ਔਰੰਗਜ਼ੇਬ: ਕਿੰਨਾ ਕੱਚ, ਕਿੰਨਾ ਸੱਚ?

ਸੁਰਿੰਦਰ ਸਿੰਘ ਤੇਜ
ਫੋਨ: +91-98555-01488
ਪ੍ਰਸਿੱਧ ਅਮਰੀਕੀ ਵਿਦਵਾਨ ਔਡਰੇਅ ਟਰੁਸ਼ਕਾ ਦੀ ਕਿਤਾਬ ‘ਔਰੰਗਜ਼ੇਬ’ ਇਸ ਬਾਦਸ਼ਾਹ ਬਾਰੇ ਕੁਝ ਨਵੇਂ ਅਤੇ ਦਿਲਚਸਪ ਪੱਖ ਉਘਾੜਦੀ ਹੈ। ਇਸ ਬਾਰੇ ਚਰਚਾ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਤੇਜ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।
ਇਤਿਹਾਸ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ‘ਬੇਸਬਰ ਮੁਨਸਿਫ਼` ਹੈ। ਬਹੁਤੀ ਵਾਰ ਇਹ ਮੁਨਸਿਫ਼ ਜਲਦਬਾਜ਼ੀ ਨਾਲ ਫ਼ੈਸਲੇ ਸੁਣਾਉਂਦਾ ਹੈ, ਸਮਾਂ ਗੁਜ਼ਰਨ ਤੇ ਸੋਚ ਬਦਲਣ ਦੀ ਉਡੀਕ ਨਹੀਂ ਕਰਦਾ।

ਇਹ ਵੀ ਮੰਨਿਆ ਜਾਂਦਾ ਹੈ ਕਿ ਅਜਿਹੇ ਬਹੁਤੇ ਫ਼ੈਸਲੇ, ਅਮੂਮਨ, ਜੁਰਮ ਦੀ ਸ਼ਿੱਦਤ ਨਾਲੋਂ ਕਿਤੇ ਵੱਧ ਸਖ਼ਤ ਹੁੰਦੇ ਹਨ। ਇਸੇ ਹੀ ਪ੍ਰਸੰਗ ਵਿਚ ਹੁਣ ਇਹ ਖਿਆਲ ਜ਼ੋਰ ਫੜ ਰਿਹਾ ਹੈ ਕਿ ਚੰਗੇਜ਼ ਖ਼ਾਨ, ਤੈਮੂਰ ਸ਼ਾਹ ਜਾਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਵਰਗੇ ‘ਖਲਨਾਇਕਾਂ` ਦੇ ਇਤਿਹਾਸ ਵੱਲੋਂ ਉਸਾਰੇ ਅਕਸ ਦੀ ਪੁਨਰ ਸਮੀਖਿਆ ਹੋਣੀ ਚਾਹੀਦੀ ਹੈ। ਇਸੇ ਹੀ ਸੰਕਲਪ ਵਿਚੋਂ ਉਪਜੀ ਹੈ ਅਮਰੀਕੀ ਇਤਿਹਾਸਕਾਰ ਔਡਰੇਅ ਟਰੁਸ਼ਕਾ ਦੀ ਕਿਤਾਬ ‘ਔਰੰਗਜ਼ੇਬ: ਦਿ ਮੈਨ ਐਂਡ ਦਿ ਮਿੱਥ`। ਭਾਰਤ ਵਿਚ ਇਸ ਕਿਤਾਬ ਦਾ ਪਹਿਲਾ ਐਡੀਸ਼ਨ ਪੈਂਗੁਇਨ-ਵਾਈਕਿੰਗ ਨੇ 2017 ਵਿਚ ਪ੍ਰਕਾਸ਼ਿਤ ਕੀਤਾ ਸੀ। ਉਦੋਂ ਇਹ ਕਾਫ਼ੀ ਚਰਚਾ ਵਿਚ ਰਹੀ ਸੀ। ਹੁਣ ਇਸ ਦਾ ਸੋਧਿਆ ਹੋਇਆ ਅਤੇ ਵੱਧ ਪੰਨਿਆਂ ਵਾਲਾ ਐਡੀਸ਼ਨ ਅਮਰੀਕਾ ਵਿਚ ਪ੍ਰਕਾਸ਼ਿਤ ਹੋਇਆ ਹੈ; ਵੱਖਰੇ ਉਪ-ਸਿਰਲੇਖ ਨਾਲ।
ਔਡਰੇਅ ਟਰੁਸ਼ਕਾ ਨੇਵਾਰਕ, ਨਿਊ ਜਰਸੀ (ਅਮਰੀਕਾ) ਦੀ ਰੱਟਗਜ਼ ਯੂਨੀਵਰਸਿਟੀ ਵਿਚ ਇਤਿਹਾਸ ਦੀ ਐਸੋਸੀਏਟ ਪ੍ਰੋਫੈਸਰ ਹੈ। ‘ਔਰੰਗਜ਼ੇਬ’ ਉਸ ਦੀ ਮੱਧ-ਯੁੱਗੀ ਭਾਰਤੀ ਇਤਿਹਾਸ ਬਾਰੇ ਦੂਜੀ ਕਿਤਾਬ ਹੈ; ਪਹਿਲੀ ਕਿਤਾਬ ਮੁਗ਼ਲ ਦਰਬਾਰਾਂ ਵਿਚ ਸੰਸਕ੍ਰਿਤ ਦੇ ਮੁਕਾਮ ਬਾਬਤ ਸੀ। ਉਸ ਵਿਚ ਉਸ ਨੇ ਦਰਸਾਇਆ ਸੀ ਕਿ ਮੁਗ਼ਲ ਬਾਦਸ਼ਾਹਾਂ ਨੇ ਸੰਸਕ੍ਰਿਤ ਦੀਆਂ ਕਲਾਸਿਕ ਪੁਸਤਕਾਂ ਤੇ ਗ੍ਰੰਥਾਂ ਦਾ ਅਰਬੀ-ਫ਼ਾਰਸੀ ਵਿਚ ਅਨੁਵਾਦ ਕਰਵਾ ਕੇ ਮੱਧ-ਪੂਰਬ, ਮੱਧ ਏਸ਼ੀਆ ਤੇ ਅੱਗੇ ਯੂਰਪ ਵਿਚ ਇਨ੍ਹਾਂ ਦਾ ਅਧਿਐਨ ਸੰਭਵ ਬਣਾਇਆ ਅਤੇ ਉਸ ਅਧਿਐਨ ਤੋਂ ਅਕਾਦਮਿਕ ਜਗਤ ਨੂੰ ਕੀ-ਕੀ ਫ਼ਾਇਦਾ ਹੋਇਆ। ਔਰੰਗਜ਼ੇਬ ਬਾਰੇ ਉਸ ਦਾ ਠੋਸ ਮੱਤ ਹੈ ਕਿ ਇਸ ਛੇਵੇਂ ਮੁਗ਼ਲ ਬਾਦਸ਼ਾਹ ਦੀ ਮੌਤ ਤੋਂ ਬਾਅਦ ਮੁਗ਼ਲ ਸਾਮਰਾਜ ਜੇਕਰ ਵਿਖੰਡਿਤ ਨਾ ਹੁੰਦਾ ਤਾਂ ਸ਼ਾਇਦ ਸਾਡੀਆਂ ਨਜ਼ਰਾਂ ਵਿਚ ਉਸ ਦਾ ਰੁਤਬਾ ਸਿਤਮਗਰ ਜਾਂ ਜਰਵਾਣੇ ਵਾਲਾ ਨਹੀਂ ਸੀ ਹੋਣਾ। ਕਿਤਾਬ ਅੰਦਰਲੇ ਕੁਝ ਅਹਿਮ ਨੁਕਤੇ ਇਸ ਤਰ੍ਹਾਂ ਹਨ:
* ਪੰਜਵੇਂ ਮੁਗ਼ਲ ਬਾਦਸ਼ਾਹ ਸ਼ਾਹ ਜਹਾਂ ਤੇ ਉਸ ਦੀ ਮਹਿਬੂਬ ਬੇਗ਼ਮ, ਮੁਮਤਾਜ਼ ਮਹਿਲ ਦੇ 14 ਬੱਚੇ ਪੈਦਾ ਹੋਏ ਜਿਨ੍ਹਾਂ ਵਿਚੋਂ ਸੱਤ ਜ਼ਿੰਦਾ ਬਚੇ। 14ਵੇਂ ਬੱਚੇ (ਗੌਹਰਆਰਾ ਬਾਨੋ) ਦੇ ਜਨਮ ਸਮੇਂ ਮੁਮਤਾਜ਼ ਦੀ ਮੌਤ ਹੋ ਗਈ। ਸੱਤ ਬੱਚਿਆਂ ਵਿਚੋਂ ਤਿੰਨ ਬੇਟੀਆਂ ਸਨ- ਜਹਾਂ ਆਰਾ, ਰੌਸ਼ਨ ਆਰਾ ਤੇ ਗੌਹਰ ਆਰਾ ਅਤੇ ਚਾਰ ਬੇਟੇ- ਦਾਰਾ ਸ਼ਿਕੋਹ, ਔੰਰੰਗਜ਼ੇਬ, ਸ਼ਾਹ ਸ਼ੁਜਾਹ ਤੇ ਮੁਰਾਦ ਬਖ਼ਸ਼।
* ਮੁਮਤਾਜ਼ ਤੋਂ ਇਲਾਵਾ ਸ਼ਾਹ ਜਹਾਂ ਦੀਆਂ ਹੋਰ ਵੀ ਬੇਗ਼ਮਾਂ ਸਨ ਪਰ ਮੁਮਤਾਜ਼ ਦੇ ਪਿਤਾ (ਅਤੇ ਨੂਰ ਜਹਾਂ ਦੇ ਭਰਾ) ਆਸਿਫ਼ ਖ਼ਾਨ ਨੇ ਆਪਣਾ ਦਬਦਬਾ ਵਰਤਦਿਆਂ ਇਹ ਯਕੀਨੀ ਬਣਾਇਆ ਕਿ ਅੱਵਲ ਤਾਂ ਕੋਈ ਹੋਰ ਬੇਗ਼ਮ ਹਾਮਲਾ ਹੋਵੇ ਹੀ ਨਾ; ਤੇ ਜੇਕਰ ਕਿਸੇ ਦੇ ਹਮਲ ਠਹਿਰ ਜਾਂਦਾ ਸੀ ਤਾਂ ਇਹ ਗਿਰਵਾ ਦਿੱਤਾ ਜਾਂਦਾ ਸੀ। ਮੁਮਤਾਜ਼ ਵੀ ਸ਼ਾਹ ਜਹਾਂ ਦਾ ਵਿਸਾਹ ਨਹੀਂ ਸੀ ਖਾਂਦੀ। ਉਹ ਜੰਗੀ ਮੁਹਿੰਮਾਂ ਵੇਲੇ ਵੀ ਸ਼ਾਹ ਜਹਾਂ ਦੇ ਨਾਲ ਰਹਿੰਦੀ ਸੀ।
* ਦਾਰਾ ਸ਼ਿਕੋਹ ਆਪਣੇ ਪਿਤਾ ਦੀ ਸਭ ਤੋਂ ਪਸੰਦੀਦਾ ਔਲਾਦ ਸੀ। ਉਹ ਤੇ ਉਸ ਦੀ ਭੈਣ ਜਹਾਂ ਆਰਾ ਜਜ਼ਬਾਤੀ ਤੌਰ `ਤੇ ਪਿਤਾ ਦੇ ਸਭ ਤੋਂ ਕਰੀਬ ਸਨ। ਇਸ ਕਿਸਮ ਦਾ ਸਨੇਹ ਔਰੰਗਜ਼ੇਬ ਦੇ ਕਦੇ ਵੀ ਹਿੱਸੇ ਨਹੀਂ ਆਇਆ। ਉਹ ਖ਼ੁਦ ਨੂੰ ਪਿਤਾ ਵੱਲੋਂ ‘ਦੁਤਕਾਰਿਆ ਬੱਚਾ` ਮਹਿਸੂਸ ਕਰਦਾ ਸੀ ਅਤੇ ਇਸੇ ਜਜ਼ਬੇ ਨੇ ਉਸ ਅੰਦਰ ਦਾਰਾ ਸ਼ਿਕੋਹ ਪ੍ਰਤੀ ਤਿੱਖੀ ਨਫ਼ਰਤ ਪੈਦਾ ਕੀਤੀ।
* ਦਾਰਾ ਸ਼ਿਕੋਹ ਨਾ ਚੰਗਾ ਲੜਾਕੂ ਸੀ ਤੇ ਨਾ ਹੀ ਕੁਸ਼ਲ ਪ੍ਰਸ਼ਾਸਕ। ਉਹ ਸੁਭਾਅ ਤੇ ਸੁਹਜ ਪੱਖੋਂ ਸੂਫ਼ੀ ਅਤੇ ਬੌਧਿਕ ਪੱਖੋਂ ਵਿਦਵਾਨ ਤੇ ਸੁਪਨਸਾਜ਼ ਸੀ। ਹਜ਼ਰਤ ਸਾਈਂ ਮੀਆਂ ਮੀਰ ਦਾ ਉਹ ਪੈਰੋਕਾਰ ਸੀ। ਔਰੰਗਜ਼ੇਬ ਯੁੱਧ ਕੌਸ਼ਲ ਦਾ ਮਾਹਿਰ ਸੀ, ਰਾਜ ਪ੍ਰਬੰਧ ਉੱਤੇ ਵੀ ਉਸ ਦੀ ਪੂਰੀ ਪਕੜ ਸੀ। ਉਹ ਜੰਗਾਂ ਜਿੱਤਣ ਵਿਚ ਯਕੀਨ ਰੱਖਦਾ ਸੀ, ਹਾਰ ਉਸ ਨੂੰ ਹਜ਼ਮ ਨਹੀਂ ਸੀ ਹੁੰਦੀ। ਵਿੱਦਿਆ ਦਾ ਉਹ ਕਦਰਦਾਨ ਸੀ, ਵਿਦਵਤਾ ਦਾ ਨਹੀਂ। ਉਹ ਪਹਿਲਾ ਅਜਿਹਾ ਮੁਗ਼ਲ ਬਾਦਸ਼ਾਹ ਸੀ ਜਿਸ ਨੇ ਆਪਣੇ ਜੀਵਨ ਕਾਲ ਨੂੰ ਕਲਮਬੰਦ ਕਰਨ ਜਾਂ ਕਰਵਾਉਣ ਦਾ ਯਤਨ ਨਹੀਂ ਕੀਤਾ। ਬਾਬਰ ਵੱਲੋਂ ਸਵੈ-ਲਿਖਤ ‘ਬਾਬਰਨਾਮਾ`, ਗੁਲਬਦਨ ਬੇਗ਼ਮ ਵੱਲੋਂ ਲਿਖੇ ‘ਹਮਾਯੂੰਨਾਮਾ`, ਅਕਬਰ ਵੱਲੋਂ ਲਿਖਵਾਏ ‘ਅਕਬਰਨਾਮਾ`, ਜਹਾਂਗੀਰ ਲਿਖਤ ‘ਤੁਜ਼ਕ-ਏ-ਜਹਾਂਗੀਰੀ` ਅਤੇ ਸ਼ਾਹਜ਼ਹਾਂ ਵੱਲੋਂ ਲਿਖਵਾਏ ‘ਪਾਦਸ਼ਾਹਨਾਮਾ` ਤੋਂ ਉਲਟ ਔਰੰਗਜ਼ੇਬ ਨੇ ਆਪਣੀ ਜੀਵਨ ਕਥਾ ਖ਼ੁਦ ਨਹੀਂ ਲਿਖਵਾਈ। ਉਸ ਬਾਰੇ ਇੱਕ ਕਿਤਾਬ ‘ਮਾਅਸਿਰ-ਏ-ਆਲਮਗੀਰੀ` 1697 ਵਿਚ ਅਵੱਸ਼ ਲਿਖੀ ਗਈ ਪਰ ਉਦੋਂ ਤੱਕ ਉਸ ਦਾ ਜਾਬਰ ਬਾਦਸ਼ਾਹ ਵਾਲਾ ਅਕਸ ਆਮ ਲੋਕਾਂ ਦੇ ਮਨਾਂ ਵਿਚ ਘਰ ਕਰ ਚੁੱਕਾ ਸੀ।
* 88 ਵਰਿ੍ਹਆਂ ਤੋਂ ਵੱਧ ਉਮਰ ਭੋਗ ਕੇ ਮਰਿਆ ਔਰੰਗਜ਼ੇਬ (1618-1707)। ਬਹੁਤ ਦਲੇਰ ਸੀ ਉਹ। 1633 ਵਿਚ ਭੂਤਰੇ ਹਾਥੀ ਨੂੰ ਪਛਾੜਨ ਦੀ ਘਟਨਾ ਨੇ ਉਸ ਨੂੰ ਦੰਦ-ਕਥਾਵਾਂ ਦਾ ਪਾਤਰ ਬਣਾਇਆ। ਬਲਖ਼, ਗੁਜਰਾਤ ਤੇ ਦੱਖਣ ਦਾ ਉਹ ਸੂਬੇਦਾਰ ਰਿਹਾ। ਕਿਤੋਂ ਵੀ ਉਸ ਖ਼ਿਲਾਫ਼ ਇੱਕ ਵੀ ਸ਼ਿਕਾਇਤ ਸ਼ਾਹ ਜਹਾਂ ਤਕ ਨਹੀਂ ਪਹੁੰਚੀ। ਇਨ੍ਹਾਂ ਸਮਿਆਂ ਦੌਰਾਨ ਕਿਤੇ ਵੀ ਉਸ ਨੇ ਕੋਈ ਪ੍ਰਸ਼ਾਸਨਿਕ ਵਧੀਕੀ ਨਹੀਂ ਕੀਤੀ। ਪਿਤਾ ਅਤੇ ਵੱਡੇ ਭਰਾ ਦਾਰਾ ਤੋਂ ਉਲਟ ਉਹ ਪੱਕਾ ਪੰਜ ਨਮਾਜ਼ੀ ਸੀ; ਇਸਲਾਮੀ ਅਕੀਦਿਆਂ ਦਾ ਪਾਬੰਦ, ਨਾ ਸ਼ਰਾਬ ਪੀਂਦਾ ਸੀ, ਨਾ ਕੋਈ ਹੋਰ ਨਸ਼ਾ ਕਰਦਾ ਸੀ। ਸਾਦਗੀ ਪਸੰਦ ਸੀ, ਸ਼ਾਹੀ ਅਡੰਬਰਾਂ ਵਿਚ ਹਿੱਸਾ ਨਹੀਂ ਸੀ ਲੈਂਦਾ। ਸੁਭਾਅ ਦਾ ਸਖ਼ਤ ਸੀ ਪਰ ਬਹੁਤੀ ਵਾਰ ਉਸ ਦੀ ਪਹੁੰਚ ਅਮਲੀ ਹੁੰਦੀ ਸੀ; ਫ਼ੈਸਲਾ ਕਰਨ ਤੋਂ ਪਹਿਲਾਂ ਦੂਜੇ ਦਾ ਪੱਖ ਸੁਣਦਾ ਸੀ।
