ਪੂਰਬੀ ਭਾਰਤ ਵਿਚ ਮਾਨਵਤਾ ਦੇ ਸੰਚਾਰਕ ਸਿੱਖ ਗੁਰੂ ਸਾਹਿਬਾਨ

ਗੁਲਜ਼ਾਰ ਸਿੰਘ ਸੰਧੂ
ਪੂਰਬੀ ਭਾਰਤ ਵਿਚ ਅਸਾਮ, ਬੰਗਾਲ ਤੱਕ ਦੇ ਵਸਨੀਕਾਂ ਨੂੰ ਪਟਨਾ ਦੀ ਧਰਤੀ ਨੇ ਨਿਵਾਜਿਆ ਹੈ| ਏਥੇ ਗੁਰੂ ਨਾਨਕ ਦੇਵ ਜੀ ਆਪਣੀ ਪ੍ਰਥਮ ਉਦਾਸੀ ਸਮੇਂ ਪਧਾਰੇ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਨੀਤੀ ਦੇ ਧੱਕੇ ਹੋਏ। ਪੂਰੇ ਸੰਸਾਰ ਦੇ ਸਿੱਖਾਂ ਲਈ ਪਟਨਾ ਸਾਹਿਬ ਪੰਜ ਤਖਤਾਂ ਵਿਚੋਂ ਦੂਜਾ ਹੈ| ਉਂਝ ਵੀ ਏਸ ਧਰਤੀ ਵਿਚ ਮਨੁੱਖੀ ਹੋਂਦ ਢਾਈ ਹਜ਼ਾਰ ਤੋਂ ਵੱਧ ਸਾਲਾਂ ਤੋਂ ਹੈ| ਪਟਨਾ ਸਾਹਬ ਦੀ ਉਚੇਰੀ ਉਤਮਤਾ ਦਾ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ ਜਿਨ੍ਹਾਂ ਦਾ ਜਨਮ ਏਥੋਂ ਦਾ ਸੀ|

ਥੋੜ੍ਹਾ ਸਮਾਂ ਵਾਰਾਨਸੀ ਵਿਚ ਰਹਿ ਕੇ ਸਿਖ ਮੱਤ ਦਾ ਪ੍ਰਚਾਰ ਕਰਨ ਵਾਲੇ ਭਾਈ ਗੁਰਦਾਸ ਜੀ ਵੀ ਸਿੱਖ ਸੰਗਤਾਂ ਦਾ ਜ਼ਿਕਰ ਕਰਦਿਆਂ ਲਖਨਊ, ਫਤਿਹਪੁਰ, ਪਰਯਾਗ ਰਾਜ, ਜੌਨਪੁਰ, ਪਟਨਾ, ਰਾਜ ਮਹੱਲ ਅਤੇ ਢਾਕਾ ਤੱਕ ਦੀ ਸਿੱਖਾਂ ਦੀ ਮਾਨਵੀ ਜਾਂਬਾਜ਼ੀ ਦਾ ਗੁਣਗਾਇਨ ਕਰਦੇ ਹਨ|
ਸਿੱਖ ਮਿਸ਼ਨ ਕਲਕੱਤਾ ਵਾਲੇ ਜਗਮੋਹਨ ਸਿੰਘ ਗਿੱਲ ਦੀ ਨਵ ਪ੍ਰਕਾਸ਼ਿਤ ਪੁਸਤਕ Exploring in Sikh Roots in Eastern India (ਪੂਰਬੀ ਭਾਰਤ ਦੇ ਸਿੱਖਾਂ ਦਾ ਪਿਛੋਕੜ) ਇਤਿਹਾਸ ਦੇ ਇਸ ਪੱਖ ਨੂੰ ਵਿਸਥਾਰ ਨਾਲ ਪੇਸ਼ ਕਰਦੀ ਹੈ|
ਕੁੱਝ ਵੀ ਕਹੀਏ ਪੂਰਬੀ ਭਾਰਤ ਵਿਚ ਸਿੱਖੀ ਮਰਯਾਦਾ ਦੇ ਅਸਲ ਸੰਚਾਰਨ ਦਾ ਸਿਹਰਾ ਸ੍ਰੀ ਗੁਰੂ ਤੇਗ਼ ਬਹਾਦਰ ਦੇ ਸਿਰ ਬਝਦਾ ਹੈ| ਏਥੇ ਪਹੁੰਚ ਕੇ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਪਟਨਾ ਛੱਡ ਕੇ ਸਾਰੇ ਖੇਤਰ ਦਾ ਗਮਨ ਕੀਤਾ ਤੇ ਖਤਮ ਹੋ ਰਹੀ ਸੰਗਤ ਮਰਯਾਦਾ ਬਹਾਲ ਕੀਤੀ ਤੇ ਨਵੀਂ ਨਵੇਰੀ ਦੀ ਸਥਾਪਨਾ| ਪਟਨਾ ਸਾਹਿਬ ਦਾ ਮਾਣ ਸਨਮਾਨ ਵੀ ਸਿਖਰ ਉੱਤੇ ਪਹੁੰਚਿਆ| ਕੋਲਕਾਤਾ ਵਿਚ ਸ਼ਾਹੂਕਾਰਾ ਕਰਦੇ ਇੱਕ ਧਨਾਡ ਸ਼ਰਧਾਲੂ ਅਮੀ ਚੰਦ ਨੇ ਤਾਂ ਆਪਣੀ ਬਹੁਤ ਸਾਰੀ ਪੂੰਜੀ ਦੀ ਵਸੀਅਤ ਪਟਨਾ ਦੇ ਹਰਿਮੰਦਰ ਸਾਹਿਬ ਦੇ ਨਾਂ ਕਰ ਦਿੱਤੀ ਸੀ| ਗਿਣਤੀ ਵਜੋਂ ਪੰਜਾਬ ਤੇ ਕਸ਼ਮੀਰ ਤੋਂ ਪਿਛੋਂ ਬਿਹਾਰ ਦੇ ਸਿੱਖ ਆਉਂਦੇ ਹਨ| ਅਜਿਹੇ ਸ਼ਰਧਾਵਾਨਾਂ ਵਿਚ ਵੱਡੇ ਜ਼ਿਮੀਂਦਾਰ ਵੀ ਸ਼ਾਮਲ ਸਨ ਜਿਹੜੇ ਆਪਣੇ ਕਰਿੰਦਿਆਂ ਨੂੰ ਏਸ ਮਾਰਗ ਤੁਰਨ ਲਈ ਪ੍ਰੇਰਦੇ ਸਨ| ਬਿਹਾਰ ਦੇ ਸਿੱਖਾਂ ਵਿਚੋਂ ਸਾਸਾਰਾਮੀ ਅਗਰਹਾਰੀ ਸਿੱਖਾਂ ਦੀ ਦੇਣ ਵੀ ਕਮਾਲ ਹੈ| ਉਹ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਸਿੱਖ ਮਤ ਦੀਆਂ ਮਾਨਵੀ ਭਾਵਨਾਵਾਂ ਨੂੰ ਪਰਨਾਏ ਹੋਏ ਹਨ| ਉਨ੍ਹਾਂ ਦੀ ਪੰਜਾਬੀ ਦੇਵਨਾਗਰੀ ਅੱਖਰਾਂ ਵਿਚ ਸੱਚੀ ਤੇ ਸੁੱਚੀ ਸਿੱਖ ਮਰਯਾਦਾ ਵਾਲੀ|
ਅੰਤ ਵਿਚ ਜਗਮੋਹਨ ਸਿੰਘ ਗਿੱਲ ਨੇ ਉੱਤਰ ਪੂਰਬੀ ਸਿੱਖਾਂ ਦੀ ਸ਼ਰਧਾ ਦਾ ਹਵਾਲਾ ਦੇ ਕੇ ਲਿਖਿਆ ਕਿ ਸਾਨੂੰ ਵੀ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਉਹ ਵੀ ਸਾਡੇ ਵਾਂਗ ਵੱਡੀ ਪੱਧਰ ’ਤੇ ਸ਼ਤਾਬਦੀਆਂ ਮਨਾ ਸਕਣ| ਗੁਰਮਤਿ ਦੀ ਭਾਸ਼ਣ ਲੜੀ ਅਰੰਭ ਕਰਨ ਤੋਂ ਬਿਨਾਂ ਇਸ ਮੱਤ ਨੂੰ ਪਾਠਕ੍ਰਮ ਦਾ ਭਾਗ ਬਣਾਏ ਜਾਣਾ ਵੀ ਲੇਖਕ ਦੀ ਭਾਵਨਾ ਵਿਚ ਸ਼ਾਮਲ ਹੈ|
