ਸਨਾਤਨ ਵਿਚਾਰਧਾਰਾ ਖਿਲਾਫ ਜੰਗ ਅਤੇ ਵਿਵਾਦ ਦੇ ਹੋਰ ਮਸਲੇ

ਕਰਮਜੀਤ ਸਿੰਘ ਚੰਡੀਗੜ੍ਹ
ਸੀਨੀਅਰ ਪੱਤਰਕਾਰ
ਫੋਨ: +91-99150-91063
ਸਿੱਖੀ ਨਾਲ ਸਬੰਧਿਤ ਕੁਝ ਮਸਲਿਆਂ ਬਾਰੇ ਵਿਵਾਦ ਅਕਸਰ ਅਤੇ ਅਚਾਨਕ ਸਿਰ ਚੁੱਕ ਖਲੋਂਦੇ ਹਨ। ਅਸਲ ਵਿਚ ਧੜਿਆਂ ਵਿਚ ਵੰਡੇ ਸਿੱਖ ਵਿਦਵਾਨ ਆਪੋ-ਆਪਣੇ ਧੜੇ ਅਨੁਸਾਰ ਪੈਂਤੜੇ ਮੱਲਣ ਵਿਚ ਵੱਧ ਦਿਲਚਸਪੀ ਦਿਖਾਉਂਦੇ ਜਾਪਦੇ ਹਨ। ਪਿਛਲੇ ਦਿਨੀਂ ਇਕ ਇੰਟਰਵਿਊ ਦੌਰਾਨ ਪ੍ਰਭਸ਼ਰਨਦੀਪ ਸਿੰਘ ਨੇ ਸਨਾਤਨ ਵਿਚਾਰਧਾਰਾ ਬਾਰੇ ਵਿਚਾਰ ਪ੍ਰਗਟ ਕੀਤੇ ਪਰ ਇੰਟਰਵਿਊ ਵਿਚ ਵਿਵਾਦ ਦਸਮ ਗ੍ਰੰਥ ਅਤੇ ਸ਼ਹੀਦ ਮਨੀ ਸਿੰਘ ਦੇ ਜ਼ਿਕਰ ‘ਤੇ ਉਠ ਖੜ੍ਹਾ ਹੋਇਆ। ਇਸ ਬਾਰੇ ਟਿੱਪਣੀ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚੰਡੀਗੜ੍ਹ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

ਸਿੱਖ ਵਿਦਵਾਨ ਪ੍ਰਭਸ਼ਰਨਦੀਪ ਸਿੰਘ ਦੀ ਤਾਜ਼ਾ ਵੀਡੀਓ ਸੁਣੀ। ਉਨ੍ਹਾਂ ਸਿੱਖ ਧਰਮ ਦਾ ਸਨਾਤਨ ਵਿਚਾਰਧਾਰਾ ਨਾਲੋਂ ਸਿਧਾਂਤਕ ਨਿਖੇੜਾ ਕੀਤਾ ਅਤੇ ਨਿੱਗਰ ਦਲੀਲਾਂ ਨਾਲ ਆਪਣੀ ਗੱਲ ਰੱਖੀ; ਨਿਖੇੜਾ ਹੀ ਨਹੀਂ ਕੀਤਾ ਸਗੋਂ ਸਨਾਤਨ ਅਤੇ ਸਨਾਤਨੀਆਂ ਨਾਲੋਂ ਪੱਕੀ ਤੇ ਗੂੜ੍ਹੀ ਲਕੀਰ ਖਿੱਚ ਕੇ ਸਿੱਖਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਉਨ੍ਹਾਂ ਉਤੇ ਕਿੰਨੇ ਵੱਡੇ ਖਤਰੇ ਮੰਡਰਾ ਰਹੇ ਹਨ। ਉਂਝ, ਜਦੋਂ ਉਨ੍ਹਾਂ ਨੇ ਦਸਮ ਗ੍ਰੰਥ ਦਾ ਜ਼ਿਕਰ ਕਰਦਿਆਂ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਰੋਲ ਬਾਰੇ ਜੋ ਗੱਲ ਕਹੀ, ਉਹ ਨਹੀਂ ਸੀ ਕਹਿਣੀ ਚਾਹੀਦੀ ਕਿਉਂਕਿ ਸਮਾਂ ਅਤੇ ਦਰਪੇਸ਼ ਸੰਕਟ ਅਜਿਹੀਆਂ ਗੱਲਾਂ ਦੀ ਇਜਾਜ਼ਤ ਨਹੀਂ ਦਿੰਦੇ।
ਪ੍ਰਭਸ਼ਰਨਦੀਪ ਸਿੰਘ ਲਈ ਇੱਕ ਸਵਾਲ ਅਜੇ ਵੀ ਜਿਉਂ ਦਾ ਤਿਉਂ ਹੈ ਜਿਸ ਲਈ ਸਾਡੇ ਵਿਦਵਾਨ ਜਵਾਬਦੇਹ ਹਨ ਅਤੇ ਨਾਲ ਹੀ ਟਰੌਲਿੰਗ ਕਰਨ ਵਾਲੀ ਫੌਜ ਵੀ ਜਵਾਬਦੇਹ ਹੈ ਜੋ ਆਪਣੀ ਨਿੱਜੀ ਕਿੜ ਜਾਂ ਛੋਟੇ ਮੋਟੇ ਵਿਰੋਧ ਕਰਕੇ ਹੀ ਇਸ ਮੌਕੇ ਦਾ ਫਾਇਦਾ ਉਠਾ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਅਰਸੇ ਤੋਂ ਸਿੱਖਾਂ ਅੰਦਰ ਉਭਰੇ ਨਵੇਂ-ਨਵੇਂ ਸਨਾਤਨੀ ਵੀ ਜਵਾਬਦੇਹ ਹਨ ਜਿਨ੍ਹਾਂ ਨੂੰ ਪ੍ਰਭਸ਼ਰਨਦੀਪ ਸਿੰਘ ਨੇ ਠੋਸ ਦਲੀਲਾਂ ਦੇ ਕੇ ਇਸ ਵੀਡੀਓ ਵਿਚ ਲੱਕੋਂ ਫੜਿਆ ਹੈ। ਗਿਆਨੀ ਸ਼ੇਰ ਸਿੰਘ ਜੀ ਇਸ ਦੀ ਮਿਸਾਲ ਹਨ ਜੋ ਸਿੱਖੀ ਨੂੰ ਸਨਾਤਨ ਨਾਲ ਜੋੜਨ ਦਾ ਵੱਡਾ ਗੁਨਾਹ ਕਰਦੇ ਹਨ।
ਸਵਾਲ ਹੈ: ਜੇ ਭਾਈ ਮਨੀ ਸਿੰਘ ਹੋਰਾਂ ਕੋਈ ਤਬਦੀਲੀ ਕੀਤੀ ਵੀ ਹੈ ਤਾਂ ਕੀ ਕਿਸੇ ਵਿਦਵਾਨ ਨੂੰ ਇਸ ਗੰਭੀਰ ਵਿਚਾਰਧਾਰਕ ਭੁੱਲ ਦਾ ਜ਼ਿਕਰ ਕਰਨ ਦਾ ਹੱਕ ਮਿਲਦਾ ਹੈ ਜਾਂ ਨਹੀਂ? ਜਾਂ ਫਿਰ ਖਾਮੋਸ਼ ਰਹਿਣ ਦੀ ਸਿਆਣਪ ਤੇ ਸਿਆਸਤ ਵਰਤਣੀ ਚਾਹੀਦੀ ਹੈ? ਦਹਾਕਿਆਂ ਤੋਂ ਗੁਰਦੁਆਰਿਆਂ ਅੰਦਰ ਗੁਰਬਾਣੀ ਅਤੇ ਇਤਿਹਾਸ ਦੇ ਕਥਾ ਵਾਚਕਾਂ ਤੇ ਸੰਤਾਂ ਮਹਾਂਪੁਰਸ਼ਾਂ ਨੇ ਇਹੋ ਉਪਦੇਸ਼ ਸਾਨੂੰ ਦ੍ਰਿੜ ਕਰਾਇਆ ਹੈ ਕਿ ਗੁਰੂ ਅਤੇ ਕਰਤਾਰ ਤੋਂ ਬਿਨਾਂ ਸਭ ਭੁੱਲਣਹਾਰ ਦੇ ਵਰਗ ਵਿਚ ਆਉਂਦੇ ਹਨ। ਫਿਰ ਬੜੇ ਸਤਿਕਾਰ ਨਾਲ ਇਹ ਪੁੱਛਣਾ ਬਣਦਾ ਹੈ ਕਿ ਭਾਈ ਮਨੀ ਸਿੰਘ ਵੀ ਉਸੇ ਵਰਗ ਵਿਚ ਆਉਂਦੇ ਹਨ ਜਾਂ ਨਹੀਂ? ਮੇਰਾ ਖਿਆਲ ਹੈ ਕਿ ਹਰ ਜ਼ਮੀਰ ਇਸ ਦਾ ਜਵਾਬ ‘ਹਾਂ’ ਵਿਚ ਦੇਵੇਗੀ। ਫਿਰ ਅਸੀਂ ਸਾਰੇ ਇਸ ਸਵਾਲ ਦਾ ਜਵਾਬ ਤਾਂ ਲੱਭੀਏ ਕਿ ਪ੍ਰਭਸ਼ਰਨਦੀਪ ਸਿੰਘ ਨੇ ਸਿੱਖੀ ਸਿਧਾਂਤ ਦੀ ਕੋਈ ਉਲੰਘਣਾ ਕੀਤੀ ਹੈ? ਜੇ ਨਹੀਂ ਕੀਤੀ ਤਾਂ ਫਿਰ ਸਿੱਖ ਵਿਦਵਾਨ ਪ੍ਰਭਸ਼ਰਨਦੀਪ ਸਿੰਘ ਦੇ ਹੱਕ ਵਿਚ ਖਲੋਣ ਦੀ ਹਿੰਮਤ ਅਤੇ ਹੌਸਲਾ ਕਿਉਂ ਨਹੀਂ ਦਿਖਾਉਂਦੇ? ਕੀ ਉਹ ਰੋਗ ਵੱਡਾ ਬਣ ਚੁੱਕਾ ਹੈ ਜੋ ਹਰ ਸਿੱਖ ਵਿਦਵਾਨ ਨੂੰ ਕਿਸੇ ਧੜੇ ਨਾਲ ਲੱਗ ਕੇ ਪੈਦਾ ਹੁੰਦਾ ਹੈ? ਹੁਣ ਜੇ ਟਰੌਲਿੰਗ ਆਰਮੀ ਦੀ ਗੱਲ ਕਰੀਏ ਤਾਂ ਇਉਂ ਲੱਗਦਾ ਹੈ ਜਿਵੇਂ ਉਹ ਤਾਂ ਬਸ ਉਡੀਕ ਹੀ ਕਰ ਰਹੇ ਸਨ ਕਿ ਉਨ੍ਹਾਂ ਦਾ ਸ਼ਰੀਕ ਵਿਦਵਾਨ ਕਦੋਂ ਕੋਈ ਮਾੜੀ ਜਿਹੀ ਵੀ ਭੁੱਲ ਕਰੇ ਤੇ ਇਸ ਭੁੱਲ ਨੂੰ ਖੰਭਾਂ ਦੀਆਂ ਡਾਰਾਂ ਬਣਾ ਕੇ ਅੱਗੇ ਤੋਰ ਦਿੱਤਾ ਜਾਵੇ ਤੇ ਸਨਾਤਨ ਦੇ ਖਤਰਨਾਕ ਰੁਝਾਨ ਅਤੇ ਪ੍ਰਮੁੱਖ ਮੁੱਦੇ ਉਤੇ ਪਰਦਾ ਪਾ ਕੇ ਉਸ ਨੂੰ ਅੱਖੋਂ ਪਰੋਖੇ ਹੀ ਕਰ ਦਿੱਤਾ ਜਾਵੇ।
ਪ੍ਰਭਸ਼ਰਨਦੀਪ ਸਿੰਘ ਨੇ ਇਕ ਘੰਟਾ 43 ਮਿੰਟ ਲੰਮੀ ਵੀਡੀਓ ਵਿਚ ਸਵਾ ਘੰਟੇ ਤੋਂ ਵੀ ਉਪਰ ਵਿਚ ਸਨਾਤਨ ਵਿਚਾਰਧਾਰਾ ਨੂੰ ਹਰ ਪੱਖ ਤੋਂ ਲਿਆ ਹੈ। ਕਥਾ ਵਾਚਕਾਂ ਅਤੇ ਦਾਨਸ਼ਵਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਉਹ ਸਨਾਤਨ ਦੇ ਸੂਖਮ ਹਮਲਿਆਂ ਨੂੰ ਸਮਝਣ ਲਈ ਇਸ ਵੀਡੀਓ ਨੂੰ ਧਿਆਨ ਨਾਲ ਸੁਣਨ/ਦੇਖਣ।
ਪ੍ਰਭਸ਼ਰਨਦੀਪ ਸਿੰਘ ਇੱਕ ਪਾਸੇ ਵੇਦਾਂ, ਸਿਮਰਤੀਆਂ ਤੇ ਉਪਨਿਸ਼ਦਾਂ ਦੇ ਹਵਾਲਿਆਂ ਨਾਲ ਸਨਾਤਨ ਦੀ ਵਿਆਖਿਆ ਕਰਦਾ ਹੈ ਅਤੇ ਫਿਰ ਮੁਕਾਬਲੇ ਵਿਚ ਸਿੱਖ ਧਰਮ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਦੇ ਹਵਾਲੇ ਦੇ ਕੇ ਸਨਾਤਨ ਨਾਲੋਂ ਨਿਖਾਰ ਕੇ ਨਿਖੇੜਦਾ ਹੈ ਅਤੇ ਸਿੱਧ ਕਰਦਾ ਹੈ ਕਿ ਸਾਡਾ ਤਾਂ ਸਨਾਤਨ ਨਾਲ ਕੋਈ ਦੂਰ ਦਾ ਵੀ ਰਿਸ਼ਤਾ ਨਹੀਂ ਬਣਦਾ। ਅਸੀਂ ਬਚਪਨ ਤੋਂ ਹੀ ਪ੍ਰਸਿੱਧ ਢਾਡੀ ਸੋਹਣ ਸਿੰਘ ਸੀਤਲ ਅਤੇ ਹੋਰ ਸ਼ਾਇਰਾਂ ਤੇ ਕਥਾਵਾਚਕਾਂ ਤੋਂ ਸੁਣਦੇ ਰਹੇ ਹਾਂ ਕਿ ਖਾਲਸਾ ਪੰਥ ਦੀ ਸਾਜਨਾ ਸਮੇਂ ਸਾਡੇ ਅਤੀਤ ਨਾਲੋਂ ਅਰਥਾਤ ਸਨਾਤਨ ਵਿਚਾਰਧਾਰਾ ਨਾਲੋਂ ਸਭ ਰਿਸ਼ਤੇ ਖਤਮ ਕਰ ਦਿੱਤੇ ਗਏ ਸਨ ਜਿਨਾਂ ਵਿਚ ਕਰਮ ਨਾਸ, ਧਰਮ ਨਾਸ, ਕਿਰਤ ਨਾਸ,ਭਰਮ ਨਾਸ ਤੇ ਕੁਲ ਨਾਸ ਸ਼ਾਮਿਲ ਹਨ। ਪ੍ਰਭਸ਼ਰਨਦੀਪ ਸਿੰਘ ਨੇ ਵੀ ਇਨ੍ਹਾਂ ਦੀ ਆਪਣੇ ਢੰਗ ਨਾਲ ਮੌਲਿਕ ਅਤੇ ਸੁੰਦਰ ਵਿਆਖਿਆ ਕੀਤੀ ਹੈ; ਇਹ ਪਹਿਲੀ ਵਾਰ ਹੈ ਜਦੋਂ ਕਿਸੇ ਵਿਦਵਾਨ ਨੇ ਸਨਾਤਨ ਨੂੰ ਵੱਡੀ ਚੁਣੌਤੀ ਦਿੱਤੀ।
ਕੁਝ ਹਕੀਕਤਾਂ ਯਾਦ ਕਰਵਾਉਣਾ ਚਾਹੁੰਦਾ ਹਾਂ ਜੋ ਸਾਡੇ ਸਾਹਮਣੇ ਹਨ। ਡਾਕਟਰ ਜਗਬੀਰ ਸਿੰਘ ਸਿੱਖ ਹਨ ਪਰ ਸਨਾਤਨ ਦੇ ਵਿਦਵਾਨ ਹਨ। ‘ਸਨਾਤਨ’ ਦੀ ਸਰਕਾਰ ਨੇ ਇਸ ਸ਼ਖਸ ਨੂੰ ਬਠਿੰਡਾ ਦੀ ਸੈਂਟਰਲ ਯੂਨੀਵਰਸਿਟੀ ਵਿਚ ਸਭ ਤੋਂ ਉਚੇ ਅਹੁਦੇ ‘ਤੇ ਨਿਵਾਜਿਆ। ਹਾਲ ਵਿਚ ਹੀ ਅਮਰੀਕਾ ਸਥਿਤ ਵੱਡੇ ਧਨਾਢ ਦਰਸ਼ਨ ਸਿੰਘ ਧਾਲੀਵਾਲ ਦੀ ਇੰਟਰਵਿਊ ਛਪੀ ਹੈ। ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਗੂੜ੍ਹੇ ਸਬੰਧ ਹਨ; ਇਨ੍ਹਾਂ ਦੇ ਸੁਖਬੀਰ ਸਿੰਘ ਬਾਦਲ ਨਾਲ ਵੀ ਗੂੜ੍ਹੇ ਰਿਸ਼ਤੇ ਹਨ। ਇੰਟਰਵਿਊ ਦੌਰਾਨ ਧਾਲੀਵਾਲ ਜੀ ਨੇ ਮੰਨਿਆ ਕਿ ਅਮਿਤ ਸ਼ਾਹ ਨਾਲ ਜੋ ਗੂੜ੍ਹਾ ਰਿਸ਼ਤਾ ਹੈ ਅਤੇ ਜੋ ਮੋਦੀ ਜੀ ਨਾਲ ਗੂੜ੍ਹਾ ਰਿਸ਼ਤਾ ਹੈ, ਉਹ ਸਤਨਾਮ ਸਿੰਘ ਨਾਂ ਦੇ ਸ਼ਖਸ ਦੀ ਵਿਚੋਲਗਿਰੀ ਨਾਲ ਬਣਿਆ। ਇਹ ਉਹੀ ਸਤਨਾਮ ਸਿੰਘ ਹਨ (ਜੋ ਆਪਣੀ ਚੰਡੀਗੜ੍ਹ ਯੂਨੀਵਰਸਿਟੀ ਦਾ ਚਾਂਸਲਰ ਹੈ) ਜਿਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਹੈ। ਜਦੋਂ ਪਾਰਲੀਮੈਂਟ ਚੋਣਾਂ ਵਿਚ ਸੀਟਾਂ ਦਾ ਲੈਣ ਦੇਣ ਚੱਲ ਰਿਹਾ ਸੀ ਕਿ ਕਿੰਨੀਆਂ ਸੀਟਾਂ ਕਿਸ ਨੂੰ ਮਿਲਣ, ਇਸ ਬਾਰੇ ਸਮਝੌਤਾ ਕਰਾਉਣ (ਜੋ ਹੋ ਨਹੀਂ ਸਕਿਆ) ਦੇ ਸਿਲਸਿਲੇ ਵਿਚ ਧਾਲੀਵਾਲ ਸਾਹਿਬ ਦੇ ਕਹਿਣ ਮੁਤਾਬਿਕ ਉਨ੍ਹਾਂ ਨੇ ਹੀ ਰੋਲ ਨਿਭਾਇਆ ਸੀ।
ਹੋਰ ਵੀ ਬਹੁਤ ਮਿਸਾਲਾਂ ਹਨ ਜਿੱਥੇ ਸਨਾਤਨ ਦੇ ਪੈਰੋਕਾਰ ਵਿਦਿਆ ਦੇ ਖੇਤਰ ਵਿਚ ਦਾਖਲ ਹੋ ਚੁੱਕੇ ਹਨ। ਹੁਣ ਉਨ੍ਹਾਂ ਦੀਆਂ ਲਲਚਾਈਆਂ ਨਜ਼ਰਾਂ ਸਿੱਖਾਂ ਦੀ ਮਿਨੀ ਪਾਰਲੀਮੈਂਟ ਅਰਥਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਹਨ ਤਾਂ ਜੋ ਸਿੱਖਾਂ ਦੇ ਆਖਰੀ ਕਿਲੇ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿਚ ਡੋਬ ਦਿੱਤਾ ਜਾਵੇ। ਉਘੇ ਵਿਦਵਾਨ ਸਿਰਦਾਰ ਕਪੂਰ ਸਿੰਘ ਨੇ ਕਈ ਦਹਾਕੇ ਪਹਿਲਾਂ ਸਾਨੂੰ ਇਸ ਖਤਰੇ ਤੋਂ ਆਗਾਹ ਕੀਤਾ ਸੀ। ਅਸਲ ਵਿਚ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵੀ ਉਦੋਂ ਹੀ ਪੈਣਗੀਆਂ ਜਦੋਂ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੀ ਲੀਡਰਸ਼ਿਪ ਲਈ ਪੱਕੇ ਸਨਾਤਨੀ ਲੱਭ ਗਏ। ਇਸ ਲਈ ਸਾਨੂੰ ਹੁਣ ਤੋਂ ਹੀ ਚੌਕਸ ਹੋ ਜਾਣਾ ਚਾਹੀਦਾ ਹੈ ਅਤੇ ਪ੍ਰਭਸ਼ਰਨਦੀਪ ਸਿੰਘ ਸਾਨੂੰ ਇਹੋ ਯਾਦ ਕਰਵਾ ਰਿਹਾ ਹੈ।
ਪ੍ਰਭਸ਼ਰਨਦੀਪ ਸਿੰਘ ਕੀ ਕਰ ਰਿਹਾ ਹੈ? ਉਹ ਗਿਆਨ ਦੀ ਖੜਗ ਲੈ ਕੇ ਸਿੱਖ ਸੰਸਥਾਵਾਂ ਵਿਚ ਸਨਾਤਨ ਦੀ ਤੂਫਾਨੀ ਘੁਸਪੈਠ ਅਤੇ ਚੁੱਪ-ਚੁਪੀਤੇ ਢੰਗ ਨਾਲ ਹੋ ਰਹੀ ਘੁਸਪੈਠ ਤੋਂ ਸਿੱਖਾਂ ਨੂੰ ਚੌਕਸ ਕਰ ਰਿਹਾ ਹੈ। ਉਂਝ, ਇੱਕ ਘੰਟਾ 43 ਮਿੰਟ ਦੀ ਵੀਡੀਓ ਸੁਣਨ ਲਈ ਕਿੰਨੇ ਕੁ ਵਿਦਵਾਨਾਂ ਨੇ ਵਿਹਲ ਕੱਢੀ ਹੈ? ਕਿੰਨੇ ਕੁ ਗੰਭੀਰ ਸਿੱਖ ਸਿਆਸਤਦਾਨਾਂ ਨੂੰ ਇਸ ਗੱਲ ਦੀ ਚਿੰਤਾ ਹੈ? ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਜਥੇਬੰਦੀਆਂ, ਵਿਅਕਤੀਆਂ ਅਤੇ ਦੂਰ ਦੀ ਰੇਸ ਵਾਲੇ ਬੌਧਿਕ ਘੋੜਿਆਂ ਨੇ ਸਨਾਤਨ ਨੂੰ ਸਮਝ ਕੇ ਆਪਣੀਆਂ ਨੀਤੀਆਂ ਵਿਚ ਹਮਲਾਵਰ ਪਹੁੰਚ ਅਪਨਾਉਣ ਅਤੇ ਸਨਾਤਨ ਵਿਰੁੱਧ ਸੰਘਰਸ਼ ਦੀ ਕਦੇ ਚਿਤਾਵਨੀ ਦਿੱਤੀ ਹੈ? ਇਹ ਸਵਾਲ ਸਾਡੀਆਂ ਜ਼ਮੀਰਾਂ ਨੂੰ ਕਿਉਂ ਨਹੀਂ ਝੰਜੋੜ ਰਹੇ?
ਇਸ ਇੰਟਰਵਿਊ ਵਿਚ ਪ੍ਰਭਸ਼ਰਨਦੀਪ ਸਿੰਘ ਨਾਲ ਨਿੱਜੀ ਕਿੜ ਕੱਢਣ ਵਾਲਿਆਂ ਅਤੇ ਟਰੌਲਿੰਗ ਬਟਾਲੀਅਨ ਨੇ ਉਹ ਹਿੱਸਾ ਚੁੱਕ ਲਿਆ ਜਿਸ ਵਿਚ ਐਂਕਰ ਯਾਦਵਿੰਦਰ ਕਰਫਿਊ ਨੇ ਦਸਮ ਗ੍ਰੰਥ ਬਾਰੇ ਕੁਝ ਸਵਾਲ ਪੁੱਛੇ ਸਨ, ਜਿਸ ਹਿੱਸੇ ਵਿਚ ਸ਼ਹੀਦ ਭਾਈ ਮਨੀ ਸਿੰਘ ਦਾ ਜ਼ਿਕਰ ਆਇਆ ਅਤੇ ਜਿਸ ਵਿਚ ਪ੍ਰਭਸ਼ਰਨਦੀਪ ਸਿੰਘ ਨੇ ਭਾਈ ਮਨੀ ਸਿੰਘ ਬਾਰੇ ਟਿੱਪਣੀ ਕੀਤੀ। ਪਹਿਲਾਂ ਵੀ ਕਈ ਵਾਰ ਲਿਖਿਆ ਹੈ ਕਿ ਦਸਮ ਗ੍ਰੰਥ ਦੀ ਪ੍ਰਮਾਣਿਕਤਾ ਬਾਰੇ ਸਿੱਖ ਦੋ ਹਿੱਸਿਆਂ ਵਿਚ ਵੰਡੇ ਹੋਏ ਹਨ। ਦੋਹਾਂ ਹਿੱਸਿਆਂ ਕੋਲ ਬਾਕਾਇਦਾ ਮੰਨਣਯੋਗ ਦਲੀਲਾਂ ਅਤੇ ਤੱਥ ਹਨ। ਇਸ ਲਈ ਫਿਲਹਾਲ ਉਸੇ ਫੈਸਲੇ ਉਤੇ ਹੀ ਪਹਿਰਾ ਦਿੱਤਾ ਜਾਵੇ ਜਿਹੜਾ ਰਹਿਤ ਮਰਿਆਦਾ ਬਣਨ ਸਮੇਂ ਸਿੱਖ ਵਿਦਵਾਨਾਂ ਨੇ ਲੰਮੀਆਂ ਬਹਿਸਾਂ ਅਤੇ ਕਰੜੀ ਘਾਲਣਾ ਮਗਰੋਂ ਕੀਤਾ ਸੀ। ਅਕਾਲ ਤਖਤ ਸਾਹਿਬ ਨੇ ਵੀ ਵਿਦਵਾਨਾਂ ਨੂੰ ਅਪੀਲ ਕੀਤੀ ਸੀਪਰ ਦੋਵਾਂ ਧਿਰਾਂ ਦੇ ਵਿਦਵਾਨਾਂ ਨੇ ਸ਼ਾਇਦ ਸਾਂਝਾ ਫੈਸਲਾ ਕੀਤਾ ਹੋਇਆ ਹੈ ਕਿ ਉਨ੍ਹਾਂ ਨੇ ਅਕਾਲ ਤਖਤ ਦੀ ‘ਸੁਣਨੀ’ ਤਾਂ ਹੈ ਪਰ ‘ਮੰਨਣੀ’ ਨਹੀਂ। ਇਸ ਲਈ ਸੋਸ਼ਲ ਮੀਡੀਆ ਅਤੇ ਅਖਬਾਰਾਂ ਵਿਚ ਦਸਮ ਗ੍ਰੰਥ ਦੇ ਹੱਕ ਤੇ ਵਿਰੋਧ ਵਿਚ ਹਰ ਦੂਜੇ ਤੀਜੇ ਮਹੀਨੇ ਲਿਖਤਾਂ ਆ ਜਾਂਦੀਆਂ ਹਨ; ਕਈ ਵਾਰੀ ਇਹ ਬਹਿਸ ਕੁੜਿਤਣ ਵਿਚ ਬਦਲ ਜਾਂਦੀ ਹੈ।
ਹੁਣ ਜੇ ਵਿਦਵਾਨ ਹੀ ਸਹਿਮਤ ਨਹੀਂ ਤਾਂ ਸਿਆਸਤਦਾਨ ਵਿਦਵਾਨਾਂ ਨਾਲੋਂ ਦੋ ਕਦਮ ਅੱਗੇ ਚੱਲ ਰਹੇ ਹਨ। ਦੇਖਿਆ ਹੀ ਹੈ ਕਿ ਸਿਰਸਾ ਦੇ ਡੇਰਾ ਮੁਖੀ ਰਾਮ ਰਹੀਮ ਵਿਰੁੱਧ ਅਕਾਲ ਤਖਤ ਨੇ ਹੁਕਮਨਾਮਾ ਜਾਰੀ ਕੀਤਾ ਸੀ ਪਰ ਉਸ ਹੁਕਮਨਾਮੇ ਦੀ ਸਭ ਤੋਂ ਵੱਧ ਉਲੰਘਣਾ ਵੱਡੇ ਤੇ ਛੋਟੇ ਬਾਦਲ ਨੇ ਸਾਧ ਦੇ ਚਰਨਾਂ ਵਿਚ ਬੈਠ ਕੇ ਕੀਤੀ। ਉਹ ਤਸਵੀਰਾਂ ਸਿੱਖਾਂ ਦੇ ਸਾਹਮਣੇ ਹਨ ਪਰ ਕਿਸੇ ਜਥੇਦਾਰ ਨੇ ਕਦੇ ਵੀ ਉਨ੍ਹਾਂਤੋਂ ਪੁੱਛ-ਗਿੱਛ ਕਰਨ ਦੀ ਹਿੰਮਤ ਨਹੀਂ ਕੀਤੀ। ਹਾਲ ਵਿਚ ਹੀ ‘ਸਪੋਕਸਮੈਨ’ ਅਖਬਾਰ ਦੇ ਸੰਪਾਦਕ ਜੋਗਿੰਦਰ ਸਿੰਘ ਜਿਸ ਨੂੰ ਦਸਮ ਗ੍ਰੰਥ ਦੇ ਸਵਾਲ `ਤੇ ਪੰਥ ਵਿਚੋਂ ਛੇਕ ਦਿੱਤਾ ਗਿਆ ਸੀ, ਦੀ ਅੰਤਿਮ ਅਰਦਾਸ ਮੌਕੇ ਵਿਦਵਾਨ ਤੇ ਸਿਆਸਤਦਾਨ ਛੇਕੇ ਹੋਏ ਸੰਪਾਦਕ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕਰ ਰਹੇ ਸਨ। ਦਰਦਨਾਕ ਹਕੀਕਤ ਇਹ ਹੈ ਕਿ ਪੰਜਾਬ ਅਸੈਂਬਲੀ ਵਿਚ ਜੁਝਾਰੂ ਲਹਿਰ ਉਤੇ ਬਹਿਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਵੀਹਵੀਂ ਸਦੀ ਦੇ ਮਹਾਨ ਸਿੱਖ ਅਤੇ ਅਕਾਲ ਤਖਤ ਸਾਹਿਬ ਵੱਲੋਂ ਸ਼ਹੀਦ ਕਰਾਰ ਦਿੱਤੇ ਜਾਣ ਦੇ ਫੈਸਲੇ ਮਗਰੋਂ ਵੀ ਸੰਤ ਜਰਨੈਲ ਸਿੰਘ ਜੀ ਨੂੰ ਕਾਂਗਰਸ ਦਾ ਬੰਦਾ ਕਿਹਾ। ਮੈਂ ਉਸ ਬਹਿਸ ਵੇਲੇ ਹਾਜ਼ਰ ਸਾਂ ਪਰ ਜਿਸ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਸਨ, ਉਸੇ ਟਕਸਾਲ ਦੇ ਅਗਲੇ ਮੁਖੀ ਨੇ ਬਾਦਲ ਖਿਲਾਫ ਬੋਲਣ ਦੀ ਜੁਰਅਤ ਨਹੀਂ ਕੀਤੀ ਸਗੋਂ ਇਕ ਉਹ ਸਮਾਂ ਵੀ ਆਇਆ ਜਦੋਂ ਇਸੇ ਟਕਸਾਲ ਦੇ ਮੁਖੀ ਨੇ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਲਈ ਦਰਬਾਰ ਸਾਹਿਬ ਸਾਹਮਣੇ ਘੰਟਾ ਘਰ ਅੱਗੇ ਅਰਦਾਸ ਕੀਤੀ। ਰਤਾ ਦੇਖੋ ਤਾਂ ਸਹੀ, ਅਸੀਂ ਕਿੱਥੇ ਖੜ੍ਹੇ ਹਾਂ?
ਹੁਣ ਹੋਇਆ ਕੀ? ਸਾਰੀ ਬਹਿਸ ਸਨਾਤਨ ਵਿਚਾਰਧਾਰਾ ਉਤੇ ਚੱਲ ਰਹੀ ਸੀ, ਇਸ ਦੇ ਇੱਕ ਹਿੱਸੇ ਵਿਚ ਦਸਮ ਗ੍ਰੰਥ ਦਾ ਮੁੱਦਾ ਆ ਗਿਆ ਅਤੇ ਉਸਦੇ ਨਾਲ ਹੀ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਰੋਲ ਆ ਗਿਆ। ਪ੍ਰਭਸ਼ਰਨਦੀਪ ਸਿੰਘ ਬਿਨਾਂ ਸ਼ੱਕ ਸਾਡੇ ਵਿਦਵਾਨ ਹਨ, ਸਿੱਖ ਸਿਆਸਤ ਅਤੇ ਚਲੰਤ ਸਿਆਸਤ ਦੇ ਖਿਡਾਰੀਆਂ ਦੀਆਂ ਲੁਕਣਮੀਚੀਆਂ, ਉਨ੍ਹਾਂ ਦੇ ਸਵਾਰਥਾਂ ਤੇ ਤਿਲਕਣਬਾਜ਼ੀਆਂ ਬਾਰੇ ਮੇਰੇ ਨਾਲੋਂ ਕਿਤੇ ਵੱਧ ਜਾਣਦੇ ਹਨ। ਪੱਛਮੀ ਦੁਨੀਆ ਵਿਚ ਸਾਹਿਤ, ਰਾਜਨੀਤੀ, ਧਰਮ ਤੇ ਕੌਮ ਬਾਰੇ ਚੱਲ ਰਹੀਆਂ ਵੱਡੀਆਂ ਬਹਿਸਾਂ ਨਾਲ ਉਨ੍ਹਾਂ ਦਾ ਨੇੜਲਾ ਸੰਪਰਕ ਹੈ। ਕਈ ਵਾਰ ਉਹ ਬਹਿਸਾਂ ਵਿਚ ਹਿੱਸਾ ਵੀ ਲੈਂਦੇ ਹਨ ਅਤੇ ਧੜਲੇ ਨਾਲ ਸਿੱਖਾਂ ਦਾ ਪੱਖ ਵੀ ਰੱਖਦੇ ਹਨ। ਪੰਜਾਬ ਦੀ ਖੱਬੇ ਪੱਖੀ ਰਾਜਨੀਤੀ ਦੀਆਂ ਪੰਜਾਬ ਨਾਲ ਕੀਤੀਆਂ ਬੇਵਫਾਈਆਂ ਅਤੇ ਉਨ੍ਹਾਂ ਦੀ ਸੌੜੀ ਸਮਝ ਉਤੇ ਸਵਾਲ ਖੜ੍ਹੇ ਕਰਦੇ ਹਨ, ਜੁਝਾਰੂ ਲਹਿਰ ਦੇ ਵਿਚਾਰਧਾਰਕ ਸਮਰਥਕ ਹਨ, ਖਾਲਿਸਤਾਨ ਦੇ ਮੁੱਦੇ ਤੇ ਜਦੋਂ ਖਾਲਿਸਤਾਨ ਦੇ ਹੱਕ ਵਿਚ ਦਲੀਲਾਂ ਤੇ ਹਵਾਲੇ ਪੇਸ਼ ਕਰਦੇ ਹਨ ਤਾਂ ਉਹ ਤੱਥ ਵਿਦਵਤਾ ਵਿਚ ਰੰਗੇ ਹੋਣ ਕਰਕੇ ਵਿਰੋਧੀ ਵੀ ਨਿਰਉਤਰ ਹੋ ਜਾਂਦੇ ਹਨ। ਹਾਲ ਵਿਚ ਹੀ ਸਿੰਘ ਸਭਾ ਲਹਿਰ ਉਤੇ ਹੋ ਰਹੇ ਹਮਲਿਆਂ ਦਾ ਉਨ੍ਹਾਂ ਨੇ ਵੀਡੀਓ ਰਾਹੀਂ ਮੋੜਵਾਂ ਜਵਾਬ ਦਿੱਤਾ ਅਤੇ ਸਿੱਖਾਂ ਅੰਦਰ ਹੀ ਕੁਝ ਲੋਕਾਂ ਵੱਲੋਂ ਸਿੱਖ ਧਰਮ ਦੀ ਪਛਾਣ ਨੂੰ ਖੋਰਨ ਅਤੇ ਪੇਤਲਾ ਕਰਨ ਵਾਲਿਆਂ ਨਾਲ ਜਿਵੇਂ ਸਿੱਧੀ ਟੱਕਰ ਲਈ, ਉਸ ਨਾਲ ਪੰਥਕ ਹਲਕਿਆਂ ਨੂੰ ਮਾਣ ਮਹਿਸੂਸ ਹੋਇਆ ਕਿ ਇਹ ਵਿਦਵਾਨ ਜਜ਼ਬਿਆਂ ਤੇ ਸਿਧਾਂਤਾਂ ਦੀ ਪੱਧਰ ਉਤੇ ਸਿੱਖਾਂ ਦਾ ਪੱਖ ਪੇਸ਼ ਕਰਦਾ ਹੈ।
