ਲਾਹੌਰ ਦਾ ਸ਼ਾਦਮਨ ਚੌਕ ਅਤੇ ਭਗਤ ਸਿੰਘ

ਡਾ. ਮਨਜੀਤ ਸਿੰਘ ਬੱਲ
ਫੋਨ: +91-98728-43491
ਸਿੱਖ ਯਾਤਰੀਆਂ ਦੇ ਜਥੇ ਨਾਲ ਪਾਕਿਸਤਾਨ ਦੌਰੇ ਵੇਲੇ ਸਖ਼ਤ ਸੁਰੱਖਿਆ ਪਾਬੰਦੀਆਂ ਤੇ ਵਕਤ ਦੀ ਘਾਟ ਰੜਕਦੀ ਹੈ।

ਜਥਾ ਆਮ ਕਰਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਹਸਨ ਅਬਦਾਲ) ਤੇ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਵਾਪਸੀ ਵੇਲੇ ਦੋ-ਤਿੰਨ ਦਿਨ ਲਾਹੌਰ ਰੁਕਦਾ ਹੈ। ਮੇਰਾ ਫੇਸਬੁੱਕ ਦੋਸਤ ਮੁਨੀਰ ਹੁਸ਼ਿਆਰਪੁਰੀਆ ਇੱਕ ਵਿਦਵਾਨ, ਲੇਖਕ ਅਤੇ ਮੁਲਤਾਨ ਕੋਲ ਵਿਹਾੜੀ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਕਾਲਜ ਵਿੱਚ ਡਾਇਰੈਕਟਰ ਹੈ। ਉਸ ਨੇ ਵਕਤ ਕੱਢ ਕੇ ਸਾਨੂੰ ਆਪਣੀ ਕਾਰ ‘ਚ ਬਿਠਾ ਕੇ ਲਾਹੌਰ ਦੀਆਂ ਖ਼ਾਸ-ਖ਼ਾਸ ਥਾਵਾਂ ਅਤੇ ਇਮਾਰਤਾਂ ਵਿਖਾਈਆਂ ਜਿਵੇਂ: ਪੰਜਾਬ ਅਸੈਂਬਲੀ ਬਿਲਡਿੰਗ, ਸਕੱਤਰੇਤ, ਭੰਗੀ ਤੋਪ, ਲਾਹੌਰ ਰੇਲਵੇ ਸਟੇਸ਼ਨ, ਵਾਪਡਾ (ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਟੀ) ਬਿਲਡਿੰਗ, ਮਾਡਲ ਟਾਊਨ, ਅਲਹਮਰਾ ਆਰਟ ਸੈਂਟਰ, ਜਿਨਾਹ ਗਾਰਡਨ, ਨੀਲਾ ਗੁੰਬਦ, ਮਾਡਲ ਟਾਊਨ, ਇੱਛਰਾ, ਕਿੰਗ ਐਡਵਰਡ ਮੈਡੀਕਲ ਕਾਲਜ ਹਸਪਤਾਲ, ਸ਼ੇਖ਼ ਜ਼ਾਇਦ ਹਸਪਤਾਲ ਅਤੇ ਲਾਹੌਰ ਦਾ ਜੈਨ ਮੰਦਰ। ਮੈਂ ਕਾਰ ਰੁਕਵਾ ਕੇ ਕੁਝ ਫੋਟੋ ਖਿੱਚੀਆਂ ਤੇ ਇਨ੍ਹਾਂ ਸਥਾਨਾਂ ਬਾਰੇ ਜਾਣਕਾਰੀ ਹਾਸਲ ਕੀਤੀ। 1991 ਵਿੱਚ ਮੈਂ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਸਾਂ। ਇੱਕ ਪੈਥਾਲੋਜੀ ਕਾਨਫਰੰਸ ‘ਚ ਆਪਣਾ ਪਰਚਾ ਪੜ੍ਹਨ ਵਾਸਤੇ ਲਾਹੌਰ ਗਿਆ ਸਾਂ ਤਾਂ ਮੈਨੂੰ ਸ਼ੇਖ਼ ਜ਼ਾਇਦ ਹਸਪਤਾਲ ਦੇ ਗੈਸਟ ਹਾਊਸ ਵਿੱਚ ਠਹਿਰਾਇਆ ਗਿਆ ਸੀ। ਅੱਜ ਇਨ੍ਹਾਂ ਥਾਵਾਂ ਦੇ ਕੋਲੋਂ ਦੀ ਲੰਘਦਿਆਂ ਐਵੇਂ ਓਪਰੀ ਜਿਹੀ ਨਜ਼ਰ ਮਾਰ ਕੇ ਵੇਖ ਸਕੇ ਤੇ ਕੁਝ ਤਸਵੀਰਾਂ ਖਿੱਚੀਆਂ।
ਇਸੇ ਦੌਰਾਨ ਸਾਨੂੰ ਸ਼ਾਦਮਨ ਚੌਕ (ਚੌਕ ਭਗਤ ਸਿੰਘ) ਜਾਣ ਦਾ ਸੰਖੇਪ ਜਿਹਾ ਮੌਕਾ ਮਿਲਿਆ। ਜਦੋਂ ਅਸੀਂ ਕਾਰ ‘ਚੋਂ ਉਤਰ ਰਹੇ ਸਾਂ ਤਾਂ ਮੇਰੇ ਜ਼ਿਹਨ ਵਿੱਚ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫਾਂਸੀ ਦਾ ਦ੍ਰਿਸ਼ ਘੁੰਮ ਰਿਹਾ ਸੀ ਪਰ ਕੋਲ਼ੋਂ ਲੰਘਦੇ ਸਾਈਕਲਾਂ, ਸਕੂਟਰਾਂ ਵਾਲੇ ਤੇ ਪੈਦਲ ਜਾਂਦੇ ਕਾਫ਼ੀ ਲੋਕ ਰੁਕ ਕੇ ਸਾਡਾ ਹਾਲ-ਚਾਲ ਪੁੱਛਣ ਅਤੇ ਸਾਡੇ ਨਾਲ ਫੋਟੋਆਂ ਖਿਚਵਾਉਣ ਲੱਗੇ। ਤੇਈ ਮਾਰਚ 1931 ਨੂੰ ਮਹਾਨ ਦੇਸ਼ਭਗਤਾਂ ਨੂੰ ਫਾਂਸੀਆਂ ਦਿੱਤੀਆਂ ਗਈਆਂ ਸਨ। ਉਦੋਂ ਇਹ ਜਗ੍ਹਾ ਜੇਲ੍ਹ ਦੇ ਅੰਦਰ ਸੀ। 