ਨਵੀਂ ਜਗੀਰਦਾਰੀ : ਇੱਕ ਵਿਅੰਗ
ਰਿਆਸਤੀ ਤੇ ਦੂਜੀਆਂ ਜਗੀਰਾਂ ਟੁੱਟਣ ਤੱਕ ਪੰਜਾਬ ਦੇ ਸਿੱਖ ਜਗੀਰਦਾਰ ਆਪਣਾ ਬੇਟਾ ਬੇਟੀ ਜਗੀਰਦਾਰਾਂ ਦੇ ਘਰ ਹੀ ਵਿਆਹੁੰਦੇ ਸਨ| ਜਗੀਰ ਹਰ ਛੇਵੇਂ ਮਹੀਨੇ ਮਿਲਦੀ ਸੀ ਪਰ ਵੱਧ ਘੱਟ ਹੋਣ ਨਾਲ ਕੋਈ ਫਰਕ ਨਹੀਂ ਸੀ ਪੈਂਦਾ| ਮੇਰੇ ਪਿਤਾ ਨੂੰ 66 ਰੁਪਏ ਛਿਮਾਹੀ ਤੇ ਮੇਰੇ ਇੱਕ ਮਾਸੜ ਨੂੰ 250 ਰੁਪਏ| ਪਿੰਡ ਵਿਚ ਮੇਰੀ ਭੂਆ ਵਿਆਹੀ ਗਈ ਸੀ ਉਸਦਾ ਨਾਂ ਹੀ ਕੰਗ ਜਗੀਰ ਸੀ| ਫਲੌਰ ਦੇ ਨੇੜੇ ਵੱਡੇ ਜਾਗੀਰਦਾਰ ਇੱਕ ਤੋਂ ਵੱਧ ਸ਼ਾਦੀਆਂ ਲਈ ਵੀ ਜਾਣੇ ਜਾਂਦੇ ਸਨ| ਜਿਨ੍ਹਾਂ ਦੇ ਪਿੰਡਾਂ ਨੂੰ ਸ਼ਹਿਰ ਨੇੜੇ ਪੈਂਦਾ ਸੀ ਉਨ੍ਹਾਂ ਜਾਗੀਰਦਾਰਾਂ ਦੀਆਂ ਛੁੱਟੜ ਤੇ ਵਿਧਵਾ ਬੀਵੀਆਂ ਚਾਰ-ਚਾਰ ਜਾਂ ਛੇ-ਛੇ ਮਿਲ ਕੇ ਨੇੜਲੇ ਸ਼ਹਿਰ ਹੋਟਲਾਂ ਦੀ ਚਾਹ ਪੀਣ ਜਾਂਦੀਆਂ| ਵੱਡੇ ਘੱਗਰੇ ਪਹਿਨ ਕੇ ਤੇ ਦੂਹਰੀ ਚਾਦਰ ਓੜ੍ਹ ਕੇ| ਮਰਦ ਪਿੱਪਲਾਂ ਥੱਲੇ ਤਾਸ਼ ਖੇਡਦੇ| ਉਸ ਵੇਲੇ ਸਰਦਾਰੀ ਦੇ ਰੰਗ ਢੰਗ ਇਹੀਓ ਸਨ| ਇਹ ਪ੍ਰਥਾ ਜਾਗੀਰਾਂ ਟੁੱਟਣ ਤਕ ਬਣੀ ਰਹੀ|
ਅੱਜ ਦੇ ਦਿਨ ਇਸ ਪ੍ਰਥਾ ਨੇ ਨਵਾਂ ਰੂਪ ਲੈ ਲਿਆ ਹੈ| ਮਹਿਲਾਵਾਂ ਤੁਰ ਕੇ ਨਹੀਂ ਜਾਂਦੀਆਂ| ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਟਿਕਟ ਨਹੀਂ ਲੈਣੀ ਪੈਂਦੀ| ਆਧਾਰ ਕਾਰਡ ਵਿਖਾ ਕੇ ਪੰਜਾਬੀ ਮਹਿਲਾ ਕਿਸੇ ਵੀ ਸਥਾਨ ’ਤੇ ਜਾ ਸਕਦੀ ਹੈ| ਮਰਦਾਂ ਨੇ ਵੀ ਆਪਣੇ ਕੰਮ ਉਨ੍ਹਾਂ ਨੂੰ ਸੌਂਪ ਦਿੱਤੇ ਹਨ| ਮੁਫ਼ਤੋ ਮੁਫ਼ਤੀ ਭੁਗਤ ਜਾਂਦੇ ਹਨ| ਪੂੰਜੀਪਤੀ ਹੋਣ ਜਾਂ ਗਰੀਬ ਗੁਰਬੇ ਸਾਰੇ ਹੀ ਜਾਗੀਰਦਾਰ ਹਨ| ਉਨ੍ਹਾਂ ਉੱਤੇ ‘ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜ੍ਹਕ ਦੇ ਨਾਲ’ ਵਾਲੀ ਲੋਕ ਬੋਲੀ ਵੀ ਲਾਗੂ ਨਹੀਂ ਹੁੰਦੀ|
ਵੱਢੇ ਟੁੱਕੇ ਪੰਜਾਬ ਵਿਚ ਸ਼ਿਵ ਬਟਾਲਵੀ
ਦੇਸ਼ ਵੰਡ ਸਮੇਂ ਪੰਜਾਬੀ ਕਵੀ ਸ਼ਿਵ ਕੁਮਾਰ ਦੇ ਮਾਪਿਆਂ ਨੂੰ ਵੀ ਏਧਰਲੇ ਪੰਜਾਬ ਨੂੰ ਤੁਰਨਾ ਪਿਆ ਸੀ| ਜਿਸ ਰੇਲ ਗੱਡੀ ਵਿਚ ਉਹ ਸਫਰ ਕਰ ਰਹੇ ਸਨ ਜੱਸੜ ਨੇੜੇ ਉਸ ਦੀਆਂ ਸਾਰੀਆਂ ਸਵਾਰੀਆਂ ਦਾ ਅੰਨ੍ਹੇਵਾਹ ਕਤਲ ਕਰ ਕੇ ਉਨ੍ਹਾਂ ਦੀ ਨਕਦੀ ਤੇ ਮਾਲ ਅਸਬਾਬ ਲੁੱਟ ਲਿਆ ਗਿਆ ਸੀ| 10 ਸਾਲ ਦੀ ਉਮਰ ਵਾਲਾ ਸ਼ਿਵ ਬਚ ਗਿਆ| ਸ਼ਾਇਦ ਇਸ ਕਾਰਨ ਕਿ ਉਹਦੇ ਕੋਲ ਕੋਈ ਲੁੱਟੀ ਜਾਣ ਵਾਲੀ ਵਸਤੂ ਨਹੀਂ ਸੀ| ਵੱਡੇ ਹੋ ਕੇ ਉਸਨੇ ਏਸ ਘਟਨਾਕ੍ਰਮ ਬਾਰੇ ‘ਮਾਏਂ ਨੀ ਮਾਏਂ ਮੇਰੇ’ ਗੀਤਾਂ ਵਾਲੀ ਕਵਿਤਾ ਵਿਚ ਆਪਣੀ ਅਲਪ ਆਯੂ ਦੇ ਚੌਖਟੇ ਵਿਚ ਫਿਟ ਕਰ ਕੇ ਆਪਣੇ ਆਪ ਨੂੰ ‘ਆਪੇ ਹੀ ਮੈਂ ਬਾਲੜੀ ਤੇ ਆਪੇ ਹੀ ਮੈਂ ਮੱਤਾਂ ਜੋਗੀ’ ਲਿਖਿਆ| ਕਾਵਿਕਾਰੀ ਵਿਚ ‘ਬਿਰਹਾ ਦਾ ਸੁਲਤਾਨ’ ਬਣਿਆ ਸ਼ਿਵ ਕੁਮਾਰ ਬਟਾਲਵੀ 36 ਵਰ੍ਹੇ ਦੀ ਆਯੂ ਵਿਚ ਹੀ ਤੁਰ ਗਿਆ| ਭਾਰਤੀ ਤੇ ਕੀ ਪਾਕਿਸਤਾਨੀ ਉਹਦੇ ਲਈ ਬਰਾਬਰ ਦੀ ਅਪਣੱਤ ਜਤਾਉਂਦੇ ਹਨ| ਇੰਟਰਨੈਟ `ਤੇ ਪੇਸ਼ ਕੀਤੇ ‘ਮੇਲਾ’ ਪ੍ਰੋਗਰਾਮ ਵਿਚ ਅਹਿਸਾਨ ਬਾਜਵਾ ਨੇ ‘ਮਾਏਂ ਨੀ ਮਾਏਂ’ ਵਾਲੀ ਰਚਨਾ ਨੂੰ ਸ਼ਿਵ ਦੇ ਬਚਪਨ ਨਾਲ ਜੋੜ ਕੇ ਇਸ ਰਚਨਾ ਦੀ ਅਹਿਮੀਅਤ ਵਿਚ ਕਮਾਲ ਦਾ ਵਾਧਾ ਕੀਤਾ ਹੈ ਪਰ ਉਹ ਸ਼ਿਵ ਦੇ ਪਿਤਾ ਦਾ ਨਾਂ ਕ੍ਰਿਸ਼ਨ ਗੋਲ ਦੀ ਥਾਂ ਜਸਪਾਲ ਦਸਦੇ ਹਨ| ‘ਮੇਲਾ’ ਦੇ ਆਯੋਜਕ ਇਸਦੀ ਸੋਧ ਕਰ ਲੈਣ ਤਾਂ ਕਿ ਉਨ੍ਹਾਂ ਦੀ ਰੀਸ ਕਰਨ ਵਾਲੇ ਇਹ ਗਲਤੀ ਨਾ ਕਰਦੇ ਰਹਿਣ|

ਅੰਤਿਕਾ
.ਗੁਰਜੀਤ ਸ਼ੇਖਪੁਰੀ॥
ਦਾਦਾ ਦੱਸਦਾ ਏ, ਇਕ ਮੇਰਾ ਯਾਰ ਗਫੂਰਾ ਹੁੰਦਾ ਸੀ
ਤੇ ਇਕ ਤੇਲੀ ਕੋਹਲੂ ਵਾਲਾ, ਫ਼ੀਨ੍ਹਾ ਨੂਰ ਹੁੰਦਾ ਸੀ
ਡਾਹਢਾ ਸ਼ੋਅਲਾ ਸੀ ਕਿ ਕੰਜਰ, ਕੰਧਾਂ-ਕੌਲ਼ੇ ਟੱਪਣ ਨੂੰ
ਇਕ ਘੁਮਿਆਰਾਂ ਦੀ ਪੱਤੀ ਦਾ, ਬੂਰਾ-ਬੂਰਾ ਹੁੰਦਾ ਸੀ
ਬਾਬਾ ਦੀਨਾ-ਲੰਬੜ ਪੁੱਤਰਾ, ਹਾਲੇ ਤੀਕਰ ਚੇਤੇ ਆ
ਜੀਹਦਾ ਵੱਧ ਵਦਾਨਾਂ ਨਾਲੋਂ, ਭਾਰਾ ਹੂਰਾ ਹੁੰਦਾ ਸੀ
ਚਾਚੀ ਜੈਨਬ ਸਾਰੇ ਪਿੰਡ ਦੇ ਹੀ ਬਾਲਾਂ ਦੀ ਚਾਚੀ ਸੀ
ਕਿੰਨਾ ਓਸ ਸੁਆਣੀ ਅੰਦਰ, ਸਬਰ-ਸਬੂਰਾ ਹੁੰਦਾ ਸੀ
ਅੰਬਰਸਰ ਦੀ ਜੂਹ ਤੋਂ ਤੁਰ ਕੇ, ਫੇਰ ਅਟਾਰੀ ਟੇਸ਼ਣ ਥੀਂ
ਈਚੋਗਿੱਲ, ਲਹੌਰਾਂ ਤੀਕਰ ਗੇੜਾ ਪੂਰਾ ਹੁੰਦਾ ਸੀ
ਜਿੱਦਣ ਪਾਕਿਸਤਾਨ ਸੀ ਬਣਿਆ, ਉਹ ਦਿਨ ਭੁੱਲਿਆਂ ਭੁੱਲਦਾ ਨਈਂ
ਟੁੱਟ ਗਿਆ ਹਰ ਸਾਕ-ਸਰੀਰਾ ਕਿੰਨਾ ਗੂਹੜਾ ਹੁੰਦਾ ਸੀ
ਰੋਂਦੇ ਸਾਂ ਹਡਿਆਰੇ ਵੱਲ ਨੂੰ ਗੱਡੇ ਜਿੱਦਣ ਤੋਰੇ ਸਨ
ਅਮਰੂ, ਸੇਮੂ, ਫ਼ਜ਼ਲੂ ਹਰ ਕੋਈ, ਰੋ-ਰੋ ਦੂਹਰਾ ਹੁੰਦਾ ਸੀ।