ਅਲਵਿਦਾ ਪੈਰਿਸ: ਓਲੰਪਿਕ ਖੇਡਾਂ ਦੀ ਰੰਗਾਰੰਗ ਅੰਦਾਜ਼ ‘ਚ ਸਮਾਪਤੀ

ਪੈਰਿਸ: ਪੈਰਿਸ ਵਿਚ 33ਵੀਆਂ ਓਲੰਪਿਕ ਖੇਡਾਂ ਦੀ ਰੰਗਾਰੰਗ ਅੰਦਾਜ਼ ‘ਚ ਸਮਾਪਤੀ ਹੋ ਗਈ। ਇਸ ਦੌਰਾਨ ਪੈਰਿਸ ਨੇ ਓਲੰਪਿਕ ਦੀ ਬੈਟਨ ਲਾਸ ਏਂਜਲਸ (ਅਮਰੀਕਾ) ਨੂੰ ਸੌਂਪ ਦਿੱਤੀ ਜਿਥੇ 2028 ‘ਚ ਅਗਲੀਆਂ ਓਲੰਪਿਕ ਖੇਡਾਂ ਹੋਣਗੀਆਂ।
ਸਟੇਡ ਡੀ ਫਰਾਂਸ ਸਟੇਡੀਅਮ ‘ਚ ਹੋਏ ਸਮਾਪਤੀ ਸਮਾਗਮ ਦੌਰਾਨ ਬਿਲੀ ਐਲਿਸ਼, ਸਨੂਪ ਡੌਗ ਅਤੇ ਰੈੱਡ ਹੌਟ ਚਿਲੀ ਪੈਪਰਜ਼ ਨੇ ਦਿਲ ਖਿੱਚਵੀਆਂ ਪੇਸ਼ਕਾਰੀਆਂ ਦਿੱਤੀਆਂ।

ਸਟੇਡੀਅਮ ‘ਚ ਮੌਜੂਦ 75 ਹਜ਼ਾਰ ਦਰਸ਼ਕਾਂ ਅੱਗੇ ਝੰਡਾਬਰਦਾਰ ਪੀਆਰ ਸ੍ਰੀਜੇਸ਼ ਅਤੇ ਮਨੂ ਭਾਕਰ ਦੀ ਅਗਵਾਈ ਹੇਠ ਭਾਰਤੀ ਦਲ ਪਹੁੰਚਿਆ ਤਾਂ ਦਰਸ਼ਕਾਂ ਨੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਅਤੇ ਹੋਰ ਹਸਤੀਆਂ ਹਾਜ਼ਰ ਸਨ। ਫਰਾਂਸ ਦਾ ਤੈਰਾਕ ਲਿਓਨ ਮਰਚੈਂਡ ਓਲੰਪਿਕ ਮਸ਼ਾਲ ਲੈ ਕੇ ਸਟੇਡੀਅਮ ‘ਚ ਪਹੁੰਚਿਆ। ਅਮਰੀਕਾ ਅਤੇ ਚੀਨ ਨੇ ਸੋਨੇ ਦੇ 40-40 ਤਗ਼ਮੇ ਜਿੱਤੇ ਹਨ। ਭਾਰਤ ਨੇ ਚਾਂਦੀ ਦਾ ਇਕ ਅਤੇ ਕਾਂਸੇ ਦੇ 5 ਤਗ਼ਮੇ ਜਿੱਤੇ।
ਆਖਰੀ ਮਹਿਲਾ ਬਾਸਕਟਬਾਲ ਦੇ ਗਹਿਗੱਚ ਮੁਕਾਬਲੇ ਵਿਚ ਜਿੱਤ ਹਾਸਲ ਕਰਕੇ ਆਪਣੇ 40ਵੇਂ ਗੋਲਡ ਨਾਲ ਅਮਰੀਕਾ ਨੇ ਚੀਨ ਨਾਲ ਬਰਾਬਰ 40-40 ਗੋਲਡ ਮੈਡਲ ਜਿੱਤੇ। ਅਮਰੀਕਾ ਨੇ ਸਿਲਵਰ ਮੈਡਲਾਂ ਦੀ ਗਿਣਤੀ ਸਿਰ ਉਤੇ ਓਲੰਪਿਕ ਇਤਿਹਾਸ ਵਿਚ 19ਵੀਂ ਵਾਰ ਅਤੇ ਲਗਾਤਾਰ ਚੌਥੀ ਵਾਰ ਮੈਡਲ ਸੂਚੀ ਵਿਚ ਸਿਖਰਲਾ ਸਥਾਨ ਮੱਲਿਆ। ਪਹਿਲੇ ਤਿੰਨ ਮੁਲਕਾਂ ਵਿਚ 2 ਏਸ਼ੀਅਨ ਅਤੇ ਪਹਿਲੇ ਅੱਠ ਵਿਚ 3 ਏਸ਼ੀਅਨ ਮੁਲਕ ਸ਼ਾਮਲ ਹਨ।