* 1658 ਵਿਚ ਜਦੋਂ ਸ਼ਾਹ ਜਹਾਂ ਸਖ਼ਤ ਬਿਮਾਰ ਹੋਇਆ ਤਾਂ ਚਾਰੋ ਭਰਾ ਸ਼ਹਿਨਸ਼ਾਹੀ ਦੇ ਦਾਅਵੇਦਾਰ ਬਣ ਉੱਭਰੇ। ਪਿਤਾ ਨੇ ਦਾਰਾ ਸ਼ਿਕੋਹ ਨੂੰ ਆਪਣੇ ਕੋਲ ਆਗਰਾ ਰੱਖਿਆ ਹੋਇਆ ਸੀ। ਔਰੰਗਜ਼ੇਬ ਦੱਖਣ ਵਿਚ ਸੀ। ਉਸ ਨੇ ਪਹਿਲਾਂ ਮੁਰਾਦ ਬਖ਼ਸ਼ ਨੂੰ ਗੰਢਿਆ। ਫਿਰ ਮਿਰਜ਼ਾ ਰਾਜਾ ਜੈ ਸਿੰਘ ਤੇ ਹੋਰ ਰਾਜਪੂਤ ਰਾਣਿਆਂ ਨੂੰ। ਮੀਰ ਜੁਮਲਾ ਤੇ ਜਾਫ਼ਰ ਖ਼ਾਨ ਵਰਗੇ ਕਾਬਲ ਜਰਨੈਲ ਵੀ ਉਸ ਦਾ ਸਾਥ ਦੇਣ ਲਈ ਤਿਆਰ ਹੋ ਗਏ। ਸ਼ੁਜਾਹ ਨੂੰ ਦਾਰਾ ਸ਼ਿਕੋਹ ਨੇ ਪਛਾੜ ਕੇ ਅਰਾਕਾਨ ਪਹਾੜੀਆਂ (ਬਰਮਾ) ਵੱਲ ਭੱਜਣ ਲਈ ਮਜਬੂਰ ਕਰ ਦਿੱਤਾ ਪਰ ਸਾਮੂਗੜ੍ਹ ਦੀ ਜੰਗ ਵਿਚ ਉਹ ਖ਼ੁਦ ਔਰੰਗਜ਼ੇਬ ਤੇ ਮੁਰਾਦ ਦੀਆਂ ਫ਼ੌਜਾਂ ਹੱਥੋਂ ਹਾਰ ਗਿਆ। ਔਰੰਗਜ਼ੇਬ ਨੇ ਆਗਰਾ ਤੇ ਦਿੱਲੀ ਉੱਤੇ ਕਬਜ਼ਾ ਕੀਤਾ, ਸ਼ਾਹ ਜਹਾਂ ਨੂੰ ਆਗਰਾ ਦੇ ਕਿਲੇ ਵਿਚ ਕੈਦ ਕੀਤਾ, ਦਾਰਾ ਨੂੰ ਲਾਹੌਰ ਤੋਂ ਕਾਬੂ ਕਰਵਾ ਕੇ ਦਿੱਲੀ ਲਿਆਂਦਾ, ਸਰੇ-ਬਾਜ਼ਾਰ ਬੇਇਜ਼ਤ ਕੀਤਾ ਅਤੇ ਫਿਰ ਉਸ ਦਾ ਸਿਰ-ਕਲਮ ਕਰ ਕੇ ਇਹ ‘ਤੋਹਫ਼ੇ` ਵਜੋਂ ਪਿਤਾ ਅੱਗੇ ਪੇਸ਼ ਕੀਤਾ। ਇਨ੍ਹਾਂ ਘਟਨਾਵਾਂ ਨੇ ਔਰੰਗਜ਼ੇਬ ਦਾ ਜਾਬਰ ਵਾਲਾ ਅਕਸ ਲੋਕ ਮਨਾਂ ਵਿਚ ਉਸਾਰਨਾ ਹੀ ਸੀ। ਦਾਰਾ ਸ਼ਿਕੋਹ ਦੀ ਜਾਨ ਲੈਣ ਮਗਰੋਂ ਔਰੰਗਜ਼ੇਬ ਨੇ ਮੁਰਾਦ ਬਖ਼ਸ਼ ਨੂੰ ਵੀ ਨਹੀਂ ਬਖ਼ਸ਼ਿਆ। ਉਸ ਨੂੰ ਮਰਵਾਉਣ ਵਿਚ ਸ਼ਰਾਬ ਪੀਣ ਦੀ ਉਸ ਦੀ ਲਤ ਮੁੱਖ ਵਸੀਲਾ ਬਣੀ।
* ਦੋ ਵਾਰ ਤਾਜਪੋਸ਼ੀ ਹੋਈ ਔਰੰਗਜ਼ੇਬ ਦੀ। ਪਹਿਲੀ ਵਾਰ 1658 ਵਿਚ ਦਿੱਲੀ `ਤੇ ਕਬਜ਼ੇ ਮਗਰੋਂ ਸਾਦਾ ਜਿਹੀ ਰਸਮ ਵਜੋਂ; ਅਤੇ ਫਿਰ ਦਾਰਾ ਸ਼ਿਕੋਹ ਤੇ ਮੁਰਾਦ ਨਾਲ ‘ਨਿਪਟਣ` ਮਗਰੋਂ 1659 ਵਿਚ ਪੂਰੀ ਸ਼ਾਨੋ-ਸ਼ੌਕਤ ਨਾਲ। ਔਡਰੇਅ ਟਰੁਸ਼ਕਾ ਅਨੁਸਾਰ ਔਰੰਗਜ਼ੇਬ ਨੇ ਇਨਸਾਫ਼ਪਸੰਦ ਹੁਕਮਰਾਨ ਸਾਬਤ ਹੋਣ ਦੇ ਸੰਜੀਦਾ ਯਤਨ ਕੀਤੇ, ਸ਼ਾਹੀ ਜੀਵਨ ਨੂੰ ਸਾਦਾ ਬਣਾਉਣ ਤੇ ਟੈਕਸ ਪ੍ਰਣਾਲੀ ਨੂੰ ਵੀ ਸਰਲ ਬਣਾਉਣ ਦੇ ਉਪਾਅ ਕੀਤੇ ਅਤੇ ਉਹ ਨੀਤੀਆਂ ਬਣਾਈਆਂ ਜੋ ਸਮੁੱਚੇ ਸਮਾਜ ਤੇ ਸਮੁੱਚੇ ਸਾਮਰਾਜ ਲਈ ਹਿਤਕਾਰੀ ਸਾਬਤ ਹੋਣ। ਪੂਰੇ ਸਾਮਰਾਜ ਵਿਚ ਨਸ਼ਾਬੰਦੀ ਲਾਗੂ ਕੀਤੀ ਗਈ।
