ਪੰਜਾਬੀ ਫਿਲਮਾਂ ਦਾ ਗ਼ੈਰ-ਰਸਮੀ ਜਾਇਜ਼ਾ

ਪਾਸ਼
ਕੌਣ ਪੰਜਾਬੀ ਹੈ ਜੋ ਇੰਦਰਾ ਬਿੱਲੀ ਦੇ ਨਾਂ ਨੂੰ ਭੁੱਲ ਜਾਣਾ ਨਹੀਂ ਚਾਹੇਗਾ? ਕੇਡਾ ਅਫ਼ਸੋਸਨਾਕ ਹਾਦਸਾ ਹੈ ਕਿ ਬਿੱਲੀ ਕੁ ਜਿੱਡੇ ਕੱਦ ਵਾਲੀ ਇਹ ਔਰਤ ਡੇਢ ਦਹਾਕੇ ਦੇ ਲੱਗਭੱਗ ਫਿਲਮਾਂ ਵਿਚ ਪੰਜਾਬਣ ਦੀ ਪ੍ਰਤੀਨਿਧਤਾ ਕਰਦੀ ਆ ਰਹੀ ਹੈ। ਜਿਨ੍ਹਾਂ ਨੇ ‘ਮੰਗਤੀ` (1942) ਵਿਚ ਮੁਮਤਾਜ਼ ਸ਼ਾਂਤੀ ਨੂੰ, ‘ਗਵਾਂਢੀ`(1942), ‘ਮੇਰਾ ਮਾਹੀ` (1941) ਅਤੇ ‘ਪਟਵਾਰੀ` (1942) ਵਿਚ ਮਨੋਰਮਾ ਨੂੰ, ‘ਦੁੱਲਾ ਭੱਟੀ` (1940) ਤੇ ‘ਸਹਿਤੀ ਮੁਰਾਦ` (1941) ਵਿਚ ਰਾਗਨੀ ਨੂੰ ਤੱਕਿਆ ਹੋਇਆ ਸੀ, ਉਹ ਲੱਗਭਗ ਸਾਰੇ ਮਰ ਚੁੱਕੇ ਹਨ।

ਜਿਨ੍ਹਾਂ ‘ਪਿੰਡ ਦੀ ਕੁੜੀ` (1963) ਵਿਚ ਨਿਸ਼ੀ, ‘ਮਾਮਾ ਜੀ` (1964) ਵਿਚ ਇੰਦਰਾ ਬਿੱਲੀ ਅਤੇ ‘ਸ਼ੌਂਕਣ ਮੇਲੇ ਦੀ` (1965) ਵਿਚ ਪ੍ਰਵੀਨ ਚੌਧਰੀ ਨੂੰ ਤੱਕਿਆ ਹੋਇਆ ਹੈ, ਉਹ ਤੀਹ ਚਾਲੀ ਵਰਿ੍ਹਆਂ ਤੱਕ ਮਰ ਜਾਣਗੇ ਪਰ ਜਿਨ੍ਹਾਂ ‘ਨਾਨਕ ਨਾਮ ਜਹਾਜ਼` (1969) ਵਿਚ ਵਿੰਮੀ ਅਤੇ ‘ਮਿੱਤਰ ਪਿਆਰੇ ਨੂੰ` (1975) ਵਿਚ ਮੀਨਾ ਰਾਏ ਨੂੰ ਤੱਕਿਆ ਅਤੇ ਪਸੰਦ ਕੀਤਾ ਹੈ, ਉਹ ਕਦੇ ਜਿਊਂਦੇ ਵੀ ਰਹੇ ਹੋਣਗੇ, ਇਸ ਵਿਚ ਮੈਨੂੰ ਸ਼ੱਕ ਹੈ। ਜੇ ਮੇਰੀ ਸ਼ੱਕ ਗ਼ਲਤ ਹੈ ਤਾਂ ਇਸ ਵਿਚ ਸ਼ੱਕ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਕਿ ਰਵਿੰਦਰ ਨਾਥ ਠਾਕੁਰ ਪ੍ਰਸਿੱਧ ਪੰਜਾਬੀ ਸੀ ਅਤੇ ਮੁਹੰਮਦ ਅਲੀ ਮਾਝੇ ਦੇ ਪਿੰਡ ਆਸਲ ਭੂਰੇ ਦਾ ਜੰਮਪਲ ਪਹਿਲਵਾਨ ਹੈ।
