ਕੌਮਾਂਤਰੀ ਬਾਜ਼ਾਰ ਵਿਚ ਮਹਿਕੇਗੀ ਪੰਜਾਬ ਦੀ ਬਾਸਮਤੀ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਬਾਸਮਤੀ ਉਤੇ ਆਪਣਾ ਕੀਮਤ ਕੰਟਰੋਲ ਹੁਕਮ ਵਾਪਸ ਲੈਣ ਨਾਲ ਕਿਸਾਨਾਂ ਨੂੰ ਬਾਸਮਤੀ ਦਾ ਚੰਗਾ ਭਾਅ ਮਿਲਣ ਦੇ ਆਸਾਰ ਬਣ ਗਏ ਹਨ। ਪੰਜਾਬ ਤੇ ਹਰਿਆਣਾ ਦੀ ਬਾਸਮਤੀ ਹੁਣ ਕੌਮਾਂਤਰੀ ਬਾਜ਼ਾਰ ਵਿਚ ਮਹਿਕੇਗੀ ਅਤੇ ਐਤਕੀਂ ਦੋਵੇਂ ਸੂਬਿਆਂ ਤੋਂ ਬਾਸਮਤੀ ਦੀ ਬਰਾਮਦ ਵਧੇਗੀ।

ਮਿਲੀ ਜਾਣਕਾਰੀ ਮਤਾਬਿਕ, ਪੰਜਾਬ ਦੇ ਮਾਝੇ ਖਿੱਤੇ ਵਿਚ ਹੁਣ ਤੱਕ 5663 ਟਨ ਬਾਸਮਤੀ ਖਰੀਦੀ ਜਾ ਚੁੱਕੀ ਹੈ ਅਤੇ ਇਸ ਦਾ ਭਾਅ 2220 ਰੁਪਏ ਤੋਂ ਲੈ ਕੇ 2985 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਬਾਸਮਤੀ 3000 ਰੁਪਏ ਪ੍ਰਤੀ ਕੁਇੰਟਲ ਤੱਕ ਵਿਕੀ ਹੈ।
ਪਿਛਲੇ ਸਾਲ ਬਾਸਮਤੀ ਦਾ ਭਾਅ 2700 ਰੁਪਏ ਤੋਂ ਲੈ ਕੇ 3410 ਰੁਪਏ ਪ੍ਰਤੀ ਕੁਇੰਟਲ ਰਿਹਾ ਸੀ। ਹਾਲਾਂਕਿ ਸਾਲ 2022 ਵਿਚ ਇਹੋ ਭਾਅ 3800 ਰੁਪਏ ਪ੍ਰਤੀ ਕੁਇੰਟਲ ਤੱਕ ਵੀ ਰਿਹਾ। ਪਿਛਲੇ ਸਾਲ ਕੇਂਦਰ ਵੱਲੋਂ ਬਰਾਮਦ ਮੁੱਲ ਤੇ ਸ਼ਰਤਾਂ ਤੈਅ ਕੀਤੇ ਜਾਣ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਿਆ ਸੀ।
ਭਾਰਤ ਸਰਕਾਰ ਦੇ ਕੇਂਦਰੀ ਵਣਜ ਮੰਤਰਾਲੇ ਦੀ ਟੀਮ ਨੇ ਪਿਛਲੇ ਸਾਲ ਪੰਜਾਬ ਤੇ ਹਰਿਆਣਾ ਦਾ ਦੌਰਾ ਵੀ ਕੀਤਾ ਸੀ। ਕੇਂਦਰੀ ਵਣਜ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਅੱਜ ਦੱਸਿਆ ਕਿ 950 ਡਾਲਰ ਪ੍ਰਤੀ ਟਨ ਦੇ ਘੱਟੋ-ਘੱਟ ਬਰਾਮਦ ਮੁੱਲ (ਐਮ.ਈ.ਪੀ) ਵਾਪਸ ਲੈਣ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਨੂੰ ਹੁਣ ਖੇਤੀਬਾੜੀ ਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਿਟੀ (ਏ.ਪੀ.ਈ.ਡੀ.ਏ.) ਨੂੰ ਭੇਜ ਦਿੱਤਾ ਗਿਆ ਹੈ।
ਮਾਹਿਰ ਆਖਦੇ ਹਨ ਕਿ ਬਾਸਮਤੀ ਦੀਆਂ ਕੁਝ ਕਿਸਮਾਂ ਦੀਆਂ ਕੌਮਾਂਤਰੀ ਕੀਮਤਾਂ ਸਰਕਾਰ ਦੁਆਰਾ ਲਗਾਏ ਗਏ ਐਮ.ਈ.ਪੀ. ਤੋਂ ਹੇਠਾਂ ਆ ਗਈਆਂ ਸਨ।
ਕੇਂਦਰ ਸਰਕਾਰ ਵੱਲੋਂ ਐਮ.ਈ.ਪੀ. ਲਾਗੂ ਕੀਤੇ ਜਾਣ ਮਗਰੋਂ ਕੌਮਾਂਤਰੀ ਖ਼ਰੀਦਦਾਰਾਂ ਨੇ ਭਾਰਤ ਦੀ ਥਾਂ ਪਾਕਿਸਤਾਨ ਵੱਲ ਮੂੰਹ ਕਰ ਲਏ ਸਨ। ਪਿਛਲੇ ਸਾਲ ਪੰਜਾਬ ਦੇ ਬਾਸਮਤੀ ਬਰਾਮਦਕਾਰਾਂ ਨੂੰ ਬਾਸਮਤੀ ਦੀ ਬਰਾਮਦ ਦਾ ਇਕ ਵੀ ਆਰਡਰ ਨਹੀਂ ਮਿਲਿਆ ਸੀ। ਕੇਂਦਰ ਸਰਕਾਰ ਹੁਣ 20 ਫ਼ੀਸਦੀ ਬਰਾਮਦ ਡਿਊਟੀ ਖ਼ਤਮ ਕਰ ਦੇਵੇਗੀ ਜਿਸ ਨਾਲ ਚੌਲ ਉਦਯੋਗ ਸੁਰਜੀਤ ਹੋ ਜਾਵੇਗਾ।
ਆਲ ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸੇਤੀਆ ਨੇ ਪੁਸ਼ਟੀ ਕੀਤੀ ਕਿ ਬਰਾਮਦ ਤੋਂ ਐਮ.ਈ.ਪੀ. ਹਟਾਏ ਜਾਣ ਦੀ ਭਿਣਕ ਪੈਣ ਮਗਰੋਂ ਹੀ ਬਾਸਮਤੀ ਦੇ ਭਾਅ ਵਧਣੇ ਸ਼ੁਰੂ ਹੋ ਗਏ ਹਨ।