* ਔਰੰਗਜ਼ੇਬ ਕਿਉਂਕਿ ਦਾਰਾ ਸ਼ਿਕੋਹ ਦੀਆਂ ਆਦਤਾਂ ਤੇ ਅਕੀਦਿਆਂ ਨੂੰ ਨਫ਼ਰਤ ਕਰਦਾ ਸੀ, ਇਸ ਲਈ ਬਾਦਸ਼ਾਹ ਬਣਨ ਮਗਰੋਂ ਉਸ ਨੇ ਗੀਤ-ਸੰਗੀਤ, ਸੂਫ਼ੀਆਂ ਤੇ ਸ਼ਾਇਰਾਂ ਦੀਆਂ ਮਹਿਫਿਲਾਂ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ। ਅਜਿਹੇ ਕਦਮਾਂ ਨੂੰ ਸੁੰਨੀ ਕੱਟੜਪੰਥੀਆਂ ਤੋਂ ਹੁੰਗਾਰਾ ਮਿਲਣਾ ਸੁਭਾਵਿਕ ਸੀ। ਇਸ ਹੁੰਗਾਰੇ ਨੇ ਔਰੰਗਜ਼ੇਬ ਨੂੰ ਇਸ ਹਕੀਕਤ ਤੋਂ ਦੂਰ ਕਰ ਦਿੱਤਾ ਕਿ ਪਾਬੰਦੀਆਂ ਦੀ ਇੰਤਹਾ, ਲੋਕਾਈ ਵਿਚ ਨਾਖੁਸ਼ੀ ਤੇ ਬੇਚੈਨੀ ਪੈਦਾ ਕਰ ਸਕਦੀ ਹੈ। ਇਹੋ ਵਰਤਾਰਾ ਔਰੰਗਜ਼ੇਬ ਖਿਲਾਫ਼ ਵਾਪਰਨਾ ਸੁਭਾਵਿਕ ਹੀ ਸੀ।
* ਔਡਰੇਅ ਟਰੁਸ਼ਕਾ ਮੁਤਾਬਿਕ ਔਰੰਗਜ਼ੇਬ ਦੀ ਜ਼ਿੰਦਗੀ ਦੇ ਚਾਰ ਪੜਾਅ ਸਨ। ਪਹਿਲਾ ਪੜਾਅ 17 ਵਰਿ੍ਹਆਂ ਦੀ ਉਮਰ ਤੱਕ ਦਾ ਸੀ ਜਦੋਂ ਉਹ ਪਿਤਾ ਦੇ ਦਰਬਾਰ ਵਿਚ ਰਿਹਾ ਅਤੇ ਉਹ ਸਾਰੇ ਹੁਨਰ ਹਾਸਿਲ ਕੀਤੇ ਜੋ ਕਿਸੇ ਮੁਗ਼ਲ ਸ਼ਹਿਜ਼ਾਦੇ ਵਿਚ ਹੋਣੇ ਚਾਹੀਦੇ ਹਨ। ਦੂਜਾ 1635 ਤੋਂ 1657 ਤੱਕ ਦੇ ਵਰਿ੍ਹਆਂ ਦਾ ਸੀ ਜਦੋਂ ਬਲਖ਼, ਗੁਜਰਾਤ ਤੇ ਦੱਖਣ ਦੇ ਸੂਬਿਆਂ ਦੇ ਹਾਕਮ ਵਜੋਂ ਉਸ ਨੇ ਆਪਣੀ ਇੰਤਜ਼ਾਮਿਆਤੀ ਕਾਬਲੀਅਤ ਦਰਸਾਈ ਪਰ ਪਿਤਾ ਤੋਂ ਉਸ ਤਰਜ਼ ਦੀ ਤਾਰੀਫ਼ ਨਾ ਖੱਟ ਸਕਿਆ ਜੋ ਦਾਰਾ ਸ਼ਿਕੋਹ ਦੇ ਹਿੱਸੇ ਆਉਂਦੀ ਰਹੀ। 1657 ਤੋਂ 1681 ਤੱਕ ਦਾ ਸਮਾਂ ਸ਼ਾਹ ਜਹਾਂ ਦੇ ਬਿਮਾਰ ਹੋਣ `ਤੇ ਭਰਾ-ਮਾਰੂ ਜੰਗਾਂ, ਉਨ੍ਹਾਂ ਤੋਂ ਉਪਜੇ ਖ਼ੂਨ-ਖਰਾਬੇ ਅਤੇ ਹਿੰਦ ਦੀ ਬਾਦਸ਼ਾਹਤ ਉੱਤੇ ਪਕੜ ਮਜ਼ਬੂਤ ਕਰਨ ਦਾ ਰਿਹਾ। ਟਰੁਸ਼ਕਾ ਅਨੁਸਾਰ, “ਇਹ ਮਿੱਥ ਹੈ ਕਿ ਇਕੱਲਾ ਔਰੰਗਜ਼ੇਬ ਹੀ ਜਾਬਰ ਸੀ। ਅਸਲੀਅਤ ਇਹ ਹੈ ਕਿ ਸਾਰੇ ਭਰਾ (ਤੇ ਭੈਣਾਂ ਵੀ) ਇੱਕੋ ਜਿੰਨੇ ‘ਖ਼ੂੰਖਾਰ` ਸਨ। ਸਾਰੇ ਤਾਕਤ ਹਥਿਆਉਣ ਵਾਸਤੇ ਹਰ ਹਰਬਾ ਵਰਤਣ ਦੀ ਤਾਕ ਵਿਚ ਸਨ।” ਹਿੰਦ ਦੀ ਹੁਕਮਰਾਨੀ ਉੱਤੇ ਪੂਰੀ ਤਰ੍ਹਾਂ ਗ਼ਾਲਬ ਹੋਣ ਤੋਂ 22 ਸਾਲ ਬਾਅਦ 1681 ਵਿਚ ਔਰੰਗਜ਼ੇਬ ਨੇ ਦੱਖਣ ਵੱਲ ਰੁਖ਼ ਕੀਤਾ। ਟੀਚਾ ਇੱਕੋ ਸੀ; ਮੁਗ਼ਲੀਆ ਹਿੰਦ ਦਾ ਵਿਸਤਾਰ ਦੱਖਣੀ ਭਾਰਤ ਦੇ ਆਖ਼ਰੀ ਸਿਰੇ ਤੱਕ ਕਰਨਾ।
