ਕਾਂਵੜ ਯਾਤਰਾ ਦੇ ਨਾਂ `ਤੇ ਹਿੰਸਾ ਤੇ ਨਫ਼ਰਤ ਦੀ ਸਿਆਸਤ

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਸਰਕਾਰੀ ਕਹਿਰ ਤੋਂ ਭੈਅਭੀਤ ਮੁਸਲਮਾਨ ਦੁਕਾਨਦਾਰਾਂ ਨੂੰ ਦੁਕਾਨਾਂ/ਖੋਖਿਆਂ ਦੇ ਬਾਹਰ ਆਪਣੇ ਤੇ ਆਪਣੇ ਨੌਕਰਾਂ ਦੇ ਨਾਵਾਂ ਦੀਆਂ ਤਖ਼ਤੀਆਂ ਲਾਉਣੀਆਂ ਪਈਆਂ। ਅਸਲ ਵਿਚ, ਸੰਘ ਬ੍ਰਿਗੇਡ ਸਿਲਸਿਲੇਵਾਰ ਤਰੀਕੇ ਨਾਲ ਹਰ ਮੌਕੇ ਅਤੇ ਮੰਚ ਨੂੰ ਫਿਰਕੂ ਪਾਲਾਬੰਦੀ ਲਈ ਵਰਤ ਰਿਹਾ ਹੈ। ਸੁਪਰੀਮ ਕੋਰਟ ਨੇ ਭਾਜਪਾ ਦੀਆਂ ਰਾਜ ਸਰਕਾਰਾਂ ਦੇ ਉਪਰੋਕਤ ਹੁਕਮਾਂ ਉਪਰ ਆਰਜ਼ੀ ਤੌਰ `ਤੇ ਰੋਕ ਜ਼ਰੂਰ ਲਾ ਦਿੱਤੀ ਹੈ ਪਰ ਅਦਾਲਤ ਦੀ ਦਖ਼ਲਅੰਦਾਜ਼ੀ ਸਮੁੱਚੇ ਰੂਪ `ਚ ਨਫ਼ਰਤੀ ਮੁਹਿੰਮ ਨੂੰ ਰੋਕਣ ਲਈ ਵਿਹਾਰਕ ਤੌਰ `ਤੇ ਕਿੰਨੀ ਕੁ ਅਸਰਦਾਰ ਸਾਬਤ ਹੁੰਦੀ ਹੈ, ਹੁੰਦੀ ਵੀ ਹੈ ਜਾਂ ਨਹੀਂ, ਤੇ 5 ਅਗਸਤ ਨੂੰ ਸੁਪਰੀਮ ਕੋਰਟ ਕੀ ਅੰਤਿਮ ਆਦੇਸ਼ ਦਿੰਦੀ ਹੈ, ਇਹ ਆਉਣ ਵਾਲੇ ਦਿਨਾਂ `ਚ ਸਾਹਮਣੇ ਆਵੇਗਾ।

ਭਾਰਤ ਦੀ ਸੁਪਰੀਮ ਕੋਰਟ ਵੱਲੋਂ ਭਾਜਪਾ ਦੀਆਂ ਰਾਜ ਸਰਕਾਰਾਂ ਦੇ ਕਾਂਵੜ ਯਾਤਰਾ ਸਬੰਧੀ ਹੁਕਮਾਂ ਉਪਰ 5 ਅਗਸਤ ਤੱਕ ਆਰਜ਼ੀ ਤੌਰ `ਤੇ ਰੋਕ ਲਾਉਣਾ ਬੇਸ਼ੱਕ ਮੁਸਲਮਾਨ ਘੱਟਗਿਣਤੀ ਨੂੰ ਕੁਝ ਰਾਹਤ ਦੇਣ ਵਾਲਾ ਆਦੇਸ਼ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਜਿਹੇ ਅਦਾਲਤੀ ਹੁਕਮਾਂ ਨੂੰ ਟਿੱਚ ਸਮਝਣ ਵਾਲੇ ਨਫ਼ਰਤ-ਜੀਵੀ ਸੰਘ iਬ੍ਰਿਗੇਡ ਦੀ ਨਫ਼ਰਤ ਭੜਕਾਊ ਮਸ਼ੀਨ ਬੰਦ ਹੋ ਗਈ ਹੈ। ਭਾਜਪਾ ਦੀਆਂ ਉਤਰ ਪ੍ਰਦੇਸ਼ ਤੇ ਉਤਰਾਖੰਡ ਸਰਕਾਰਾਂ ਨੇ ਹੁਕਮ ਜਾਰੀ ਕੀਤੇ ਸਨ ਕਿ 22 