ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਤੇ ਹਮਾਇਤੀਆਂ ਦੇ ਘਰਾਂ ‘ਤੇ ਛਾਪੇ

ਅੰਮ੍ਰਿਤਸਰ: ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਕੇ-ਸਬੰਧੀਆਂ ਤੇ ਹੋਰ ਸਹਿਯੋਗੀਆਂ ਦੇ ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ ਤੇ ਮੋਗਾ ਜ਼ਿਲ੍ਹੇ ਵਿਚਲੀਆਂ ਰਿਹਾਇਸ਼ਾਂ ਤੇ ਹੋਰ ਟਿਕਾਣਿਆਂ ‘ਤੇ ਛਾਪੇ ਮਾਰੇ।

ਐਨ.ਆਈ.ਏ. ਦੀਆਂ ਟੀਮਾਂ ਜਾਂਦੇ ਹੋਏ ਮੋਬਾਈਲ ਫੋਨ, ਪੈੱਨ ਡਰਾਈਵਾਂ, ਸੀ.ਸੀ.ਟੀ.ਵੀ. ਫੁਟੇਜਾਂ ਦੀ ਡੀ.ਵੀ.ਆਰ. ਆਪਣੇ ਨਾਲ ਲੈ ਗਈ। ਟੀਮ ਨੇ ਮੁਹਾਲੀ ਵਿਚ ਪੰਜਾਬ ਮੰਡੀ ਬੋਰਡ ਦੇ ਅਧਿਕਾਰੀ ਦੇ ਘਰ ਦੀ ਤਲਾਸ਼ੀ ਵੀ ਲਈ। ਟੀਮ ਨੇ ਅੰਮ੍ਰਿਤਪਾਲ ਸਿੰਘ ਦੇ ਜੱਲੂਪੁਰ ਖੇੜਾ ਰਹਿੰਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਪੁੱਛ ਪੜਤਾਲ ਲਈ 26 ਸਤੰਬਰ ਨੂੰ ਚੰਡੀਗੜ੍ਹ ਸੱਦਿਆ ਹੈ। ਇਹ ਛਾਪੇ ਦਹਿਸ਼ਤਗਰਦਾਂ ਤੇ ਗੈਂਗਸਟਰਾਂ ਵਿਚਲੇ ਗੱਠਜੋੜ ਨੂੰ ਤੋੜਨ ਅਤੇ ਮਾਰਚ 2023 ਵਿਚ ਕੈਨੇਡਾ ਦੇ ਓਟਵਾ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖਾਲਿਸਤਾਨ ਪੱਖੀ ਹਮਾਇਤੀਆਂ ਵੱਲੋਂ ਕੀਤੇ ਪ੍ਰਦਰਸ਼ਨ ਤੇ ਕਮਿਸ਼ਨ ਦੇ ਅਹਾਤੇ ਵਿਚ ਦੋ ਗ੍ਰਨੇਡ ਸੁੱਟਣ ਦੇ ਸਬੰਧ ਵਿਚ ਮਾਰੇ ਗਏ ਹਨ। ਅੰਮ੍ਰਿਤਪਾਲ ਕੌਮੀ ਸੁਰੱਖਿਆ ਐਕਟ (ਐਨ.ਐਸ.ਏ) ਤਹਿਤ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ।
ਐਨ.ਆਈ.ਏ. ਦੀਆਂ ਟੀਮਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਸਵੇਰੇ 5:30 ਵਜੇ ਕੀਤੀ ਛਾਪੇਮਾਰੀ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਚਾਚਾ ਪਰਗਟ ਸਿੰਘ ਜੱਲੂਪੁਰ ਖੇੜਾ ਦੇ ਘਰ ਤੇ ਰਈਆ ਸਥਿਤ ਫਰਨੀਚਰ ਵਾਲੀ ਦੁਕਾਨ ਅਤੇ ਪਿੰਡ ਬੁਤਾਲਾ (ਅੰਮ੍ਰਿਤਸਰ) ਵਿਚ ਉਸ ਦੇ ਭਣੋਈਏ ਅਮਰਜੋਤ ਸਿੰਘ, ਜੋ ਇਸ ਵੇਲੇ ਕੈਨੇਡਾ ਵਿਚ ਰਹਿ ਰਿਹਾ ਹੈ, ਦੇ ਘਰ ਨੂੰ ਨਿਸ਼ਾਨਾ ਬਣਾਇਆ। ਛਾਪੇ ਮੌਕੇ ਅਮਰਜੋਤ ਦੇ ਘਰ ਵਿਚ ਉਸ ਦੀ ਭਰਜਾਈ ਹੀ ਮੌਜੂਦ ਸੀ। ਟੀਮ ਪੰਜ ਘੰਟੇ ਦੇ ਕਰੀਬ ਉਥੇ ਮੌਜੂਦ ਰਹੀ ਤੇ ਜਾਂਦੇ ਹੋਏ ਪੈੱਨ ਡਰਾਈਵ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਨਾਲ ਲੈ ਗਈ। ਐਨ.ਆਈ.ਏ. ਟੀਮ ਨੇ ਮਹਿਤਾ (ਅੰਮ੍ਰਿਤਸਰ), ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਅਤੇ ਅੰਮ੍ਰਿਤਸਰ ਦੇ ਗੁਰਨਾਮ ਨਗਰ ਵਿਚ ਵੀ ਛਾਪੇ ਮਾਰੇ ਹਨ।
ਇਸ ਮਗਰੋਂ ਟੀਮ ਅੰਮ੍ਰਿਤਪਾਲ ਸਿੰਘ ਦੇ ਚਾਚੇ ਪਰਗਟ ਸਿੰਘ ਸੰਧੂ ਦੇ ਪਿੰਡ ਜੱਲੂਪੁਰ ਖੇੜਾ ਵਿਚਲੇ ਘਰ ਪੁੱਜੀ। ਇਥੇ ਜਦੋਂ ਕੋਈ ਨਹੀਂ ਮਿਲਿਆ ਤਾਂ ਟੀਮ ਸੰਧੂ ਦੀ ਫੇਰੂਮਾਨ ਰੋਡ ਸਥਿਤ ਫਰਨੀਚਰ ਵਾਲੀ ਦੁਕਾਨ ਕਮ ਘਰ ਪੁੱਜੀ। ਸੰਧੂ ਇਸ ਮੌਕੇ ਘਰ ਵਿਚ ਨਹੀਂ ਸੀ। ਦੋ ਘੰਟੇ ਦੀ ਫਰੋਲਾ-ਫਰੋਲੀ ਮਗਰੋਂ ਐਨ.ਆਈ.ਏ. ਟੀਮ ਘਰ ਵਿਚ ਮੌਜੂਦ ਦੋ ਮੋਬਾਈਲ ਫ਼ੋਨ, ਪੈੱਨ ਡਰਾਈਵ, ਸੀ.ਸੀ.ਟੀ.ਵੀ. ਕੈਮਰਿਆਂ ਦੀ ਡੀ.ਵੀ.ਆਰ. ਦੇ ਨਾਲ ਅਮਰਜੀਤ ਕੌਰ ਨੂੰ ਪੁੱਛ ਪੜਤਾਲ ਲਈ ਬਿਆਸ ਥਾਣੇ ਲੈ ਗਈ। ਲਗਭਗ ਚਾਰ-ਪੰਜ ਘੰਟਿਆਂ ਦੀ ਪੁੱਛ ਪੜਤਾਲ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ। ਟੀਮ ਨੇ ਪਰਗਟ ਸਿੰਘ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ 26 ਸਤੰਬਰ ਨੂੰ ਚੰਡੀਗੜ੍ਹ ਸੱਦਿਆ ਹੈ।