* ਬਾਦਸ਼ਾਹ ਬਣਨ ਮਗਰੋਂ ਔਰੰਗਜ਼ੇਬ ਨੇ ਜ਼ਿੰਦਗੀ ਦੇ 26 ਵਰ੍ਹੇ ਦੱਖਣ ਵਿਚ ਬਿਤਾਏ; ਗੋਲਕੰਡਾ, ਬੀਜਾਪੁਰ, ਗੁਲਬਰਗਾ ਤੇ ਹੋਰ ਦੱਖਣੀ ਰਿਆਸਤਾਂ ਨੂੰ ਆਪਣੇ ਸਾਮਰਾਜ ਦਾ ਹਿੱਸਾ ਬਣਾਉਣ ਵਾਸਤੇ। ਉਸ ਦੀ ਮੌਤ ਵੀ ਅਹਿਮਦਨਗਰ ਵਿਚ ਹੋਈ। ਉੱਥੋਂ ਨੇੜੇ ਖੁਲਨਾਬਾਦ (ਮਹਾਰਾਸ਼ਟਰ) ਵਿਚ ਉਸ ਨੂੰ ਦਫ਼ਨ ਕੀਤਾ ਗਿਆ।
* ਟਰੁਸ਼ਕਾ ਦਾ ਦਾਅਵਾ ਹੈ ਕਿ ਔਰੰਗਜ਼ੇਬ ਤੁਅੱਸਬੀ ਜ਼ਰੂਰ ਸੀ ਪਰ ਹਿੰਦੂਆਂ ਦੇ ਖ਼ੂਨ ਦਾ ਪਿਆਸਾ ਨਹੀਂ ਸੀ। ਉਸ ਨੇ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਉਣ ਦਾ ਫ਼ਰਮਾਨ ਕਦੇ ਵੀ ਜਾਰੀ ਨਹੀਂ ਕੀਤਾ। ਇਹ ਫ਼ਰਮਾਨ ਦਿੱਲੀ ਤੋਂ ਉਸ ਦੀ ਗ਼ੈਰ-ਹਾਜ਼ਰੀ ਦੌਰਾਨ ਸੁੰਨੀ ਮੁਲਾਣੇ ਜਾਰੀ ਕਰਦੇ ਰਹੇ। ਅਸਲੀਅਤ ਤਾਂ ਇਹ ਹੈ ਕਿ ਮੁਗ਼ਲ ਕਾਲ ਦੌਰਾਨ ਸ਼ਾਹੀ ਨੌਕਰੀਆਂ ਵਿਚ ਹਿੰਦੂਆਂ ਦੀ ਸਭ ਤੋਂ ਵੱਧ ਤਾਦਾਦ (31.6 ਫ਼ੀਸਦੀ) ਔਰੰਗਜ਼ੇਬ ਵੇਲੇ ਰਹੀ। ਜੇ ਉਸ ਨੇ ਆਪਣੀ ਫ਼ੌਜ ਵਿਚੋਂ ਰਾਜਪੂਤਾਂ ਦੀ ਨਫ਼ਰੀ ਘਟਾਈ ਤਾਂ ਮਰਾਠਿਆਂ ਦੀ ਗਿਣਤੀ ਵਧਾਈ ਵੀ। ਧਾਨਾਜੀ ਜਾਧਵ, ਮੇਲਗਿਰੀ ਪੰਡਿਤ, ਮਾਹਲਾਜੀ ਖਰਗੜੇ ਉਹ ਮਰਾਠਾ ਜਰਨੈਲ ਸਨ ਜੋ ਸ਼ਿਵਾਜੀ ਭੋਸਲੇ ਦੇ ਖiLਲਾਫ਼ ਲੜਾਈਆਂ ਵਿਚ ਔਰੰਗਜ਼ੇਬ ਦੀ ਤਰਫ਼ੋਂ ਲੜਦੇ ਰਹੇ।
* ਟਰੁਸ਼ਕੇ ਇੱਕ ਹੋਰ ਅਮਰੀਕੀ ਇਤਿਹਾਸਕਾਰ ਰਿਚਰਡ ਈਟਨ ਦੀ ਖੋਜ ਦੇ ਹਵਾਲੇ ਨਾਲ ਲਿਖਦੀ ਹੈ ਕਿ ਔਰੰਗਜ਼ੇਬ ਨੇ ਆਪਣੇ ਸਮੁੱਚੇ ਰਾਜਕਾਲ ਦੌਰਾਨ ਇੱਕ ਦਰਜਨ ਤੋਂ ਵੱਧ ਮੰਦਿਰ ਨਹੀਂ ਢਾਹੇ। ਉਹ ਕਹਿੰਦੀ ਹੈ ਕਿ ਕਾਸ਼ੀ ਦਾ ਵਿਸ਼ਵਨਾਥ ਮੰਦਿਰ ਢਾਹ ਕੇ ਉਸ ਦੀ ਥਾਂ ਗਿਆਨਵਾਪੀ ਮਸਜਿਦ ਦੀ ਉਸਾਰੀ ਜਾਂ ਮਥੁਰਾ ਦਾ ਕੇਸ਼ਵਦੇਵ ਮੰਦਿਰ ਢਾਹ ਕੇ ਉੱਥੇ ਈਦਗਾਹ ਵੀ ਉਸਾਰੀ ਦੇ ਕਾਰਨ ਰਾਜਸੀ ਸਨ, ਮਜ਼ਹਬੀ ਤੁਅੱਸਬ ਨਹੀਂ। ਉਹ ਇਹ ਵੀ ਦਾਅਵਾ ਕਰਦੀ ਹੈ ਕਿ ਔਰੰਗਜ਼ੇਬ ਨੇ ਉਜੈਨ ਦੇ ਮਹਾਕਾਲੇਸ਼ਵਰ ਮੰਦਿਰ, ਚਿਤ੍ਰਕੂਟ ਦੇ ਬਾਲਾਜੀ ਮੰਦਿਰ, ਗੁਹਾਟੀ ਦੇ ਉਮਾਨੰਦ ਮੰਦਿਰ ਤੇ ਡੇਹਰਾਦੂਨ ਦੇ ਗੁਰਦੁਆਰਾ ਬਾਬਾ ਰਾਮ ਰਾਏ ਸਮੇਤ ਦਰਜਨਾਂ ਗ਼ੈਰ-ਇਸਲਾਮੀ ਤੀਰਥਾਂ ਦੀ ਉਸਾਰੀ ਜਾਂ ਪੁਨਰ-ਉਸਾਰੀ ਲਈ ਮੋਟੀਆਂ ਮਾਇਕ ਗਰਾਂਟਾਂ ਦਿੱਤੀਆਂ। ਹਿੰਦੂਆਂ ਉੱਤੇ ਜਜ਼ੀਆ ਵੀ ਉਸ ਨੇ 1676 ਵਿਚ ਲਾਗੂ ਕੀਤਾ, ਮਜ਼ਹਬੀ ਤੁਅੱਸਬ ਕਾਰਨ ਨਹੀਂ, ਆਰਥਿਕ ਸੰਕਟ ਉੱਤੇ ਕਾਬੂ ਪਾਉਣ ਵਾਸਤੇ।
* ਉਹ ਇਹ ਵੀ ਦਾਅਵਾ ਕਰਦੀ ਹੈ ਕਿ ਜੇਕਰ ਔਰੰਗਜ਼ੇਬ ਕੱਟੜ ਤੁਅੱਸਬੀ ਹੁੰਦਾ ਤਾਂ ਉਸ ਦੀਆਂ ਤਿੰਨੋਂ ਬੀਵੀਆਂ ਸੁੰਨੀ ਤੇ ਨਮਾਜ਼ੀ ਮੁਸਲਮਾਨ ਹੋਣੀਆਂ ਸਨ ਪਰ ਅਜਿਹਾ ਕੁਝ ਵੀ ਨਹੀਂ ਸੀ। ਲੜਕਪਨ ਵਿਚ ਉਸ ਦਾ ਪਿਆਰ ਹਿੰਦੂ ਤਵਾਇਫ਼ ਹੀਰਾਬਾਈ ਸੀ ਜਿਸ ਨੂੰ ਉਹ ਬੁਰਹਾਨਪੁਰ ਦੇ ਸ਼ਾਹੀ ਬਾਗ ਵਿਚੋਂ ਅੰਬ ਤੋੜਦਿਆਂ ਦੇਖ ਕੇ ਉਸ ਉੱਤੇ ਫ਼ਿਦਾ ਹੋ ਗਿਆ (ਉਹ ਜ਼ੈਨਾਬਾਦੀ ਮਹਿਲ ਦੇ ਨਾਂ ਨਾਲ ਵੀ ਜਾਣੀ ਜਾਂਦੀ ਸੀ)। ਉਸ ਦੀ ਪਹਿਲੀ ਬੀਵੀ ਦਿਲਰਸ ਬਾਨੋ ਸ਼ੀਆ ਮੁਸਲਮਾਨ ਸੀ। ਉਸ ਦੀ ਜ਼ੱਦ ਇਰਾਨ ਦੇ ਸਫ਼ਵੀ ਸ਼ਾਹੀ ਘਰਾਣੇ ਨਾਲ ਜੁੜੀ ਹੋਈ ਸੀ। 1637 ਵਿਚ ਵਿਆਹ ਤੋਂ ਲੈ ਕੇ 1657 ਵਿਚ ਮੌਤ ਹੋਣ ਤੱਕ ਦਿਲਰਸ ਬਾਨੋ ਬੇਗ਼ਮ ਸ਼ੀਆ ਹੀ ਰਹੀ। ਉਸ ਦੇ ਅਸਰ ਕਾਰਨ ਔਰੰਗਜ਼ੇਬ ਦੀ ਵੱਡੀ ਬੇਟੀ ਜ਼ੇਬੂਨਿਸਾ ਬਾਨੋ ਵੀ ਸ਼ੀਆ ਮੱਤ ਦੀ ਧਾਰਨੀ ਰਹੀ। ਦੂਜੀ ਬੀਵੀ ਨਵਾਬ ਬਾਈ ਖ਼ੁਦ ਨੂੰ ਸੱਯਦ ਦੱਸਦੀ ਸੀ ਪਰ ਉਹ ਰਾਜੌਰੀ ਦੇ ਰਾਜਾ ਤਾਜੂਦੀਨ ਦੀ ਧੀ ਸੀ। ਤਾਜੂਦੀਨ ਦਾ ਸਹੁਰਾ ਪਰਿਵਾਰ ਭਾਵੇਂ ਸੂਫ਼ੀ ਸੀ ਪਰ ਉਸ ਦੇ ਆਪਣੇ ਵਡੇਰੇ ਤਾਂ ਹਿੰਦੂ ਸਨ। ਔਰੰਗਜ਼ੇਬ ਦੀ ਨਵਾਬ ਬਾਈ ਨਾਲ ਕਦੇ ਵੀ ਬਹੁਤੀ ਬਣੀ ਨਹੀਂ। ਉਹ ਦਿਲਰਸ ਬਾਨੋ ਬੇਗ਼ਮ ਦੀ ਬੇਵਕਤੀ ਮੌਤ ਤੋਂ ਬਾਅਦ ਵੀ ਔਰੰਗਜ਼ੇਬ ਤੋਂ ਅਲਹਿਦਾ ਰਹਿੰਦੀ ਰਹੀ। ਉਹ ਦੋ ਪੁੱਤਰਾਂ ਮਿਰਜ਼ਾ ਮੁਹੰਮਦ ਸੁਲਤਾਨ ਤੇ ਮੁਅੱਜ਼ਮ ਉਰਫ਼ ਸ਼ਾਹ ਆਲਮ ਦੀ ਮਾਂ ਸੀ। ਮੁਅੱਜ਼ਮ ਨੇ 1707 ਵਿਚ ਪਿਤਾ ਦੀ ਮੌਤ ਮਗਰੋਂ ਬਹਾਦਰ ਸ਼ਾਹ ਦੇ ਨਾਮ ਨਾਲ ਹਿੰਦ ਦਾ ਤਾਜ ਵੀ ਸੰਭਾਲਿਆ ਪਰ ਔਰੰਗਜ਼ੇਬ ਨੇ ਆਪਣੇ ਜਿਊਂਦੇ ਜੀਅ ਕਦੇ ਵੀ ਇਨ੍ਹਾਂ ਦੋਵਾਂ ਪੁੱਤਰਾਂ ਉੱਪਰ ਬਹੁਤਾ ਲਾਡ-ਦੁਲਾਰ ਨਹੀਂ ਲੁਟਾਇਆ। ਬਾਦਸ਼ਾਹ ਦੀ ਤੀਜੀ ਬੀਵੀ ਉਦੈਪੁਰੀ ਮਹਿਲ ਦੇ ਨਾਮ ਨਾਲ ਜਾਣੀ ਜਾਂਦੀ ਹੈ। ਉਸ ਨੂੰ ਅਰਜ਼ਾਨੀ ਬੇਗ਼ਮ ਵੀ ਕਿਹਾ ਜਾਂਦਾ ਹੈ। ਉਹ ਕਾਕੇਸ਼ਿਆਈ ਮੁਲਕ ਜਾਰਜੀਆ ਤੋਂ ਲਿਆਂਦੀ ਗਈ ਗ਼ੁਲਾਮ ਸੀ ਜਿਸ ਨੂੰ ਦਾਰਾ ਸ਼ਿਕੋਹ ਨੇ ਆਪਣੀ ਰਖੇਲ ਬਣਾਇਆ। ਦਿਲਰਸ ਬਾਨੋ ਬੇਗ਼ਮ ਦੇ ਇੰਤਕਾਲ ਮਗਰੋਂ ਔਰੰਗਜ਼ੇਬ ਨੇ ਉਸ ਨਾਲ ਨਿਕਾਹ ਕਰ ਲਿਆ। ਉਹ ਦੱਖਣ ਵਿਚ ਮੁਹਿੰਮਾਂ ਦੌਰਾਨ ਔਰੰਗਜ਼ੇਬ ਦੇ ਨਾਲ ਹੀ ਰਹੀ। ਸ਼ਹਿਜ਼ਾਦਾ ਕਾਮ ਬਖ਼ਸ਼ ਉਸ ਦਾ ਹੀ ਬੇਟਾ ਸੀ। ਬਾਦਸ਼ਾਹ ਦੇ ਫ਼ੌਤ ਹੋਣ `ਤੇ ਉਹ ਏਨੀ ਗ਼ਮਜ਼ਦਾ ਹੋ ਗਈ ਕਿ ਚਾਰ ਮਹੀਨੇ ਬਾਅਦ ਦਮ ਤੋੜ ਗਈ।
* ਟਰੁਸ਼ਕਾ ਦਾ ਇਹ ਵੀ ਦਾਅਵਾ ਹੈ ਕਿ ਉਮਰ ਢਲਣ `ਤੇ ਔਰੰਗਜ਼ੇਬ ਦੇ ਅੰਦਰ ਇਹ ਅਹਿਸਾਸ ਪਕੇਰਾ ਹੁੰਦਾ ਗਿਆ ਕਿ ਉਸ ਨੇ ਆਪਣੇ ਪਿਤਾ ਜਾਂ ਭਰਾਵਾਂ ਨਾਲ ਅਨਿਆਂ ਕੀਤਾ। ਇਸ ਦੀ ਭਰਪਾਈ ਖ਼ਾਤਿਰ ਉਸ ਨੇ ਦਾਰਾ ਸ਼ਿਕੋਹ ਦੇ ਬੇਟੇ ਸਿਫਿਰ ਸ਼ਿਕੋਹ ਨੂੰ ਕੈਦਖ਼ਾਨੇ ਵਿਚੋਂ ਕੱਢ ਕੇ ਉਸ ਦਾ ਵਿਆਹ ਆਪਣੀ ਧੀ ਜ਼ੁਬੁਕਤਨਿਸਾ ਨਾਲ ਕੀਤਾ। ਸ਼ਹਿਜ਼ਾਦਾ ਆਜ਼ਮ ਦਾ ਨਿਕਾਹ ਦਾਰਾ ਸ਼ਿਕੋਹ ਦੀ ਬੇਟੀ ਜਹਾਂਜ਼ੇਬ ਬਾਨੋ ਨਾਲ ਕਰਵਾਇਆ ਗਿਆ। ਇੰਝ ਹੀ, ਬਾਦਸ਼ਾਹ ਨੇ ਆਪਣੇ ਸਭ ਤੋਂ ਛੋਟੇ ਤੇ ਲਾਡਲੇ ਬੇਟੇ ਸੁਲਤਾਨ ਮੁਹੰਮਦ ਅਕਬਰ ਦਾ ਵਿਆਹ ਪੂਰੀ ਸ਼ਾਨੋ ਸ਼ੌਕਤ ਨਾਲ ਦਾਰਾ ਸ਼ਿਕੋਹ ਦੀ ਪੋਤੀ ਸ਼ਹਿਜ਼ਾਦੀ ਸਲੀਮਾ ਨਾਲ ਕੀਤਾ।
ਕਿਤਾਬ ਵਿਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਦੋ ਕੁ ਸਤਰਾਂ ਹਨ। ਲੇਖਕਾ ਮੁਤਾਬਿਕ ਸ਼ਾਹੀ ਰਿਕਾਰਡ ਵਿਚ ਨੌਵੇਂ ਗੁਰੂ ਨੂੰ ‘ਸਜ਼ਾ` ਦਾ ਜ਼ਿਕਰ ਸਿਰਫ਼ ਇੱਕ ਸਤਰ ਦਾ ਹੈ। ਕਿਤਾਬ ਇਹ ਵੀ ਸੰਕੇਤ ਨਹੀਂ ਦਿੰਦੀ ਕਿ ਉਸ ਸਮੇਂ ਔਰੰਗਜ਼ੇਬ ਕਿੱਥੇ ਸੀ। ਇਨ੍ਹਾਂ ਤੱਤਾਂ-ਤੱਥਾਂ ਦੀ ਰੌਸ਼ਨੀ ਵਿਚ ਕਿਤਾਬ ਪਾਠਕ ਨੂੰ ਇਹ ਸਵਾਲ ਕਰਦੀ ਹੈ ਕਿ ਮੋਹੀਉਦੀਨ ਮੁਹੰਮਦ ਔਰੰਗਜ਼ੇਬ ਕੀ ਸਚਮੁੱਚ ਹੀ ਮਹਾਂ ਤੁਅੱਸਬੀ ਜਾਂ ਮਹਾਂ ਪਾਪੀ ਸੀ? ਕਿਤਾਬ ਔਰੰਗਜ਼ੇਬ ਨੂੰ ਨਾਇਕ ਵਜੋਂ ਪੇਸ਼ ਨਹੀਂ ਕਰਦੀ ਪਰ ਉਸ ਦੇ ਅਕਸ ਦੀ ਪੁਨਰ-ਉਸਾਰੀ ਵਾਲੀ ਦਲੀਲ ਪੂਰੀ ਸ਼ਿੱਦਤ ਨਾਲ ਸਿਰਜਦੀ ਹੈ। ਇਹੋ ਹੀ ਇਸ ਦਾ ਅਸਲ ਹਾਸਿਲ ਹੈ।