ਪੰਜਾਬੀਆਂ ਦੇ ਜਾਹਿਲ ਅਤੇ ਗੰਭੀਰਤਾ ਦੇ ਵੈਰੀ ਹੋਣ ਬਾਰੇ ਭੁਲੇਖਾ ਏਨਾ ਵਿਆਪਕ ਹੈ ਕਿ ਇਹ ਭੁਲੇਖਾ ਖ਼ੁਦ ਪੰਜਾਬੀਆਂ ਨੂੰ ਵੀ ਹੈ। ਏਸੇ ਲਈ ਬੂਟਾ ਸਿੰਘ ਸ਼ਾਦ ‘ਅੱਧੀ ਰਾਤ ਪਹਿਰ ਦਾ ਤੜਕਾ` ਵਰਗੇ ਬਲਵਾਨ ਨਾਵਲ ਉਤੇ ‘ਕੁੱਲੀ ਯਾਰ ਦੀ` (1969) ਵਰਗੀ ਹਲਕੀ ਫਿਲਮ ਬਣਾ ਦਿੰਦਾ ਹੈ। ਇਸੇ ਲਈ ਗ਼ੁਲਜ਼ਾਰ ‘ਆਂਧੀ` (1975) ਤੇ ‘ਮੌਸਮ` (1975), ਰਾਜਿੰਦਰ ਸਿੰਘ ਬੇਦੀ ‘ਚੇਤਨਾ`, ‘ਦਸਤਕ` (1970) ਤੇ ‘ਫਾਗੁਨ` ਅਤੇ ਰਾਜ ਕਪੂਰ ‘ਮੇਰਾ ਨਾਮ ਜੋਕਰ` (1970) ਵਰਗੀਆਂ ਫਿਲਮਾਂ ਹਿੰਦੀ ਵਿਚ ਬਣਾ ਰਹੇ ਹਨ। ਏਸੇ ਲਈ ਦਿੱਲੀ ਦੇ ਸਪਰੂ ਹਾਊਸ ਵਿਚ ‘ਚੜ੍ਹੀ ਜਵਾਨੀ ਬੁੱਢੇ ਨੂੰ` ਵਰਗੇ ਨਾਟਕ ਉਤੇ ਹਾਊਸ ਓਵਰ ਫੁੱਲ ਹੋ ਜਾਂਦੇ ਹਨ। ਏਸੇ ਲਈ ਪ੍ਰਧਾਨ ਮੰਤਰੀ ਜੀ ਦੇ ਸਲਵਾਰ ਕਮੀਜ਼ ਪਾ ਕੇ ਆਉਣ ਤੇ ਕਾਮਾਗਾਟਾ ਮਾਰੂ ਨਗਰ ਵਿਚ ਗੌਰਵ ਅਤੇ ਅਨੰਦ ਦੀਆਂ ਲਹਿਰਾਂ ਫੈਲ ਜਾਂਦੀਆਂ ਹਨ। ਏਸੇ ਲਈ ਅਜਾਇਬ ਕਮਲ ਦੀ ਕਾਵਿ-ਪੁਸਤਕ ‘ਵਰਤਮਾਨ ਤੁਰਿਆ ਹੈ` ਨੂੰ ਪੰਜਾਬੀ ਕਵਿਤਾ ਮੰਨ ਲਿਆ ਜਾਂਦਾ ਹੈ।
ਪੰਜਾਬੀ ਬੋਲਦੀ ਪਹਿਲੀ ਫਿਲਮ ‘ਆਲਮ ਆਰਾ` (1931) ਆਪਣੇ ਨਾਂ ਅਤੇ ਵਿਸ਼ੇ ਰੂਪ ਵਿਚ ਪੰਜਾਬੀ ਨਹੀਂ ਸੀ। ਹੁਣ ‘ਮੇਰਾ ਪੰਜਾਬ` (1940) ‘ਰਾਵੀ ਪਾਰ` (1942), ‘ਸਤਲੁਜ ਦੇ ਕੰਢੇ` (1964), ‘ਜੱਗਾ` (1964) ਅਤੇ ‘ਮੈਂ ਜੱਟੀ ਪੰਜਾਬ ਦੀ` (1964) ਆਦਿ ਪੰਜਾਬੀ ਕਿਸਮ ਦੇ ਨਾਵਾਂ ਅਤੇ ਵਿਸ਼ੇ ਦੇ ਬਾਵਜੂਦ ਵੀ ਰੂਪ ਵਿਚ ਪੰਜਾਬੀ ਨਹੀਂ ਹਨ। ਪੰਜਾਬੀ ਫਿਲਮਾਂ ਦਾ ਜਨਮ ਉਦੋਂ ਹੋਇਆ ਜਦ ਥਿਏਟਰ ਅਜੇ ਕਨਾਤਾਂ ਨਾਲ ਬਣਦੇ ਸਨ। ਓਦੋਂ ਫਿਲਮ ਇੰਡਸਟਰੀ ਵਿਚ ਕੁੰਦਨ ਲਾਲ ਸਹਿਗਲ ਵਰਗੇ ਗਾਇਕ, ਗ਼ੁਲਾਮ ਹੈਦਰ ਵਰਗੇ ਸੰਗੀਤਕਾਰ, ਰੂਪ ਕੇ. ਸ਼ੋਰੀ ਵਰਗੇ ਨਿਰਦੇਸ਼ਕ ਅਤੇ ਬਲਦੇਵ ਚੰਦਰ ਬੇਕਲ ਵਰਗੇ ਕਹਾਣੀ-ਸੰਵਾਦ-ਗੀਤ ਲੇਖਕ ਪੰਜਾਬੀ ਸਨ। ਹੁਣ ਜਦ ਕਿ ‘ਨਰੇਂਦਰਾ` ਅਤੇ ‘ਫਰੈਂਡਜ਼` ਵਰਗੇ ਆਹਲਾ ਥਿਏਟਰ ਅਤੇ ਵੀਹਵੀਂ ਸਦੀ ਦੇ ਅੰਤਲੇ ਹਿੱਸੇ ਦੇ ਦਰਸ਼ਕ ਪੈਦਾ ਹੋ ਚੁੱਕੇ ਹਨ, ਹੁਣ ਜਦ ਕਿ ਮੁਹੰਮਦ ਰਫ਼ੀ, ਮਹਿੰਦਰ ਕਪੂਰ, ਨਰਿੰਦਰ ਚੰਚਲ ਅਤੇ ਸ਼ਮਸ਼ਾਦ ਬੇਗਮ ਵਰਗੇ ਗਾਇਕ ਪੰਜਾਬੀ ਫਿਲਮ ਇੰਡਸਟਰੀ ਵਿਚ ਸਥਾਪਤ ਹੋ ਚੁਕੇ ਹਨ, ਬੂਟਾ ਸਿੰਘ ਸ਼ਾਦ ਵਰਗੇ ਲੇਖਕ, ਬਾਬੂ ਸਿੰਘ ਮਾਨ ਅਤੇ ਕਸ਼ਮੀਰ ਕਾਦਰ ਵਰਗੇ ਗੀਤਕਾਰ ਉਥੇ ਪ੍ਰਵੇਸ਼ ਕਰ ਚੁਕੇ ਹਨ ਤਾਂ ਪੰਜਾਬੀ ਫਿਲਮ ਦਾ ਪੱਧਰ ਉੱਪਰ ਜਾਣ ਦੀ ਬਜਾਏ ਹੇਠਾਂ ਡਿਗ ਪਿਆ ਹੈ।
‘ਮੰਗਤੀ` (1942) ਫਿਲਮ ਲਾਹੌਰ ਵਿਚ ਪੂਰਾ ਸਾਲ ਭਰ ਲੱਗੀ ਰਹੀ ਸੀ। ਵੰਡ ਤੋਂ ਬਾਅਦ ਸਭ ਤੋਂ ਵੱਧ ਚੱਲਣ ਵਾਲੀ ‘ਨਾਨਕ ਨਾਮ ਜਹਾਜ਼` (1969) ਆਪਣਾ ਵਿਸ਼ਾ ਵਸਤੂ ਨਿਰੋਲ ਧਾਰਮਿਕ ਹੋਣ ਦੇ ਬਾਵਜੂਦ ਅੰਮ੍ਰਿਤਸਰ ਵਿਚ ਕੁਝ ਮਹੀਨਿਆਂ ਤੋਂ ਵਧ ਨਹੀਂ ਚਲ ਸਕੀ। ਕੋਈ ਮੂਰਖ ਹੀ ਇਸ ਦਾ ਕਾਰਨ ‘ਦਰਸ਼ਕਾਂ ਦੀ ਸੂਝ ਅਤੇ ਸੁਹਜ ਦਾ ਵਿਕਾਸ` ਦੱਸ ਸਕੇਗਾ।
