੰਘ, ਗੁਰਬਖਸ਼ ਸਿੰਘ, ਨੋਰਾ ਰਿਚਰਡ ਤੇ ਮੁਲਕ ਰਾਜ ਆਨੰਦ ਨੇ ਵਿਢਿਆ ਸੀ| ਇਸ ਵੱਡੇ ਕੰਮ ਵਿਚ ਉਸਦਾ ਸਾਥ ਦੇਣ ਵਾਲਿਆਂ ਵਿਚ ਮੁਲਕ ਰਾਜ ਆਨੰਦ ਤੇ ਗੁਰਬਖਸ਼ ਸਿੰਘ ਤੋਂ ਬਿਨਾ ਕਰਤਾਰ ਸਿੰਘ ਦੁੱਗਲ ਤੇ ਕੁਲਵੰਤ ਸਿੰਘ ਵਿਰਕ ਵੀ ਸਨ| ਨਵੀਂ ਦਿੱਲੀ ਵਿਚ ਨੌਕਰੀ ਕਰਦੇ ਦਾਸ ਨੂੰ ਸੱਦਾ ਦੇਣਾ ਉਸਦੀ ਮੇਰੇ ਪ੍ਰਤੀ ਉਦਾਰਤਾ ਦਾ ਨਤੀਜਾ ਸੀ|
ਪਿਛਲੇ ਪੰਜਤਾਲੀ ਸਾਲਾਂ ਵਿਚ ਇਸ ਦੇ ਵਿਹੜੇ ਵਿਚ ਚਿੱਤਰਕਾਰ ਕਲਾ ਦੀਆਂ ਨੁਮਾਇਸ਼ਾਂ ਲੱਗੀਆਂ, ਸਾਹਿਤ ਤੇ ਸਭਿਆਚਾਰ ਦੇ ਸੈਮੀਨਾਰ ਤੇ ਗੋਸ਼ਟੀਆਂ ਹੋਈਆਂ ਤੇ ਨਾਟਕ ਖੇਡੇ ਗਏ| ਹਰ ਸਾਲ ਦੇ ਫਰਵਰੀ ਮਹੀਨੇ ਐਮ. ਐਸ. ਰੰਧਾਵਾ ਉਤਸਵ ਮਨਾਉਣ ਸਮੇਤ| ਇਸਦੀ ਕਾਰਜਕਾਰਨੀ ਤੇ ਜਨਰਲ ਕਾਉਂਸਲ ਵਿਚ ਪੰਜਾਬ ਸਰਕਾਰ ਦੇ ਸਬੰਧਤ ਅਧਿਕਾਰੀਆਂ ਤੇ ਚਾਰੇ ਯੂਨੀਵਰਸਿਟੀਆਂ ਦੇ ਪ੍ਰਤੀਨਿਧਾਂ ਦਾ ਸ਼ਾਮਲ ਹੋਣਾ ਇਸਦਾ ਆਤਮ ਪਰਵਾਹ ਬਣਾਈ ਰੱਖਦਾ ਹੈ|
ਵਰਤਮਾਨ ਵਿਚ ਵਾਪਰੀਆਂ ਕੁੱਝ ਅਣਦਿਸਦੀਆਂ ਸਥਿਤੀਆਂ ਕਾਰਨ ਇਸ ਵਿਚ ਸਰਕਾਰੀ ਦਖਲ ਵਧ ਗਿਆ ਹੈ ਜਿਸਨੇ ਇਸਨੂੰ ਚਾਰ ਮਹੀਨੇ ਆਪਣੇ ਪੈਰਾਂ ਉੱਤੇ ਨਹੀਂ ਖਲੋਣ ਦਿੱਤਾ| ਦੇਰ ਆਇਦ ਦਰੁਸਤ ਆਇਦ| ਹੁਣ ਇਸਦੀ ਕਮਾਂਡ ਨਵੇਂ ਨਵੇਰੇ ਤੇ ਉਤਸ਼ਾਹੀ ਹੱਥਾਂ ਵਿਚ ਚਲੇ ਜਾਣ ਸਦਕਾ ਉਸਾਰੂ ਨਤੀਜਿਆਂ ਦੀ ਆਸ ਬੱਝ ਗਈ ਹੈ| ਲੁਧਿਆਣਾ ਤੋਂ ਸਵਰਨਜੀਤ ਸਵੀ, ਨਵੀਂ ਦਿੱਲੀ ਤੋਂ ਡਾ. ਰਵੇਲ ਸਿੰਘ, ਅੰਮ੍ਰਿਤਸਰ ਤੋਂ ਡਾ. ਆਤਮ ਸਿੰਘ ਰੰਧਾਵਾ, ਗਰੇਟਰ ਨੌਇਡਾ ਤੋਂ ਡਾ. ਪ੍ਰੇਮ ਸਿੰਘ ਤੇ ਚੰਡੀਗੜ੍ਹ ਦੇ ਕੁਝ ਨਾਮੀ ਚਿਹਰੇ ਇਸਨੂੰ ਨਵੀਆਂ ਸੇਧਾਂ ਦੇਣ ਤੇ ਖੁਦ-ਮੁਖਤਿਆਰੀ ਬਣਾਈ ਰੱਖਣ ਦੇ ਕਾਬਲ ਹਨ| ਆਸ ਕੀਤੀ ਜਾਂਦੀ ਹੈ ਕਿ ਛੇਤੀ ਹੀ ਇਸ ਦੀਆਂ ਗਤੀਵਿਧੀਆਂ ਰਫਤਾਰ ਫੜ ਲੈਣਗੀਆਂ| ਭਾਵੇਂ ਮੇਰੀ ਉਮਰ ਤੇ ਘਟ ਰਹੀ ਕਾਰਜਕੁਸ਼ਲਤਾ ਵਡੇਰਾ ਯੋਗਦਾਨ ਪਾਉਣ ਦੇ ਰਾਹ ਵਿਚ ਰੁਕਾਵਟ ਹੈ ਪਰ ਸਮੇਂ ਸਮੇਂ `ਤੇ ਲੋੜ ਅਨੁਸਾਰ ਮੈਂ ਵੀ ਆਪਣਾ ਸਹਿਯੋਗ ਦਿੰਦਾ ਰਹਾਂਗਾ| ਏਸ ਲਈ ਕਿ ਇਹ ਬੂਟਾ ਪੰਜਾਬੀ ਕਲਚਰ ਦੇ ਸ਼ਾਹਜਹਾਂ ਵਜੋਂ ਜਾਣੇ ਜਾਂਦੇ ਮਹਿੰਦਰ ਸਿੰਘ ਰੰਧਾਵਾ ਨੇ ਲਾਇਆ ਹੈ ਤੇ ਇਸਦੀ ਛਾਵੇਂ ਆਉਣ ਵਾਲੀਆਂ ਪੀੜ੍ਹੀਆਂ ਨੇ ਬੈਠਣਾ ਤੇ ਵਧਣਾ ਫੁੱਲਣਾ ਹੈ|
ਭਾਰਤ-ਮਾਲਦੀਵ ਮਿੱਤਰਤਾ ਦਾ ਲੇਖਾ ਜੋਖਾ
ਇਹ ਚੰਗੀ ਗੱਲ ਹੈ ਕਿ 11 ਮਹੀਨੇ ਪਹਿਲਾਂ ਇੰਡੀਆਊਟ (ਭਾਰਤੀਓ ਭੱਜੋ) ਦਾ ਨਾਅਰਾ ਲਾ ਕੇ ਜਿਤਿਆ ਮਾਲਦੀਵ ਦਾ ਨਵਾਂ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਤੇ ਇੰਦਰਾ ਗਾਂਧੀ ਦੀ ਗਵਾਂਢੀ ਟਾਪੂਆਂ ਪ੍ਰਤੀ ਸੋਚ ਤੇ ਨੀਤੀ ਨੂੰ ਨਿੰਦਣ ਵਾਲਾ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਪਲੇਟਫਾਰਮ ਉੱਤੇ ਇਕੱਠੇ ਹੋਏ ਹਨ| ਉਨ੍ਹਾਂ ਵਲੋਂ ਲੱਖਾਂ ਕਰੋੜਾਂ ਦੀ ਕਰੰਸੀ ਵਾਲੇ ਆਰਥਕ, ਸਮਾਜਕ ਤੇ ਸਭਿਆਚਾਰਕ ਪੰਜ ਸਮਝੌਤੇ ਆਵਾਜਾਈ, ਸਿਹਤ ਸਹੂਲਤਾਂ, ਆਰਥਕ ਵਿਕਾਸ, ਆਪੋ ਵਿਚਦੀ ਕਾਨੂੰਨੀ ਚਾਰਾਜੋਈ, ਯੁਵਾ ਨਿਰਮਾਣ ਤੇ ਖੇਡ ਕਾਰਜਾਂ ਨੂੰ ਅੱਗੇ ਵਧਾਉਣਗੇ|
400 ਮੀਲ ਲੰਮੇਂ ਤੇ 80 ਮੀਲ ਚੌੜੇ ਇਨ੍ਹਾਂ ਸਮੁੰਦਰੀ ਟਾਪੂਆਂ ਦਾ ਭੂਗੋਲਕ, ਇਤਿਹਾਸਕ ਤੇ ਸਭਿਆਚਾਰਕ ਵਰਤ ਵਰਤਾਰਾ ਸੈਰ ਸਪਾਟੇ ਦੀਆਂ ਸੁਵਿਧਾਵਾਂ ਤੇ ਮੱਛੀ ਦੀ ਵਿਕਰੀ ਨਾਲ ਸਬੰਧ ਰੱਖਦਾ ਹੈ| ਇਹ ਜਾਣ ਕੇ þਹੈਰਾਨ ਨਾ ਹੋਣਾ ਕਿ ਉਨ੍ਹਾਂ ਟਾਪੂਆਂ ਵਿਚ ਮਾਨਵ ਜਾਤਿ ਤੋਂ ਬਿਨਾ ਕੋਈ ਵਡਾ ਸਾਹ ਲੈਣ ਵਾਲਾ ਜਾਨਵਰ ਨਹੀਂ| ਚੂਹੇ ਤੋਂ ਵੱਡਾ ਕੋਈ ਜਾਨਵਰ ਵੀ ਨਹੀਂ| ਉਥੋਂ ਦੇ ਵਸਨੀਕਾਂ ਨੂੰ ਇਹ ਦੱਸਣਾ ਹੋਵੇ ਕਿ ਹਾਥੀ ਕਿਹੋ ਜਿਹਾ ਤੇ ਕਿੱਡਾ ਹੁੰਦਾ ਹੈ ਤਾਂ ਚੂਹੇ ਦੇ ਅੰਗਾਂ ਨੂੰ ਲੱਖਾਂ ਕਰੋੜਾਂ ਦੀ ਜਰਬ ਦੇ ਕੇ ਸਮਝਾਉਣਾ ਪੈਂਦਾ ਹੈ|
ਨਿਸਚੇ ਹੀ ਏਸ ਨਿਕਚੂ ਦੇਸ਼ ਲਈ ਲੱਖਾਂ ਕਰੋੜਾਂ ਦੀ ਵਿਦੇਸ਼ੀ ਮੁਦਰਾ ਬੜੇ ਅਰਥ ਰਖਦੀ ਹੈ| ਸੁਰੱਖਿਆ ਤੇ ਇਮਾਰਤਾਂ ਦੀ ਉਸਾਰੀ ਦੇ ਪੱਖ ਤੋਂ ਖਾਸ ਕਰਕੇ| ਭਾਰਤ ਲਈ ਮਾਲਦੀਵ ਦੇਸ਼ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ ਇਸ ਵਿਚ ਡੁੱਬ ਰਹੇ ਮਾਨਵ ਲਈ ਤਿਣਕੇ ਦੀ ਸਮਰਥਾ ਹੈ| ਮੇਰੇ ਨਿੱਜ ਵੱਲੋਂ ਇਸ ਉਤੇ ਸਹੀ ਪਾਉਣ ਦਾ ਆਧਾਰ ਇਹ ਵੀ ਹੈ ਕਿ ਕਿਸੇ ਵਿੱਧ ਮੈਂ 1976 ਦੀਆਂ ਗਰਮੀਆਂ ਦਾ ਡੇਢ ਮਹੀਨਾ ਉਥੇ ਰਹਿ ਕੇ ਆਇਆ ਹਾਂ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲੀ ਜਾਣਾ ਹੈ| ਮੈਂ ਉਥੋਂ ਦੇ ਭਲੇ ਬੁਰੇ ਦਾ ਚਸ਼ਮਦੀਦ ਗਵਾਹ ਹਾਂ| ਲੋਕ ਬੜੇ ਮਿਲਾਪੜੇ ਹਨ ਤੇ ਚਾਰ ਚੁਫੇਰੇ ਸਾਗਰ ਦੀਆਂ ਛੱਲਾਂ ਹਨ|