1961 ਵਿੱਚ ਜੇਲ੍ਹ ਦਾ ਕੁਝ ਹਿੱਸਾ ਤੋੜ ਕੇ ਮੱਧਵਰਗੀ ਆਵਾਮ ਵਾਸਤੇ ਇੱਕ ਕਾਲੋਨੀ ਬਣਾਈ ਗਈ ਜਿਸ ਦਾ ਨਾਮ ‘ਸ਼ਾਦਮਨ ਕਾਲੋਨੀ‘ ਅਤੇ ਫਾਂਸੀ ਵਾਲੀ ਅਸਲ ਜਗ੍ਹਾ ‘ਤੇ ਫੁਹਾਰਿਆਂ ਵਾਲਾ ਚੌਕ ਉਸਾਰ ਦਿੱਤਾ ਗਿਆ ਜਿਸ ਦਾ ਨਾਮ ‘ਸ਼ਾਦਮਨ ਚੌਕ‘ ਹੈ। ਭਾਰਤ ਤੇ ਪਾਕਿਸਤਾਨ ਦੇ ਕੁਝ ਸਿਵਿਲ ਗਰੁੱਪਾਂ ਦੇ ਉਪਰਾਲਿਆਂ ਸਦਕਾ ਫਾਂਸੀ ਵਾਲੀ ਇਸ ਜਗ੍ਹਾ (ਚੌਕ) ਦਾ ਨਾਮ ਭਗਤ ਸਿੰਘ ਚੌਕ ਰੱਖਣ ਦੀ ਸਹਿਮਤੀ ਬਣੀ ਹੋਈ ਹੈ ਪਰ ਕੁਝ ਲੋਕਾਂ ਦੇ ਵਿਰੋਧ ਕਾਰਨ ਅਦਾਲਤੀ ਫ਼ੈਸਲੇ ਦੇ ਬਾਵਜੂਦ ਪਾਕਿਸਤਾਨ ਸਰਕਾਰ ਅਜੇ ਤੱਕ ਇਸ ਨੂੰ ਅਮਲ ਵਿੱਚ ਨਹੀਂ ਲਿਆ ਸਕੀ।
ਇਸ ਜਗ੍ਹਾ ਦਾ ਨਾਂ ‘ਭਗਤ ਸਿੰਘ ਚੌਕ` ਰੱਖਣ ਦਾ ਉਪਰਾਲਾ ਕਰਨ ਵਾਲੇ ਲੋਕ ਸ਼ਹੀਦਾਂ ਦੀ ਕੁਰਬਾਨੀ, ਉਨ੍ਹਾਂ ਦੇ ਜਜ਼ਬੇ ਤੇ ਹੌਸਲੇ ਦੀ ਕਦਰ ਕਰਦੇ ਹਨ ਜਿਸ ਦੇ ਮੱਦੇਨਜ਼ਰ ਲਾਹੌਰ ਹਾਈ ਕੋਰਟ ਦੇ ਵਕੀਲ ਇਮਤਿਆਜ਼ ਰਸ਼ੀਦ ਕੁਰੈਸ਼ੀ ਦੀ ਸਰਪ੍ਰਸਤੀ ਹੇਠ ‘ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ` ਬਣਾਈ ਹੋਈ ਹੈ। ਇਹ ਤਨਜ਼ੀਮ ਸ. ਭਗਤ ਸਿੰਘ ਨੂੰ ਆਜ਼ਾਦੀ ਦੀ ਜੰਗ ਦਾ ਨਾਇਕ ਮੰਨਦੀ ਹੈ। ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਨ ਮੌਕੇ ਸ਼ਾਦਮਨ ਚੌਕ `ਤੇ ਹਮ-ਖ਼ਿਆਲ ਲੋਕ ਇਕੱਠੇ ਹੁੰਦੇ, ਮੋਮਬੱਤੀਆਂ ਜਗਾਉਂਦੇ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਨ। ਇਸ ਫਾਊਂਡੇਸ਼ਨ ਨੇ ਮੰਗਾਂ ਰੱਖੀਆਂ ਹੋਈਆਂ ਹਨ ਕਿ 1) ਸ. ਭਗਤ ਸਿੰਘ ਨੂੰ ਪਾਕਿਸਤਾਨ ਦਾ ਸਰਬਉੱਚ ਬਹਾਦਰੀ ਐਜਾਜ਼ ਮਿਲਣਾ ਚਾਹੀਦਾ ਹੈ, 2) ਬਰਤਾਨੀਆ ਦੇ ਕਿੰਗ ਚਾਰਲਸ (ਤੀਜੇ) ਨੂੰ ਇਸ ਜੁਡੀਸ਼ੀਅਲ ਕਤਲ ਵਾਸਤੇ ਮੁਆਫ਼ੀ ਮੰਗਣ ਦੇ ਨਾਲ-ਨਾਲ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ 3) ‘ਸ਼ਾਦਮਨ ਚੌਕ` ਦਾ ਨਾਂ ਬਦਲ ਕੇ ‘ਭਗਤ ਸਿੰਘ ਚੌਕ` ਰੱਖਣਾ ਚਾਹੀਦਾ ਹੈ। ਕਈ ਸਾਲਾਂ ਤੋਂ ਉਪਰਾਲੇ ਜਾਰੀ ਹਨ। ‘ਸ਼ਾਦਮਨ` ਫ਼ਾਰਸੀ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਖ਼ੁਸ਼ੀ। ਸੋ ਸ਼ਾਦਮਨ ਮਤਲਬ ਕਿ ਖ਼ੁਸ਼ੀ ਵਾਲਾ ਚੌਕ। ਪਰ ਉਹ ਜਗ੍ਹਾ ਜਿੱਥੇ ਆਜ਼ਾਦੀ ਦੇ ਪਰਵਾਨਿਆਂ ਨੂੰ ਫਾਂਸੀਆਂ ਦਿੱਤੀਆਂ ਗਈਆਂ ਹੋਣ, ਖ਼ੁਸ਼ੀ ਵਾਲੀ ਜਗ੍ਹਾ ਕਿਵੇਂ ਹੋ ਸਕਦੀ ਹੈ? ਸ਼ਹੀਦ ਭਗਤ ਸਿੰਘ ਭਾਰਤ ਜਾਂ ਪਾਕਿਸਤਾਨ ਦਾ ਨਹੀਂ ਸੀ, ਉਹ ਤਾਂ ਪੂਰੇ ਉਪ-ਮਹਾਂਦੀਪ ਦਾ ਪੁੱਤ ਸੀ। ਉਸ ਦੀ ਸ਼ਹਾਦਤ (ਫਾਂਸੀ) ਵਾਲੀ ਜਗ੍ਹਾ `ਤੇ ਉਸਰੇ ਚੌਕ ਦਾ ਬਿਲਕੁਲ ਢੁਕਵਾਂ ਨਾਂ ਤਾਂ ‘ਭਗਤ ਸਿੰਘ ਚੌਕ` ਹੀ ਹੋਣਾ ਚਾਹੀਦਾ ਹੈ, ਪਰ ਹਕੂਮਤਾਂ ਨੇ ਅੱਜ ਤੱਕ ਇਸ ਦਾ ਨਾਂ ਬਦਲਿਆ ਨਹੀਂ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਨੇ ਸ਼ਾਦਮਨ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖਣ ਵਾਸਤੇ ਲਾਹੌਰ ਹਾਈ ਕੋਰਟ ਵਿੱਚ ਕੇਸ ਵੀ ਕੀਤਾ ਹੋਇਆ ਹੈ, ਪਰ ਅਗਸਤ 2018 ਵਿੱਚ ਐਡਵੋਕੇਟ ਕੁਰੈਸ਼ੀ ਦੇ ਇਸ ਉਪਰਾਲੇ ਵਿਰੁੱਧ, ਕੁਝ ਗਰੁੱਪਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸਰਕਾਰਾਂ ਬਦਲ ਜਾਣ ਤੋਂ ਬਾਅਦ ਵੀ ਧਮਕੀਆਂ ਮਿਲਣੀਆਂ ਬੰਦ ਨਹੀਂ ਹੋਈਆਂ। ਲਾਹੌਰ ਵਿੱਚ ਭਗਤ ਸਿੰਘ ਚੌਕ ਤੇ ਇਸ ਜੇਲ੍ਹ ਤੋਂ ਇਲਾਵਾ ਸ਼ਹੀਦਾਂ ਨਾਲ ਸਬੰਧਤ ਹੋਰ ਵੀ ਕਈ ਥਾਵਾਂ ਹਨ, ਜਿਵੇਂ: ਅੰਗਰੇਜ਼ ਸਮਾਜਿਕ ਕਾਰਕੁਨ ਚਾਰਲਸ ਬ੍ਰੈਡਲੇ (ਜੋ ਭਾਰਤ ਦੀ ਆਜ਼ਾਦੀ ਦਾ ਹਮਾਇਤੀ ਸੀ) ਦੀ ਯਾਦ ਵਿੱਚ ਬਣਿਆ ਬਰੈਡਲੇ ਹਾਲ ਪੰਜਾਬ ਕਾਂਗਰਸ ਦਾ ਅੱਡਾ ਹੁੰਦਾ ਸੀ, ਨੈਸ਼ਨਲ ਕਾਲਜ ਲਾਹੌਰ ਜਿੱਥੇ ਭਗਤ ਸਿੰਘ ਤੇ ਸੁਖਦੇਵ ਨੇ ਪੜ੍ਹਾਈ ਕੀਤੀ ਸੀ ਤੇ ਲਾਹੌਰ ਜੇਲ੍ਹ ਜਿੱਥੇ ਭਗਤ ਸਿੰਘ ਨੇ ਆਪਣੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬਿਤਾਇਆ ਸੀ। ਲਾਹੌਰ ਵਿੱਚ ਹੀ ਲਾਲਾ ਲਾਜਪਤ ਰਾਏ ਉੱਤੇ ਬਰਤਾਨਵੀ ਹਿੰਦੋਸਤਾਨ ਦੀ ਪੁਲੀਸ ਨੇ 10 ਅਕਤੂਬਰ 1928 ਨੂੰ ਲਾਠੀਆਂ ਵਰ੍ਹਾਈਆਂ ਸਨ। ਉਨ੍ਹਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਸਨ। ਅਜੇ ਉਹ ਸੱਟਾਂ ਠੀਕ ਨਹੀਂ ਸਨ ਹੋਈਆਂ ਕਿ ਲਾਲਾ ਜੀ ਨੂੰ ਦਿਲ ਦਾ ਦੌਰਾ ਪਿਆ ਤੇ ਤਕਰੀਬਨ ਸਵਾ ਮਹੀਨੇ ਬਾਅਦ 17 ਨਵੰਬਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਸ ਮੌਤ ਦਾ ਕਾਰਨ ਦਿਲ ਦਾ ਦੌਰਾ ਸੀ ਅਤੇ ਭਗਤ ਸਿੰਘ ਹੋਰਾਂ ਦੇ ਲਾਲਾ ਜੀ ਨਾਲ ਵਿਚਾਰਕ ਮਤਭੇਦ ਵੀ ਸਨ, ਫਿਰ ਵੀ ਆਜ਼ਾਦੀ ਦੇ ਪ੍ਰਵਾਨੇ ਭਾਰਤੀਆਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਦੀ ਠਾਣ ਲਈ। ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਚੰਦਰ ਸ਼ੇਖ਼ਰ ਆਜ਼ਾਦ ਨੇ ਲਾਠੀਚਾਰਜ ਕਰਾਉਣ ਵਾਲੇ ਪੁਲੀਸ ਅਫਸਰ ਜੇਮਜ਼ ਸਕੌਟ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ, ਪਰ ਲਾਹੌਰ ਦੇ ਐੱਸ.ਐੱਸ.ਪੀ. ਦਫਤਰ `ਚੋਂ ਮੋਟਰਸਾਈਕਲ `ਤੇ ਨਿਕਲਿਆ 21 ਸਾਲਾ ਪ੍ਰੋਬੇਸ਼ਨਰੀ ਪੁਲੀਸ ਅਫਸਰ ਜੌਹਨ ਸਾਂਡਰਸ ਭੁਲੇਖੇ ਨਾਲ ਮਾਰਿਆ ਗਿਆ। ਸਾਂਡਰਸ ਨੂੰ ਮਾਰਨ ਤੋਂ ਬਾਅਦ ਜਦ ਭਗਤ ਸਿੰਘ ਤੇ ਸੁਖਦੇਵ ਨਿਕਲਣ ਲੱਗੇ ਤਾਂ ਬਰਤਾਨਵੀ ਪੁਲੀਸ ਦੇ ਇੱਕ ਸਿਪਾਹੀ ਚੰਨਣ ਸਿੰਘ ਨੇ ਉਨ੍ਹਾਂ ਦਾ ਪਿੱਛਾ ਕਰਨਾ ਚਾਹਿਆ ਜਿਸ ਨੂੰ ਚੰਦਰ ਸ਼ੇਖ਼ਰ ਆਜ਼ਾਦ ਨੇ ਗੋਲ਼ੀਆਂ ਮਾਰ ਕੇ ਉੱਥੇ ਹੀ ਮਾਰ ਦਿੱਤਾ। ਇਹ ਵਾਕਿਆ 17 ਦਸੰਬਰ 1928 ਦਾ ਹੈ। ਉਸ ਵੇਲੇ ਗੌਰਮਿੰਟ ਕਾਲਜ ਵਿੱਚ ਖੜ੍ਹੇ ਕਾਲਮਨਵੀਸ ਫ਼ੈਜ਼ ਅਹਿਮਦ ਫ਼ੈਜ਼ ਤੇ ਲੇਖਕ ਤਾਰਿਕ ਅਲੀ, ਮਜ਼ਹਰ ਅਲੀ ਨੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਭੁਲੇਖੇ `ਚ ਮਾਰੇ ਗਏ ਸਾਂਡਰਸ ਦੀ ਮੌਤ ਦਾ ਇਨਕਲਾਬੀਆਂ ਨੂੰ ਕੋਈ ਅਫ਼ਸੋਸ ਨਹੀਂ ਹੋਇਆ ਕਿਉਂਕਿ ਉਹ ਸਮਝਦੇ ਸਨ ਕਿ ਸਾਮਰਾਜਵਾਦ ਤੇ ਭਾਰਤ ਨੂੰ ਗ਼ੁਲਾਮ ਬਣਾਉਣ ਵਾਲਿਆਂ ਦਾ ਅਤੇ ਲਾਲਾ ਜੀ `ਤੇ ਜ਼ੁਲਮ ਢਾਹੁਣ ਵਾਲਿਆਂ ਦਾ ਹੀ ਕਤਲ ਕੀਤਾ ਹੈ। ਇਸ ਕਾਂਡ ਨੂੰ ‘ਲਾਹੌਰ ਸਾਜ਼ਿਸ਼` ਕਿਹਾ ਜਾਂਦਾ ਹੈ। ਇਸ ਕਾਂਡ ਤੋਂ ਬਾਅਦ ਭਗਤ ਸਿੰਘ ਤੇ ਉਸ ਦੇ ਸਾਥੀ ਪੁਲੀਸ ਦੇ ਹੱਥ ਨਹੀਂ ਆਏ। ਅੱਠ ਅਪਰੈਲ 1929 ਨੂੰ ਗੂੰਗੀ-ਬੋਲ਼ੀ ਤੇ ਸੁੱਤੀ ਹੋਈ ਅੰਗਰੇਜ਼ ਸਰਕਾਰ ਨੂੰ ਜਗਾਉਣ ਵਾਸਤੇ ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਨੇ ਮਿਲ ਕੇ ਨਵੀਂ ਦਿੱਲੀ ਦੀ ਅਸੈਂਬਲੀ `ਚ ਬੰਬ ਤੇ ਪਰਚੇ ਸੁੱਟੇ ਸਨ। ਇਹ ਬੰਬ ਕਿਸੇ ਨੂੰ ਮਾਰਨ ਜਾਂ ਜ਼ਖ਼ਮੀ ਕਰਨ ਵਾਸਤੇ ਨਹੀਂ ਸਗੋਂ ਅੰਗਰੇਜ਼ ਸਰਕਾਰ ਤੱਕ ਆਵਾਜ਼ ਪਹੁੰਚਾਉਣ ਵਾਸਤੇ ਸਨ। ਬੰਬ ਸੁੱਟਣ ਤੋਂ ਬਾਅਦ ਉਹ ਭੱਜੇ ਨਹੀਂ ਸਗੋਂ ਉੱਥੇ ਹੀ ਗ੍ਰਿਫ਼ਤਾਰੀ ਦੇ ਦਿੱਤੀ। ਲਾਹੌਰ ਸਾਜ਼ਿਸ਼ ਤੇ ਅਸੈਂਬਲੀ ਬੰਬ ਸਬੰਧੀ ਕੇਸ ਲਾਹੌਰ ਵਿੱਚ ਚੱਲਿਆ। 