ਕੰਗਨਾ ਕਾਰਨ ਬੁਰੀ ਫਸੀ ਭਾਜਪਾ

ਕਿਸਾਨੀ ਅੰਦੋਲਨ ਬਾਰੇ ਟਿੱਪਣੀ ਨੇ ਵਿਵਾਦ ਛੇੜਿਆ
ਚੰਡੀਗੜ੍ਹ: ਭਾਜਪਾ ਦੀ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਕਤਲ ਤੇ ਜਬਰ ਜਨਾਹ ਹੋਣ ਸਬੰਧੀ ਦਿੱਤੇ ਬਿਆਨ ਨਾਲ ਸਿਆਸੀ ਪਾਰਾ ਚੜ੍ਹ ਗਿਆ ਹੈ। ਲੋਕ ਰੋਹ ਦੇਖਦਿਆਂ ਭਾਵੇਂ ਭਾਜਪਾ ਨੇ ਕੰਗਨਾ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਪਰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੰਗਨਾ ਦੀਆਂ ਕਿਸਾਨਾਂ ਬਾਰੇ ਮਾੜੀਆਂ ਟਿੱਪਣੀਆਂ ਭਗਵਾ ਧਿਰ ਲਈ ਵੱਡੀ ਮੁਸੀਬਤ ਬਣ ਸਕਦੀਆਂ ਹਨ।

ਵਿਰੋਧੀ ਧਿਰ ਨੇ ਜਿੱਥੇ ਇਸ ਨੂੰ ਵੱਡਾ ਮੁੱਦਾ ਬਣਾ ਲਿਆ ਹੈ, ਉਥੇ ਕਿਸਾਨ ਜਥੇਬੰਦੀਆਂ ਨੇ ਵੀ ਕੰਗਨਾ ਉਤੇ ਭਾਜਪਾ ਦੀ ਸ਼ਹਿ ਕਾਰਨ ਅਜਿਹੇ ਬਿਆਨ ਦੇਣ ਦਾ ਦੋਸ਼ ਲਾਉਂਦਿਆਂ ਮੁਆਫੀ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਵੱਲੋਂ ਭਾਜਪਾ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਬਾਰੇ ਕਥਿਤ ਟਿੱਪਣੀ ਕਾਰਨ ਪਏ ਰੌਲੇ ਰੱਪੇ ਤੋਂ ਹੋਈ। ਇਸ ਮੌਕੇ ਕੰਗਨਾ ਦੀ ਟਿੱਪਣੀ ਦੀ ਨਿੰਦਾ ਕਰਨ ਵਾਲਾ ਮਤਾ ਪੇਸ਼ ਕੀਤਾ ਗਿਆ।
ਆਮ ਆਦਮੀ ਪਾਰਟੀ ਪੰਜਾਬ ਨੇ ਭਾਜਪਾ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਲੋਂ ਕੰਗਨਾ ਰਣੌਤ ਨੂੰ ਫਟਕਾਰ ਲਾਉਣ ਨੂੰ ਮਹਿਜ਼ ਦਿਖਾਵਾ ਅਤੇ ਰਣਨੀਤਕ ਕਦਮ ਦੱਸਿਆ ਹੈ। ਪੰਜਾਬ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਦਾਅਵਾ ਕੀਤਾ ਕਿ ਫਟਕਾਰ ਸਿਰਫ਼ ਦਿਖਾਵਾ ਹੈ, ਰਣੌਤ ਦੇ ਵਿਵਾਦ ਵਾਲੇ ਬਿਆਨ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਭਾਜਪਾ ਦੀ ਕੋਸ਼ਿਸ਼ ਸੰਭਾਵੀ ਤੌਰ ‘ਤੇ ਕਈ ਰਾਜਾਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪ੍ਰੇਰਿਤ ਹੈ।