ਬਲਰਾਜ ਸਾਹਨੀ ਨੇ ‘ਪਵਿੱਤਰ ਪਾਪੀ` (1970) ਵਿਚ ਮੁਫ਼ਤ ਕੰਮ ਕਰ ਕੇ ਪੰਜਾਬੀ ਫਿਲਮਾਂ ਦੀ ਸੇਵਾ ਕੀਤੀ। ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਧਾਰਮਿਕ ਨਾਵਾਂ ਵਾਲੀਆਂ ਫਿਲਮਾਂ ਦਾ ਟੈਕਸ ਮਾਫ਼ ਕਰ ਕੇ ਪੰਜਾਬੀ ਫਿਲਮਾਂ ਦੀ ਸੇਵਾ ਕੀਤੀ। ਕਪੂਰ ਘਰਾਣੇ ਨੇ ਪੰਜਾਬੀ ਫਿਲਮਾਂ ‘ਚ ਲੱਤ ਨਾ ਅੜਾ ਕੇ ਪੰਜਾਬੀ ਫਿਲਮਾਂ ਦੀ ਸੇਵਾ ਕੀਤੀ। ਬਦਕਿਸਮਤੀ ਦੀ ਗੱਲ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਨੂੰ ਸੇਵਾਦਾਰ ਬਹੁਤ ਮਿਲਦੇ ਹਨ, ਸੂਝਵਾਨ ਨਹੀਂ।
ਮਸਾਂ ਜਿਹੇ ਸ਼ੁਕਰ ਕੀਤਾ ਸੀ ਕਿ ਪੰਜਾਬੀ ਫਿਲਮ ਦੇ ਮੋਢਿਆਂ ਉਤੋਂ ਘੱਗਰਿਆਂ, ਲਹਿੰਗਿਆਂ, ਨਕਲੀ ਕਿਸਮ ਦੇ ਨਾਚਾਂ, ਹਟਵਾਣੀਆਂ ਦੇ ਪੁੱਤਾਂ ਵਰਗੇ ਨਾਇਕਾਂ ਅਤੇ ਪਰਾਲੀ ਦੇ ਢੇਰਾਂ ਦਾ ਭਾਰ ਲੱਥਾ ਪਰ ਉਸ ਦੀ ਥਾਂ ਤੇ ਨਿਹੰਗਾਂ, ਭਾਈਆਂ, ਗੁਰਦਵਾਰਿਆਂ, ਬੇ-ਸਿਰ ਪੈਰ ਅੰਧ ਵਿਸ਼ਵਾਸੀ, ਕਥਾਵਾਂ ਅਤੇ ਕਾਲਜੀ ਭੰਗੜਿਆਂ ਦਾ ਭਾਰ ਪੈ ਗਿਆ। ਅਜੇ ਸ਼ੁਕਰ ਹੈ ਕਿ ਜਸੂਸੀ ਸ਼ਾਵਨਵਾਦੀ ਕਿਸਮ ਦੀ ਥੋਥੀ ਦੇਸ਼ ਭਗਤੀ ਅਤੇ ਪੇਂਡੂ ਕਥਾਵਾਂ ਦੀਆਂ ਜੜ੍ਹਾਂ ਨਹੀਂ ਲੱਗ ਸਕੀਆਂ ਪਰ ਕੀ ਕਿਹਾ ਜਾ ਸਕਦਾ ਹੈ (ਕਿ) ਇਨ੍ਹਾਂ ਰੋਗਾਂ ਤੋਂ ਮੁਕਤੀ ਦੀ ਉਮਰ ਕਿੰਨੀ ਕੁ ਹੈ।
