ਮੌਨਸੂਨ ਸੈਸ਼ਨ: ਹਾਕਮ ਧਿਰ ਨੂੰ ਆਪਣੇ ਹੀ ਵਿਧਾਇਕਾਂ ਨੇ ਘੇਰਾ ਪਾਈ ਰੱਖਿਆ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਖ਼ਤਮ ਹੋਏ ਮੌਨਸੂਨ ਸੈਸ਼ਨ ‘ਚ ਐਤਕੀਂ ਆਪਣੇ ਗਰਮ ਅਤੇ ਵਿਰੋਧੀ ਵਿਧਾਇਕ ਨਰਮ ਨਜ਼ਰ ਆਏ। ਤਿੰਨ ਦਿਨਾ ਇਜਲਾਸ ‘ਚ ਹਾਕਮ ਧਿਰ ਨੂੰ ਆਪਣੇ ਵਿਧਾਇਕਾਂ ਨੇ ਹੀ ਘੇਰਿਆ, ਜਦੋਂਕਿ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਹੱਲਾ ਗੁੱਲਾ ਕਰਨ ਤੋਂ ਪਾਸਾ ਵੱਟਿਆ। ਮੌਨਸੂਨ ਇਜਲਾਸ ‘ਚ ਨਾ ਕੋਈ ਨਾਅਰੇਬਾਜ਼ੀ ਹੋਈ ਅਤੇ ਨਾ ਹੀ ਵਾਕਆਊਟ ਹੋਇਆ। ਤਿੰਨੋਂ ਦਿਨ ਸਿਆਸੀ ਝੜਪਾਂ ਤੋਂ ਵੀ ਬਚਾਅ ਰਿਹਾ।

ਮੌਨਸੂਨ ਇਜਲਾਸ ਵਿਚ ਸਭ ਤੋਂ ਅਹਿਮ ਬਿੱਲ ‘ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ (ਸੋਧ) ਬਿੱਲ 2024` ਰਿਹਾ, ਜਿਸ ਦੇ ਪਾਸ ਹੋਣ ਨਾਲ ਪੰਜਾਬ ਦੇ 500 ਵਰਗ ਗਜ਼ ਤੱਕ ਦੇ ਪਲਾਟ ਮਾਲਕਾਂ ਨੂੰ ਰਜਿਸਟਰੀ ਲਈ ਐਨ.ਓ.ਸੀ. ਤੋਂ ਛੋਟ ਦਿੱਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਇਸ ਸੈਸ਼ਨ ਵਿਚ ਵੱਖਰੇ ਲਹਿਜ਼ੇ ਵਿਚ ਦਿਖੇ, ਜਿਨ੍ਹਾਂ ਨੇ ਵਿਰੋਧੀ ਧਿਰ ਪ੍ਰਤੀ ਮੋਹ ਦਿਖਾਇਆ ਅਤੇ ਹਮਲਾਵਰ ਰੁਖ਼ ਤੋਂ ਗੁਰੇਜ਼ ਕੀਤਾ। ਮੁੱਖ ਮੰਤਰੀ ਨੇ ਵਿਰੋਧੀ ਵਿਧਾਇਕ ਪਰਗਟ ਸਿੰਘ ਨੂੰ ‘ਭਾਅ ਜੀ` ਆਖ ਕੇ ਸੰਬੋਧਨ ਕੀਤਾ ਅਤੇ ਮਨਪ੍ਰੀਤ ਸਿੰਘ ਇਆਲੀ ਦੇ ਰੀਅਲ ਅਸਟੇਟ ਦੇ ਸਾਫ਼ ਸੁਥਰੇ ਕਾਰੋਬਾਰ ਦੀ ਤਾਰੀਫ਼ ਕੀਤੀ।
ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਰਮ ਗੋਸ਼ਾ ਰੱਖਿਆ। ਵਿਅਕਤੀਗਤ ਤੌਰ ‘ਤੇ ਦੇਖੀਏ ਤਾਂ ਤਿੰਨ ਦਿਨਾਂ ਦੇ ਸੈਸ਼ਨ ਦੌਰਾਨ ਸਭ ਤੋਂ ਵੱਧ ਚਰਚਾ ਜ਼ਿਲ੍ਹਾ ਫ਼ਰੀਦਕੋਟ ਦੇ ਏ.ਐਸ.ਆਈ. ਬੋਹੜ ਸਿੰਘ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹੋਈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਇਕ ਵੱਖਰੇ ਰੰਗ ਵਿਚ ਨਜ਼ਰ ਆਏ, ਜਿਨ੍ਹਾਂ ਨੇ ਥਾਣਾ ਸਿਟੀ ਕੋਟਕਪੂਰਾ ‘ਚ ਏ.ਐਸ.ਆਈ. ਬੋਹੜ ਸਿੰਘ ‘ਤੇ ਦਰਜ ਕੇਸ ਦੇ ਹਵਾਲੇ ਦੇ ਕੇ ਇਸ ਮਾਮਲੇ ‘ਚ ਡੀ.ਜੀ.ਪੀ. ਤੋਂ ਰਿਪੋਰਟ ਤਲਬ ਕਰਨ ਲਈ ਹਾਊਸ ਦੀ ਸਹਿਮਤੀ ਲਈ। ਪੰਜਾਬ ਵਿਧਾਨ ਸਭਾ ਦੇ ਰਾਜਸੀ ਇਤਿਹਾਸ ‘ਚ ਇਹ ਟਾਂਵਾਂ ਮੌਕਾ ਹੋਵੇਗਾ ਕਿ ਜਦੋਂ ਕਿਸੇ ਸਪੀਕਰ ਨੇ ਖ਼ੁਦ ਹੀ ਆਪਣੀ ਸਰਕਾਰ ਦੀ ਘੇਰਾਬੰਦੀ ਕੀਤੀ ਹੋਵੇ। ਕੁਰੱਪਸ਼ਨ ਦੇ ਮੁੱਦੇ ਨੂੰ ਲੈ ਕੇ ਸਪੀਕਰ ਨੇ ਬੋਹੜ ਸਿੰਘ ਨੂੰ ਨਿਸ਼ਾਨੇ ‘ਤੇ ਲਿਆ। ਹਰਿਆਣਾ ਚੋਣਾਂ ਦਾ ਪਰਛਾਵਾਂ ਵੀ ਸਦਨ ਵਿਚ ਦੇਖਣ ਨੂੰ ਮਿਲਿਆ। ਹਰਿਆਣਾ ਵਿਚ ‘ਆਪ‘ ਤੇ ਕਾਂਗਰਸ ‘ਚ ਸਮਝੌਤੇ ਦੀ ਗੱਲ ਚੱਲ ਰਹੀ ਹੈ, ਜਿਸ ਕਰਕੇ ‘ਆਪ‘ ਅਤੇ ਕਾਂਗਰਸ ਨੇ ਸੈਸ਼ਨ ਦੌਰਾਨ ਚੁੱਪ ‘ਚ ਭਲੀ ਸਮਝੀ। ਸੈਸ਼ਨ ਦੌਰਾਨ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਟਹਿਰੇ ਵਿਚ ਰਹੀ। ਪੁਲਿਸ ਵਿਚਲੀਆਂ ਕਾਲੀਆਂ ਭੇਡਾਂ ਨੂੰ ਲੈ ਕੇ ਪੁਲਿਸ ‘ਤੇ ਤਵੇ ਲੱਗਦੇ ਰਹੇ। ਸਭ ਤੋਂ ਅਹਿਮ ਗੱਲ ਰਹੀ ਕਿ ਆਪਣੀ ਹੀ ਸਰਕਾਰ ‘ਤੇ ਅੰਦਰੋਂ ਅੰਦਰੀਂ ਉਂਗਲ ਉਠਾਉਣ ਵਾਲੇ ‘ਆਪ‘ ਵਿਧਾਇਕਾਂ ਨੂੰ ਸਦਨ ਵਿਚ ਖੁੱਲ੍ਹਾ ਸਮਾਂ ਮਿਲਿਆ। ਸੜਕਾਂ ਦਾ ਮੁੱਦਾ ਵੀ ਕੇਂਦਰੀ ਰੂਪ ਵਿਚ ਉੱਭਰਿਆ। ਬੇਅਦਬੀਆਂ ਦਾ ਮੁੱਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਉਠਾਉਣ ਵਿਚ ਕਾਮਯਾਬ ਰਹੇ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਪਹਿਲੇ ਅਜਿਹੇ ਵਿਧਾਇਕ ਬਣੇ, ਜਿਨ੍ਹਾਂ ਨੂੰ ਤਿੰਨ ਦਿਨਾ ਇਜਲਾਸ ਦੇ ਪਹਿਲੇ ਦਿਨ ਹੀ ਸਭ ਤੋਂ ਪਹਿਲਾਂ ਬੋਲਣ ਦਾ ਮੌਕਾ ਮਿਲਿਆ, ਜਦੋਂਕਿ ਪਿਛਲੇ ਸੈਸ਼ਨਾਂ ਵਿਚ ਉਹ ਸੋਕਾ ਝੱਲਦੇ ਰਹੇ ਹਨ। ਸਦਨ ਅੰਦਰ ਖਹਿਰਾ ਦੇ ਤੇਵਰ ਐਤਕੀਂ ਠੰਢੇ ਰਹੇ।