ਅੱਜ ਖੇਤੋਂ ਹੋ ਕੇ ਆਇਆ ਹਾਂ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਅੱਜ ਕੱਲ੍ਹ ਅਮਰੀਕਾ ਤੋਂ ਪੰਜਾਬ ਆਇਆ ਹੋਇਆ ਹਾਂ। ਬੜੇ ਚਿਰ ਬਾਅਦ ਮਨ ‘ਚ ਰੀਝ ਆਈ ਕਿ ਅੱਜ ਬਾਬਾ ਸ਼ਾਹ ਇਨਾਇਤ ਅਲੀ ਜੀ ਦੀ ਦਰਗਾਹ `ਤੇ ਨਤਮਸਤਕ ਹੋਣ ਪਿੰਡ ਤਾਂ ਜਾਣਾ ਹੀ ਹੈ ਕਿਉਂ ਨਾ ਨਾਲ ਹੀ ਆਪਣੇ ਖੇਤਾਂ ਦਾ ਗੇੜਾ ਲਾਇਆ ਜਾਵੇ। ਚੇਤਿਆਂ ਵਿਚ ਵਸੇ ਉਨ੍ਹਾਂ ਖੇਤਾਂ ਨੂੰ ਮੁੜ ਤੋਂ ਮਿਲਿਆ ਜਾਵੇ ਜਿਹੜੇ ਅਕਸਰ ਹੀ ਮੇਰੇ ਸੁਪਨਿਆਂ ਵਿਚ ਆਉਂਦੇ ਅਤੇ ਮੈਨੂੰ ਆਪਣੀ ਮੋਹ ਭਿੱਜੀ ਗਲਵੱਕੜੀ ਵਿਚ ਲੈਂਦੇ। ਇਹੀ ਖੇਤ ਜਿਨ੍ਹਾਂ ਵਿਚ ਮੇਰਾ ਬਚਪਨ ਅਤੇ ਜਵਾਨੀ ਦੇ ਦਿਨ ਬੀਤੇ। ਖੇਤ ਜਿਨ੍ਹਾਂ ਵਿਚ ਹੱਲ ਵਾਹਿਆ ਸੀ।

ਕਦੇ ਝੋਨਾ ਵੀ ਲਾਇਆ ਤੇ ਝਾੜਿਆ। ਕਣਕ ਦੀ ਵਾਢੀ ਕੀਤੀ ਅਤੇ ਫiਲ਼ਆਂ ਨਾਲ ਗਹਾਈ ਵੀ। ਬਹੁਤ ਹੀ ਪਿਆਰੀਆਂ ਅਤੇ ਅਸੀਮ ਯਾਦਾਂ ਨੂੰ ਨਵਿਆਉਣ ਦੀ ਤਮੰਨਾ ਹੀ ਮੈਨੂੰ ਉਨ੍ਹਾਂ ਰਾਹਾਂ ਵੱਲ ਲੈ ਤੁਰੀ ਜਿਨ੍ਹਾਂ ਨੂੰ ਦਿਨ ਵਿਚ ਕਈ ਵਾਰ ਪੈਦਲ ਗਾਹੁੰਦਿਆਂ ਵੀ ਥਕਾਵਟ ਨਹੀਂ ਸੀ ਹੁੰਦੀ।
ਮੈਂ ਐਕਟਿਵਾ ‘ਤੇ ਮੰਡ ਨੂੰ ਜਾਂਦੀ ਪੱਕੀ ਸੜਕ ‘ਤੇ ਪੈ ਗਿਆ ਜਿਹੜੀ ਧੁੱਸੀ ਬੰਨ੍ਹ ਤੱਕ ਜਾਂਦੀ ਹੈ। ਕਦੇ ਇਹ ਪਹੇ ਕੱਚੇ ਅਤੇ ਧੁੱਧਲ ਭਰੇ ਸਨ ਜਿਨ੍ਹਾਂ ‘ਤੇ ਮੰਡ ਵਿਚ ਪਸ਼ੂ ਚਾਰਨ ਲਈ ਲਿਜਾਇਆ ਕਰਦਾ ਸਾਂ। ਧੁੱਸੀ ਬੰਨ੍ਹ ਤੋਂ ਉਤਰ ਕੇ ਜਦ ਨਿਗਾਹ ਮਾਰੀ ਤਾਂ ਸਾਰੇ ਮੰਡ ਵਿਚ ਫ਼ਸਲਾਂ ਲਹਿਰਾ ਰਹੀਆਂ ਸਨ। ਲਹਿਰਾਂ ਝੋਨਾ ਲੱਗਾ ਹੋਇਆ ਸੀ ਭਾਵੇਂ ਕਈ ਖੇਤਾਂ ਵਿਚ ਕਮਾਦ ਵੀ ਸੀ। ਦੱਸਦੇ ਨੇ ਪਿਛਲੇ ਸਾਲ ਬਿਆਸ ਦਰਿਆ ਵਿਚ ਅਜੇਹਾ ਹੜ੍ਹ ਆਇਆ ਕਿ ਮੰਡ ਵਿਚ ਕਮਾਦ ਤੋਂ ਬਗੈਰ ਸਾਰੀਆਂ ਹੀ ਫ਼ਸਲਾਂ ਮਾਰੀਆਂ ਗਈਆਂ। ਦਰਅਸਲ ਇਸ ਵਿਚ ਮਨੁੱਖ ਦਾ ਲਾਲਚੀ ਸੁਭਾਅ ਕੁਝ ਹੱਦ ਤੀਕ ਕਸੂਰਵਾਰ ਹੈ। ਮੈਨੂੰ ਯਾਦ ਹੈ ਕਿ ਧੁੱਸੀ ਬੰਨ੍ਹ ਦੇ ਕੋਲ ਇਕ ਨਾਲ਼ਾ ਵਗਦਾ ਹੁੰਦਾ ਸੀ ਜਿਸ ਵਿਚ ਦਰਿਆ ਦਾ ਪਾਣੀ ਅਕਸਰ ਹੀ ਵਗਦਾ ਰਹਿੰਦਾ ਅਤੇ ਅਸੀਂ ਪਸ਼ੂ ਚਾਰਨ ਲਈ ਇਹ ਨਾਲ਼ਾ ਪਾਰ ਕਰਦੇ ਸਾਂ। ਪਰ ਉਸ ਨਾਲ਼ੇ ਦਾ ਕੋਈ ਨਾਮੋ-ਨਿਸ਼ਾਨ ਹੀ ਨਹੀਂ। ਅਸੀਂ ਆਪਣੇ ਖੇਤ ਵੱਡੇ ਕਰਨ ਦੀ ਖ਼ਾਤਰ ਪਾਣੀ ਦੇ ਕੁਦਰਤੀ ਵਹਾਅ ਨੂੰ ਰੋਕਣ ਤੋਂ ਵੀ ਗੁਰੇਜ਼ ਨਹੀਂ ਕਰਦੇ ਅਤੇ ਇਸ ਅਵੱਗਿਆ ਕਾਰਨ ਉੱਛਲਿਆ ਬਿਆਸ ਤਬਾਹੀ ਤਾਂ ਮਚਾਊਗਾ ਹੀ। ਮੰਡ ਵਿਚ ਵੀ ਜਦ ਸਬਮਰਸੀਬਲ ਮੋਟਰਾਂ ਲਾਉਣ ਦੀ ਨੌਬਤ ਆ ਜਾਵੇ ਤਾਂ ਆਉਣ ਵਾਲੇ ਵਕਤ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ। ਕਦੇ ਸਮਾਂ ਹੀ ਕਿ ਨਾਲ਼ੇ ਦੇ ਕੰਢੇ ਹੱਥ ਨਾਲ ਰੇਤ ਪੁੱਟਿਆਂ ਪਾਣੀ ਨੇ ਸਿੰਮ ਆਉਣਾ ਅਤੇ ਅਸੀਂ ਸਿਮਟ ਚਾਰਦਿਆਂ ਪਾਣੀ ਪੀ ਲੈਣਾ। ਬਿਆਸ ਦੇ ਕੰਢੇ ਵੀ ਪਾਣੀ ਮੁੱਲ ਵਿਕੇਗਾ, ਅਜੇਹਾ ਵਕਤ ਬਹੁਤ ਜਲਦੀ ਆਉਣ ਵਾਲਾ ਹੈ।
ਵਾਪਸ ਧੁੱਸੀ ਬੰਨ੍ਹ ‘ਤੇ ਚੜ੍ਹਦਿਆਂ ਯਾਦ ਆਉਂਦਾ ਇਸ ਦੇ ਦੋਹੀਂ ਪਾਸੀਂ ਸਫ਼ੈਦਿਆਂ ਦੇ ਹਰਾ ਕਚੂਰ ਜੰਗਲ ਜੋ ਧੁੱਸੀ ਬੰਨ੍ਹ ਦੀ ਮਜ਼ਬੂਤੀ ਵੀ ਸੀ ਅਤੇ ਕੁਦਰਤੀ ਵਾਤਾਵਰਣ ਨੂੰ ਸੰਤੁਲਿਤ ਕਰਨ ਵਿਚ ਸਾਜ਼ਗਾਰ ਵੀ। ਹੁਣ ਜੰਗਲਾਤ ਮਹਿਕਮੇ ਅਤੇ ਸਥਾਨਕ ਲੋਕਾਂ ਦੀਆਂ ਨਾਪਾਕ ਕੋਸ਼ਿਸ਼ਾਂ ਸਦਕਾ ਰਹਿ ਗਏ ਨੇ ਵਿਰਲੇ ਵਿਰਲੇ ਸਫ਼ੈਦੇ।
ਵਾਪਸ ਪਿੰਡ ਨੂੰ ਮੁੜਦਿਆਂ ਮੈਂ ਆਪਣੇ ਖੂਹ ਨੂੰ ਜਾਂਦੀ ਪਹੀ ਵੱਲ ਮੋੜ ਕੱਟਿਆ ਤਾਂ ਆਲ਼ੇ ਦੁਆਲੇ ਦੇ ਖੇਤਾਂ ਦੇ ਲਾਲਚ ਕਾਰਨ ਪਹੀ ਵੀ ਸੁੰਗੜ ਕੇ ਪਗਡੰਡੀ ਹੀ ਬਣ ਗਈ। ਹੈਰਾਨੀ ਇਸ ਗੱਲ ਦੀ ਕਿ ਸਾਡੇ ਖੇਤ ਤੋਂ ਅੱਗੇ ਖੂਹ ਨੂੰ ਜਾਂਦੀ ਪਹੀ ਦਾ ਤਾਂ ਨਾਮੋ-ਨਿਸ਼ਾਨ ਹੀ ਨਹੀਂ। ਇਹ ਹੁਣ ਖੇਤਾਂ ਦਾ ਹਿੱਸਾ ਬਣ ਚੁੱਕੀ ਸੀ। ਜਦ ਮੈਂ ਆਪਣੀ ਮੋਟਰ ‘ਤੇ ਪਹੁੰਚਿਆਂ ਤਾਂ ਮਨ ਬਹੁਤ ਉਦਾਸ ਹੋ ਗਿਆ। ਕਦੇ ਇਸ ਮੋਟਰ ‘ਤੇ ਮੇਰਾ ਬਾਪ ਹਨੇਰੇ-ਸਵੇਰੇ ਇਕ ਚੱਕਰ ਜ਼ਰੂਰ ਲਾਉਂਦਾ ਸੀ। ਉਸ ਨੇ ਕਨਾਲ ਕੁ ਜਗ੍ਹਾ ਖ਼ਾਲੀ ਰੱਖਣੀ ਤਾਂ ਕਿ ਗਰਮੀਆਂ ਅਤੇ ਸਰਦੀਆਂ ਦੀਆਂ ਸਬਜ਼ੀਆਂ ਲਾਈਆਂ ਜਾਣ। ਕਈ ਵਾਰ ਤਾਂ ਉਹ ਸਵੇਰੇ ਸਵੇਰੇ ਸਾਡੇ ਲਈ ਸਾਗ, ਮੇਥੀ, ਬਾਥੂ, ਪਾਲਕ ਜਾਂ ਗਾਜਰਾਂ/ਮੂਲ਼ੀਆਂ/ਸ਼ਲਗਮ ਆਦਿ ਲੈ ਕੇ ਸਵਖਤੇ ਹੀ ਸਾਈਕਲ ‘ਤੇ ਕਪੂਰਥਲੇ ਆ ਜਾਇਆ ਕਰਦੇ ਸਨ। ਪਰ ਹੁਣ ਇਹ ਬੀਤੇ ਦੀ ਗੱਲ ਹੋ ਗਈ ਹੈ। ਸਾਰੇ ਖੇਤਾਂ ਵਿਚ ਝੋਨਾ ਲੱਗਾ ਹੋਇਆ ਸੀ ਅਤੇ ਖੜ੍ਹੇ ਪਾਣੀ ਦੇ ਹੁੰਮ੍ਹਸ ਕਾਰਨ ਦਮ ਵੀ ਘੁੱਟਦਾ ਸੀ। ਕਦੇ ਇਹ ਮੋਟਰ ਧਰਤੀ ‘ਤੇ ਸੀ, ਫਿਰ ਖੂਹੀ ਪੁੱਟ ਕੇ ਲਾਈ ਅਤੇ ਹੁਣ ਕੁਝ ਦਿਨ ਪਹਿਲਾਂ ਹੀ ਸਬਮਰਸੀਬਲ ਮੋਟਰ ਲਾਈ ਹੈ ਤਾਂ ਜੋ ਧਰਤੀ ਵਿਚਲੇ ਪਾਣੀ ਦੀ ਹਰੇਕ ਬੂੰਦ ਨੂੰ ਵੀ ਨਿਚੋੜਿਆ ਜਾ ਸਕੇ। ਪੰਜਾਬ ਦੇ ਜ਼ਿਆਦਾਤਰ ਬਲਾਕ ਡਾਰਕ ਜ਼ੋਨ ਵਿਚ ਆ ਚੁੱਕੇ ਹਨ। ਜੇਕਰ ਅਸੀਂ ਖੇਤੀ ਦੀਆਂ ਤਰਜੀਹਾਂ ਨੂੰ ਨਾ ਬਦਲਿਆ ਤਾਂ ਕੁਝ ਕੁ ਸਾਲਾਂ ਵਿਚ ਪੰਜਾਬ ਦਾ ਮਾਰੂਥਲ ਵਿਚ ਤਬਦੀਲ ਹੋਣਾ ਤੈਅ ਹੈ। ਮੁਫ਼ਤ ਬਿਜਲੀ ਨੇ ਜਿੱਥੇ ਬਿਜਲੀ ਦੀ ਸੰਜਮੀ ਵਰਤੋਂ ਨੂੰ ਵਿਸਾਰ ਦਿੱਤਾ ਹੈ, ਉੱਥੇ ਹਰ ਵੇਲੇ ਆਟੋਮੈਟਿਕ ਚੱਲਦੀਆਂ ਮੋਟਰਾਂ ਕਾਰਨ ਪਾਣੀ ਦੀ ਬੇਲੋੜੀ ਅਤੇ ਬੇਤਹਾਸ਼ਾ ਵਰਤੋਂ ਨੇ ਪੰਜ-ਆਬ ਨੂੰ ਆਬ ਵਿਹੂਣਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਕੀ ਸਰਕਾਰ ਮੁਫ਼ਤ ਬਿਜਲੀ ਦੇਣਾ ਬੰਦ ਨਹੀਂ ਕਰ ਸਕਦੀ ਤਾਂ ਕਿ ਪੰਜਾਬ ਦਾ ਪਾਣੀ ਤਾਂ ਬਚ ਜਾਵੇ।
ਮੋਟਰ ਕੋਲ ਸਿਰਫ਼ ਇਕ ਸਫ਼ੈਦੇ ਦਾ ਬੂਟਾ ਹੈ। ਬਾਪ ਦਾ ਹੱਥੀਂ ਲਾਏ ਅੰਬ ਅਤੇ ਜਾਮਣ, ਫ਼ਸਲ ਦੀ ਪੈਦਾਵਾਰ ਵਧਾਉਣ ਦੀ ਮਨੁੱਖੀ ਲਾਲਚ ਦਾ ਸ਼ਿਕਾਰ ਹੋ ਗਏ। ਇਸ ਮੋਟਰ ‘ਤੇ ਅੰਬ ਦੇ ਬੂਟੇ ਤੋਂ ਮਿਲਿਆ ਪੱਕਿਆ ਅੰਬ ਹੀ ਸੀ ਜਦੋਂ ਮੇਰੇ ਬਾਪ ਨੇ ਮੈਨੂੰ ‘ਕੇਰਾਂ ਦਿੱਤਾ ਤਾਂ ਨਿਮਨ ਨਜ਼ਮ ਪੈਦਾ ਹੋਈ ਸੀ;
ਮਾਂ ਦੀ ਮੌਤ ਤੋਂ ਬਾਅਦ
ਪਹਿਲੀ ਵਾਰ ਮੈਂ ਪਿੰਡ ਆਇਆ ਹਾਂ।
ਕੰਧ ‘ਤੇ ਲਟਕਦੀ ਮਾਂ ਦੀ ਤਸਵੀਰ
ਮੇਰੇ ਨਾਲ ਗੱਲਾਂ ਹੀ ਨਹੀਂ ਕਰਦੀ
ਤੇ ਮੈਂ ਕਮਰੇ ਦੀ ਚੁੱਪ ਵਿਚ ਘਿਰਿਆ
ਚੁੱਪ ਹੀ ਹੋ ਜਾਂਦਾ ਹਾਂ।
ਮੇਰੀ ਚੁੱਪ ਨੂੰ ਤੋੜਦੀ ਹੈ
ਘਰ ਵੜਦੇ ਬਾਪ ਦੇ ਪੈਰਾਂ ਦੀ ਬਿੜਕ
ਉਹ ਅੰਦਰ ਲੰਘ ਆਉਂਦਾ ਹੈ
ਤੇ ਮੈਨੂੰ ਦੇਖ ਕੇ
ਆਪਣੇ ਬੋਝੇ ਵਿਚ ਅੰਬ ਕੱਢਦਿਆਂ ਕਹਿੰਦਾ ਹੈ,
“ਅੱਜ ਨਵੇਂ ਖੂਹ ਵਾਲੇ ਅੰਬ ਤੋਂ
ਆਹ ਪੱਕਾ ਅੰਬ ਲੱਭਾ ਸੀ
ਲੈ ਫੜ ਚੂਪ ਲੈ”
ਤੇ ਮੈਂ ਬਾਪ ਦੇ ਝੁਰੜੀਆਂ ਭਰੇ ਹੱਥ ‘ਚੋਂ
ਅੰਬ ਫੜਦਿਆਂ ਸੋਚਦਾ ਹਾਂ
ਕਿ
ਮਾਂ ਦੀ ਮੌਤ ਤੋਂ ਬਾਅਦ
ਬਾਪ
ਮਾਂ ਵੀ ਬਣ ਗਿਆ ਹੈ।
ਤੇ ਹੁਣ ਕਦੇ ਨਹੀਂ ਮਿਲਣੀ ਬਾਪ ਦੇ ਰੀਝ ਨਾਲ ਲਾਏ ਅੰਬ ਦੀ ਛੋਹ, ਉਸ ਦੇ ਪੱਕੇ ਅੰਬ ਚੂਪਣ ਦਾ ਅਨੰਦ। ਰਸਭਰੀਆਂ ਜਾਮਣਾਂ ਲਈ ਤਰਸਣਾ ਸਿਰਫ਼ ਮੇਰੇ ਹੀ ਹਿੱਸੇ ਨਹੀਂ ਆਇਆ ਸਗੋਂ ਅਗਲੀ ਪੀੜ੍ਹੀ ਵੀ ਉਸ ਵਕਤ ਨੂੰ ਤਰਸੇਗੀ ਜਦ ਬਰਸਾਤਾਂ ਵਿਚ ਰਸੀਆਂ ਜਾਮਣਾਂ ਖਾਂਦਿਆਂ ਜੀਭ ਜਾਮਣੀ ਹੋ ਜਾਂਦੀ ਸੀ।
ਆਲ਼ੇ-ਦੁਆਲੇ ਝਾਤ ਮਾਰਦਾ ਹਾਂ ਇੰਜ ਜਾਪਦਾ ਜਿਵੇਂ ਖੇਤਾਂ ਦਾ ਮੁਹਾਂਦਰਾ ਮਨੁੱਖ ਦੀ ਸਵੈ-ਮਾਰੂ ਬਿਰਤੀ ਨੂੰ ਪ੍ਰਗਟਾਅ ਰਹੇ ਹੋਣ। ਕਈ ਵਾਰ ਲਾਲਚੀ ਬੰਦਾ ਇਨ੍ਹਾਂ ਖੇਤਾਂ ਵਿਚ ਆਪਣਿਆਂ ਦੀਆਂ ਕਬਰਾਂ ਵੀ ਪੁੱਟ ਲੈਂਦਾ। ਭੜੋਲਿਆਂ ਨੂੰ ਭਰਨ ਵਾਲੀਆਂ ਫ਼ਸਲਾਂ ਪੈਦਾ ਕਰਨ ਵਾਲੇ ਖੇਤਾਂ ਵਿਚ ਹੁਣ ਖ਼ੁਦਕੁਸ਼ੀਆਂ ਕਿਉਂ ਉੱਗਣ ਲੱਗ ਪਈਆਂ, ਅਸੀਂ ਇਹ ਵਿਚਾਰਿਆ ਹੀ ਨਹੀਂ? ਅਸੀਂ ਕਣਕ ਤੇ ਝੋਨੇ ਦੇ ਚੱਕਰ ਵਿਚ ਅਜੇਹੇ ਫਸ ਗਏ ਕਿ ਘਰ ਦੀਆਂ ਹੱਥੀਂ ਉਗਾਈਆਂ ਸਬਜ਼ੀਆਂ ਦੀ ਥਾਂ ਮੰਡੀ ਦੀਆਂ ਜ਼ਹਿਰੀਲੀਆਂ ਸਬਜ਼ੀਆਂ ਖਾਣ ਲੱਗ ਪਏ। ਘਰ ਵਿਚ ਲਵੇਰਾ ਰੱਖਣ ਦੀ ਬਜਾਏ ਦੋਧੀ ਕੋਲੋਂ ਨਕਲੀ/ ਮਿਲਾਵਟੀ ਦੁੱਧ ਲੈਣਾ ਮੁਨਾਸਬ ਸਮਝਣ ਲੱਗ ਪਏ। ਇਹ ਵੀ ਸੋਚਣ ਦੀ ਗੱਲ ਹੈ ਕਿ ਪੰਜਾਬ ਵਿਚ ਦੁਧਾਰੂ ਪਸ਼ੂਆਂ ਦੀ ਗਿਣਤੀ ਤਾਂ ਘਟ ਰਹੀ ਹੈ ਪਰ ਦੁੱਧ ਦੀ ਵਧੀ ਮੰਗ ਕਿਵੇਂ ਪੂਰੀ ਹੁੰਦੀ? ਜ਼ਾਹਿਰ ਹੈ ਨਕਲੀ ਦੁੱਧ ਦਾ ਕਾਰੋਬਾਰ ਬਹੁਤ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਸਬਜ਼ੀਆਂ, ਖ਼ਰਬੂਜੇ ਤੇ ਹਦਵਾਣੇ ਉਗਾਉਣ ਵਾਲੇ ਜ਼ਿਮੀਂਦਾਰਾਂ ਦਾ ਨਿੱਜੀ ਤੌਰ ‘ਤੇ ਇਹ ਮੰਨਣਾ ਹੈ ਕਿ ਉਹ ਜ਼ਹਿਰੀਲੇ ਸਪਰੇਅ ਤੇ ਖਾਦਾਂ ਦੀ ਬਹੁਤਾਤ ਨਾਲ ਉਗਾਈਆਂ ਚੀਜ਼ਾਂ ਆਪ ਨਹੀਂ ਖਾਂਦੇ ਸਗੋਂ ਇਹ ਸਭ ਕੁਝ ਮੰਡੀ ਲਈ ਹੀ ਹੁੰਦਾ ਹੈ। ਮਤਲਬ ਕਿ ਜ਼ਹਿਰ ਦਾ ਵਪਾਰ ਖ਼ੂਬ ਕਰੋ। ਪਰ ਇਸ ਜ਼ਹਿਰ ਤੋਂ ਤੁਸੀਂ ਕਿੰਨਾ ਕੁ ਚਿਰ ਆਪਣੇ ਪਰਿਵਾਰ ਨੂੰ ਬਚਾਉਗੇ? ਕੀ ਅਸੀਂ ਕਨਾਲ ਕੁ ਜਗ੍ਹਾ ਵਿਚ ਆਪਣੀ ਲੋੜ ਦੀਆਂ ਸਬਜ਼ੀਆਂ ਨਹੀਂ ਉਗਾ ਸਕਦੇ? ਕੀ ਅਸੀਂ ਆਪਣੇ ਪਰਿਵਾਰ ਦੀ ਚੰਗੇਰੀ ਸਿਹਤ ਲਈ ਇਕ ਲਵੇਰੀ ਗਾਂ ਰੱਖਣ ਤੋਂ ਵੀ ਅਪੰਗ ਹੋ ਗਏ? ਕਿਰਤ-ਬਿਰਤੀ ਦੇ ਪੰਜਾਬੀਆਂ ਵਿਚ ਕਿਰਤ ਤੋਂ ਮੁਨਕਰੀ ਨੇ ਪੰਜਾਬੀਆਂ ਦੀ ਪਛਾਣ ਨੂੰ ਬਹੁਤ ਵੱਡਾ ਖੋਰਾ ਲਾਇਆ ਹੈ ਅਤੇ ਸਾਡਾ ਸਮਾਜਿਕ ਤਾਣਾ-ਬਾਣਾ ਜਰਜਰੀ ਹੋ ਗਿਆ ਹੈ।
ਮੋਟਰ ‘ਤੇ ਖੜ੍ਹਿਆਂ ਹੀ ਜਦ ਮੇਰੀ ਨਜ਼ਰ ਉੱਜੜੇ ਖੂਹ ਦੀ ਤਰਸਯੋਗ ਹਾਲਤ ‘ਤੇ ਜਾਂਦੀ ਹੈ ਤਾਂ ਮਨ ਮਸੋਸਿਆ ਜਾਂਦਾ ਹੈ। ਕਦੇ ਇਸ ਖੂਹ ਦੇ ਚੌਗਿਰਦੇ ਵਿਚ ਅੰਬ, ਜਾਮਣ, ਬੋਹੜ, ਪਿੱਪਲ ਆਦਿ ਦਰਖ਼ਤਾਂ ਦੀ ਝਿੜੀ ਹੁੰਦੀ ਸੀ ਅਤੇ ਇਸ ਦਾ ਠੰਢਾ ਠਾਰ ਪਾਣੀ ਗਰਮੀਆਂ ਵਿਚ ਬਹੁਤ ਰਾਹਤ ਦਿੰਦਾ ਸੀ। ਇਸ ਦੇ ਔਲ਼ੂ ਵਿਚ ਆਪ ਵੀ ਨਹਾਉਣਾ ਅਤੇ ਪਸ਼ੂਆਂ ਨੂੰ ਵੀ ਨਹਾਉਣਾ। ਗਾਟੀ ‘ਤੇ ਬੈਠ ਕੇ ਖੂਹ ਨੂੰ ਵਾਹੁਣ ਦੀ ਬਾਦਸ਼ਾਹੀ ਸਵਾਰੀ ਦਾ ਲੁਤਫ਼ ਸਾਹਵੇਂ ਅਜੋਕੀ ਕਾਰ ਦੀ ਸਵਾਰੀ ਦਾ ਕੀ ਮੁਕਾਬਲਾ। ਬਰਸਾਤਾਂ ਦੇ ਦਿਨਾਂ ਵਿਚ ਖੂਹ ਦਾ ਪਾਣੀ ਧਰਤੀ ਤੋਂ ਸਿਰਫ਼ ਦਸ ਕੁ ਫੁੱਟ ਹੀ ਨੀਵਾਂ ਹੁੰਦਾ ਸੀ। ਅਸੀਂ ਖੂਹ ਵਿਚ ਛਾਲਾਂ ਮਾਰਨੀਆਂ, ਟੁੱਭੀਆਂ ਲਾਉਣੀਆਂ ਤੇ ਫਿਰ ਟਿੰਡਾਂ ਰਾਹੀ ਉੱਪਰ ਆ ਜਾਣਾ। ਇਸ ਖੇਡ ਵਿਚ ਹੀ ਅਸਾਂ ਦੁਪਹਿਰਾਂ ਕੱਟ ਲੈਣੀਆਂ। ਬਹੁਤ ਹੀ ਅਣਭੋਲ ਅਤੇ ਪਿਆਰੀਆਂ ਯਾਦਾਂ ਦੀ ਰੀਲ ਮਨ ਦੇ ਪਿਛਵਾੜੇ ਚੱਲਣ ਲੱਗੀ। ਕਦੇ ਇਸ ਖੂਹ ‘ਤੇ ਧੂਣੀ ਬਾਲ ਕੇ ਛੱਲੀਆਂ ਭੁੰਨ ਕੇ ਖਾਣਾ ਅਤੇ ਕਦੇ ਗੰਨੇ ਚੂਪਦਿਆਂ ਚੂਪਦਿਆਂ ਛਿੱਲਾਂ ਦੀ ਢੇਰੀ ਲਾ ਦੇਣਾ। ਉਨ੍ਹਾਂ ਸਮਿਆਂ ਵਿਚ ਤੁਸੀਂ ਕਿਸੇ ਵੀ ਖੇਤ ਵਿਚੋਂ ਗੰਨ ਭੰਨ ਸਕਦੇ ਸੀ, ਛੱਲੀਆਂ ਤੋੜ ਕੇ ਭੁੰਨ ਸਕਦੇ ਸੀ। ਕੋਈ ਰੋਕ-ਟੋਕ ਨਹੀਂ ਸੀ। ਹੁਣ ਤਾਂ ਉਹ ਦਿਨ ਸਿਰਫ਼ ਬੀਤੇ ਦੀ ਮਿੱਠੀ ਜਿਹੀ ਯਾਦ ਨੇ। ਬੀਤੇ ਵਿਚ ਪਰਤਣਾ ਅਸੰਭਵ ਹੁੰਦਾ ਜਦ ਤੁਸੀਂ ਵੱਧ ਉਪਜਾਊ ਕਰਨ ਦੀ ਦੌੜ ਵਿਚ ਆਪਣੀ ਵਿਰਾਸਤ ਤੋਂ ਬਹੁਤ ਦੂਰ ਚਲੇ ਜਾਵੋ।
ਦਰਅਸਲ ਇਹ ਖੂਹ ਸਾਂਝਾਂ ਅਤੇ ਸੱਥਾਂ ਦਾ ਸਥਾਨ ਹੁੰਦੇ। ਇੱਥੇ ਹੀ ਮਜਲਸਾਂ ਅਤੇ ਮਹਿਫ਼ਲਾਂ ਸਜਦੀਆਂ। ਪੀਂਘਾਂ ਝੂਟੀਆਂ ਜਾਂਦੀਆਂ। ਇਸ ਦੀ ਸੰਘਣੀ ਛਾਂ ਅਤੇ ਮਿੱਠੜੇ ਪਾਣੀ ਨਾਲ ਜ਼ਿੰਦਗੀ ਨੂੰ ਸਹਿਜਤਾ, ਸੰਤੋਖੀ ਪੁਣਾ, ਸ਼ੁਕਰਾਨੇ ਅਤੇ ਸਬਰ ਵਰਗੀਆਂ ਦਾਤਾਂ ਨਸੀਬ ਹੁੰਦੀਆਂ। ਇਹ ਸਭ ਕੁਝ ਵਿਸਰ ਜਾਵੇ ਤਾਂ ਮਨੁੱਖ ਤਾਂ ਹਾਬੜ ਜਾਣਾ ਸੁਭਾਵਕ।
ਆਲ਼ੇ-ਦੁਆਲੇ ਨਿਗਾਹ ਮਾਰੀ ਤਾਂ ਚਾਰੇ ਪਾਸੇ ਖੇਤ ਤਲਾਬ ਬਣੇ ਹੋਏ। ਕੁਝ ਵਿਚ ਝੋਨਾ ਲੱਗ ਚੁੱਕਾ ਅਤੇ ਕੁਝ ਵਿਚ ਲਾਇਆ ਜਾ ਰਿਹਾ। ਝੋਨਾ ਲਾਉਣ ਵਾਲੇ ਅਤੇ ਟਰੈਕਟਰ ਨਾਲ ਵੀ ਕੱਦੂ ਕਰਨ ਵਾਲੇ ਪਰਵਾਸੀ ਮਜ਼ਦੂਰ। ਕਿਧਰੇ ਨਹੀਂ ਨਜ਼ਰ ਆਉਂਦਾ ਕੋਈ ਪੰਜਾਬੀ ਜੋ ਪਨੀਰੀ ਪੁੱਟਦਾ ਹੋਵੇ, ਟਰੈਕਟਰ ਨਾਲ ਕੱਦੂ ਕਰ ਰਿਹਾ ਹੋਵੇ ਜਾਂ ਖੇਤ ਵਿਚ ਗੇੜਾ ਲਾਉਣ ਹੀ ਆਇਆ ਹੋਵੇ। ਕਦੇ ਸਮਾਂ ਸੀ ਕਿ ਝੋਨਾ ਸਾਰਾ ਪਰਿਵਾਰ ਰਲ ਕੇ ਲਾਉਂਦਾ, ਕੋਈ ਪਨੀਰੀ ਪੁੱਟਦਾ, ਕੋਈ ਪਨੀਰੀ ਫੜਾਉਂਦਾ, ਕੋਈ ਖੂਹ ਵਾਹੁੰਦਾ। ਸਾਰਾ ਪਰਿਵਾਰ ਸਵੇਰ ਤੋਂ ਸ਼ਾਮ ਤੀਕ ਕਿਰਤ ਕਰਦੇ, ਖੇਤਾਂ ਦੇ ਕਿਰਤ ਯੋਗੀ ਬਣੇ, ਖੇਤਾਂ ਵਿਚ ਵੱਸਦੇ ਰੱਬ ਦਾ ਰੂਪ ਲੱਗਦੇ। ਪੰਜਾਬੀਆਂ ਵਿਚੋਂ ਕਿਰਤ ਕਰਨ ਦੀ ਆਦਤ ਦਾ ਖ਼ਤਮ ਹੋ ਜਾਣਾ ਖ਼ਤਰਨਾਕ ਰੁਝਾਨ। ਇਸ ਨੇ ਸਾਡੀ ਪੰਜਾਬੀਅਤ ਦਾ ਕੀਤਾ ਹੈ ਅਜੇਹਾ ਨੁਕਸਾਨ ਕਿ ਇਸ ਦੀ ਭਰਪਾਈ ਵੀ ਸੰਭਵ ਨਹੀਂ। ਅਫ਼ਸੋਸ ਇਸ ਗੱਲ ਦਾ ਕਿ ਆਪਣੇ ਹੀ ਖੇਤ ਵਿਚ ਕੰਮ ਕਰਨ ਤੋਂ ਆਕੀ ਹੋਏ ਇਹੀ ਨੌਜਵਾਨ ਜਦ ਬਾਹਰਲੇ ਮੁਲਕਾਂ ਵਿਚ ਚਲੇ ਜਾਂਦੇ ਨੇ ਤਾਂ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਰਲੇ ਕਰਦੇ ਹਨ।
ਬੀਤੇ ਅਤੇ ਮੌਜੂਦਾ ਹਾਲਤਾਂ ਦੀ ਨਿਰਖ਼-ਪਰਖ ਵਿਚੋਂ ਪੈਦਾ ਹੋਏ ਬਹੁਤ ਸਾਰੇ ਪ੍ਰਸ਼ਨ ਮਨ ਵਿਚ ਪੈਦਾ ਹੋਏ ਕਿ ਇਹ ਕਿਉਂ ਹੋ ਗਿਆ? ਕੀ ਪੰਜਾਬ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ? ਕੀ ਹਰੀ ਕ੍ਰਾਂਤੀ ਦੇ ਨਾਮ ਹੇਠ ਪੰਜਾਬ ਕੋਲੋਂ ਉਸ ਦੇ ਕੁਦਰਤੀ ਸਰੋਤ ਵੀ ਖੋਹ ਲਏ ਗਏ, ਪੰਜਾਬੀਆਂ ਦੀ ਸਿਹਤ ਵੀ ਖੋਹ ਲਈ ਅਤੇ ਪੰਜਾਬੀਆਂ ਦੇ ਪੱਲੇ ਰਹਿ ਗਏ ਹਸਪਤਾਲ ਅਤੇ ਫਰਟਿਲਿਟੀ ਸੈਂਟਰ? ਕੀ ਪੰਜਾਬ ਵਿਚ ਜਾਣ ਬੁੱਝ ਕੇ ਤਾਂ ਨਹੀਂ ਨਸ਼ਿਆਂ ਦਾ ਜਾਲ ਵਿਛਾ ਕੇ ਪੰਜਾਬੀ ਜਵਾਨੀ ਦਾ ਘਾਣ ਕੀਤਾ ਜਾ ਰਿਹਾ? ਕੀ ਪੰਜਾਬੀ ਵਿਦਿਆਰਥੀਆਂ ਦਾ ਬੇਤਹਾਸ਼ਾ ਅਤੇ ਬੇਲੋੜਾ ਪਰਵਾਸ, ਪੰਜਾਬ ਵਿਚੋਂ ਪੰਜਾਬੀ, ਪੰਜਾਬੀਅਤ ਅਤੇ ਪੰਜਾਬੀ ਮੁਹਾਂਦਰੇ ਨੂੰ ਮਿਟਾਉਣ ਦੀ ਕੋਈ ਕੋਝੀ ਚਾਲ ਤਾਂ ਨਹੀਂ? ਕੀ ਇਸ ਵਰਤਾਰੇ ਲਈ ਅਸੀਂ ਪੰਜਾਬੀ ਹੀ ਤਾਂ ਕਸੂਰਵਾਰ ਨਹੀਂ? ਕੀ ਪੰਜਾਬੀ ਮਾਨਸਿਕਤਾ ਨੂੰ ਵਰਗਲਾਇਆ ਜਾ ਰਿਹਾ ਹੈ? ਕੀ ਪੰਜਾਬ ਉਜਾੜੇ ਦੇ ਰਾਹ ‘ਤੇ ਸਰਪਟ ਦੌੜ ਰਿਹਾ ਏ? ਕੀ ਪੰਜਾਬੀਆਂ ਵਿਚ ਸਵੈ-ਚੇਤਨਾ ਮਰ ਚੁੱਕੀ ਹੈ? ਕੀ ਪੰਜਾਬੀਆਂ ਦੀ ਭਵਿੱਖਮੁਖੀ ਸੋਚ ਜੰਗਾਲੀ ਜਾ ਚੁੱਕੀ ਹੈ?