ਅਮਰੀਕਾ 40 ਗੋਲਡ, 44 ਸਿਲਵਰ ਅਤੇ 42 ਕਾਂਸੀ ਸਮੇਤ 126 ਮੈਡਲਾਂ ਨਾਲ ਪਹਿਲੇ ਸਥਾਨ ‘ਤੇ ਰਿਹਾ। ਚੀਨ 40 ਗੋਲਡ, 27 ਸਿਲਵਰ ਅਤੇ 24 ਕਾਂਸੀ ਸਮੇਤ 91 ਮੈਡਲਾਂ ਨਾਲ ਦੂਜੇ, ਜਪਾਨ 20 ਗੋਲਡ, 12 ਸਿਲਵਰ ਅਤੇ 13 ਕਾਂਸੀ ਸਮੇਤ 45 ਮੈਡਲਾਂ ਨਾਲ ਤੀਜੇ, ਆਸਟਰੇਲੀਆ 18 ਗੋਲਡ, 19 ਸਿਲਵਰ ਅਤੇ 16 ਕਾਂਸੀ ਸਮੇਤ 53 ਮੈਡਲਾਂ ਨਾਲ ਚੌਥੇ ਅਤੇ ਮੇਜ਼ਬਾਨ ਫਰਾਂਸ 16 ਗੋਲਡ, 26 ਸਿਲਵਰ ਅਤੇ 22 ਕਾਂਸੀ ਸਮੇਤ 64 ਮੈਡਲਾਂ ਨਾਲ ਪੰਜਵੇਂ ਨੰਬਰ ‘ਤੇ ਰਿਹਾ।
ਇਕ ਹੋਰ ਏਸ਼ੀਅਨ ਮੁਲਕ ਕੋਰੀਆ ਅੱਠਵੇਂ ਨੰਬਰ ‘ਤੇ ਹੈ। ਪਾਕਿਸਤਾਨ 1 ਗੋਲਡ ਦੇ ਨਾਲ 62ਵੇਂ ਅਤੇ ਭਾਰਤ 1 ਚਾਂਦੀ ਅਤੇ 5 ਕਾਂਸੀ ਸਮੇਤ 6 ਤਗਮਿਆਂ ਨਾਲ 71ਵੇਂ ਸਥਾਨ ‘ਤੇ ਰਿਹਾ। ਪੈਰਿਸ ਵਿਖੇ ਕੁੱਲ 90 ਦੇਸ਼ਾਂ ਅਤੇ 1 ਰਿਫੂੳਜ਼ੀ ਓਲੰਪਿਕ ਕਮੇਟੀ ਦੀ ਟੀਮ ਨੇ ਮੈਡਲ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਇਆ। 115 ਦੇਸ਼ ਤਮਗਾ ਸੂਚੀ ‘ਚ ਨਾਂ ਦਰਜ ਨਹੀਂ ਕਰਵਾ ਸਕੇ।
ਵੱਧ ਮੈਡਲ ਜਿੱਤਣ ਵਾਲੇ ਖਿਡਾਰੀਆਂ ਦੀ ਗੱਲ ਕਰੀਏ ਤਾਂ ਚੀਨ ਦੀ ਤੈਰਾਕ ਝਾਂਗ ਯੂਫੇਈ ਨੇ ਛੇ ਮੈਡਲ ਜਿੱਤੇ ਹਨ ਜਿਨ੍ਹਾਂ ਵਿਚ ਇਕ ਚਾਂਦੀ ਤੇ ਪੰਜ ਕਾਂਸੀ ਦੇ ਮੈਡਲ ਸ਼ਾਮਲ ਹਨ। ਗੋਲਡ ਮੈਡਲਾਂ ਵਿਚ ਮੇਜ਼ਬਾਨ ਫਰਾਂਸੀ ਦੇ ਤੈਰਾਕ ਲਿਓਨ ਮਾਰਚੰਡ ਨੇ ਚਾਰ ਸੋਨ ਤਗਮੇ ਜਿੱਤੇ। ਭਾਰਤ ਦੇ ਮੈਡਲ ਜੇਤੂਆਂ ਵਿਚ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਵਿਚ ਸਿਲਵਰ ਮੈਡਲ, ਨਿਸ਼ਾਨੇਬਾਜ਼ੀ ਵਿਚ ਮਨੂ ਭਾਕਰ ਨੇ ਇਕ ਵਿਅਕਤੀਗਤ ਅਤੇ ਇਕ ਸਰਬਜੋਤ ਸਿੰਘ ਨਾਲ ਕਾਂਸੀ ਦਾ ਮੈਡਲ ਅਤੇ ਸਵਪਨਿਲ ਨੇ ਕਾਂਸੀ ਦਾ ਮੈਡਲ ਜਿੱਤਿਆ। ਪਹਿਲਵਾਨ ਅਮਨ ਸ਼ਹਿਰਾਵਤ ਅਤੇ ਪੁਰਸ਼ ਹਾਕੀ ਟੀਮ ਨੇ ਵੀ ਕਾਂਸੀ ਦਾ ਮੈਡਲ ਜਿੱਤਿਆ। ਪਾਕਿਸਤਾਨ ਦਾ ਇਕਲੌਤਾ ਗੋਲਡ ਮੈਡਲ ਜੈਵਲਿਨ ਥਰੋਅ ਵਿੱਚ ਅਰਸ਼ਦ ਨਦੀਮ ਨੇ ਜਿੱਤਿਆ।
ਭਾਰਤ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਇਕ ਚਾਂਦੀ ਅਤੇ ਪੰਜ ਕਾਂਸੀ ਦੇ ਨਾਲ 71ਵੇਂ ਸਥਾਨ ‘ਤੇ ਰਹੀ। ਪਾਕਿਸਤਾਨ ਨੇ ਵੀ ਇਨ੍ਹਾਂ ਓਲੰਪਿਕ ਖੇਡਾਂ ਵਿਚ ਇਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਅਤੇ ਅਥਲੈਟਿਕਸ ਵਿਚ ਆਪਣੇ ਪਹਿਲੇ ਵਿਅਕਤੀਗਤ ਓਲੰਪਿਕ ਸੋਨ ਤਗਮੇ ਨਾਲ 62ਵੇਂ ਸਥਾਨ ਉਤੇ ਰਿਹਾ। ਧਿਆਨ ਯੋਗ ਹੈ ਕਿ ਇਸ ਵਾਰ ਪਾਕਿਸਤਾਨ ਓਲੰਪਿਕ ਤਮਗਾ ਸੂਚੀ ਵਿਚ ਭਾਰਤ ਤੋਂ ਉੱਪਰ ਰਿਹਾ। ਪੁਰਸ਼ਾਂ ਦੇ ਜੈਵਲਿਨ ਥਰੋਅ ਫਾਈਨਲ ਵਿਚ ਅਰਸ਼ਦ ਨਦੀਮ ਦੀ ਜਿੱਤ ਪਾਕਿਸਤਾਨ ਲਈ ਇਤਿਹਾਸਕ ਪਲ ਸੀ।
ਭਾਰਤ 71ਵੇਂ ਸਥਾਨ ‘ਤੇ
ਪੈਰਿਸ: ਪੈਰਿਸ ਓਲੰਪਿਕ ਦੀ ਤਮਗਾ ਸੂਚੀ ਵਿਚ ਭਾਰਤ 6 ਤਗਮਿਆਂ ਨਾਲ 71ਵੇਂ ਸਥਾਨ ਉਤੇ ਰਿਹਾ। ਜਦੋਂ ਕਿ ਸਿਰਫ਼ ਇਕ ਤਮਗਾ ਜਿੱਤਣ ਵਾਲਾ ਪਾਕਿਸਤਾਨ ਤਮਗਾ ਸੂਚੀ ਵਿਚ ਭਾਰਤ ਤੋਂ ਉਪਰ ਰਿਹਾ। ਪਾਕਿਸਤਾਨ ਨੇ ਪੈਰਿਸ ‘ਚ ਸਿਰਫ ਇਕ ਸੋਨ ਤਮਗਾ ਜਿੱਤਿਆ, ਜਿਸ ਨਾਲ ਉਹ ਤਮਗਾ ਸੂਚੀ ਵਿਚ 62ਵੇਂ ਸਥਾਨ ਉਤੇ ਰਿਹਾ। ਤਮਗਾ ਸੂਚੀ ਵਿਚ ਕਿਸੇ ਵੀ ਦੇਸ਼ ਦਾ ਰੈਂਕ ਸਭ ਤੋਂ ਵੱਧ ਸੋਨਾ, ਚਾਂਦੀ ਅਤੇ ਕਾਂਸੀ ਜਿੱਤ ਕੇ ਤੈਅ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸਿਰਫ਼ ਇਕ ਸੋਨ ਤਗ਼ਮਾ ਜਿੱਤਣ ਵਾਲਾ ਪਾਕਿਸਤਾਨ ਸੂਚੀ ਵਿਚ ਭਾਰਤ ਤੋਂ ਉਪਰ ਰਿਹਾ।