ਕੈਨੇਡਾ ਵਿਚ ਟਰੂਡੋ ਸਰਕਾਰ ਉਤੇ ਸੰਕਟ ਦੇ ਬੱਦਲ

ਓਟਵਾ: ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਆਗੂ ਜਗਮੀਤ ਸਿੰਘ ਵੱਲੋਂ ਹਮਾਇਤ ਵਾਪਸ ਲੈਣ ਨਾਲ ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਸੰਕਟ ਵਿਚ ਘਿਰ ਗਈ ਹੈ। ਐਨ.ਡੀ.ਪੀ. ਆਗੂ ਨੇ ਟਰੂਡੋ ਸਰਕਾਰ ਨਾਲ ਕੀਤੇ ਸਪਲਾਈ ਤੇ ਰਾਜ਼ਦਾਰੀ ਸਮਝੌਤੇ ਨੂੰ ਖ਼ਤਮ ਕਰ ਦਿੱਤਾ ਹੈ।

ਜਗਮੀਤ ਸਿੰਘ ਨੇ ਦੋਸ਼ ਲਾਇਆ ਕਿ ਲਿਬਰਲਜ਼ ‘ਬਹੁਤ ਕਮਜ਼ੋਰ, ਬਹੁਤ ਮਤਲਬੀ ਤੇ ਕਾਰਪੋਰੇਟ ਹਿੱਤਾਂ ਪ੍ਰਤੀ ਬਹੁਤ ਰਿਣੀ ਹੋ ਗਏ ਹਨ।` ਲਿਬਰਲਜ਼ ਤੇ ਐਨ.ਡੀ.ਪੀ. ਵਿਚਾਲੇ ਮਾਰਚ 2022 ਵਿਚ ਹੋਇਆ ਇਹ ਕਰਾਰ ਅਗਲੇ ਸਾਲ ਜੂਨ ਤੱਕ ਚੱਲਣਾ ਸੀ ਪਰ ਐਨ.ਡੀ.ਪੀ. ਦੇ ਫੈਸਲੇ ਨਾਲ ਟਰੂਡੋ ਦੀ ਪਾਰਟੀ ਘੱਟਗਿਣਤੀ ਵਿਚ ਰਹਿ ਗਈ ਹੈ। ਐਨ.ਡੀ.ਪੀ. ਦੇ ਮੌਜੂਦਾ ਸੰਸਦ ਵਿਚ 24 ਮੈਂਬਰ ਹਨ। ਜਗਮੀਤ ਸਿੰਘ ਨੇ 7 ਸਾਲ ਪਹਿਲਾਂ ਪਾਰਟੀ ਦੀ ਕਮਾਨ ਸੰਭਾਲੀ ਸੀ।
ਐਨ.ਡੀ.ਪੀ. ਆਗੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਪੋਸਟ ਕੀਤੀ ਵੀਡੀਓ ਵਿਚ ਇਹ ਦਾਅਵਾ ਵੀ ਕੀਤਾ ਕਿ ਟਰੂਡੋ ਨੇ ‘ਵਾਰ ਵਾਰ ਇਹ ਸਾਬਤ ਕੀਤਾ ਹੈ ਕਿ ਉਸ ਨੇ ਕਾਰਪੋਰੇਟਾਂ ਦੇ ਲਾਲਚ ਅੱਗੇ ਹਮੇਸ਼ਾ ਗੋਡੇ ਟੇਕੇ ਹਨ।‘ ਉਨ੍ਹਾਂ ਨੇ ਐਕਸ ‘ਤੇ ਪੋਸਟ ਵਿਚ ਕਿਹਾ, ‘ਸਮਝੌਤਾ ਹੁਣ ਖ਼ਤਮ ਹੋ ਗਿਆ ਹੈ। ਲਿਬਰਲਜ਼ ਬਹੁਤ ਕਮਜ਼ੋਰ, ਬਹੁਤ ਮਤਲਬੀ ਤੇ ਕਾਰਪੋਰੇਟ ਹਿੱਤਾਂ ਦੇ ਬਹੁਤ ਰਿਣੀ ਹਨ, ਜਿਸ ਕਰਕੇ ਉਹ ਕੰਜ਼ਰਵੇਟਿਵਜ਼ ਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਹੀਂ ਰੋਕ ਸਕਦੇ ਪਰ ਐਨ.ਡੀ.ਪੀ. ਰੋਕ ਸਕਦੀ ਹੈ। ਵੱਡੇ ਕਾਰਪੋਰੇਟਾਂ ਤੇ ਸੀਈਓਜ਼ ਦੀਆਂ ਸਰਕਾਰਾਂ ਹੁੰਦੀਆਂ ਹੋਣਗੀਆਂ। ਇਹ ਲੋਕਾਂ ਦਾ ਸਮਾਂ ਹੈ।