ਤੇ ਮਨ ਵਿਚ ਕੁਝ ਬੋਲ ਗੂੰਜਣ ਲੱਗੇ;

ਅੱਜ ਬੁੱਝੇ ਮਨ ਨਾਲ ਖੇਤੋਂ ਹੋ ਕੇ ਆਇਆ ਹਾਂ।
ਬਾਪ ਦੇ ਸੁੱਕ ਗਏ ਅੰਬ ਨੂੰ ਰੋ ਕੇ ਆਇਆ ਹਾਂ।

ਲੱਭਣ ਗਿਆ ਸੀ ਬੀਤੇ ਸਮੇਂ ਦੇ ਨਕਸ਼ਾਂ ਨੂੰ,
ਅੰਦਰ ਬੈਠਾ ਭਰਮ ਵੀ ਖੋਹ ਕੇ ਆਇਆ ਹਾਂ।

ਸੋਚਿਆ ਸੀ ਮੈਂ ਫ਼ਸਲਾਂ ਦੀ ਗਲਵੱਕੜੀ ਦਾ,
ਖੇਤੀਂ ਉੱਗੀਆਂ ਕਬਰਾਂ ਛੋਹ ਕੇ ਆਇਆ ਹਾਂ।

ਵੱਟਾਂ, ਬੰਨੇ, ਖੇਤ ਸੀ ਸੂਲੀ ਲਟਕ ਰਹੇ,
ਬਾਪ ਦੀ ਲਾਈ ਬੁਰਜੀ ਛੋਹ ਕੇ ਆਇਆਂ ਹਾਂ।

ਖੂਹ, ਆੜ, ਕਿਆਰਾ ਸੁਪਨੀਂ ਆਉਂਦੇ ਸੀ,
ਉਨ੍ਹਾਂ ਦੀ ਮੜ੍ਹੀ ਤੇ ਹੰਝੂ ਚੋ ਕੇ ਆਇਆ ਹਾਂ।

ਮਨ ‘ਚ ਵੱਸਦੀਆਂ ਅਲ੍ਹੜ ਜਹੀਆਂ ਯਾਦਾਂ ਨੂੰ
ਖਾਰੇ ਪਾਣੀ ਦੇ ਨਾਲ ਧੋ ਕੇ ਆਇਆ ਹਾਂ।

ਟਾਹਲੀ, ਜ਼ਾਮਨ ਤੇ ਚਿੜੀਆਂ ਦੀਆਂ ਕਬਰਾਂ ‘ਤੇ,
ਹੁਬਕੀਂ ਰੋਂਦਿਆਂ ਮੂਕ ਖਲੋ ਕੇ ਆਇਆ ਹਾਂ।

ਸੋਚ ਰਿਹਾ ਹਾਂ ਕਾਹਤੋਂ ਉੱਥੇ ਜਾਣਾ ਸੀ,
ਰੂਹ ਦੇ ਚੈਨ ‘ਚ ਪੀੜ ਪਰੋ ਕੇ ਆਇਆ ਹਾਂ।

ਤੇ ਇਨ੍ਹਾਂ ਸੋਚਾਂ ਵਿਚ ਗਵਾਚਿਆ ਜਦ ਮੈਂ ਪਿੰਡ ਵਿਚਲੇ ਘਰ ਪਹੁੰਚਿਆ ਤਾਂ ਲੋਹੜੇ ਦੀ ਗਰਮੀ ਨੇ ਮੈਨੂੰ ਹਾਲੋਂ-ਬੇਹਾਲ ਕੀਤਾ ਹੋਇਆ ਸੀ ਕਿਉਂਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਦਾ ਤਾਪਮਾਨ ਵੀ ਲਗਭਗ 50 ਡਿਗਰੀ ਸੈਂਟੀਗਰੇਡ ਤੀਕ ਪਹੁੰਚ ਜਾਵੇਗਾ।
ਰੱਬ ਖ਼ੈਰ ਕਰੇ!