ਤੁਸੀਂ ‘ਚੰਬੇ ਦੀ ਕਲੀ` (1965), ‘ਧੰਨਾ ਭਗਤ` (1974) ਜਾਂ ‘ਨਾਨਕ ਦੁਖੀਆ ਸਭ ਸੰਸਾਰ` (1970), ‘ਟਾਕਰਾ` (1976) ਜਾਂ ‘ਦਾਜ` (1976) ਵਿਚੋਂ ਕੋਈ ਫਿਲਮ ਤਾਂ ਵੇਖੀ ਹੀ ਹੋਵੇਗੀ। ਜੇ ਨਹੀਂ ਵੇਖੀ ਤਾਂ ਸਰ ਜੋਗਿੰਦਰ ਸਿੰਘ, ਭਾਈ ਵੀਰ ਸਿੰਘ ਜਾਂ ਨਾਨਕ ਸਿੰਘ ਦਾ ਕੋਈ ਨਾਵਲ ਤਾਂ ਪੜ੍ਹਿਆ ਹੀ ਹੋਵੇਗਾ। ਜੇ ਤੁਸੀਂ ਦੋਹਾਂ ‘ਚੋਂ ਕੋਈ ਕੰਮ ਵੀ ਨਹੀਂ ਕੀਤਾ ਤਾਂ ਤੁਸੀਂ ਆਪਣੀ ਕਿਸਮਤ ੳਤੇ ਮਾਣ ਕਰ ਸਕਦੇ ਹੋ।
ਤੁਸੀਂ ਜਾਣਦੇ ਹੋ ਕਿ ਜਾਂ ਤਾਂ ਪੰਜਾਬ ਦੇ ਮੁੰਡੇ ਅਨਪੜ੍ਹ ਹੁੰਦੇ ਹਨ ਜਾਂ ਕੁੜੀਆਂ। ਕੋਈ ਇਕ ਧਿਰ ਕਾਲਜ ‘ਚੋਂ ਪੜ੍ਹਾਈ ਖਤਮ ਕਰਕੇ ਤਾਂਗੇ ਜਾਂ ਰੇਲ ਵਿਚ ਪਿੰਡ ਆਉਂਦੀ ਹੈ। ਘਰ ਵੜਨ ਤੋਂ ਪਹਿਲਾਂ ਹੀ ਉਸ ਦਾ ਟਾਕਰਾ ਕੁਦਰਤੀ ਤੌਰ ‘ਤੇ ਅਨਪੜ੍ਹ ਸੁੰਦਰੀ ਜਾਂ ਸੁੰਦਰੇ ਨਾਲ ਹੋ ਜਾਂਦਾ ਹੈ। ਉਨ੍ਹਾਂ ਵਿਚ ਹਲਕੀ ਜਿਹੀ ਝੜਪ ਹੋਣਾ ਵੀ ਕੋਈ ਜੁਰਮ ਨਹੀਂ। ਅਗਲਾ ਸਾਮਾਨ ਘਰ ਰੱਖੇਗਾ ਅਤੇ ਖੇਤਾਂ ਵੱਲ ਹਵਾ ਖ਼ੋਰੀ ਲਈ ਭਲਾ ਕਿਉਂ ਨਾ ਜਾਵੇ? ਜਿਥੇ ਫ਼ਸਲਾਂ, ਖੂਹਾਂ, ਮੱਝਾਂ ਜਾਂ ਦੇਸ਼ ਦੀ ਸੁੰਦਰਤਾ ਅਤੇ ਇਤਿਹਾਸਕ ਗੌਰਵ ਬਾਰੇ ਗੀਤ ਹਵਾ ਵਿਚ ਤਰ ਰਹੇ ਹੁੰਦੇ ਹਨ। ਉਸ ਤੋਂ ਮਗਰੋਂ ਕੁਝ ਵੀ ਹੋ ਸਕਦਾ ਹੈ। ਕਿਸੇ ਗੁੰਡੇ (ਉਹ ਕਦਾਚਿਤ ਜਾਗੀਰਦਾਰ ਜਾਂ ਭ੍ਰਿਸ਼ਟ ਅਧਿਕਾਰੀ ਨਹੀਂ ਹੋਵੇਗਾ) ਨਾਲ ਵੈਰ ਦਾ ਮੱਢ ਪਹਿਲਾਂ ਵੀ ਬੱਝ ਸਕਦਾ ਹੈ ਜਾਂ ਝੜਪ ਵਾਲੇ ਜਣੇ ਜਣੀ ਨਾਲ ਇਸ਼ਕ ਸ਼ੁਰੂ ਹੋਣ ਤੋਂ ਮਗਰੋਂ ਕੋਈ ਫ਼ਰਕ ਨਹੀਂ ਪੈਂਦਾ, ਹੁਣ ਨਾਚ ਗਾਣੇ ਅਤੇ ਲੜਾਈਆਂ, ਬਾਂਹ ਵਿਚ ਬਾਂਹ ਪਾਈ ਨਾਇਕ ਅਤੇ ਨਾਇਕਾ ਹੈ, ਹੂਟੇ ਦਿੰਦੇ ਰਹਿਣਗੇ। ਅਖ਼ੀਰ ਵਿਚ ਪਿਆਰ ਅਤੇ ਸਚਾਈ ਦਾ ਮੂੰਹ ਕਾਲਾ ਹੋਣੋਂ ਤਾਂ ਰਿਹਾ, ਬੁਰਾਈ ਦਾ ਹੀ ਹੋਵੇਗਾ ਜਾਂ ਇੰਝ ਵੀ ਹੋ ਸਕਦਾ ਹੈ ਕਿ ਕੋਈ ਸੱਚੇ ਪਾਤਸ਼ਾਹ ਦਾ ਭਗਤ ਆਪਣੀ ਲਗਨ ਵਿਚ ਨੇਕੀ ਦੇ ਰਾਹ ਤੁਰਿਆ ਜਾਂਦਾ ਦਿਸੇਗਾ। ਭਗਤਾਂ ਦਾ ਕੋਈ ਕਾਲ ਤਾਂ ਨਹੀਂ ਦੁਨੀਆ ਤੇ। ਬਿਪਤਾ ਭਾਵੇਂ ਕੁਦਰਤੀ ਹੋਵੇ ਜਾਂ ਗ਼ੈਰ-ਕੁਦਰਤੀ ਅਚਨਚੇਤ ਕਰਾਮਾਤ ਨਾਲ ਅਹੁ ਦੀ ਅਹੁ ਜਾਵੇਗੀ। ਇਸ ਸਾਰੇ ਚੱਕਰ ਦੇ ਵਿਚ ਕਿਸੇ ਨੌਜਵਾਨ ਅਤੇ ਖ਼ੂਬਸੂਰਤ ਜੋੜੀ ਦਾ ਪਿਆਰ ਪੈ ਕੇ ਸੰਕਟਾਂ ਨੂੰ ਕੁਚਲਦਾ ਹੋਇਆ ਸਿਰੇ ਚੜ੍ਹ ਜਾਵੇਗਾ। ਇਹੋ ਕੁਝ ਹੈ ਬੱਸ, ਜੋ ਪੰਜਾਬ ਵਿਚ ਘਟਦਾ ਜਾਂ ਘਟ ਸਕਦਾ ਹੈ।
ਖ਼ੈਰ ਉਨ੍ਹਾਂ ਸਮੱਸਿਆਵਾਂ ਦਾ ਰੰਡੀ ਰੋਣਾ ਜਾਇਜ਼ ਨਹੀਂ ਜੋ ਕੇਵਲ ਪੰਜਾਬੀ ਨਹੀਂ ਸਗੋਂ ਸਮੁੱਚੀ ਹਿੰਦੀ ਫਿਲਮ ਇੰਡਸਟਰੀ ਦੀਆਂ ਹਨ। ਬੜੇ ਚਿਰ ਤੋਂ ਹਿੰਦੀ ਦੇ ਫਿਲਮ ਪੱਤਰਕਾਰ ਇਨ੍ਹਾਂ ਰੁਝਾਨਾਂ ਨੂੰ ਇਕੋ ਸਮੇਂ ਨਿੰਦਦੇ ਤੇ ਹਵਾ ਦਿੰਦੇ ਆ ਰਹੇ ਹਨ ਪਰ ਹਿੰਦੀ ਇੰਡਸਟਰੀ ਦੇ ਮਹਾਂ ਅਸਰ ਦੇ ਬਾਵਜੂਦ ਬੰਗਾਲੀ, ਮਲਿਆਲਮ ਆਦਿ ਬੋਲੀਆਂ ਵਿਚ ਚੰਗੀਆਂ ਫਿਲਮਾਂ ਬਣੀਆਂ ਹਨ ਅਤੇ ਉਨ੍ਹਾਂ ਸੂਬਿਆਂ ਦੇ ਦਰਸ਼ਕ ਵੀ ਪੰਜਾਬੀਆਂ ਨਾਲੋਂ ਬਹੁਤੇ ਸੁਧਰੇ ਅਤੇ ਵਿਕਸੇ ਹੋਏ ਨਹੀਂ ਹਨ।
