ਸੁਹਂਾਜਣੇ ਦੇ ਸੁਆਦੇ

ਬਲਜੀਤ ਬਾਸੀ
ਫੋਨ: 734-259-9353
7 ਸਤੰਬਰ ਵਾਲੇ ‘ਪੰਜਾਬ ਟਾਈਮਜ਼’ ਦੇ ਅੰਕ ਵਿਚ ਤਰਲੋਚਨ ਸਿੰਘ ਦੁਪਾਲਪੁਰ ਨੇ ਇੱਕ ਆਲੇਖ ਵਿਚ ਆਪਣੇ ਰਿਹਾਇਸ਼ੀ ਸ਼ਹਿਰ ਸੈਨਹੋਜ਼ੇ ਵਿਚ ਲਗਦੀ ਹਫ਼ਤਾਵਾਰੀ ਕਿਸਾਨ ਮੰਡੀ ਵਿਚ ਵਿਕ ਰਹੀਆਂ ਇਕ ਬੂਟੇ ਦੀਆਂ ਪੱਤੀਆਂ ਵਾਲੀਆਂ ਗੁੱਛੀਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਉਪਰ ਅੰਗਰੇਜ਼ੀ ਵਿਚ ‘ਮੋਰਿੰਗਾ’ ਦਾ ਟੈਗ ਲੱਗਾ ਹੋਇਆ ਸੀ।

ਉਨ੍ਹਾਂ ਨੂੰ ਸ਼ੱਕ ਪਿਆ ਕਿ ਇਹ ਪੌਦਾ ਉਨ੍ਹਾਂ ਦੇਖਿਆ ਹੋਇਆ ਹੈ ਤੇ ਇਹ ਕੋਈ ਹੋਰ ਨਹੀਂ ਬਲਕਿ ਦੇਸ ਵਿਚ ਉਨ੍ਹਾਂ ਦੇ ਘਰ ਉਗਿਆ ਸੁਹਾਂਜਣਾ ਹੋ ਸਕਦਾ ਹੈ। ਉਨ੍ਹਾਂ ‘ਮਹਾਨਕੋਸ਼’ ਦੀ ਸਹਾਇਤਾ ਨਾਲ ਸੁਹਾਂਜਣਾ ਸ਼ਬਦ ਦੇ ਇੰਦਰਾਜ਼ `ਤੇ ਨਿਗਾਹ ਮਾਰੀ ਤਾਂ ਉਸ ਵਿਚ ਇਸ ਸ਼ਬਦ ਦਾ ਅੰਗਰੇਜ਼ੀ ਵਿਚ ਬਦਲ ੰੋਰਨਿਗਅ ਹੀ ਦਰਜ ਸੀ। ਦੁਪਾਲਪੁਰ ਸਾਹਿਬ ਦੇ ਬੁੱਲ੍ਹਾਂ `ਤੇ ਉਂਗਲੀ ਧਰੀ ਗਈ ਕਿ ਇੱਕ ਦੇਸੀ ਜਿਹਾ ਪੌਦਾ ਅਮਰੀਕਾ ਵਿਚ ਵੀ ਉਗਦਾ ਹੈ, ਇਸ ਦੀਆਂ ਪੱਤੀਆਂ ਦੁਨੀਆ ਭਰ ਦੇ ਉਨਤ ਸ਼ਹਿਰ ਸੈਨਹੋਜ਼ੇ ਵਿਚ ਵਿਕ ਰਹੀਆਂ ਹਨ ਤੇ ਲੋਕ ਇਸਨੂੰ ਖਰੀਦ ਰਹੇ ਹਨ, ਨਿਸਚੇ ਹੀ ਖਾਣ ਲਈ। ਉਹ ਤਾਂ ਦੇਸ ਵਿਚ ਇਸ ਦੇ ਪੌਦੇ ਨੂੰ ਨਹਿਸ਼ ਜਿਹਾ ਸਮਝਦਿਆਂ ਇਸ ਨੂੰ ਹਿਕਾਰਤ ਨਾਲ ਹੀ ਤੱਕਦੇ ਰਹੇ ਸਨ। ਜੇ ਅਮਰੀਕੀ ਲੋਕ ਇਸ ਦਾ ਸੇਵਨ ਕਰਦੇ ਹਨ ਤਾਂ ਜ਼ਰੂਰ ਕੋਈ ਖਾਸ ਗੱਲ ਹੋਵੇਗੀ। ਅੱਜ ਅਸੀਂ ਇਸ ਭੇਤ ਦੀ ਪੜਤਾਲ ਕਰਾਂਗੇ ਤੇ ਇਸ ਦੀ ਵੀ ਕਿ ਇਸਦੇ ਨਾਵਾਂ ਤੋਂ ਇਸ ਦੇ ਕੁਝ ਇੱਕ ਗੁਣਾਂ ਦਾ ਕਿਵੇਂ ਪਤਾ ਲੱਗਦਾ ਹੈ।
ਸੁਹਾਂਜਣਾ ਮੂਲੋਂ ਮੁਢੋਂ ਦੱਖਣ-ਏਸ਼ੀਆ ਦਾ ਹੀ ਦਰਖਤ ਹੈ ਜਿਥੋਂ ਇਹ ਹੋਰ ਖਿੱਤਿਆਂ ਖਾਸ ਤੌਰ ‘ਤੇ ਅਫਰੀਕੀ ਮਹਾਂਦੀਪ ਵਿਚ ਜਾ ਪਹੁੰਚਿਆ। ਕ੍ਰਮ-ਵਿਗਿਆਨਕ ਤੱਥ ਹੈ ਕਿ ਕੋਈ ਵੀ ਬਨਸਪਤੀ ਇੱਕ ਸਮੇਂ ਇਕੋ ਭੂ-ਖੇਤਰ ਵਿਚ ਉਤਪੰਨ ਹੁੰਦੀ ਹੈ ਤੇ ਉਥੋਂ ਕਈ ਮਾਧਿਅਮਾਂ/ਸਾਧਨਾਂ ਰਾਹੀਂ ਹੋਰ ਖਿੱਤਿਆਂ ਵਿਚ ਫੈਲਦੀ ਹੈ। ਮਿਸਾਲ ਵਜੋਂ ਪਰਾ-ਇਤਿਹਾਸਕ ਕਾਲ ਵਿਚ ਕਾਲੀ ਮਿਰਚ (ਸੰਸਕ੍ਰਿਤ ਪਿਪਲੀ>ਅੰਗਰੇਜ਼ੀ ਪੈਪਰ) ਦੱਖਣੀ ਭਾਰਤ ਅਤੇ ਟਮਾਟਰ ਦੱਖਣੀ ਅਮਰੀਕਾ ਵਿਚ ਉਗਮੇਂ ਤੇ ਉਥੋਂ ਦੂਰ ਦੇਸ਼ਾਂ ਵਿਚ ਫੈਲੇ। ਏਥੇ ਤੱਕ ਕਿ ਇਨ੍ਹਾਂ ਦੇ ਨਾਂ ਵੀ ਇਸ ਤੱਥ ਦੀ ਗਵਾਹੀ ਭਰਦੇ ਹਨ। ਭਾਰਤ ਨੂੰ ਸੁਹਾਂਜਣਾ ਦੀ ਜਨਮ ਭੂਮੀ ਮੰਨਿਆ ਜਾਂਦਾ ਹੈ। ਉਤਰੀ ਭਾਰਤ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਇਸਦੇ ਦਰਖਤ ਆਮ ਮਿਲਦੇ ਹਨ। ਪਰ ਇਸ ਦੀ ਖਾਣ ਵਜੋਂ ਵਰਤੋਂ ਵਧੇਰੇ ਕਰਕੇ ਦੱਖਣੀ ਭਾਰਤ ਵਿਚ ਹੀ ਹੁੰਦੀ ਹੈ, ਉਤਰੀ ਭਾਰਤ ਵਿਚ ਇਸ ਪ੍ਰਤੀ ਆਮ ਨਜ਼ਰੀਆ ਦੁਪਾਲਪੁਰੀ ਜਿਹਾ ਹੀ ਹੈ। ਮੈਨੂੰ ਡੋਸਾ ਖਾਣਾ ਬਹੁਤ ਚੰਗਾ ਲਗਦਾ ਹੈ ਤੇ ਜ਼ੋਰ ਪਾ ਕੇ ਮੈਂ ਘਰਵਾਲੀ ਨੂੰ ਇਹ ਪਕਵਾਨ ਬਣਾਉਣ ਲਈ ਮਿੰਨਤ ਤਰਲਾ ਕਰਦਾ ਰਹਿੰਦਾ ਹਾਂ। ਇੱਕ ਦਿਨ ਮੈਂ ਇਸਦੀ ਫਰਮਾਇਸ਼ ਕੀਤੀ ਤਾਂ ਉਸ ਨੇ ਮੂੰਹ ਬਣਾ ਕੇ ਕਿਹਾ ਕਿ ਕਿਵੇਂ ਬਣਾ ਸਕਦੀ ਹਾਂ, ਘਰ ਵਿਚ ਡਰੱਮ ਸਟਿੱਕਸ ਤਾਂ ਹੈ ਹੀ ਨਹੀਂ ਹਨ। ਡਰੱਮ ਸਟਿੱਕਸ ਸੁਹਾਂਜਣੇ ਦੀਆਂ ਫਲੀਆਂ ਨੂੰ ਆਖਦੇ ਹਨ ਜੋ ਢੋਲ ਦੇ ਡੱਗੇ ਵਾਂਗ ਲੰਮੀਆਂ ਹੁੰਦੀਆਂ ਹਨ ਜਿਸ ਕਰਕੇ ਇਨ੍ਹਾਂ ਦਾ ਇਹ ਨਾਂ ਪਿਆ। ਇਹ ਡੋਸੇ ਨਾਲ ਪਰੋਸੀ ਜਾਣ ਵਾਲੀ ਸ਼ੈਅ ਸਾਂਬਰ ਦਾ ਜ਼ਰੂਰੀ ਅੰਸ਼ ਹੁੰਦੀਆਂ ਹਨ। ਉਥੇ ਇਸਦਾ ਅਚਾਰ ਵੀ ਪਾਇਆ ਜਾਂਦਾ ਹੈ। ਮੇਰਾ ਨਿੱਜੀ ਤਜਰਬਾ ਹੈ ਕਿ ਦੱਖਣ ਭਾਰਤੀ ਹਰ ਪਕਵਾਨ ਵਿਚ ਤਰ੍ਹਾਂ-ਤਰ੍ਹਾਂ ਦੇ ਪੱਤਿਆਂ ਦੀ ਖਾਸੀ ਵਰਤੋਂ ਕਰਦੇ ਹਨ, ਪੰਜਾਬੀਆਂ ਵਾਂਗ ਨਹੀਂ ਜੋ ਹਰ ਖਾਣਯੋਗ ਹਰਿਆਈ ਸਾਗ ਵਿਚ ਹੀ ਭਸਮ ਕਰ ਦਿੰਦੇ ਹਨ। ਅਮਰੀਕਾ ਦੇ ਭਾਰਤੀ ਸਟੋਰਾਂ ਵਿਚ ਇਹ ਅਤੇ ਸੁਹਾਂਜਣੇ ਦੀਆਂ ਪੱਤੀਆਂ ਡੱਬੇ ਬੰਦ ਜਾਂ ਤਾਜ਼ੀਆਂ ਖੁੱਲ੍ਹੇ ਤੌਰ ‘ਤੇ ਆਮ ਵਿਕਣ ਲੱਗ ਪਈਆਂ ਹਨ ਕਿਉਂਕਿ ਇਸ ਦੇਸ਼ ਵਿਚ ਦੱਖਣ ਭਾਰਤੀ ਪਰਵਾਸੀ, ਖਾਸ ਤੌਰ ‘ਤੇ ਵਿਦਿਆਰਥੀ ਧੜਾ-ਧੜ ਵਸਣ ਲੱਗ ਪਏ ਹਨ। ਅਮਰੀਕਾ ਦੇ ਕਈ ਇਲਾਕਿਆਂ ਵਿਚ ਇਸਦੇ ਦਰੱਖਤ ਪਾਏ ਜਾਂਦੇ ਹਨ।
ਸੁਹਾਂਜਣੇ ਦੇ ਪੱਤਿਆਂ ਦਾ ਪਊਡਰ, ਬੀਜਾਂ ਦਾ ਤੇਲ, ਗੂੰਦ ਅਤੇ ਗੋਲੀਆਂ ਦੀ ਦਵਾਈ ਦੇ ਤੌਰ ‘ਤੇ ਆਮ ਵਿਕਰੀ ਹੋ ਰਹੀ ਹੈ। ਬਹੁਤ ਬੀਮਾਰੀਆਂ ਦੇ ਇਲਾਜ ਵਜੋਂ ਸੁਹਾਂਜਣਾ ਦਰੱਖਤ ਦੇ ਹਰ ਭਾਗ ਦੀ ਵਰਤੋਂ ਦਾ ਬਹੁਤ ਪਰਚਾਰ ਹੋਣ ਲੱਗ ਪਿਆ ਹੈ, ਖਾਸ ਤੌਰ ‘ਤੇ ਭਾਰਤ ਵਿਚ ਸੱਜ-ਪਿਛਾਖੜੀ, ਸੰਕੀਰਣ ਰਾਸ਼ਟਰਵਾਦੀ ਸਰਕਾਰ ਦੇ ਗਠਨ ਪਿੱਛੋਂ, ਜੋ ਕਿ ਭਾਰਤ ਵਿਚ ਪੈਦਾ ਹੋਈ ਤੇ ਹੁਣ ਸਾਬਿਤ ਹੋ ਚੁੱਕੀ ਅਣਵਿਗਿਆਨਕ ਇਲਾਜ ਪ੍ਰਣਾਲੀ ਆਯੁਰਵੇਦ ਦਾ ਬਹੁਤ ਢਿੰਡੋਰਾ ਪਿੱਟਣ ਲੱਗ ਪਈ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਇਸਦਾ ਸੇਵਣ ਸਿਰ ਦਰਦ, ਦਸਤ ਮਰੋੜ, ਖੂਨ ਦੀ ਕਮੀ, ਸ਼ੱਕਰ ਰੋਗ, ਚਮੜੀ ਰੋਗ, ਗੋਡਾ ਰੋਗ ਲਈ ਬੇਹੱਦ ਲਾਹੇਵੰਦ ਹੈ। ਗੱਲ ਕੀ ਸੁਹਾਂਜਣੇ ਨੂੰ ਹਜ਼ਾਰ ਬੀਮਾਰੀਆਂ ਲਈ ਸੁੰਢ ਦੀ ਗੱਠੀ ਦੱਸਿਆ ਜਾ ਰਿਹਾ ਹੈ। ਸਿਲਾਜੀਤ, ਹਲਦੀ, ਲਸਣ, ਧਨੀਆ ਆਦਿ ਦੀ ਪੌਸ਼ਟਿਕਤਾ ਅਤੇ ਉਪਚਾਰਿਕਤਾ ਦਾ ਕਿੰਨਾ ਸ਼ੋਰ-ਸ਼ਰਾਬਾ ਹੁੰਦਾ ਹੈ ਪਰ ਡਾਕਟਰੀ ਸਾਇੰਸ ਨੇ ਇਨ੍ਹਾਂ ਦੀ ਫੂਕ ਕੱਢ ਦਿੱਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੁਹਾਂਜਣਾ ਦਰਖਤ ਦੇ ਵਿਭਿੰਨ ਭਾਗਾਂ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਬੀ, ਸੀ, ਕੇ ਮੈਂਗਨੀਜ Lਅਤੇ ਬੀਟਾਕੈਰੋਟੀਨ ਹੁੰਦੇ ਹਨ, ਇਸਦੇ ਪੱਤਿਆਂ ਵਿਚ ਕੈਲਸ਼ੀਅਮ ਆਗਜ਼ਲੇਟ ਦੇ ਰੂਪ ਵਿਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਆਧੁਨਿਕ ਡਾਕਟਰੀ ਵਿਗਿਆਨ ਅਨੁਸਾਰ ਗੁਰਦਿਆਂ ਵਿਚ ਪੱਥਰੀ ਤੇ ਹੋਰ ਰੋਗ ਪੈਦਾ ਹੋਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ। ਇਸਦੇ ਸੇਵਨ ਨਾਲ ਖੂਨ ਵਿਚ ਚਰਬੀ ਦੀ ਮਾਤਰਾ ਵਧਣ ਕਾਰਨ ਦਿਲ ਰੋਗ ਦਾ ਖਤਰਾ ਹੋ ਸਕਦਾ ਹੈ ਤੇ ਇਸਦੀ ਵਿਹੁ ਕੈਂਸਰ ਹੋਣ ਅਤੇ ਗਰਭਪਾਤ ਦਾ ਕਾਰਨ ਬਣ ਸਕਦੀ ਹੈ। ਪ੍ਰਯੋਗਾਂ ਅਨੁਸਾਰ ਇਸਦੇ ਸਿਹਤ ਜਾਂ ਬੀਮਾਰੀ ਲਈ ਕੋਈ ਗੁਣਕਾਰੀ ਪ੍ਰਭਾਵ ਨਹੀਂ ਦੇਖੇ ਗਏ। ਦਿਲਚਸਪ ਗੱਲ ਹੈ ਕਿ ਇਕ ਭਾਸ਼ਾ ਵਿਚ ਇਸ ਬਨਸਪਤੀ ਲਈ ਵਿਹ ਸ਼ਬਦ ਵੀ ਮਿਲਦਾ ਹੈ। ਇਸ ਪੱਖੋਂ ਦੁਪਾਲਪੁਰੀ ਦੇ ਮੁਢਲੇ ਤੌਖਲੇ ਕੁਝ ਹੱਦ ਤੱਕ ਠੀਕ ਹੀ ਹਨ। ਅਸੀਂ ਇਸ ਲਿਖਤ ਦੇ ਸਿਰਲੇਖ ਵਿਚ ਸੁਆਦੇ ਸ਼ਬਦ ਦੀ ਵਰਤੋਂ ਐਵੇਂ ਨਹੀਂ ਕੀਤੀ। ਇਹ ਸ਼ਬਦ ਸੁਆਦ ਦਾ ਹੀ ਬਹੁਵਚਨ ਹੈ ਪਰ ਇਹ ਵਿਅੰਗਮਈ ਅਰਥਾਂ ਵਿਚ ਅਰਥਾਤ ਭੈੜੇ ਸੁਆਦ ਲਈ ਬੋਲਿਆ ਜਾਂਦਾ ਹੈ, ਐਨ ਇਸ ਤਰ੍ਹਾਂ ਜਿਵੇਂ ਅੱਜਕ੍ਹਲ ਖੇਲ ਤੋਂ ਬਣਿਆ ‘ਬੰਗਾਲੀ ਖੇਲਾ’ ਸ਼ਬਦ ਅਜੋਕੀ ਭਾਰਤੀ ਰਾਜਨੀਤੀ ਵਿਚ ਵਰਤਿਆ ਜਾਣ ਲੱਗਾ ਹੈ।
ਪਿਛੇ ਅਸੀਂ ਦੱਸਿਆ ਹੈ ਕਿ ਇਸ ਦੀਆਂ ਫਲੀਆਂ ਨੂੰ ਡਰੱਮ ਸਟਿੱਕਸ ਵੀ ਕਿਹਾ ਜਾਂਦਾ ਹੈ। ਦਰਅਸਲ ਇਸ ਦੇ ਦਰਖਤ ਲਈ ਵੀ ਅੰਗਰੇਜ਼ੀ ਵਿਚ ਹੋਰ ਸ਼ਬਦਾਂ ਦੇ ਨਾਲ ਨਾਲ ਇਹ ਸ਼ਬਦ ਵਰਤਿਆ ਜਾਂਦਾ ਹੈ। ਕੰਪਨੀ ਰਾਜ ਦੌਰਾਨ ਮਦਰਾਸ ਪਰੈਜ਼ੀਡੈਂਸੀ ਵਿਖੇ ਅੰਗਰੇਜ਼ਾਂ ਨੇ ਇਸ ਦੀਆਂ ਲੰਮੀਆਂ-ਲੰਮੀਆਂ ਫਲੀਆਂ ਦੇਖ ਕੇ ਇਸ ਨੂੰ ਇਹ ਲਕਬ ਬਖਸ਼ਿਆ। ਅਮਰੀਕਾ ਵਿਚ ਮੁਰਗੇ ਦੀਆਂ ਮੀਟ ਵਜੋਂ ਵਰਤੀਆਂ ਜਾਂਦੀਆਂ ਟੰਗਾਂ ਨੂੰ ਵੀ ਡਰੱਮ ਸਟਿੱਕਸ ਕਿਹਾ ਜਾਂਦਾ ਹੈ। ਮੂਲੀ ਪਰਿਵਾਰ ਦੇ ਇਕ ਪੌਦੇ ਤੇ ਇਸਦੀ ਮੋਟੀ ਜੜ੍ਹ ਨੂੰ ਅੰਗਰੇਜ਼ੀ ਵਿਚ ਹੌਰਸ ਰੈਡਿਸ਼ (ਹੋਰਸੲਰਅਦਸਿਹ) ਕਿਹਾ ਜਾਂਦਾ ਹੈ ਜੋ ਕਿ ਇਸ ਦਰਖਤ ਦੀਆਂ ਜੜ੍ਹਾਂ ਵਾਂਗ ਮੂੰਹ ਵਿਚ ਕਸੈਲਾਪਣ, ਨੱਕ ਵਿਚ ਧੁੜਧੁੜੀ ਤੇ ਅੱਖਾਂ ਵਿਚ ਹੰਝੂ ਲਿਆ ਦਿੰਦਾ ਹੈ। ਸੁਹਾਂਜਣੀ ਦੀ ਵੀ ਅਜਿਹੀ ਉਗਰਤਾ ਅਤੇ ਮੂਲੀ ਵਰਗੀ ਮੋਟੀ ਜੜ੍ਹ ਕਾਰਨ ਅੰਗਰੇਜ਼ੀ ਵਿਚ ਇਸਨੂੰ ਹੌਰਸ ਰੈਡਿਸ਼ ਟਰੀ ਵੀ ਕਿਹਾ ਜਾਂਦਾ ਹੈ। ਇਸ ਦੀਆਂ ਜੜ੍ਹਾਂ ਜਟਾਂ ਵਰਗੀਆਂ ਗੁੰਝਲਦਾਰ ਵੀ ਹੁੰਦੀਆਂ ਹਨ ਇਸ ਲਈ ਇਸਨੂੰ ਬਹੁਮੂLਲੀ ਵੀ ਕਿਹਾ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਗੋਰਿਆਂ ਵਲੋਂ ਦਿੱਤਾ ਸ਼ਬਦ ‘ਮੋਰਿੰਗਾ’ ਵੀ ਦਰਅਸਲ ਮੁੱਢਲੇ ਤੌਰ `ਤੇ ਭਾਰਤੀ ਭਾਸ਼ਾ ਪਰਿਵਾਰ ਦਰਾਵਿੜ ਨਾਲ ਸਬੰਧ ਰੱਖਦਾ ਹੈ ਜੋ ਕਿ ਬਹੁਤਾ ਦੱਖਣੀ ਭਾਰਤ ਵਿਚ ਹੀ ਪੈਦਾ ਹੁੰਦਾ ਜਾਂ ਉਗਾਇਆ ਜਾਂਦਾ ਹੈ। ਇਹ ਤਾਮਿਲ ਭਾਸ਼ਾ ਦੇ ਮੁਰੁੰਕਈ ਸ਼ਬਦ ਤੋਂ ਬਣਾਇਆ ਗਿਆ। ਹੋਰ ਦਰਾਵੜੀ ਭਾਸ਼ਾਵਾਂ ਵਿਚ ਮੁਰੰਗੀ, ਮੁਨੁੰਗਾ, ਮੁਰੁੰਗਾ, ਮੁਨਗਾ, ਮੂੰਗਾ ਆਦਿ ਜਿਹੇ ਸ਼ਬਦ ਮਿਲਦੇ ਹਨ। ਹਿੰਦੀ ਵਿਚ ਇਸ ਤੋਂ ਬਣਿਆ ਸ਼ਬਦ ਮੁਗਨਾ ਕਈ ਲਿਖਤਾਂ ਵਿਚ ਮਿਲਦਾ ਹੈ। ਮੁਰੁੰਕਈ ਸ਼ਬਦ ਬਣਿਆ ਹੈ ਮੁਰ+ਕਈ ਤੋਂ। ਮੁਰ ਸ਼ਬਦ ਸਾਡੀ ਭਾਸ਼ਾ ਦਾ ਮੁੜ ਸ਼ਬਦ ਹੀ ਹੈ ਜਿਸ ਵਿਚ ਪਿੱਛੇ ਨੂੰ ਜਾਣ ਦੇ ਅਰਥ ਹਨ। ਅਨੁਮਾਨ ਹੈ ਕਿ ਇਸ ਦਾ ਇਹ ਨਾਂ ਇਸ ਦੀਆਂ ਫਲੀਆਂ ਜਾਂ ਟਾਹਣੀਆਂ ਦੇ ਮੁੜੇ ਹੋਏ ਹੋਣ ਕਾਰਨ ਪਿਆ ਹੈ। ‘ਮੁੜ’ ਸ਼ਬਦ ਦਰਾਵਿੜ ਬੋਲੀਆਂ ਤੋਂ ਹੀ ਉਤਰੀ ਭਾਸ਼ਾਵਾਂ ਵਿਚ ਦਾਖਿਲ ਹੋਇਆ। ਇਸ ਬਾਰੇ ਫਿਰ ਕਦੇ ਲਿਖਿਆ ਜਾਵੇਗਾ। ਕਾਈ ਜਾਂ ਕਈ ਸ਼ਬਦ ਦਾ ਅਰਥ ਹੈ (ਕੱਚਾ) ਫਲ। ਇਹ ਸ਼ਬਦ ਸ਼ਿਕਾਕਾਈ ਵਿਚ ਵੀ ਬੋਲਦਾ ਹੈ। ਦਰਾਵਿੜ ਵਿਚ ਸ਼ਿਕਾ ਦਾ ਅਰਥ ਹੈ ਸਿਖਰ। ਸੋ ਜਾਂ ਤਾਂ ਇਸ ਸ਼ਬਦ ਦਾ ਨਿਰੁਕਤਕ ਅਰਥ ਹੋਇਆ ਉਹ ਫਲ ਜੋ ਪੇੜ ਦੇ ਸਿਖਰ `ਤੇ ਲਗਦਾ ਹੈ ਜਾਂ ਜਿਸਦੀ ਵਰਤੋਂ ਮਨੁੱਖ ਦੇ ਸਿਖਰ ਦੇ ਅੰਗ, ਯਾਨੀ ਸਿਰ ਲਈ ਕੀਤੀ ਜਾਂਦੀ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਇੱਕ ਵਾਰੀ ਮੈਂ ਅੰਬ ਲਈ ਅੰਗਰੇਜ਼ੀ ਸ਼ਬਦ ਮੈਂਗੋ ਬਾਰੇ ਵੀ ਦੱਸਿਆ ਸੀ ਕਿ ਇਹ ਵੀ ਤਾਮਿਲ ਭਾਸ਼ਾ ਦੇ ਸ਼ਬਦ ਮੰਕਾਈ (ਮਨ+ਕਾਈ) ਤੋਂ ਬਣਿਆ ਹੈ। ਤਾਮਿਲ ਤੇ ਹੋਰ ਦਰਾਵਿੜ ਭਾਸ਼ਾਵਾਂ ਵਿਚ ਅੰਬ ਲਈ ‘ਮਨ’ ਸ਼ਬਦ ਹੈ ਸੋ ਇਸਦਾ ਨਿਰੁਕਤਕ ਅਰਥ ਅੰਬ ਫਲ ਬਣਦਾ ਹੈ। ਉਦੋਂ ਦੱਖਣ ਵਿਚ ਪੁਰਤਗਾਲੀਆਂ ਦਾ ਰਾਜ ਸੀ ਤੇ ਪਹਿਲਾਂ ਪਹਿਲ ਇਹ ਸ਼ਬਦ ਪੁਰਤਗਾਲੀ ਭਾਸ਼ਾ ਵਿਚ ਮਾਂਗਾ ਵਜੋਂ ਪ੍ਰਚੱਲਤ ਹੋਇਆ ਤੇ ਅੱਗੋਂ ਹੋਰ ਭਾਸ਼ਾਵਾਂ ਵਿਚ ਥੋੜ੍ਹੇ ਬਹੁਤੇ ਭੇਦ ਨਾਲ ਬੋਲਿਆ ਜਾਣ ਲੱਗਾ। ਅੰਗਰੇਜ਼ੀ ਵਿਚ ਮੈਂਗੋ ਬਣਿਆ।