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਕਾਂਵੜ ਯਾਤਰਾ ਦੀ ਸੁਰੱਖਿਆ ਦੇ ਮੱਦੇਨਜ਼ਰ ਯਾਤਰਾ ਮਾਰਗ ਉਪਰਲੇ ਸਾਰੇ ਦੁਕਾਨਦਾਰ ਆਪਣੇ ਅਤੇ ਆਪਣੇ ਨੌਕਰਾਂ ਦੇ ਨਾਮ ਬਾਹਰ ਤਖ਼ਤੀਆਂ `ਤੇ ਲਿਖ ਕੇ ਲਾਉਣ। ਪਿਛਲੇ ਸਾਲ ਵੀ ਮੁਜ਼ੱਫਰਨਗਰ ਜ਼ਿਲ੍ਹੇ ਵਿਚ ਕਾਂਵੜ ਯਾਤਰਾ ਮਾਰਗ ਉਪਰਲੇ ਮੁਸਲਮਾਨ ਮਾਲਕੀ ਵਾਲੇ ਸਾਰੇ ਹੋਟਲ ਬੰਦ ਕਰਵਾ ਦਿੱਤੇ ਗਏ ਸਨ, ਇਨ੍ਹਾਂ ਵਿਚ ਸ਼ਾਕਾਹਾਰੀ ਹੋਟਲ ਵੀ ਸਨ ਜਿੱਥੇ ਲਸਣ/ਪਿਆਜ ਵੀ ਨਹੀਂ ਵਰਤਿਆ ਜਾਂਦਾ। ਇਸ ਵਾਰ ਇਸ ਮੁਹਿੰਮ ਨੂੰ ਹੋਰ ਵੀ ਹਮਲਾਵਰ ਰੂਪ ਦੇ ਕੇ ਭਾਜਪਾ ਦੀਆਂ ਰਾਜ ਸਰਕਾਰਾਂ ਨੇ ਯਾਤਰਾ ਮਾਰਗ ਉਪਰਲੇ ਦੁਕਾਨਾਂ ਦੀ ਧਾਰਮਿਕ ਸ਼ਨਾਖ਼ਤ ਕਰਨ ਦੀ ਸ਼ਰੇਆਮ ਫਿਰਕੂ ਚਾਲ ਖੇਡੀ। ਢੌਂਗੀ ਬਾਬੇ ਸਵਾਮੀ ਯਸ਼ਵੀਰ ਨੇ ਤਾਂ ਇੱਥੋਂ ਤੱਕ ਅਫ਼ਵਾਹ ਫੈਲਾਈ ਕਿ “ਇਹ ਲੋਕ ਭੋਜਨ ਵਿਚ ਥੁੱਕ ਰਹੇ ਹਨ ਅਤੇ ਪਿਸ਼ਾਬ ਵੀ ਕਰ ਰਹੇ ਹਨ।” ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਅਫ਼ਵਾਹ ਸੋਸ਼ਲ ਮੀਡੀਆ ਰਾਹੀਂ ਕਿੰਨੇ ਵਿਆਪਕ ਪੈਮਾਨੇ `ਤੇ ਪ੍ਰਚਾਰੀ ਗਈ ਹੋਵੇਗੀ ਅਤੇ ਇਸ ਨੇ ਮੁਸਮਲਾਨਾਂ ਵਿਰੁੱਧ ਜ਼ਹਿਰੀਲੀ ਨਫ਼ਰਤ ਨੂੰ ਕਿਵੇਂ ਜ਼ਰਬਾਂ ਦਿੱਤੀਆਂ ਹੋਣਗੀਆਂ। ਉਸ ਵਿਰੁੱਧ ਕਾਰਵਾਈ ਕਰਨ ਦੀ ਬਜਾਇ ਭਾਜਪਾ ਸਰਕਾਰਾਂ ਨੇ ਕਾਂਵੜੀਆਂ ਨੂੰ ‘ਸਾਤਵਿਕ ਭੋਜਨ` ਮੁਹੱਈਆ ਕਰਾਉਣ ਲਈ ਪੂਰੀ ਪ੍ਰਸ਼ਾਸਨਿਕ ਮਸ਼ੀਨਰੀ ਝੋਕ ਦਿੱਤੀ।