‘ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ. ਨਿਊਜ਼) ਨੇ ਜਗਮੀਤ ਸਿੰਘ ਦੇ ਹਵਾਲੇ ਨਾਲ ਕਿਹਾ, ‘ਜਸਟਿਨ ਟਰੂਡੋ ਨੇ ਵਾਰ ਵਾਰ ਇਹ ਸਾਬਤ ਕੀਤਾ ਹੈ ਕਿ ਉਹ ਕਾਰਪੋਰੇਟਾਂ ਦੇ ਲਾਲਚ ਅੱਗੇ ਹਮੇਸ਼ਾ ਗੋਡੇ ਟੇਕਣਗੇ। ਲਿਬਰਲਜ਼ ਨੇ ਲੋਕਾਂ ਨੂੰ ਕਮਜ਼ੋਰ ਕੀਤਾ ਹੈ। ਉਹ ਕੈਨੇਡੀਅਨਾਂ ਕੋਲੋਂ ਇਕ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ।‘ ਉਨ੍ਹਾਂ ਕਿਹਾ ਕਿ ਲਿਬਰਲਜ਼ ਕਾਰਪੋਰੇਟਾਂ ਹਿੱਤਾਂ ਲਈ ਨਹੀਂ ਖੜ੍ਹੇ ਹੋਣਗੇ ਤੇ ਉਹ ‘ਕੰਜ਼ਰਵੇਟਿਵ ਕੱਟਾਂ ਨੂੰ ਰੋਕਣ ਲਈ‘ ਅਗਲੀਆਂ ਚੋਣਾਂ ਵਿਚ ਖੜ੍ਹੇਗਾ।
ਐਨ.ਡੀ.ਪੀ. ਤਰਜਮਾਨ ਨੇ ਸੀ.ਬੀ.ਸੀ. ਨੂੰ ਦੱਸਿਆ ਕਿ ਸਮਝੌਤਾ ਰੱਦ ਕਰਨ ਦਾ ਅਮਲ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਿਹਾ ਸੀ ਪਰ ਲਿਬਰਲ ਸਰਕਾਰ ਨੂੰ ਜਗਮੀਤ ਸਿੰਘ ਦਾ ਵੀਡੀਓ ਆਨਲਾਈਨ ਲਾਈਵ ਹੋਣ ਤੋਂ ਕੁਝ ਮਿੰਟ ਪਹਿਲਾਂ ਇਸ ਫੈਸਲੇ ਬਾਰੇ ਦੱਸਿਆ ਗਿਆ। ਉਨ੍ਹਾਂ ਨੇ ਆਪਣੀ ਵੀਡੀਓ ਨਾਲ ਜਾਰੀ ਮੀਡੀਆ ਰਿਲੀਜ਼ ਵਿਚ ਕਿਹਾ, ‘ਐਨ.ਡੀ.ਪੀ. ਚੋਣਾਂ ਲਈ ਤਿਆਰ ਹੈ ਤੇ ਬੇਭਰੋੋਸਗੀ ਮਤੇ ਨੂੰ ਸਦਨ ਵਿਚ ਰੱਖਿਆ ਜਾਵੇਗਾ।` ਦੋਵਾਂ ਪਾਰਟੀਆਂ ਲਿਬਰਲਜ਼ ਤੇ ਐਨ.ਡੀ.ਪੀ. ਵਿਚਾਲੇ ਮਾਰਚ 2022 ਵਿਚ ਉਪਰੋਕਤ ਸਮਝੌਤਾ ਇਸ ਸ਼ਰਤ `ਤੇ ਹੋਇਆ ਸੀ ਕਿ ਟਰੂਡੋ ਸਰਕਾਰ ਐਨ.ਡੀ.ਪੀ. ਦੀਆਂ ਵਿਧਾਨਕ ਵਚਨਬੱਧਤਾਵਾਂ ਨੂੰ ਤਰਜੀਹੀ ਅਧਾਰ `ਤੇ ਪੂਰਾ ਕਰੇਗੀ ਤੇ ਬਦਲੇ ਵਿਚ ਐਨ.ਡੀ.ਪੀ. ਵੱਲੋਂ ਵਿਸ਼ਵਾਸ ਮੱਤ ਦੌਰਾਨ ਲਿਬਰਲ ਸਰਕਾਰ ਦੀ ਹਮਾਇਤ ਕੀਤੀ ਜਾਵੇਗੀ।
ਮੱਧਕਾਲੀ ਚੋਣਾਂ ਦੀ ਨੌਬਤ ਨਹੀਂ ਆਏਗੀ: ਟਰੂਡੋ
ਓਟਵਾ: ਐਨ.ਡੀ.ਪੀ. ਆਗੂ ਦੇ ਐਲਾਨ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੂਰੇ ਭਰੋਸੇ ਨਾਲ ਕਿਹਾ ਕਿ ਮੱਧਕਾਲੀ ਚੋਣਾਂ ਦੀ ਨੌਬਤ ਨਹੀਂ ਆਏਗੀ ਤੇ ਇਹ ਸਮੇਂ ‘ਤੇ ਹੀ ਹੋਣਗੀਆਂ। ਉਨ੍ਹਾਂ ਕਿਹਾ ਕਿ ਕਾਨੂੰਨੀ ਮਾਹਿਰਾਂ ਵੱਲੋਂ ਨੁਕਤੇ ਲੱਭੇ ਜਾ ਰਹੇ ਹਨ ਤਾਂ ਕਿ ਮੱਧਾਕਾਲੀ ਚੋਣਾਂ ਟਾਲੀਆਂ ਜਾ ਸਕਣ। ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਸਾਰਾ ਧਿਆਨ ਇਸ ਵੇਲੇ ਸਮਰੱਥਾ ਸੰਕਟ ਤੇ ਵਾਤਾਵਰਨ ਤਬਦੀਲੀ ਨਾਲ ਸਿੱਝਣ ਵੱਲ ਹੈ।