ਕਾਠਮੰਡੂ: ਨੇਪਾਲ ਵਿਚ ਮੀਂਹ ਕਾਰਨ ਹੜ੍ਹ ਤੇ ਢਿੱਗਾਂ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 170 ਹੋ ਗਈ ਹੈ। ਪੂਰਬੀ ਤੇ ਮੱਧ ਨੇਪਾਲ ਦਾ ਵੱਡਾ ਹਿੱਸਾ ਪਾਣੀ ਦੀ ਮਾਰ ਹੇਠ ਹੈ। ਦੇਸ਼ ਦੇ ਕਈ ਹਿੱਸਿਆਂ ‘ਚ ਅਚਾਨਕ ਹੜ੍ਹ ਆ ਗਏ ਹਨ। ਹਥਿਆਰਬੰਦ ਪੁਲਿਸ ਬਲ ਦੇ ਸੂਤਰਾਂ ਅਨੁਸਾਰ ਹੜ੍ਹਾਂ ਤੇ ਢਿੱਗਾਂ ਖਿਸਕਣ ਕਾਰਨ 42 ਲੋਕ ਲਾਪਤਾ ਹਨ ਅਤੇ 111 ਜ਼ਖ਼ਮੀ ਹੋਏ ਹਨ।
ਕਾਠਮੰਡੂ ਘਾਟੀ ‘ਚ ਸਭ ਤੋਂ ਵੱਧ 48 ਜਣਿਆਂ ਦੀ ਮੌਤ ਹੋਈ ਹੈ। ਘੱਟ ਤੋਂ ਘੱਟ 195 ਮਕਾਨ ਤੇ ਅੱਠ ਪੁਲ ਨੁਕਸਾਨੇ ਗਏ ਹਨ। ਸੁਰੱਖਿਆ ਕਰਮੀਆਂ ਨੇ ਤਕਰੀਬਨ 3626 ਲੋਕਾਂ ਨੂੰ ਬਚਾਇਆ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਉਨ੍ਹਾਂ ਕਾਠਮੰਡੂ ਘਾਟੀ ‘ਚ ਪਿਛਲੇ 40-45 ਸਾਲਾਂ ਅੰਦਰ ਇੰਨੇ ਭਿਆਨਕ ਹੜ੍ਹ ਨਹੀਂ ਦੇਖੇ। ਹਥਿਆਰਬੰਦ ਪੁਲਿਸ ਬਲ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 170 ਹੋ ਗਈ ਹੈ। ਕਾਠਮੰਡੂ ਨੇੜੇ ਸਥਿਤ ਧਾਡਿੰਗ ਜ਼ਿਲ੍ਹੇ ‘ਚ ਇਕ ਬੱਸ ਢਿੱਗਾਂ ਦੀ ਲਪੇਟ ‘ਚ ਆਉਣ ਕਾਰਨ ਘੱਟ ਤੋਂ ਘੱਟ 19 ਜਣਿਆਂ ਦੀ ਮੌਤ ਹੋ ਗਈ ਸੀ।
ਭਕਤਾਪੁਰ ਸ਼ਹਿਰ ‘ਚ ਢਿੱਗਾਂ ਖਿਸਕਣ ਕਾਰਨ ਇਕ ਮਕਾਨ ਢਹਿ ਗਿਆ ਤੇ ਪੰਜ ਜਣਿਆਂ ਦੀ ਮੌਤ ਹੋ ਗਈ। ਮਕਵਾਨਪੁਰ ਆਲ ਇੰਡੀਆ ਨੇਪਾਲ ਐਸੋਸੀਏਸ਼ਨ ਵੱਲੋਂ ਚਲਾਏ ਜਾ ਰਹੇ ਇਕ ਸਿਖਲਾਈ ਕੇਂਦਰ ‘ਚ ਢਿੱਗਾਂ ਖਿਸਕਣ ਦੀ ਘਟਨਾ ‘ਚ ਛੇ ਫੁਟਬਾਲ ਖਿਡਾਰੀਆਂ ਦੀ ਜਾਨ ਚਲੀ ਗਈ ਅਤੇ ਹੋਰ ਲੋਕ ਪਾਣੀ ‘ਚ ਰੁੜ੍ਹ ਗਏ।