14 ਜੂਨ ਨੂੰ ਸਜ਼ਾ ਤੋਂ ਬਾਅਦ ਭਗਤ ਸਿੰਘ ਨੂੰ ਮੀਆਂਵਾਲ਼ੀ ਤੇ ਬਟੂਕੇਸ਼ਵਰ ਦੱਤ ਨੂੰ ਲਾਹੌਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਤੇ ਕੁਝ ਸਮੇਂ ਬਾਅਦ ਭਗਤ ਸਿੰਘ ਨੂੰ ਵੀ ਲਾਹੌਰ ਜੇਲ੍ਹ ਭੇਜ ਦਿੱਤਾ ਗਿਆ। 1929 ਵਿੱਚ ਹੀ ਬਟੂਕੇਸ਼ਵਰ ਦੱਤ ਨੂੰ ਅਸੈਂਬਲੀ ਬੰਬ ਕੇਸ ਵਿੱਚ ਉਮਰ ਕੈਦ ਹੋਈ ਸੀ ਜਦੋਂਕਿ ਲਾਹੌਰ ਸਾਜ਼ਿਸ਼ ਕੇਸ ਵਿੱਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਹੋਈ। ਸ਼ਾਦਮਨ ਚੌਕ ਵਾਲੀ ਜਗ੍ਹਾ `ਤੇ ਤਿੰਨਾਂ ਨੂੰ ਫਾਂਸੀ ਦੇ ਤਖ਼ਤੇ `ਤੇ ਲਟਕਾਇਆ ਗਿਆ। ਜੇਲ੍ਹ ਦੇ ਨਿਯਮਾਂ ਮੁਤਾਬਿਕ ਉਨ੍ਹਾਂ ਨੂੰ ਫਾਂਸੀ 24 ਮਾਰਚ ਨੂੰ ਸਵੇਰੇ ਤੜਕੇ ਹੋਣੀ ਸੀ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਪਹਿਲਾਂ ਤੋਂ ਜਾਰੀ ਹੋਏ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਕੇ ਇੱਕ ਦਿਨ ਪਹਿਲਾਂ 23 ਮਾਰਚ ਦੀ ਸ਼ਾਮ ਦੇ ਸੱਤ ਵਜੇ ਫਾਂਸੀ ਦੇ ਦਿੱਤੀ ਗਈ। ਖ਼ਲਕਤ ਦੇ ਰੋਹ ਤੋਂ ਬਚਣ ਲਈ ਸ਼ਹੀਦਾਂ ਦੀਆਂ ਲੋਥਾਂ ਨੂੰ ਗੁਪਤ ਢੰਗ ਨਾਲ ਰਾਤੋ-ਰਾਤ ਜੇਲ੍ਹ ਦੇ ਪਿਛਲੇ ਗੇਟ ਥਾਣੀਂ ਕਸੂਰ ਨੇੜਲੇ ਪਿੰਡ ਗੰਡਾ ਸਿੰਘ ਵਾਲਾ (ਇਸ ਵੇਲ਼ੇ ਪਾਕਿਸਤਾਨ `ਚ) ਲਿਜਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਪਰ ਲਾਹੌਰ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਪੁੱਜ ਗਏ ਸਨ। ਇਸ ਲਈ ਪੁਲੀਸ ਨੇ ਫਿਰੋਜ਼ਪੁਰ ਦੇ ਨਜ਼ਦੀਕ ਸਤਲੁਜ ਦਰਿਆ ਕੰਢੇ ਹੁਸੈਨੀਵਾਲਾ ਵਿਖੇ ਸ਼ਹੀਦਾਂ ਦਾ ਕਾਹਲੀ ਕਾਹਲੀ ਸਸਕਾਰ ਕੀਤਾ ਅਤੇ ਲੋਕ ਰੋਹ ਤੋਂ ਬਚਣ ਲਈ ਉਨ੍ਹਾਂ ਦੀਆਂ ਅਧਸੜੀਆਂ ਲੋਥਾਂ ਦਰਿਆ ਵਿੱਚ ਸੁੱਟ ਦਿੱਤੀਆਂ। ਛੱਬੀ ਮਾਰਚ 1931 ਨੂੰ ਲਾਹੌਰ ਤੋਂ ਛਪੇ ਅਖ਼ਬਾਰ ‘ਦਿ ਟ੍ਰਿਬਿਊਨ` ਦੀ ਰਿਪੋਰਟ ਮੁਤਾਬਿਕ ਸਾਰਾ ਲਾਹੌਰ ਬੰਦ ਰਿਹਾ ਸੀ ਤੇ ਸ਼ਹੀਦਾਂ ਦੇ ਜਨਾਜ਼ੇ ਵਿੱਚ ਤਕਰੀਬਨ ਪੰਜਾਹ ਹਜ਼ਾਰ ਲੋਕ ਸ਼ਾਮਿਲ ਹੋਏ ਸਨ।
