ਫਿਲਮਸਾਜ਼-ਅਦਾਕਾਰ ਗੁਰੂ ਦੱਤ ਦੀ ਵਡਿਆਈ

ਕੁਦਰਤ ਕੌਰ
ਗੂਰੂ ਦੱਤ ਅਜਿਹਾ ਅਦਾਕਾਰ, ਫਿਲਮਸਾਜ਼, ਨਿਰਮਾਤਾ, ਕੋਰੀਓਗ੍ਰਾਫਰ ਅਤੇ ਲੇਖਕ ਸੀ ਜਿਸ ਦੀ ਗਿਣਤੀ ਭਾਰਤੀ ਸਿਨੇਮਾ ਦੀਆਂ ਮਹਾਨ ਸ਼ਖਸੀਅਤਾਂ ਵਿਚ ਹੁੰਦੀ ਹੈ। ਉਸ ਦੀ ਕਲਾਕਾਰੀ ਦੀਆਂ ਧੁੰਮਾਂ ਅੱਜ ਤੱਕ ਪੈ ਰਹੀਆਂ ਹਨ ਬਲਕਿ ਇਸ ਖੇਤਰ ਵਿਚ ਆਉਣ ਵਾਲਿਆਂ ਨੂੰ ਉਸ ਦੀ ਫਿਲਮਾਂ ਬਾਕਾਇਦਾ ਦਿਖਾਈਆਂ ਜਾਂਦੀਆਂ ਹਨ।

ਉਸ ਦੀਆਂ ਫਿਲਮਾਂ ਵਿਚ ਰੌਸ਼ਨੀ ਨੂੰ ਜਿਸ ਢੰਗ ਨਾਲ ਵਰਤਿਆ ਗਿਆ ਹੈ, ਉਸ ਮੁਕਾਮ ਉਤੇ ਅੱਜ ਤੱਕ ਕੋਈ ਫਿਲਮਸਾਜ਼ ਪੁੱਜ ਨਹੀਂ ਸਕਿਆ ਹੈ। ਇਸ ਤੋਂ ਇਲਾਵਾ ਕਲੋਜ਼ਅੱਪ ਦ੍ਰਿਸ਼ਾਂ ਲਈ ਵੀ ਉਸ ਦੀ ਮਾਸਟਰੀ ਤੋਂ ਸਭ ਹੈਰਾਨ ਹਨ। ਉਸ ਨੇ ਕੁੱਲ 8 ਹਿੰਦੀ ਫਿਲਮਾਂ ਬਣਾਈਆਂ ਅਤੇ ਇਨ੍ਹਾਂ ਵਿਚੋਂ ਬਹੁਤੀਆਂ ਕੌਮਾਂਤਰੀ ਪੱਧਰ ‘ਤੇ ਆਪਣੀ ਹਾਜ਼ਰੀ ਲੁਆਉਣ ਵਿਚ ਕਾਮਯਾਬ ਰਹੀਆਂ ਹਨ। ਇਨ੍ਹਾਂ ਵਿਚ ‘ਪਿਆਸਾ’ ਵਰਗੀ ਫਿਲਮ ਵੀ ਆਉਂਦੀ ਹੈ ਜੋ 1957 ਵਿਚ ਰਿਲੀਜ਼ ਹੋਈ ਸੀ। ਇਹ ਫਿਲਮ ‘ਟਾਈਮ’ ਮੈਗਜ਼ੀਨ ਦੀਆਂ 100 ਮਹਾਨ ਫਿਲਮਾਂ ਵਾਲੀ ਸੂਚੀ ਵਿਚ ਵੀ ਸ਼ਾਮਿਲ ਕੀਤੀ ਗਈ ਸੀ। ਇਸ ਤੋਂ ਇਲਾਵਾ ‘ਕਾਗਜ਼ ਕੇ ਫੂਲ’ (1959), ‘ਚੌਧਵੀਂ ਕਾ ਚਾਂਦ’ (1960) ਅਤੇ ‘ਸਾਹਿਬ ਬੀਵੀ ਔਰ ਗੁਲਾਮ’ (1962) ਫਿਲਮਾਂ ਤੋਂ ਕੌਣ ਵਾਕਿਫ ਨਹੀਂ? 2012 ਵਿਚ ਸੀ.ਐੱਨ.ਐੱਨ. ਨੇ ਏਸ਼ੀਆ ਦੇ 25 ਉਮਦਾ ਅਦਾਕਾਰਾਂ ਦੀ ਸੂਚੀ ਜਾਰੀ ਕੀਤੀ ਸੀ, ਇਸ ਸੂਚੀ ਵਿਚ ਗੁਰੂ ਦੱਤ ਦਾ ਨਾਂ ਸ਼ਾਮਿਲ ਸੀ।
9 ਜੁਲਾਈ 1925 ਨੂੰ ਜਨਮੇ ਗੁਰੂ ਦੱਤ ਦਾ ਪੂਰਾ ਨਾਂ ਵਸੰਤ ਕੁਮਾਰ ਸ਼ਿਵ ਸ਼ੰਕਰ ਪਾਦੂਕੋਣ ਹੈ। ਉਸ ਦਾ ਜਨਮ ਪਾਦੂਕੋਣ ਦਾ ਹੈ ਜੋ ਅੱਜ ਕੱਲ੍ਹ ਕਰਨਾਟਕ ਵਿਚ ਪੈਂਦਾ ਹੈ। ਬਾਅਦ ਵਿਚ ਘਰਦਿਆਂ ਨੇ ਉਸ ਦਾ ਨਾਮ ਗੁਰੂ ਦੱਤ ਪਾਦੂਕੋਣ ਰੱਖ ਦਿੱਤਾ। ਉਸ ਦਾ ਪਿਤਾ ਸ਼ਿਵ ਸ਼ੰਕਰ ਪਾਦੂਕੋਣ ਹੈੱਡਮਾਸਟਰ ਸੀ। ਉਸ ਦੀ ਮਾਂ ਵਸੰਤੀ ਅਧਿਆਪਕਾ ਸੀ ਅਤੇ ਲੇਖਕਾ ਵੀ। ਉਸ ਦਾ ਬਚਪਨ ਬਹੁਤਾ ਕਰ ਕੇ ਭਵਾਨੀਪੁਰ (ਕੋਲਕਾਤਾ) ਵਿਚ ਬੀਤਿਆ। ਇਸੇ ਕਰ ਕੇ ਉਸ ਦੀ ਬੋਲ-ਚਾਲ ਉਤੇ ਬੰਗਲਾ ਜ਼ਬਾਨ ਦੀ ਪੁੱਠ ਚੜ੍ਹ ਗਈ। ਉਸ ਦੀ ਇਕ ਛੋਟੀ ਭੈਣ ਅਤੇ ਤਿੰਨ ਛੋਟੇ ਭਰਾ ਸਨ। ਇਨ੍ਹਾਂ ਵਿਚੋਂ ਭੈਣ ਲਲਿਤਾ ਲਾਜਮੀ ਮਸ਼ਹੂਰ ਚਿੱਤਰਕਾਰ ਬਣੀ ਅਤੇ ਭਰਾਵਾਂ ਵਿਚੋਂ ਆਤਮਾ ਰਾਮ ਨਿਰਦੇਸ਼ਕ ਅਤੇ ਦੇਵੀ ਨਿਰਮਾਤਾ ਬਣਿਆ। ਤੀਜੇ ਭਰਾ ਦਾ ਨਾਂ ਵਿਜੈ ਸੀ। ਉਸ ਦੀ ਉਘੀ ਫਿਲਮਸਾਜ਼ ਕਲਪਨਾ ਲਾਜਮੀ ਅਤੇ ਸ਼ਿਆਮ ਬੈਨੇਗਲ ਨਾਲ ਵੀ ਰਿਸ਼ਤੇਦਾਰੀ ਨਿੱਕਲਦੀ ਹੈ।
1942 ਵਿਚ ਉਹ ਅਜੇ 17 ਵਰਿ੍ਹਆਂ ਦਾ ਸੀ ਕਿ ਅਲਮੋੜਾ (ਅੱਜ ਕੱਲ੍ਹ ਉਤਰਾਖੰਡ ਵਿਚ) ਦੇ ਉਦੈ ਸ਼ੰਕਰ ਦੇ ਡਾਂਸ ਅਤੇ ਕੋਰੀਓਗ੍ਰਾਫੀ ਸਕੂਲ ਵਿਚ ਪੜ੍ਹਨ ਲੱਗ ਪਿਆ ਪਰ 1944 ਵਿਚ ਇਸ ਕੰਪਨੀ ਦੀ ਮਾਲਕ ਨਾਲ ਪੇਚਾ ਪੈਣ ਤੋਂ ਬਾਅਦ ਉਸ ਨੂੰ ਇਹ ਕੰਪਨੀ ਛੱਡਣੀ ਪਈ। ਇਸ ਤੋਂ ਬਾਅਦ ਉਹ ਕੋਲਕਾਤਾ ਵਿਚ ਲੈਵਰ ਬ੍ਰਦਰਜ਼ ਦੀ ਫੈਕਟਰੀ ਵਿਚ ਟੈਲੀਫੋਨ ਅਪਰੇਟਰ ਜਾ ਲੱਗਿਆ ਪਰ ਇਸ ਨੌਕਰੀ ਤੋਂ ਵੀ ਉਹ ਛੇਤੀ ਹੀ ਉਕਤਾ ਗਿਆ ਅਤੇ ਨੌਕਰੀ ਛੱਡ ਦਿੱਤੀ। ਉਹਦੇ ਚਾਚੇ ਨੇ ਪੁਣੇ ਵਿਚ ਉਹਨੂੰ ਪ੍ਰਭਾਤ ਫਿਲਮ ਕੰਪਨੀ ਵਿਚ ਨੌਕਰੀ ਦਿਵਾ ਦਿੱਤੀ। ਪ੍ਰਭਾਤ ਵਿਚ ਹੀ ਉਹ ਦੋ ਸ਼ਖਸਾਂ ਨੂੰ ਮਿਲਿਆ ਜਿਹੜੇ ਤਾਉਮਰ ਉਸ ਦੇ ਸਾਥੀ ਰਹੇ। ਇਹ ਦੋ ਸ਼ਖਸ ਸਨ: ਰਹਿਮਾਨ ਅਤੇ ਦੇਵ ਆਨੰਦ। ਗੁਰੂ ਦੱਤ ਨੇ ਜਿਹੜੀ ਪਹਿਲੀ ਫਿਲਮ ਡਾਇਰੈਕਟ ਕੀਤੀ, ਉਹ ਦੇਵ ਆਨੰਦ ਦੀ ਹੀ ਫਿਲਮ ਸੀ।
1947 ਵਿਚ ਪ੍ਰਭਾਤ ਕੰਪਨੀ ਫੇਲ੍ਹ ਹੋ ਗਈ ਤਾਂ ਗੁਰੂ ਦੱਤ ਮੁੰਬਈ ਪੁੱਜ ਗਿਆ। ਉਥੇ ਉਹਨੇ ਦੋ ਫਿਲਮਸਾਜ਼ਾਂ ਅਮੀਆ ਚੱਕਰਵਰਤੀ ਅਤੇ ਗਿਆਨ ਮੁਖਰਜੀ ਨਾਲ ਕੰਮ ਕੀਤਾ। ਫਿਰ ਦੇਵ ਆਨੰਦ ਨੇ ਉਸ ਨੂੰ ਆਪਣੀ ਫਿਲਮ ਕੰਪਨੀ ਨਵਚੇਤਨ ਲਈ ਆਪਣੇ ਨਾਲ ਜੋੜ ਲਿਆ। ਇਸੇ ਤਹਿਤ ਗੁਰੂ ਦੱਤ ਨੂੰ ਦੇਵ ਆਨੰਦ ਦੀ ਫਿਲਮ ‘ਬਾਜ਼ੀ’ ਡਾਇਰੈਕਟ ਕਰਨ ਦਾ ਮੌਕਾ ਮਿਲਿਆ। ਇਸ ਫਿਲਮ ਵਿਚ ਗੁਰੂ ਦੱਤ ਨੇ ਬਤੌਰ ਫਿਲਮਸਾਜ਼ ਆਪਣੀ ਛਾਪ ਛੱਡੀ। ਇਹ ਫਿਲਮ ਉਂਝ ਵੀ ਕਾਮਯਾਬ ਰਹੀ ਅਤੇ ਫਿਲਮੀ ਦੁਨੀਆ ਵਿਚ ਗੁਰੂ ਦੱਤ ਦੇ ਪੈਰ ਬੱਝ ਗਏ।
ਇਸ ਤੋਂ ਬਾਅਦ ਦਾ ਸਮਾਂ ਤਾਂ ਹੁਣ ਇਕ ਤਰ੍ਹਾਂ ਨਾਲ ਇਤਿਹਾਸ ਦਾ ਹਿੱਸਾ ਹੈ ਜੋ ਗੁਰੂ ਦੱਤ ਨੇ ਆਪਣੇ ਹੱਥੀਂ ਲਿਖਿਆ। ਇਹ ਅਜਿਹਾ ਇਤਿਹਾਸ ਹੈ ਜੋ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ।