ਰੂਸ ਵੱਲੋਂ 150 ਤੋਂ ਵੱਧ ਯੂਕਰੇਨੀ ਡਰੋਨ ਡੇਗਣ ਦਾ ਦਾਅਵਾ

ਮਾਸਕੋ: ਰੂਸੀ ਰੱਖਿਆ ਮੰਤਰਾਲੇ ਨੇ ਰੂਸ ਦੀਆਂ ਹਵਾਈ ਸੈਨਾਵਾਂ ਵੱਲੋਂ 158 ਯੂਕਰੇਨੀ ਡਰੋਨ ਸੁੱਟ ਲੈਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚੋਂ ਦੋ ਡਰੋਨ ਮਾਸਕੋ ਸ਼ਹਿਰ ਉਤੇ ਅਤੇ 9 ਮਾਸਕੋ ਖੇਤਰ ਦੇ ਆਲੇ ਦੁਆਲੇ ਫੁੰਡਣ ਦਾ ਦਾਅਵਾ ਕੀਤਾ ਗਿਆ ਹੈ।

ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਵਿਚੋਂ 46 ਡਰੋਨ ਕੁਰਸਕ ਖੇਤਰ ਉਤੇ ਸਨ। ਇਹ ਉਹ ਖੇਤਰ ਹੈ ਜਿੱਥੇ ਹਾਲੀਆ ਹਫ਼ਤਿਆਂ ਦੌਰਾਨ ਯੂਕਰੇਨ ਨੇ ਆਪਣੀਆਂ ਫੌਜਾਂ ਭੇਜ ਕੇ ਦੂਜੀ ਆਲਮੀ ਜੰਗ ਮਗਰੋਂ ਰੂਸ ਦੇ ਵੱਡੇ ਖੇਤਰਫਲ ‘ਤੇ ਕਬਜ਼ਾ ਕੀਤਾ ਹੈ। ਇਸੇ ਤਰ੍ਹਾਂ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਬ੍ਰਾਇੰਸਕ ਖੇਤਰ ‘ਚ 34 ਤੋਂ ਵੱਧ, ਵੋਰੋਨੇਜ਼ ਖੇਤਰ ‘ਚ 28 ਤੇ ਬੈਲਗੋਰੋਡ ਖੇਤਰ ਵਿਚ 14 ਤੋਂ ਵੱਧ ਡਰੋਨ ਫੁੰਡੇ ਗਏ ਹਨ। ਉਧਰ ਯੂਕਰੇਨੀ ਹਵਾਈ ਸੈਨਾ ਨੇ ਰੂਸ ਵੱਲੋਂ ਛੱਡੇ 11 ਡਰੋਨਾਂ ‘ਚੋਂ ਅੱਠ ਫੁੰਡਣ ਦਾ ਦਾਅਵਾ ਕੀਤਾ ਹੈ। ਦੇਸ਼ ਦੇ ਉੱਤਰ-ਪੂਰਬੀ ਖਾਰਕੀਵ ਖੇਤਰ ਵਿਚ ਗੋਲਾਬਾਰੀ ਦੌਰਾਨ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਰੂਸੀ ਫੌਜ ਨੇ ਦੇਸ਼ ਦੇ ਧੁਰ ਅੰਦਰ ਵੀ ਕੁਝ ਯੂਕਰੇਨੀ ਡਰੋਨ ਸੁੱਟਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚੋਂ ਇਕ ਮਾਸਕੋ ਦੇ ਉੱਤਰ ਪੱਛਮ ‘ਚ ਟਵੇਰ ਖੇਤਰ ਅਤੇ ਦੂਜਾ ਰੂਸੀ ਰਾਜਧਾਨੀ ਤੋਂ ਉੱਤਰ-ਪੂਰਬ ਵਿਚ ਇਵਾਨੋਵੋ ਖੇਤਰ ਵਿਚ ਫੁੰਡਿਆ ਗਿਆ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਯੂਕਰੇਨ ਨੇ ਰੂਸੀ ਸਰਜ਼ਮੀਨ ‘ਤੇ ਹਵਾਈ ਹਮਲੇ ਕਰਦਿਆਂ ਕਰੈਮਲਿਨ ਦੇ ਹਮਲਿਆਂ ਦੀ ਰਫ਼ਤਾਰ ਘਟਾਉਣ ਲਈ ਰਿਫਾਇਨਰੀਆਂ ਤੇ ਤੇਲ ਟਰਮੀਨਲਾਂ ਨੂੰ ਨਿਸ਼ਾਨਾ ਬਣਾਇਆ ਹੈ।