ਚੇਤੇ ਰਹੇ ਕਿ ਕੰਗਨਾ ਨੇ ਇਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਸੀ ਕਿ ਕਿਸਾਨੀ ਅੰਦੋਲਨ ਦੌਰਾਨ ਦਿੱਲੀ ਹੱਦ ‘ਤੇ ਜਬਰ ਜਨਾਹ ਅਤੇ ਕਤਲ ਹੋਏ ਸਨ। ਜੇ ਉਸ ਵੇਲੇ ਕੇਂਦਰ ਵਿਚ ਭਾਜਪਾ ਦੀ ਸਰਕਾਰ ਨਾ ਹੁੰਦੀ ਤਾਂ ਹਾਲਾਤ ਬੰਗਲਾਦੇਸ਼ ਵਰਗੇ ਹੋਣੇ ਸਨ। ਕੰਗਨਾ ਨੇ ਅੰਦੋਲਨ ਸਮੇਂ ਵੀ ਕਈ ਵਾਰ ਕਿਸਾਨਾਂ ਬਾਰੇ ਵਿਵਾਦ ਵਾਲੇ ਬਿਆਨ ਦਿੱਤੇ ਸਨ। ਉਸ ਨੇ ਹੁਣ ਮੁੜ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨੀ ਸਬੰਧੀ ਬਿਆਨ ਦਿੱਤਾ ਹੈ ਜਿਸ ਨਾਲ ਭਾਜਪਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਕਿਸਾਨੀ ਅੰਦੋਲਨ ਸਮੇਂ ਸਮੁੱਚੇ ਦੇਸ਼ ਤੋਂ ਕਿਸਾਨਾਂ ਨੇ ਦਿੱਲੀ ਧਰਨੇ ਵਿਚ ਸ਼ਮੂਲੀਅਤ ਕੀਤੀ ਸੀ ਪਰ ਉਸ ਅੰਦੋਲਨ ਦੀ ਅਗਵਾਈ ਪੰਜਾਬ ਤੇ ਹਰਿਆਣਾ ਨੇ ਕੀਤੀ ਸੀ। ਇਸ ਕਰ ਕੇ ਹਰਿਆਣਾ ਦੇ ਕਿਸਾਨਾਂ ਵਿਚ ਕੰਗਨਾ ਦੇ ਬਿਆਨ ਨੂੰ ਲੈ ਕੇ ਕਾਫੀ ਨਿਰਾਸ਼ਾ ਹੈ।
ਇਸੇ ਦੌਰਾਨ, ਕਿਸਾਨ ਜਥੇਬੰਦੀਆਂ ਨੇ ਸਾਫ ਆਖ ਦਿੱਤਾ ਹੈ ਕਿ ਜੇ ਪ੍ਰਧਾਨ ਮੰਤਰੀ ਜਾਂ ਭਾਜਪਾ ਵੱਲੋਂ ਇਸ ਬਿਆਨ ‘ਤੇ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਕੰਗਨਾ ਰਣੌਤ ਖ਼ਿਲਾਫ਼ ਸੰਘਰਸ਼ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਕਿਸਾਨੀ ਅੰਦੋਲਨ ਦੌਰਾਨ ਕਿਸਾਨ ਪਰਿਵਾਰਾਂ ਦੀਆਂ ਬੀਬੀਆਂ ਲਈ ਕੰਗਨਾ ਵੱਲੋਂ ਮਾੜੀ ਸ਼ਬਦਾਵਲੀ ਵਰਤੀ ਗਈ, ਇਸ ਤੋਂ ਬਾਅਦ ਉਸ ਨੇ ਪੰਜਾਬੀ ਗਾਇਕਾਂ ਬਾਰੇ ਗ਼ਲਤ ਬਿਆਨ ਦਿੱਤੇ। ਇਸ ਉਪਰੰਤ ਹਾਲ ਹੀ ਵਿਚ ਉਸ ਵੱਲੋਂ ਫਿਲਮ ‘ਐਮਰਜੈਂਸੀ’ ਦੇ ਟ੍ਰੇਲਰ ਵਿਚ ਪੰਜਾਬ, ਪੰਜਾਬੀਅਤ ਤੇ ਸਿੱਖਾਂ ਲਈ ਨਫ਼ਰਤ ਦਾ ਪ੍ਰਗਟਾਵਾ ਕੀਤਾ ਗਿਆ।
ਡਾ. ਚੀਮਾ ਨੇ ਕਿਹਾ ਕਿ ਹੁਣ ਤਾਜ਼ਾ ਇੰਟਰਵਿਊ ਵਿਚ ਕਿਸਾਨੀ ਅੰਦੋਲਨ ਬਾਰੇ ਵਰਤੇ ਘਟੀਆ ਸ਼ਬਦ ਕੰਗਨਾ ਦੀ ਮਾੜੀ ਤੇ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ। ਕੰਗਨਾ ਦੇ ਨਫ਼ਰਤ ਭਰਪੂਰ ਬਿਆਨ ਪੰਜਾਬ ਦੇ ਮਾਹੌਲ ‘ਚ ਅੱਗ ਲਾਉਣ ਦੀ ਕੋਝੀ ਸਾਜ਼ਿਸ਼ ਲੱਗ ਰਹੇ ਹਨ। ਸ਼ੰਭੂ ਬਾਰਡਰ ‘ਤੇ ਖੜ੍ਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਧੇਰ ਨੇ ਕੰਗਨਾ ਰਣੌਤ ਨੂੰ ਖੁਦ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਰਾਸ਼ਟਰੀ ਪੱਧਰ ‘ਤੇ ਕੰਗਨਾ ਰਣੌਤ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ ਪਰ ਕੰਗਨਾ ਰਣੌਤ ਭਾਜਪਾ ਦੀ ਸੰਸਦ ਹੈ, ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ। ਜੇ ਭਾਜਪਾ ਦਾ ਮੰਨਣਾ ਹੈ ਕਿ ਇਹ ਬਿਆਨ ਸਹੀ ਨਹੀਂ ਤੇ ਇਹ ਗ਼ਲਤ ਬਿਆਨ ਹੈ ਤਾਂ ਉਸ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨੀ ਚਾਹੀਦੀ ਹੈ।
ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਸੰਸਦ ਮੈਂਬਰ ਦੇ ਕਿਸਾਨ ਵਿਰੋਧੀ ਬਿਆਨ ਲਈ ਮੁਆਫ਼ੀ ਮੰਗਣੀ ਪਵੇਗੀ। ਜਦੋਂ ਤੱਕ ਕੰਗਨਾ ਰਣੌਤ ਵੀ ਮੁਆਫੀ ਨਹੀਂ ਮੰਗਦੀ, ਉਸ ਦਾ ਦੇਸ਼ ਭਰ ਵਿਚ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੰਗਨਾ ਰਣੌਤ ਦੀ ਮਾਨਸਿਕ ਸਥਿਤੀ ‘ਤੇ ਸਵਾਲ ਖੜ੍ਹੇ ਕੀਤੇ ਹਨ।
ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਕੰਗਨਾ ਦੇ ਇਸ ਬਿਆਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਸਾਰਾ ਮੰਤਰ ਕਿਸਾਨਾਂ ਨੂੰ ਬਦਨਾਮ ਕਰਨ ‘ਤੇ ਲੱਗਾ ਹੋਇਆ ਹੈ। ਕਿਸਾਨਾਂ ਨੂੰ ਬਲਾਤਕਾਰੀ ਅਤੇ ਵਿਦੇਸ਼ੀ ਤਾਕਤਾਂ ਦੇ ਨੁਮਾਇੰਦੇ ਕਹਿਣਾ ਸ਼ਰਮਨਾਕ ਹੈ।
ਭਾਜਪਾ ‘ਤੇ ਫਿਲਮਾਂ ਰਾਹੀਂ ਵੰਡੀਆਂ ਪਾਉਣ ਦੇ ਦੋਸ਼
ਨਵੀਂ ਦਿੱਲੀ: ਕੁੱਲ ਹਿੰਦ ਕਾਂਗਰਸ ਕਮੇਟੀ ਦੇ ਬੁਲਾਰੇ ਅਤੇ ਮੁੰਬਈ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਚਰਨਜੀਤ ਸਿੰਘ ਸਪਰਾ ਨੇ ਭਾਜਪਾ ‘ਤੇ ਦੋਸ਼ ਲਾਇਆ ਕਿ ਉਹ ਦੇਸ਼ ਦੇ ਲੋਕਾਂ ਨੂੰ ਵੰਡ ਕੇ ਰਾਜਨੀਤੀ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਫਿਲਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਸੰਸਦ ਮੈਂਬਰ ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ‘ ਬਾਰੇ ਵੀ ਆਖਿਆ ਕਿ ਜੇ ਉਸ ਵਿਚ ਸਿੱਖਾਂ ਬਾਰੇ ਕੁਝ ਇਤਰਾਜ਼ਯੋਗ ਹੈ ਤਾਂ ਉਸ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦਾ ਏਜੰਡਾ ਹੈ ਕਿ ਦੇਸ਼ ਦੇ ਲੋਕਾਂ ਨੂੰ ਵੰਡਿਆ ਜਾਵੇ ਅਤੇ ਰਾਜਨੀਤੀ ਕੀਤੀ ਜਾਵੇ, ਇਹੀ ਨੀਤੀ ਅੰਗਰੇਜ਼ਾਂ ਦੀ ਵੀ ਸੀ।