ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਕਾਂਗਰਸ `ਚ ਸ਼ਾਮਲ

ਨਵੀਂ ਦਿੱਲੀ: ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਉਮੀਦ ਹੈ ਕਿ ਦੋਵੇਂ 5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਉਮੀਦਵਾਰ ਹੋਣਗੇ।
ਸਮਝਿਆ ਜਾਂਦਾ ਹੈ ਕਿ ਵਿਨੇਸ਼ ਫੋਗਾਟ ਹਰਿਅਣਾ ਦੇ ਜੁਲਾਣਾ ਹਲਕੇ ਤੋਂ ਕਾਂਗਰਸ ਟਿਕਟ ਉਤੇ ਚੋਣ ਲੜੇਗੀ, ਜਿਥੋਂ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਅਮਰਜੀਤ ਢਾਂਡਾ ਮੌਜੂਦਾ ਵਿਧਾਇਕ ਹਨ। ਇਸੇ ਤਰ੍ਹਾਂ ਬਜਰੰਗ ਪੂਨੀਆ ਨੂੰ ਬਾਦਲੀ ਹਲਕੇ ਤੋਂ ਉਮੀਦਵਾਰ ਬਣਾਇਆ ਜਾਵੇਗਾ, ਜਿਥੋਂ ਭਾਜਪਾ ਨੇ ਸਾਬਕਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੂੰ ਮੈਦਾਨ ਵਿਚ ਉਤਾਰਿਆ ਹੈ।

ਇਸ ਤੋਂ ਪਹਿਲਾਂ ਤੇਜ਼ੀ ਨਾਲ ਵਾਪਰੇ ਘਟਨਾਕ੍ਰਮ ਵਿਚ ਦੋਵੇਂ ਪਹਿਲਵਾਨਾਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਉਸ ਤੋਂ ਪਹਿਲਾਂ ਵਿਨੇਸ਼ ਨੇ ਨਿਜੀ ਕਾਰਨਾਂ ਦੇ ਹਵਾਲੇ ਨਾਲ ਰੇਲਵੇ ਦੀ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਬਜੰਰਗ ਪੂਨੀਆ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਹੈ ਜਦੋਂਕਿ ਫੋਗਾਟ ਹਾਲੀਆ ਪੈਰਿਸ ਓਲੰਪਿਕਸ ਦੇ 50 ਕਿਲੋ ਕੁਸ਼ਤੀ ਵਰਗ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ, ਹਾਲਾਂਕਿ ਉਸ ਨੂੰ ਬਾਅਦ ਵਿਚ ਥੋੜ੍ਹਾ ਜਿਹਾ ਵਜ਼ਨ ਵਧ ਜਾਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸਾਬਕਾ ਐਮਪੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਉਤੇ 2023 ਵਿਚ ਮਹਿਲਾ ਪਹਿਲਵਾਨਾਂ ਵੱਲੋਂ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਚੱਲੇ ਲੰਬੇ ਅੰਦੋਲਨ ਵਿਚ ਦੋਵਾਂ ਫੋਗਾਟ ਤੇ ਪੂਨੀਆ ਨੇ ਸਰਗਰਮੀ ਨਾਲ ਸ਼ਿਰਕਤ ਕੀਤੀ ਸੀ।