ਭਗਵਾਨ ਸ਼ਿਵ ਜੀ ਦੇ ਭਗਤ ਹਰ ਸਾਲ ਸਾਉਣ ਮਹੀਨੇ ਉਤਰਾਖੰਡ, ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਗੰਗਾ ਨਦੀ ਕਿਨਾਰੇ ਬਣੇ ਧਾਰਮਿਕ ਸਥਾਨਾਂ ਦੀ ਪੈਦਲ ਯਾਤਰਾ ਕਰ ਕੇ ਉਥੋਂ ਜਲ ਬਾਂਸ ਦੇ ਡੰਡੇ ਨਾਲ ਵਹਿੰਗੀ ਵਾਂਗ ਬੰਨ੍ਹੇ ਬਰਤਨਾਂ `ਚ ਲੈ ਕੇ ਆਉਂਦੇ ਹਨ ਜਿਸ ਨੂੰ ਮੁਲਕ ਦੇ ਵੱਖ-ਵੱਖ ਥਾਵਾਂ ਉਪਰ 12 ‘ਜਯੋਤਿਰਲਿੰਗ` ਸਥਾਨਾਂ ਅਤੇ ਹੋਰ ਮਸ਼ਹੂਰ ਸ਼ਿਵ ਮੰਦਰਾਂ `ਚ ਭੇਂਟ ਕੀਤਾ ਜਾਂਦਾ ਹੈ। ਇਸ ਨੂੰ ਕਾਂਵੜ ਯਾਤਰਾ ਕਿਹਾ ਜਾਂਦਾ ਹੈ। ਸਰਕਾਰੀ ਅੰਕੜਿਆਂ ਅਨੁਸਾਰ 4 ਕਰੋੜ ਤੋਂ ਵੱਧ ਕਾਂਵੜੀਏ ਹਰ ਸਾਲ ਯਾਤਰਾ ਵਿਚ ਹਿੱਸਾ ਲੈਂਦੇ ਹਨ। ਸੰਘ ਬ੍ਰਿਗੇਡ ਵੱਲੋਂ ਹੋਰ ਧਾਰਮਿਕ ਮੌਕਿਆਂ ਵਾਂਗ ਇਸ ਯਾਤਰਾ ਨੂੰ ਵੀ ਰਾਜਨੀਤਕ ਹਥਿਆਰ ਬਣਾਇਆ ਗਿਆ ਹੈ। ਬੇਰੁਜ਼ਗਾਰ ਨੌਜਵਾਨਾਂ ਨੂੰ ਕਾਂਵੜ ਯਾਤਰਾ `ਚ ਉਲਝਾ ਕੇ ਹਕੂਮਤ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਅਵਾਮ ਦੀ ਜ਼ਿੰਦਗੀ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਇਆ ਜਾ ਰਿਹਾ ਹੈ। ਸੱਤਾਧਾਰੀ ਹੋਣ ਦਾ ਲਾਹਾ ਲੈ ਕੇ ਯਾਤਰਾ ਨੂੰ ਫਿਰਕੂ ਪਾਲਾਬੰਦੀ ਵਧਾਉਣ ਅਤੇ ਬਹੁਗਿਣਤੀਵਾਦੀ ਧੌਂਸ ਜਮਾਉਣ ਲਈ ਵਰਤਿਆ ਜਾ ਰਿਹਾ ਹੈ।
ਜਿਸ ਉਤਰ ਪ੍ਰਦੇਸ਼ ਦੇ ਸਰਕਾਰੀ ਮੈਡੀਕਲ ਕਾਲਜ `ਚ ਆਕਸੀਜਨ ਨਾ ਹੋਣ ਕਾਰਨ ਸੌ ਦੇ ਕਰੀਬ ਨਵ-ਜੰਮੇ ਬਾਲਾਂ ਦੇ ਦਮ ਤੋੜ ਜਾਣ ਦਾ ਰਿਕਾਰਡ ਹੈ, ਉਸ ਨੇ ਕਾਂਵੜ ਯਾਤਰਾ ਨੂੰ ‘ਪੁਰਅਮਨ ਨੇਪਰੇ ਚਾੜ੍ਹਨ ਲਈ` ਜੰਗੀ ਪੈਮਾਨੇ `ਤੇ ਇੰਤਜ਼ਾਮ ਕੀਤੇ ਹੋਏ ਹਨ। ਹਥਿਆਰਬੰਦ ਪੁਲਿਸ ਦੀਆਂ 213 ਕੰਪਨੀਆਂ ਤੋਂ ਇਲਾਵਾ ਸੀ.ਆਰ.ਪੀ.ਐੱਫ. ਦੀਆਂ 7 ਕੰਪਨੀਆਂ, ਐੱਸ.ਡੀ.ਆਰ.ਐੱਫ. ਦੀਆਂ 3 ਕੰਪਨੀਆਂ ਅਤੇ ਏ.ਟੀ.