ਜਾਂਦੇ ਜਾਂਦੇ ਇਸ ਦੇਸ਼ ਦੀਆਂ ਪ੍ਰੰਪਰਾਵਾਂ ਬਾਰੇ ਦੱਸਣ ਦਾ ਮਨ ਬਣ ਗਿਆ ਹੈ| ਪਿਛਲੇ ਸਮਿਆਂ ਵਿਚ ਜੇ ਕੋਈ ਮਾਲ ਮੱਤੇ ਨਾਲ ਭਰਿਆ ਸਮੁੰਦਰੀ ਜਹਾਜ਼ ਇਸ ਦੇਸ਼ ਦੇ ਕਿਸੇ ਟਾਪੂ ਨਾਲ ਟਕਰਾ ਕੇ ਬਰਬਾਦ ਹੋ ਜਾਂਦਾ ਸੀ ਤਾਂ ਇਸ ਵਿਚਲਾ ਸਾਰਾ ਮਾਲ ਮਾਲਦੀਵ ਉਤੇ ਰਾਜ ਕਰ ਰਹੇ ਸੁਲਤਾਨ ਦਾ ਹੋ ਜਾਂਦਾ ਸੀ| 16ਵੀਂ ਸਦੀ ਵਿਚ ਇਕ ਫਰਾਂਸੀਸੀ ਜਹਾਜ਼ ਇਸ ਤਰ੍ਹਾਂ ਦੀ ਦੁਰਘਟਨਾ ਦਾ ਸ਼ਿਕਾਰ ਹੋਇਆ ਤਾਂ ਉਸ ਵਿਚਲਾ ਸਾਜ਼ ਸਾਮਾਨ ਤਾਂ ਮਾਲਦੀਵ ਦੇ ਵਸਨੀਕਾਂ ਨੇ ਲੁੱਟ ਲਿਆ ਅਤੇ ਬੰਦੇ ਮਲੇਰੀਆ ਦੇ ਰੋਗ ਨਾਲ ਮਰ ਮੁੱਕ ਗਏ| ਉਨ੍ਹਾਂ ਵਿਚ ਪਾਇਰਾਰਡ ਨਾਂ ਦਾ ਇਕ ਡਾਕਟਰ ਵੀ ਸੀ ਜਿਸਨੇ ਆਪਣੇ ਆਪ ਨੂੰ ਬਚਾ ਲਿਆ ਤੇ ਉਥੋਂ ਦਾ ਵਸਨੀਕ ਹੋ ਗਿਆ| ਉਥੇ ਰਹਿੰਦਿਆਂ ਉਸਨੇ ਉਨ੍ਹਾਂ ਦੀ ਭਾਸ਼ਾ ਵੀ ਸਿੱਖ ਲਈ ਤੇ ਉਥੋਂ ਦੇ ਮਰਦ ਮਹਿਲਾਵਾਂ ਨਾਲ ਵੀ ਰਚ ਮਿਚ ਗਿਆ| ਏਥੋਂ ਤੱਕ ਕਿ ਸੁਲਤਾਨ ਦੀਆਂ ਬੇਗ਼ਮ ਨਾਲ ਵੀ ਰਲਦਾ-ਮਿਲਦਾ ਰਿਹਾ| ਫੇਰ ਜਦੋਂ ਉਹ ਆਪਣੇ ਦੇਸ਼ ਪਰਤਿਆ ਤਾਂ ਉਸਨੇ ਮਾਲਦੀਵੀ ਰਸਮ ਰਿਵਾਜ ਤੇ ਜੀਵਨ ਬਾਰੇ ਜਿਹੜਾ ਯਾਤਰਾ ਬਿਰਤਾਂਤ ਲਿਖਿਆ ਉਹ ਤਿੰਨ ਜਿਲਦਾਂ ਵਿਚ ਛਪਿਆ| ਇਹ ਏਨਾ ਰੋਚਕ ਤੇ ਅਨੋਖਾ ਹੈ ਕਿ ਇਸਨੇ ਪੂਰਾ ਡੇਢ ਮਹੀਨਾ ਮੈਨੂੰ ਆਹਰੇ ਲਾਈ ਰੱਖਿਆ| ਇਸ ਦੀਆਂ ਕੁੱਝ ਗੱਲਾਂ ਮੇਰੀ ਪੁਸਤਕ ‘25 ਮੁਲਕ 74 ਗੱਲਾਂ’ ਵਿਚ ਦਰਜ ਹਨ ਜਿਹੜੀ ਨਵਯੁਗ ਪ੍ਰਕਾਸ਼ਨ ਦਿੱਲੀ ਨੇ 2003 ਵਿਚ ਪ੍ਰਕਾਸ਼ਤ ਕੀਤੀ ਸੀ|
ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਚੋਣਾਂ ਦਾ ਸੰਦੇਸ਼
ਹੁਣ ਜਦੋਂ ਕਿ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਤੀਜੀ ਵਾਰ ਬਣਦੀ ਨਿਸਚਤ ਹੈ ਅਤੇ ਜੰਮੂ ਕਸ਼ਮੀਰ ਵਿਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਚਿਰਾਂ ਤੋਂ ਭੰਬਲਭੂਸੇ ਪਈ ਜੰਮੂ ਕਸ਼ਮੀਰ ਦੀ ਜਨਤਾ ਨੂੰ ਉਨ੍ਹਾਂ ਦੀ ਪਸੰਦ ਵਾਲੀ ਰਾਜਨੀਤੀ ਦੇਣ ਜਾ ਰਹੇ ਹਨ ਭੂਤ ਨਾਲੋਂ ਭਵਿੱਖ ਦੀ ਗੱਲ ਕਰਨਾ ਹੀ ਠੀਕ ਰਹੇਗਾ| ਹਰਿਆਣਾ ਵਿਚ ਮਨੋਹਰ ਲਾਲ ਖੱਟੜ ਦੀ ਥਾਂ ਨਾਇਬ ਸਿੰਘ ਸੈਣੀ ਦੀ ਆਮਦ ਨੇ ਅਜਿਹਾ ਉਤਸ਼ਾਹ ਭਰਿਆ ਜਿਸਨੂੰ ਕਾਂਗਰਸ ਪਾਰਟੀ ਦਾ ਬੁੱਢਾ ਤੇ ਅਜ਼ਮਾਇਆ ਹੋਇਆ ਚੌਟਾਲਾ ਢਾਂਚਾ ਵੀ ਨਹੀਂ ਰੋਕ ਸਕਿਆ| ਓਧਰ ਜੰਮੂ ਕਸ਼ਮੀਰ ਦੇ ਵਸਨੀਕ ਚਿਰਾਂ ਤੋਂ ਖਟਾਈ ਵਿਚ ਪਈ ਨੂੰ ਬੂਰ ਪੈਂਦਾ ਦੇਖਣ ਲਈ ਏਨੇ ਉਤਾਵਲੇ ਸਨ ਕਿ ਉਨ੍ਹਾਂ ਮੋਟੇ ਵਿਵਾਦ ਤਿਆਗ ਕੇ ਸੁਰੱਖਿਅਤ ਤੇ ਸ਼ਾਂਤ ਮਾਹੌਲ ਦੇ ਮਾਰਗ ਤੁਰਨਾ ਹੀ ਠੀਕ ਸਮਝਿਆ ਹੈ| ਉਨ੍ਹਾਂ ਲਈ ਯੂਟੀ ਦੀ ਥਾਂ ਰਾਜ ਦੇ ਵਾਸੀ ਹੋਣਾ ਏਨਾ ਅਹਿਮ ਹੋ ਗਿਆ ਕਿ ਉਨ੍ਹਾਂ ਨੇ ਦੰਗਾਕਾਰੀ ਧਾਰਨਾ ਨੂੰ ਤਿਆਗ ਕੇ ਆਪਣੇ ਪੈਰਾਂ ’ਤੇ ਖਲੋਣ ਨੂੰ ਤਰਜੀਹ ਦਿੱਤੀ| ਇਨ੍ਹਾਂ ਰਾਜਾਂ ਦੇ ਚੋਣ ਨਤੀਜਿਆਂ ਦਾ ਸੰਦੇਸ਼ ਇਹ ਵੀ ਹੈ ਕਿ ਬੁੱਢੀ ਤੇ ਵੇਲਾ ਵਹਾਅ ਚੁੱਕੀ ਧਾਰਨਾ ਨਾਲੋਂ ਨਵੀਂ ਤੇ ਨਵੇਂ ਮਾਰਗਾਂ ਉਤੇ ਤੁਰਨ ਦੀ ਭਾਵਨਾ ਹੀ ਉਜਲੇ ਭਵਿਖ ਦੀ ਸਿਰਜਣਾ ਕਰਦੀ ਹੈ, ਹੋਰ ਕੋਈ ਨਹੀਂ|
ਅੰਤਿਕਾ
.ਗੁਰਬਚਨ ਸਿੰਘ ਰਾਹੀ॥
ਅੰਦਰ ਵੇਖਿਆ ਬਾਹਰ ਵੇਖਿਆ
ਹਰ ਥਾਂ ਵੇਖਿਆ ਤੈਨੂੰ
ਜਲ ’ਚ ਵੇਖਿਆ ਥਲ ’ਚ ਵੇਖਿਆ
ਤੂੰ ਹਰ ਥਾਂ ਦਿਸਿਆ ਮੈਨੂੰ
ਤੇਰੀ ਹਸਤੀ ਤੋਂ ਜੋ ਮੁਨਕਰ
ਉਹ ਹੈ ਅੰਨ੍ਹਾਂ ਬੋਲਾ
ਕਣ ਕਣ ਦੇ ਵਿਚ ਵੱਸਿਆ ਹੋਇਆ
ਇੱਕ ਤੂੰ ਹੀ ਦਿਸਿਆ ਮੈਨੂੰ।