ਖੈਰ ਅਸੀਂ ਸੁਆਦੇ ਦੇਣ ਵਾਲੇ ਸ਼ਬਦ ਦੀ ਗੱਲ ਕਰੀਏ। ਆਮ ਤੌਰ ‘ਤੇ ਉਤਰ ਭਾਰਤ ਵਿਚ ਇਸ ਲਈ ਸੁਹਾਂਜਣਾ ਜਾਂ ਇਸ ਨਾਲ ਮਿਲਦੇ-ਜੁਲਦੇ ਸ਼ਬਦ ਵਰਤੇ ਜਾਂਦੇ ਹਨ। ਇਸ ਸ਼ਬਦ ਦਾ ਸੰਸਕ੍ਰਿਤ ਰੂਪ ਸ਼ੋਭਾਂਜਨ ਹੈ ਜਿਸ ਤੋਂ ਹੋਰ ਸਾਰੇ ਸ਼ਬਦ ਵਿਕਸਿਤ ਹੋਏ ਜਿਵੇਂ ਪਾਲੀ ਵਿਚ ਸ਼ੋਭਾਂਜਨ, ਪ੍ਰਾਕ੍ਰਿਤ ਵਿਚ ਸੋਹਾਂਜਣ, ਹਿੰਦੀ ਵਿਚ ਸਹਿਜਨ, ਲਹਿੰਦਾ ਅਤੇ ਪੰਜਾਬੀ ਵਿਚ ਸੁਹਾਂਜਣਾ/ਸੋਹਾਂਜਣਾ। ਸ਼ੋਭਾਂਜਨ ਬਣਿਆ ਹੈ ਸ਼ੁਭ + ਅੰਜਨ ਤੋਂ, ਮਤਲਬ ਹੋਇਆ ਜੋ ਅੱਖਾਂ ਨੂੰ ਅੰਜਨ ਦੀ ਤਰ੍ਹਾਂ ਸ਼ੋਭਾ ਦਿੰਦਾ ਅਰਥਾਤ ਸੁਹੰਦਾ ਹੈ। ਸ਼ੁਭ>ਸੁਹ। ਅੰਜਨ ਸ਼ਬਦ ਬਾਰੇ ਪਹਿਲਾਂ ਵਿਸਥਾਰ ਵਿਚ ਲਿਖਿਆ ਜਾ ਚੁੱਕਾ ਹੈ। ਸੁਹਾਂਜਣਾ ਤੋਂ ਹੀ ਵਿਗੜੇ ਦੋ ਹੋਰ ਸ਼ਬਦ ਸਹਜਨ ਤੇ ਸੈਜਨ ਵੀ ਮਿਲਦੇ ਹਨ। ਸੰਸਕ੍ਰਿਤ ਵਿਚ ਇਸ ਲਈ ਹੋਰ ਸ਼ਬਦ ਹਨ: ਅਕਸ਼ੀਵ, ਅਤਿਤੀਵਰੂ, ਉਗਰ, ਕਾਕਸ਼ੀਵ, ਕਾਮਿਨੀਸ਼, ਮੋਚ, ਮੋਚਕ, ਵਨਮ। ਮੋਚ ਸ਼ਬਦ ਪੰਜਾਬੀ ਵਿਚ ਵੀ ਹੈ, ਸ਼ਾਇਦ ਸੋਹਾਂਜਣਾ ਨੂੰ ਕਈ ਬੀਮਾਰੀਆਂ ਦਾ ਮੋਚਕ ਅਰਥਾਤ ਛੁਟਕਾਰਾ ਦਿਵਾਉਣ ਵਾਲਾ ਸਮਝਦਿਆਂ ਇਹ ਨਾਂ ਪਿਆ। ਉਂਝ ਹੋਰ ਨਾਵਾਂ ਤੋਂ ਇਸਦੇ ਅਤਿਵਾਦੀ ਜਾਂ ਉਗਰਵਾਦੀ ਹੋਣ ਦੀ ਸੋਅ ਵੀ ਮਿਲਦੀ ਹੈ! ਕਿਤੇ ਮੈਂ ਪੜ੍ਹਿਆ ਸੀ ਕਿ ਹਵਨ ਦੌਰਾਨ ਇਸ ਦੇ ਸੇਵਣ ਦੀ ਮਨਾਹੀ ਹੈ।
ਸੁਹਾਂਜਣਾ ਦੀ ਏਨੀ ਭੰਡੀ ਦੇ ਬਾਵਜੂਦ ਇਹ ਜ਼ਰੂਰ ਕਹਾਂਗਾ ਕਿ ਇਸ ਦੀ ਸੰਕੋਚਵੀਂ ਵਰਤੋਂ ਕਰ ਲੈਣੀ ਚਾਹੀਦੀ ਹੈ ਕਿਉਂਕਿ ਇਸ ਵਿਚ ਕਈ ਸੁਆਦ ਵੀ ਮੌਜੂਦ ਹਨ ਤੇ ਪੌਸ਼ਟਿਕਤਾ ਵੀ।