1965 ਦੀ ਭਾਰਤ ਪਾਕਿਸਤਾਨ ਜੰਗ ਤੋਂ ਪਹਿਲਾਂ ਦੋਹਾਂ ਦੂਜੇ ਮੁਲਕਾਂ ਦੇ ਬਾਸ਼ਿੰਦੇ ਆਸਾਨੀ ਨਾਲ ਇਧਰ ਉਧਰ ਜਾ ਸਕਦੇ ਸਨ, ਰੁਕਾਵਟਾਂ ਘੱਟ ਸਨ। ਗੁਰਦੁਆਰਿਆਂ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਂਦੇ ਯਾਤਰੀ ਲਾਹੌਰ ਤੋਂ ਤਕਰੀਬਨ 40 ਕਿਲੋਮੀਟਰ ਦੂਰੀ ‘ਤੇ ਭਗਤ ਸਿੰਘ ਦੇ ਜਨਮ ਅਸਥਾਨ ਪਿੰਡ ਬੰਗਾ (ਜ਼ਿਲ੍ਹਾ ਲਾਇਲਪੁਰ/ ਫੈਸਲਾਬਾਦ) ਵੀ ਹੋ ਕੇ ਆਉਂਦੇ ਸਨ। ਬਰਤਾਨਵੀ ਰਾਜ ਵੇਲੇ ਹਕੂਮਤ ਨੇ ਜਦ ਬਾਰਾਂ ਵਸਾਈਆਂ ਤਾਂ ਪੰਜਾਬ ਦੇ ਚੜ੍ਹਦੇ ਪਾਸੇ ਤੋਂ ਲੋਕਾਂ ਨੂੰ ਉੱਥੇ ਜ਼ਮੀਨਾਂ ਅਲਾਟ ਕੀਤੀਆਂ ਸਨ। ਉਦੋਂ ਭਗਤ ਸਿੰਘ ਹੋਰਾਂ ਦਾ ਟੱਬਰ ਨਵਾਂਸ਼ਹਿਰ ਕੋਲ ਖਟਕੜ ਕਲਾਂ ਤੋਂ ਲਾਇਲਪੁਰ ਜ਼ਿਲ੍ਹੇ ਦੇ ਬੰਗਾ ਪਿੰਡ ਵਿੱਚ ਆ ਵੱਸਿਆ ਸੀ। ਇਸੇ ਪਿੰਡ ਵਿੱਚ ਭਗਤ ਸਿੰਘ ਦਾ ਜਨਮ ਪਿਤਾ ਕਿਸ਼ਨ ਸਿੰਘ ਤੇ ਮਾਤਾ ਵਿਦਿਆਵਤੀ ਦੇ ਘਰ 27 ਸਤੰਬਰ 1907 ਨੂੰ ਹੋਇਆ ਸੀ। ਉਹ ਸੱਤ ਭੈਣਾਂ-ਭਰਾਵਾਂ ‘ਚੋਂ ਦੂਜੇ ਨੰਬਰ ‘ਤੇ ਸੀ। 1947 ਦੀ ਦੇਸ਼ ਵੰਡ ਤੋਂ ਬਾਅਦ ਇਹ ਟੱਬਰ ਵਾਪਸ ਆਪਣੇ ਪਿੰਡ ਖਟਕੜ ਕਲਾਂ ਆ ਗਿਆ ਸੀ।
ਅਜੋਕੇ ਸਮੇਂ ਵਿੱਚ ਪਿੰਡ ਬੰਗਾ ਵਾਲੀ ਜਗ੍ਹਾ (ਹਵੇਲੀ/ਘਰ) ਐਡਵੋਕੇਟ ਇਕਬਾਲ ਵਿਰਕ ਦੀ ਮਲਕੀਅਤ ਹੈ ਜਿਸ ਨੇ ਉੱਥੇ ਭਗਤ ਸਿੰਘ ਤੇ ਆਜ਼ਾਦੀ ਸੰਘਰਸ਼ ਦੇ ਹੋਰ ਸ਼ਹੀਦਾਂ ਦੀਆਂ ਤਸਵੀਰਾਂ ਤੇ ਵਸਤਾਂ ਇਕੱਠੀਆਂ ਕਰਕੇ ਸੰਭਾਲੀਆਂ ਹੋਈਆਂ ਹਨ ਤੇ ਅਜਾਇਬਘਰ ਬਣਾਇਆ ਹੋਇਆ ਹੈ। ਭਗਤ ਸਿੰਘ ਬਾਰੇ ਅਧਿਐਨ ਦਾ ਮਾਹਿਰ, ਜਵਾਹਰਲਾਲ ਨਹਿਰੂ ਯੂਨਵਿਰਸਿਟੀ ਦਾ ਸਾਬਕਾ ਪ੍ਰੋਫੈਸਰ ਚਮਨ ਲਾਲ ਲਿਖਦਾ ਹੈ: “ਮੈਂ 2007 ਵਿੱਚ ਭਗਤ ਸਿੰਘ ਦੇ ਘਰ ਗਿਆ ਸਾਂ। ਪਿੰਡ ਦੇ ਰਾਹ `ਚ ਮੈਨੂੰ 82 ਸਾਲ ਦਾ ਇੱਕ ਸੇਵਾਮੁਕਤ ਬਜ਼ੁਰਗ ਫਰਹੱਦ ਖ਼ਾਨ ਮਿਲਿਆ। ਉਹ ਮੈਨੂੰ ਆਪਣੇ ਘਰ ਲੈ ਗਿਆ, ਉਨ੍ਹਾਂ ਨੇ ਆਪਣੀ ਗਲ਼ੀ ਦਾ ਨਾਂ ਭਗਤ ਸਿੰਘ ਦੇ ਨਾਂ `ਤੇ ਰੱਖਿਆ ਹੋਇਆ ਹੈ। ਉਸ ਨੇ ਆਪਣੇ ਡਰਾਇੰਗ ਰੂਮ ਵਿੱਚ ਸ. ਭਗਤ ਸਿੰਘ ਦੀ ਫੋਟੋ ਵੀ ਲਗਾਈ ਹੋਈ ਸੀ।” ਸ. ਭਗਤ ਸਿੰਘ ਤੇ ਉਸ ਦੀ ਵਿਚਾਰਧਾਰਾ ਵੱਲ ਕਈ ਲੇਖਕ ਤੇ ਇਤਿਹਾਸਕਾਰ ਆਕਰਸ਼ਿਤ ਹੋਏ ਹਨ। ਸਿੰਧੀ ਲੇਖਕ ਸ਼ੇਖ ਅੱਯਾਜ਼ ਨੇ ਭਗਤ ਸਿੰਘ ਦੇ ਜੀਵਨ `ਤੇ ਇੱਕ ਕਾਵਿ ਨਾਟਕ ਲਿਖਿਆ; ਪੰਜਾਬੀ ਅਦੀਬ ਅਹਿਮਦ ਸਲੀਮ ਨੇ ਭਗਤ ਸਿੰਘ ਬਾਰੇ ਬਹੁਤ ਕੁਝ ਲਿਖਿਆ, ਜਿਵੇਂ: ਭਗਤ ਸਿੰਘ ਦਾ ਜੀਵਨ ਅਤੇ ਆਦਰਸ਼ ਤੇ ਇੱਕ ਕਾਵਿਕ ਰਚਨਾ ‘ਕਿਹੜੀ ਮਾਂ ਨੇ ਭਗਤ ਸਿੰਘ ਜੰਮਿਆ` ਲਿਖੀ ਹੈ। ਇਸੇ ਤਰ੍ਹਾਂ ਉਰਦੂ ਲੇਖਕਾ ਜ਼ਾਹਿਦਾ ਹਿਨਾ ਨੇ ਭਗਤ ਸਿੰਘ ਨੂੰ ਬਹੁਤ ਹੀ ਸਤਿਕਾਰਿਤ ਸ਼ਹੀਦ ਮੰਨਿਆ ਹੈ। ਮਹਾਨ ਲੇਖਕ ਫ਼ੈਜ਼ ਅਹਿਮਦ ਫ਼ੈਜ਼ ਦੀ ਧੀ ਸਲੀਮਾ ਹਾਸ਼ਮੀ ਨੇ ਵੀ ਭਗਤ ਸਿੰਘ ਬਾਰੇ ਲਿਖਿਆ ਹੈ। ਇਤਿਹਾਸਕਾਰ ਮੁਬਾਰਕ ਅਲੀ ਨੇ ਪਾਕਿਸਤਾਨ ਦੀ ਮਕਬੂਲ ਅਖ਼ਬਾਰ ‘ਡਾਅਨ` ਵਿੱਚ ਭਗਤ ਸਿੰਘ ਬਾਰੇ ਬਹੁਤ ਲਿਖਿਆ ਹੈ। ਸਿਨਤੇ ਰਿਜ਼ਵੀ ਨੇ ਅਜੈ ਘੋਸ਼ ਦੀ ਕਿਤਾਬ ‘ਭਗਤ ਸਿੰਘ ਤੇ ਉਹਦੇ ਸਾਥੀ` ਦਾ ਉਰਦੂ ਵਿੱਚ ਉਲਥਾ ਕੀਤਾ ਹੈ। ਪਾਕਿਸਤਾਨ ਦੇ ਖੱਬੇ-ਪੱਖੀ ਤੇ ਸਿਵਿਲ ਸੁਸਾਇਟੀ ਦੇ ਲੋਕਾਂ ਨੂੰ ਜੇਹਾਦੀ ਵਿਚਾਰਧਾਰਾ ਦਾ ਮੁਕਾਬਲਾ ਕਰਨ ਲਈ ਭਗਤ ਸਿੰਘ ਲੋੜੀਂਦਾ ਹੈ। ਸੜਕ ਜਾਂ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ `ਤੇ ਰੱਖਣਾ ਇੱਕ ਮਹੱਤਵਪੂਰਨ ਕਦਮ ਹੈ। ਇਹ ਗੱਲ ਵਧੀਆ ਹੈ ਕਿ ਪਾਕਿਸਤਾਨ ਦੇ ਮੀਡੀਆ ਵਿੱਚ ਭਗਤ ਸਿੰਘ ਗ਼ਰੀਬਾਂ ਮਜ਼ਦੂਰਾਂ ਦੇ ਨਾਇਕ ਤੇ ਸਾਮਰਾਜਵਾਦੀਆਂ ਦੇ ਵਿਰੋਧੀ ਵਜੋਂ ਉਭਰਿਆ ਹੈ। ਬਰਤਾਨਵੀ ਬਸਤੀਵਾਦੀ ਹਾਕਮਾਂ ਨੇ ਭਗਤ ਸਿੰਘ ਨਾਲ ਸਬੰਧਿਤ ਸਾਰੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਕਈ ਕੁਝ ਬਦਲ ਚੁੱਕਾ ਹੈ। ਭਗਤ ਸਿੰਘ ਦੇ ਜਨਮ ਸਥਾਨ `ਤੇ ਇੱਕ ਵੱਡਾ ਅਜਾਇਬਘਰ ਬਣਾਉਣ ਦੀ ਵੀ ਮੰਗ ਉੱਠੀ ਹੈ। ਬ੍ਰੈਡਲੇ ਹਾਲ ਨੂੰ ਇੱਕ ਵਿਰਾਸਤੀ ਇਮਾਰਤ ਵਜੋਂ ਸੁਰੱਖਿਅਤ ਬਣਾਉਣ ਦੀ ਵੀ ਰਾਇ ਬਣੀ ਹੈ। ਐਸੀ ਵੀ ਗੱਲ ਨਹੀਂ ਕਿ ਐਨੇ ਲੰਮੇ ਸਮੇਂ ਤੋਂ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖਣ ਦੇ ਉਪਰਾਲੇ ਨੂੰ ਕਾਮਯਾਬੀ ਨਾ ਮਿਲੀ ਹੋਵੇ। 2012 ਵਿੱਚ ਪਾਕਿਸਤਾਨ ਸਰਕਾਰ ਨੇ ਇਸ ਦਾ ਨਾਂ ‘ਭਗਤ ਸਿੰਘ ਚੌਕ` ਰੱਖ ਦਿੱਤਾ ਸੀ, ਪਰ ਆਲ਼ੇ-ਦੁਆਲ਼ੇ ਦੀ ਮਾਰਕੀਟ ਦੇ ਦੁਕਾਨਦਾਰਾਂ, ਜੋ ਕਿ ਹਾਫiLਜ਼ ਸੱਯਦ ਦੀ ਤਨਜ਼ੀਮ ਜਮਾਤ-ਉਦ-ਦਾਵਾ ਦੇ ਮੈਂਬਰ ਸਨ, ਵੱਲੋਂ ਮੁਜ਼ਾਹਰੇ ਕਰਨ ਅਤੇ ਰੌਲ਼ਾ ਰੱਪਾ ਪਾਉਣ ਕਰਕੇ ਇਹ ਫ਼ੈਸਲਾ ਪਲਟ ਦਿੱਤਾ ਗਿਆ। ਇਸ ਦੇ ਬਾਵਜੂਦ ਸਰਕਾਰ ਨੇ ਨਾਂ ਬਦਲਣ ਦੇ ਹੱਕ ਵਿੱਚ ‘ਦਿਲਕਸ਼ ਲਾਹੌਰ ਕਮੇਟੀ` ਬਣਾਈ ਕਿ ਉਹ ਇਸ ਨਾਂ ਦੀ ਸਿਫ਼ਾਰਿਸ਼ ਕਰੇ ਪਰ ਇਸ ਵਾਰ ਪਾਬੰਦੀਸ਼ੁਦਾ ਤਨਜ਼ੀਮ, ਜਮਾਤ ਉਦ ਦਾਅਵਾ ਨਾਲ ਸਬੰਧਾਂ ਵਾਲੀ ਤਹਿਰੀਕ-ਏ-ਹੁਰਮਤ-ਏ-ਰਸੂਲ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਤੇ ਦਲੀਲ ਇਹ ਦਿੱਤੀ ਕਿ ਚੌਕ ਦਾ ਨਾਂ ਬਦਲਣ ਪਿੱਛੇ ਭਾਰਤ ਦੀ ਖ਼ੁਫ਼ੀਆ ਏਜੰਸੀ ਰਾਅ ਦਾ ਹੱਥ ਹੈ। ਦੂਜੀ ਦਲੀਲ ਇਹ ਦਿੱਤੀ ਗਈ ਕਿ ਪਾਕਿਸਤਾਨ ਇੱਕ ਇਸਲਾਮੀ ਮੁਲਕ ਹੈ, ਕੋਈ ਵੀ ਮੁੱਖ ਰਸਤਾ ਜਾਂ ਚੌਕ ਕਿਸੇ ਗ਼ੈਰ ਮੁਸਲਿਮ ਦੇ ਨਾਂ `ਤੇ ਨਹੀਂ ਹੋਣਾ ਚਾਹੀਦਾ। ਇਸ ਦੇ ਜੁਆਬ `ਚ ਵਕੀਲ ਇਮਤਿਆਜ਼ ਕੁਰੈਸ਼ੀ ਨੇ ਕਿਹਾ ਸੀ ਕਿ “ਜੇ ਭਾਰਤ ਵਿੱਚ ਸਰ ਸੱਯਦ ਅਹਿਮਦ ਖਾਨ ਦਾ ਬੁੱਤ ਲੱਗ ਸਕਦਾ ਹੈ ਤਾਂ ਭਗਤ ਸਿੰਘ ਦਾ ਬੁੱਤ ਇਸ ਚੌਕ ਵਿੱਚ ਕਿਉਂ ਨਹੀਂ? ਮੁਹੰਮਦ ਅਲੀ ਜਿਨਾਹ ਨੇ ਵੀ ਤਾਂ ਭਗਤ ਸਿੰਘ ਦੀ ਸ਼ਹੀਦੀ ਨੂੰ ਵੱਡੀ ਕੁਰਬਾਨੀ ਦੱਸਿਆ ਅਤੇ ਸ਼ਹਾਦਤ ਨੂੰ ਸਲਾਮ ਕਰਦਿਆਂ ਕਿਹਾ ਸੀ ਕਿ ਭਗਤ ਸਿੰਘ ਬਹਾਦਰਾਂ `ਚੋਂ ਬਹਾਦਰ ਸੀ।”
ਲਾਹੌਰ ਹਾਈ ਕੋਰਟ ਨੇ 2018 ਵਿੱਚ ਫ਼ੈਸਲਾ ਸੁਣਾਉਂਦਿਆਂ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਸ਼ਾਦਮਨ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖ ਦਿੱਤਾ ਜਾਵੇ ਪਰ 2024 ਤੱਕ ਇਸ ਹਦਾਇਤ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਸੋ ਇਸੇ ਸਾਲ ਅਪਰੈਲ ਵਿੱਚ ਭਗਤ ਸਿੰਘ ਫਾਊਂਡੇਸ਼ਨ ਦੇ ਕਾਰਕੁਨਾਂ ਨੇ ਪੰਜਾਬ ਸਰਕਾਰ ਦੇ ਤਿੰਨ ਅਫਸਰਾਂ ਖ਼ਿਲਾਫ਼ ਅਦਾਲਤੀ ਮਾਣਹਾਨੀ ਦਾ ਕੇਸ ਪਾਇਆ ਸੀ ਜਿਸ ਦੀ ਪੇਸ਼ੀ ਦੌਰਾਨ ਪੰਜਾਬ ਸਰਕਾਰ ਦੇ ਸਹਾਇਕ ਐਡਵੋਕੇਟ ਜਨਰਲ ਇਮਰਾਨ ਖਾਨ ਨੇ ਬੇਨਤੀ ਕਰਦਿਆਂ ਕਿਹਾ ਸੀ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਵਾਸਤੇ ਸਰਕਾਰ ਨੂੰ ਕੁਝ ਹੋਰ ਵਕਤ ਦਿੱਤਾ ਜਾਵੇ। ਪਟੀਸ਼ਨਰ ਵੱਲੋਂ ਐਡਵੋਕੇਟ ਖ਼ਾਲਿਦ ਜ਼ਮਾ ਕੱਕੜ ਨੇ ਕਿਹਾ ਕਿ ਇਸ ਮਾਮਲੇ ‘ਚ ਪਹਿਲਾਂ ਹੀ ਬੜੀ ਦੇਰ ਹੋ ਚੁੱਕੀ ਹੈ, ਪਰ ਸਰਕਾਰੀ ਪੱਖ ਦੀ ਦਲੀਲ ‘ਤੇ ਵਿਚਾਰ ਕਰਦਿਆਂ ਕੋਰਟ ਨੇ ਅਗਲੀ ਤਰੀਕ ਸੱਤ ਜੂਨ 2024 ਦਿੱਤੀ ਸੀ। ਸੱਤ ਜੂਨ ਨੂੰ ਵੀ ਇਹ ਕੇਸ ਮੁਲਤਵੀ ਕਰ ਦਿੱਤਾ ਗਿਆ ਤੇ ਹੁਣ ਅਗਲੀ ਸੁਣਵਾਈ ਸਤੰਬਰ ‘ਚ ਹੋਵੇਗੀ। ਉਮੀਦ ਕਰਦੇ ਹਾਂ ਕਿ ਭਗਤ ਸਿੰਘ ਦੇ ਜਨਮ ਦਿਹਾੜੇ 27 ਸਤੰਬਰ ਨੂੰ ਅਦਾਲਤ ਇਸ ਚੌਕ ਦਾ ਨਾਂ ਭਗਤ ਸਿੰਘ ਚੌਕ ਰੱਖਣ ਵਾਲਾ ਆਖ਼ਰੀ ਫ਼ੈਸਲਾ ਦੇ ਦੇਵੇਗੀ।