ਕੀ ਪ੍ਰਭਸ਼ਰਨਦੀਪ ਸਿੰਘ ਨੇ ਦਸਮ ਗ੍ਰੰਥ ਦਾ ਜ਼ਿਕਰ ਕਰਦਿਆਂ ਭਾਈ ਮਨੀ ਸਿੰਘ ਜੀ ਬਾਰੇ ਜੋ ਟਿੱਪਣੀ ਕੀਤੀ, ਉਹ ਠੀਕ ਸੀ? ਮੇਰੇ ਖਿਆਲ ਵਿਚ ਉਹ ਠੀਕ ਨਹੀਂ ਸੀ। ਸਮਾਂ ਤੇ ਦਰਪੇਸ਼ ਸੰਕਟ ਇਹੋ ਮੰਗ ਕਰਦੇ ਹਨ। ਉਨ੍ਹਾਂ ਕੋਲ ਭਾਵੇਂ ਦਲੀਲਾਂ ਤੇ ਹਵਾਲੇ ਵੀ ਹਨ ਤਾਂ ਵੀ ਬੰਦ-ਬੰਦ ਕਟਵਾਉਣ ਦਾ ਅਨੋਖਾ ਤੇ ਵਿਕੋਲਿਤਰਾ ਇਤਿਹਾਸ ਸਿਰਜਣ ਵਾਲੇ ਇਸ ਮਹਾਨ ਸ਼ਹੀਦ ਨੇ 18ਵੀਂ ਸਦੀ ਦੇ ਭਿਆਨਕ ਤੇ ਬਿਖੜੇ ਦੌਰ ਸਮੇਂ ਵਗਦੀਆਂ ਹਵਾਵਾਂ ਤੇ ਤੂਫਾਨਾਂ ਵਿਚ ਸਿੱਖੀ ਦੇ ਚਿਰਾਗ ਜਗਾਏ ਸਨ। ਭਾਈ ਸਾਹਿਬ ਦੀ ਸ਼ਹਾਦਤ ਦਾ ਰੰਗ ਰੂਪ ਹੀ ਕੁਝ ਇਸ ਤਰ੍ਹਾਂ ਦਾ ਨਿਰਾਲਾ ਤੇ ਬੇਮਿਸਾਲ ਹੈ ਕਿ ਇਸ ਸ਼ਹਾਦਤ ਨਾਲ ਕੋਈ ਭੁੱਲ ਜੇ ਹੋਈ ਵੀ ਹੈ ਹਾਲਾਂਕਿ ਮੇਰੀਆਂ ਨਜ਼ਰਾਂ ਵਿਚ ਕੋਈ ਭੁੱਲ ਨਹੀਂ ਹੋਈ, ਤਾਂ ਦਸਮੇਸ਼ ਪਿਤਾ ਦੇ ਦਰਬਾਰ ਵਿਚ ਮੁਆਫ ਕਰ ਦਿੱਤੀ ਜਾਂਦੀ ਹੈ।
ਮੇਰੀ ਤੁਛ ਬੁੱਧੀ ਮੁਤਾਬਕ ਵੈਸੇ ਵੀ ਇਤਿਹਾਸ ਤੇ ਇਤਿਹਾਸਿਕ ਤੱਥ ਕਈ ਵਾਰ ਪੂਰਾ ਸੱਚ ਨਹੀਂ ਹੁੰਦੇ। ਜਦੋਂ ਕੁਝ ਘਟਨਾਵਾਂ ਇਤਿਹਾਸ ਤੋਂ ਪਾਰਚਲੇ ਜਾਂਦੀਆਂ ਹਨ ਜਾਂ ਵਾਪਰਨ ਵਾਲੀ ਘਟਨਾ ਇਤਿਹਾਸ ਤੋਂ ਉਪਰ ਉਠ ਜਾਂਦੀ ਹੈ ਤਾਂ ਉਹ ਘਟਨਾ ਮੁਕੰਮਲ ਸੱਚ ਦੇ ਨਜ਼ਦੀਕ ਪਹੁੰਚ ਜਾਂਦੀ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਉਸ ਵਰਗ ਵਿਚ ਦਾਖਲ ਹੋ ਜਾਂਦੀ ਹੈ ਜਦੋਂ ਇਹੋ ਜਿਹੀ ਸ਼ਹਾਦਤ ਨੂੰ ਸਿਰਫ ਤੇ ਸਿਰਫ ਨਮਨ ਕਰਨਾ ਹੀ ਸਭ ਤੋਂ ਵੱਡਾ ਤਥ ਅਤੇ ਸਭ ਤੋਂ ਵੱਡੀ ਦਲੀਲ ਹੁੰਦੀ ਹੈ। ਸਿਰ ਤਲੀ ਉਤੇ ਰੱਖ ਕੇ ਲੜਨ ਵਾਲੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਵੀ ਇਸੇ ਵਰਗ ਵਿਚ ਆ ਜਾਂਦੀ ਹੈ ਜਦੋਂ ਸਭ ਵਿਗਿਆਨਕ ਤਰਕ ਸਿੱਖ ਪੰਥ ਦੇ ਸਮੂਹਕ ਜਜ਼ਬਿਆਂ ਦੀ ਅਥਾਹ ਤਾਕਤ ਸਾਹਮਣੇ ਕੋਈ ਅਰਥ ਨਹੀਂ ਰੱਖਦੇ।
ਇੱਕ ਵਾਰ ਜੁਝਾਰੂ ਲਹਿਰ ਦੇ ਵੱਡੇ ਯੋਧੇ ਭਾਈ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਦੇ 35 ਸੈਕਟਰ ਵਿਚ ਭਾਖੜਾ ਬੋਰਡ ਦੇ ਚੇਅਰਮੈਨ ਨੂੰ ਸੋਧਣ ਪਿੱਛੋਂ ਜ਼ਿੰਮੇਵਾਰੀ ਲੈਂਦਿਆਂ ਮੇਰੇ ਨਾਲ ਇੱਕ ਅਨੁਭਵ ਸਾਂਝਾ ਕਰਦਿਆਂ ਕਿਹਾ ਸੀ ਕਿ ਜਦੋਂ ਅਸੀਂ ਐਕਸ਼ਨ ਕਰਨ ਲੱਗਦੇ ਹਾਂ ਤਾਂ ਕਈ ਵਾਰ ਇਉਂ ਲੱਗਦਾ ਹੈ ਜਿਵੇਂ ਪਿਸਤੌਲ ‘ਕੋਈ ਹੋਰ’ ਚਲਾ ਰਿਹਾ ਹੈ। ਪ੍ਰਭਸ਼ਰਨਦੀਪ ਸਿੰਘ ਸਮੇਤ ਸਭ ਵਿਦਵਾਨਾਂ ਨੂੰ ‘ਕੋਈ ਹੋਰ’ ਦੇ ਤੱਥਾਂ ਦੀ ਵੀ ਜਾਣਕਾਰੀ ਲੈਣੀ ਚਾਹੀਦੀ ਹੈ ਅਤੇ ਇਹ ਸਾਡੀ ਖੋਜ ਦਾ ਵਿਸ਼ਾ ਵੀ ਹੋਣਾ ਚਾਹੀਦਾ ਹੈ ਜੋ ਸਾਡਾ ਇਤਿਹਾਸ ਸਮੇਂ-ਸਮੇਂ ਸਿਰਜਦਾ ਵੀ ਰਿਹਾ ਹੈ। ਇਹ ਕੋਈ ਹੋਰ (ਦਸ ਗੁਰੂ ਸਾਹਿਬਾਨ) ਵਾਲੇ ਸਾਡੇ ਇਤਿਹਾਸ ਨੂੰ ਅੰਮ੍ਰਿਤ ਵੇਲੇ ਦੀ ਸੱਜਰੀ ਸਵੇਰ ਵਾਂਗ ਤਾਜ਼ਾ ਕਰਦੇ ਰਹਿੰਦੇ ਹਨ। ਇਸ ਅਮੀਕੋ ਅਮੀਕ (ਜਾਪ ਸਾਹਿਬ) ਦੇ ਭੇਤਾਂ ਨੂੰ ਸਮਝਣ ਲਈ ਗੁਰਬਾਣੀ ਦੁਨਿਆਵੀ ਬੁੱਧ ਦੀ ਥਾਂ ਕਿਸੇ ਹੋਰ ਬੁੱਧ ਵੱਲ ਜਾਣ ਦੀ ਪ੍ਰੇਰਨਾ ਦਿੰਦੀ ਹੈ ਜਿਸ ਨੂੰ ‘ਤੈਸੀ ਬੁਧਿ ਕਰੋ ਪਰਗਾਸਾ’ ਜਾਂ ‘ਕਿਰਪਾ ਕੀਜੈ ਸਾ ਮਤਿ ਦੀਜੈ’ ਦੀਆਂ ਪਵਿੱਤਰ ਮਿਸਾਲਾਂ ਨਾਲ ਸਮਝਾਇਆ ਗਿਆ ਹੈ। ਸਿੱਖ ਵਿਦਵਾਨਾਂ ਨੂੰ ‘ਤੈਸੀ ਬੁਧ’ ਦੇ ਰੰਗਾਂ ਦੀ ਤਲਾਸ਼ ਵੀ ਕਰਨੀ ਚਾਹੀਦੀ ਹੈ ਅਤੇ ਇਹ ਮਾਪਦੰਡ ਇਤਿਹਾਸ ਦੀ ਸਮਝ ਵਿਚ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ।
ਮੈਂ ਫਿਰ ਬੇਨਤੀ ਕਰਦਾ ਹਾਂ ਕਿ ਦਸਮ ਗ੍ਰੰਥ, ਰਾਗਮਾਲਾ ਅਤੇ ਇਸ ਤਰ੍ਹਾਂ ਦੇ ਹੋਰ ਮੁੱਦਿਆਂ ਉਤੇ ਬਹਿਸ ਉਦੋਂ ਤੱਕ ਮੁਲਤਵੀ ਕਰ ਦਿੱਤੀ ਜਾਵੇ ਜਦੋਂ ਤੱਕ ਅਸੀਂ ਆਜ਼ਾਦੀ ਦੀ ਮੰਜ਼ਿਲ ਹਾਸਲ ਨਹੀਂ ਕਰ ਲੈਂਦੇ ਅਤੇ ਜਦੋਂ ਤੱਕ ਸਾਡੇ ਵਿਦਵਾਨਾਂ ਦੇ ਬੌਧਿਕ ਕੱਦ ਰੂਹਾਨੀ ਅਵਸਥਾ ਦਾ ਉਚਤਮ ਮਰਤਬਾ ਹਾਸਲ ਨਹੀਂ ਕਰ ਲੈਂਦੇ। ਇਸ ਲਈ ਵੱਡਾ ਸਬਰ ਤੇ ਧੀਰਜ ਬਹੁਤ ਜ਼ਰੂਰੀ ਹੈ ਕਿਉਂਕਿ ਸਬਰ ਦੇ ਦਰਖਤ ਦੀਆਂ ਜੜ੍ਹਾਂ ਕੌੜੀਆਂ ਹੁੰਦੀਆਂ ਹਨ ਪਰ ਫਲ ਮਿੱਠੇ ਹੁੰਦੇ ਹਨ। ਮੇਰੀ ਲਿਖਤ ਕੁਝ ਵੀਰਾਂ ਨੂੰ ਸਵੈ-ਵਿਰੋਧੀ ਵੀ ਲੱਗ ਸਕਦੀ ਹੈ ਕਿਉਂਕਿ ਮੈਂ ਪ੍ਰਭਸ਼ਰਨਦੀਪ ਸਿੰਘ ਦੇ ਕਿਤੇ ਹੱਕ ਵਿਚ ਲੱਗਦਾ ਹਾਂ ਤੇ ਕਿਤੇ ਖਿਲਾਫ ਵੀ ਜਾਂਦਾ ਹਾਂ ਪਰ ਇਹ ਸਵੈ-ਵਿਰੋਧ ਪਹਿਲੀ ਨਜ਼ਰੇ ਜਾਪਦੇ ਹੀ ਹਨ ਪਰ ਜਦੋਂ ਡੂੰਘੇ ਉਤਰੋਗੇ ਤਾਂ ਲਿਖਤ ਸਾਰੇ ਸਵੈ-ਵਿਰੋਧਾਂ ਨੂੰ ਖਤਮ ਕਰਕੇ ਕਿਸੇ ਵੱਡੀ ਏਕਤਾ ਦਾ ਸੰਦੇਸ਼ ਵੀ ਦਿੰਦੀ ਹੈ।