ਪੰਜਾਬੀ ਦੀ ਕਿਸੇ ਵੀ ਫਿਲਮੀ ਹਸਤੀ ਨੂੰ ਸ਼ਿਕਾਇਤ ਕਰਨ ਦਾ ਹੱਕ ਨਹੀਂ ਕਿ ਚੰਗੀ ਫਿਲਮ ਫਲਾਪ ਹੋ ਜਾਂਦੀ ਹੈ ਕਿਉਂਕਿ ਕਦੀ ਕਿਸੇ ਬਣਾਈ ਹੀ ਨਹੀਂ। ਕੁਝ ਇਕ ਹਿੰਦੀ ਵਿਚ ਹੋਏ ਤਜਰਬਿਆਂ ਦੇ ਹਸ਼ਰ ਨੂੰ ਪੰਜਾਬੀ ਜਨਤਾ ਦੇ ਖ਼ਾਹ-ਮੁਖ਼ਾਹ ਸਿਰ ਮੜ੍ਹਨਾ ਉਸ ਨਾਲ ਧੱਕਾ ਹੈ। ਗਿਣਤੀ ਦੀਆਂ ਵਧੀਆ ਹਿੰਦੀ ਫਿਲਮਾਂ ਦੇ ਅਸਫਲ ਰਹਿ ਜਾਣ ਕਾਰਨ ਫੌਰੀ ਤੌਰ ਤੇ ਭੂਗੋਲਿਕ ਅਤੇ ਸਾਧਾਰਨ ਤੌਰ ‘ਤੇ ਸਿਆਸੀ ਹਨ। ਉਹ ਕਾਰਨ ਸੂਬਾਈ ਬੋਲੀਆਂ ਦੀਆਂ ਫਿਲਮਾਂ ਉਤੇ ਇੰਨ ਬਿੰਨ ਲਾਗੂ ਨਹੀਂ ਹੁੰਦੇ।
ਧਰਮ ਅਤੇ ਦੇਸ਼ ਦੇ ਪ੍ਰਬੰਧਕ ਇਹ ਨਹੀਂ ਸਮਝਦੇ ਕਿ ਮੁਨਾਫ਼ਾ ਖ਼ੋਰੀ ਤਾਂ ਆਪਣੇ ਤੱਤ ਰੂਪ ਵਿਚ ਹੀ ਧਾਰਮਿਕਤਾ ਅਤੇ ਦੇਸ਼ ਪ੍ਰੇਮ ਦੀ ਦੁਸ਼ਮਣ ਹੈ। ਜੇ ਮੁਨਾਫ਼ਾ ਖ਼ੋਰੀ ਹੈ ਤਾਂ ਦੂਜੀਆਂ ਦੋਵੇਂ ਚੀਜ਼ਾਂ ਨਹੀਂ ਹੋਣਗੀਆਂ। ਜੇ ਉਹ ਹਨ ਤਾਂ ਮੁਨਾਫ਼ਾ ਖ਼ੋਰ ਹੀ ਇਨ੍ਹਾਂ ਵਿਸ਼ਿਆਂ ਉਤੇ ਫਿਲਮ ਬਣਾ ਰਹੇ ਹਨ ਤਾਂ ਉਹ ਜ਼ਰੂਰ ਇਨ੍ਹਾਂ ਵਿਸ਼ਿਆਂ ਵਿਚ ਭੰਨ ਤੋੜ ਕਰਨਗੇ। ਉਨ੍ਹਾਂ ਨੂੰ ਦੂਸ਼ਿਤ ਕਰ ਕੇ ਆਪਣੇ ਹਿੱਤਾਂ ਲਈ ਵਰਤਣਗੇ। ਇਥੇ ਜੇ ‘ਹਕੀਕਤ` ਅਤੇ ‘ਉਪਕਾਰ` ਵਰਗੀਆਂ ਫਿਲਮਾਂ ਬਣਦੀਆਂ ਹਨ ਤਾਂ ਕੇਂਦਰ ਸਰਕਾਰ ਟੈਕਸ ਮਾਫ਼ ਕਰ ਦਿੰਦੀ ਹੈ, ਜੇ ‘ਨਾਨਕ ਨਾਮ ਜਹਾਜ਼` ਬਣਦੀ ਹੈ ਤਾਂ ਸਿੰਘ ਜੁੱਤੀ ਲਾਹ ਕੇ ਅੰਦਰ ਵੜਦੇ ਹਨ।
ਮੁਨਾਫ਼ਾ ਖ਼ੋਰੀ ਦਾ ਜਿੰਨ ਕਿਸੇ ਵੀ ਵਾਦ ਨੂੰ, ਸਿਆਸਤ, ਧਰਮ, ਕਾਨੂੰਨ, ਸਾਹਿਤ ਅਤੇ ਕਲਾ ਨੂੰ ਆਪਣੇ ਸ਼ਿਕਾਰ ਫਾਹੁਣ ਲਈ ਵਰਤ ਸਕਦਾ ਹੈ। ਬਲਰਾਜ ਸਾਹਨੀ ਵਰਗੀ ਸੇਵਾਦਾਰੀ ਭਾਵਨਾ ਮੱਖੀ ਬਣ ਕੇ ਕੰਧ ਨਾਲ ਲੱਗੀ ਰਹੇਗੀ। ਲੋਕ ਤਾੜੀਆਂ, ਸੀਟੀਆਂ ਅਤੇ ਹੰਝੂਆਂ ਨਾਲ ਪਿੰਜਰੇ ਨੂੰ ਥਿਏਟਰ ਸਮਝ ਕੇ ਵੜਦੇ ਨਿਕਲਦੇ ਰਹਿਣਗੇ। ਲੋਕਾਂ ਕੋਲ ਧੁਰ ਤੋਂ ਇਹ ਭੰਡਾਰ ਰਹੇ ਹਨ ਤੇ ਰਹਿਣਗੇ।
ਚਿਰਾਂ ਤੋਂ ਅੰਮ੍ਰਿਤਾ ਪ੍ਰੀਤਮ ਦੀ ਸਲਾਹ ਬਣਦੀ ਪਈ ਹੈ ਕਿ ਪਿੰਜਰ ਨਾਵਲ ਦੇ ਆਧਾਰ ਉਤੇ ਪੰਜਾਬੀ ਫਿਲਮ ਬਣਾਵੇ। ਫਿਲਮ ਕਾਰਪੋਰੇਸ਼ਨ ਤੋਂ ਉਹਨੂੰ ਲੋੜੀਂਦਾ ਆਰਥਿਕ ਸਹਿਯੋਗ ਨਹੀਂ ਮਿਲਿਆ। ਬੰਬਈ ਦੇ ਬਹੁਤ ਸਾਰੇ ਪੰਜਾਬੀ ਡਰਾਮਾ ਕਲਾਕਾਰ ਅਦਾਕਾਰੀ ਤੇ ਸਾਹਿਤ ਦੇ ਨੇੜਲੇ ਰਿਸ਼ਤੇਦਾਰ ਰਹੇ ਹਨ। ਨੋਰਾ ਰਿਚਰਡ ਰੰਗ ਮੰਚ ਦੀ ਪ੍ਰਤਿਭਾਵਾਨ ਅਦਾਕਾਰਾ ਜਸਵੰਤ ਕੌਰ ਦਮਨ ਵੀ ਫਿਲਮੀ ਪਰਦੇ ਤੱਕ ਜਾ ਪੁੱਜੀ ਹੈ। ਜਗਜੀਤ ਚੂਹੜਚੱਕ ਪਹਿਲਾਂ ਤੋਂ ਹੀ ਗਾਹੇ-ਬਗਾਹੇ ਨਿੱਕੇ ਮੋਟੇ ਪੰਜਾਬੀ ਰੋਲ ਕਰਦਾ ਆ ਰਿਹਾ ਹੈ। ਕੁਝ ਕੁ ਸਮੇਂ ਤੋਂ ਪੰਜਾਬ ਸਰਕਾਰ ਨੇ ਵੀ ਪੰਜਾਬੀ ਫਿਲਮ ਬਾਰੇ ਵਧੇਰੇ ਗ਼ੌਰ ਨਾਲ ਵਿਚਾਰਨਾ ਸ਼ੁਰੂ ਕੀਤਾ ਹੋਇਆ ਹੈ। ਇਹ ਸਭ ਅਸਮਾਨ ਖੁੱਲ੍ਹਣ ਦੇ ਲੱਛਣ ਹਨ ਪਰ ਗਧੇ ਅਤੇ ਬਾਂਦਰ ਵੀ ਅਵੇਸਲੇ ਨਹੀਂ; ਉਹ ਸੁਦਾਗਰ ਤੋਂ ਪਹਿਲਾਂ ਹੀ ਦੁਆ ਮੰਗਣ ਲਈ ਤਤਪਰ ਹਨ।
ਪਿਛੇ ਜਿਹੇ ਬੂਟਾ ਸਿੰਘ ਸ਼ਾਦ ਨੇ ‘ਧਰਤੀ ਸਾਡੀ ਮਾਂ`(1976) ਬਣਾ ਲਈ, ਕੱਲ੍ਹ ਨੂੰ ਧਰਤੀ ਸਾਡੀ ਭੂਆ ਬਣ ਸਕਦੀ ਹੈ ਪਰ ਕਾਸ਼! ਕਦੀ ਇਹ ਮਨੁੱਖਾਂ ਦੇ ਰਹਿਣ ਲਈ ਥਾਂ ਬਣ ਸਕੇ।