ਐੱਸ. ਕਮਾਂਡੋ ਦੀ ਵੱਡੀ ਨਫ਼ਰੀ ਤਾਇਨਾਤ ਕੀਤੀ ਹੋਈ ਹੈ। ਅਧਿਕਾਰਕ ਜਾਣਕਾਰੀ ਅਨੁਸਾਰ ਇਕੱਲੇ ਉਤਰ ਪ੍ਰਦੇਸ਼ ਵਿਚ ਹੀ 13 ਐੱਸ.ਪੀ., 33 ਡੀ.ਐੱਸ.ਪੀ., 75 ਇੰਸਪੈਕਟਰ, 244 ਸਬ-ਇੰਸਪੈਕਟਰ ਅਤੇ 1250 ਕਾਂਸਟੇਬਲ ਲਗਾਏ ਹੋਏ ਹਨ ਅਤੇ 1448 ਕਵਿੱਕ-ਰਿਸਪਾਂਸ ਟੀਮਾਂ ਬਣਾਈਆਂ ਹਨ। ਇਨ੍ਹਾਂ ਵਿਆਪਕ ਸੁਰੱਖਿਆ ਇੰਤਜ਼ਾਮਾਂ ਦਾ ਮਨੋਰਥ ਅਮਨ-ਚੈਨ ਬਣਾਈ ਰੱਖਣਾ ਨਹੀਂ ਸਗੋਂ ਹਕੂਮਤੀ ਪੁਸ਼ਤਪਨਾਹੀ ਰਾਹੀਂ ਇਸ ਯਾਤਰਾ ਦਾ ਫਿਰਕੂ ਰਾਜਨੀਤਕ ਲਾਹਾ ਲੈਣਾ, ਕਾਂਵੜੀਆਂ ਵਿਚਲੇ ਅਰਾਜਕ ਅਨਸਰਾਂ ਨੂੰ ਹੜਦੁੰਗ ਮਚਾਉਣ ਲਈ ਹੱਲਾਸ਼ੇਰੀ ਦੇਣਾ, ਮੁਸਲਮਾਨਾਂ ਦਾ ਆਰਥਿਕ ਨੁਕਸਾਨ ਕਰਨਾ ਅਤੇ ਘੱਟਗਿਣਤੀਆਂ ਤੇ ਹੋਰ ਨਿਤਾਣੇ ਹਿੱਸਿਆਂ ਉਪਰ ਦਹਿਸ਼ਤ ਪਾਉਣਾ ਹੈ।
ਸਰਕਾਰੀ ਕਹਿਰ ਤੋਂ ਭੈਅਭੀਤ ਮੁਸਲਮਾਨ ਦੁਕਾਨਦਾਰਾਂ ਨੂੰ ਦੁਕਾਨਾਂ/ਖੋਖਿਆਂ ਦੇ ਬਾਹਰ ਆਪਣੇ ਤੇ ਆਪਣੇ ਨੌਕਰਾਂ ਦੇ ਨਾਵਾਂ ਦੀਆਂ ਤਖ਼ਤੀਆਂ ਲਾਉਣੀਆਂ ਪਈਆਂ। ਜੇ ਉਹ ਹੁਕਮਾਂ ਦੀ ਤਾਮੀਲ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ ‘ਬੁਲਡੋਜ਼ਰ ਨਿਆਂ` ਦਾ ਸਾਹਮਣਾ ਕਰਨਾ ਪਵੇਗਾ। ਭਾਜਪਾ ਸਰਕਾਰਾਂ ਕੁਝ ਵੀ ਦਾਅਵਾ ਕਰੀ ਜਾਣ ਕਿ ਉਨ੍ਹਾਂ ਦੇ ਆਦੇਸ਼ ਧਾਰਮਿਕ ਜਾਂ ਕਿਸੇ ਹੋਰ ਆਧਾਰ `ਤੇ ਵਿਤਕਰਾ ਨਹੀਂ ਕਰਦੇ ਪਰ ਪੁਲਿਸ-ਪ੍ਰਸ਼ਾਸਨ ਜ਼ਮੀਨੀ ਪੱਧਰ `ਤੇ ‘ਗ਼ੈਰ-ਹਿੰਦੂ` ਮਾਲਕਾਂ ਦੀ ਨਿਸ਼ਾਨਦੇਹੀ ਕਰ ਰਿਹਾ ਹੈ ਜਿਸ ਦੀ ਉਘੜਵੀਂ ਮਿਸਾਲ ਮੁਕਾਮੀ ਪ੍ਰਸ਼ਾਸਨ ਵੱਲੋਂ ਸਹਾਰਨਪੁਰ ਪ੍ਰਸ਼ਾਸਨਿਕ ਡਿਵੀਜ਼ਨ ਦੇ ਤਿੰਨ ਜ਼ਿਲਿ੍ਹਆਂ ਦੀਆਂ ਖਾਣ-ਪੀਣ ਦਾ ਸਮਾਨ ਵੇਚਣ ਵਾਲੀਆਂ ਉਨ੍ਹਾਂ ਸਾਰੀਆਂ ਦੁਕਾਨਾਂ ਦੀ ਨਿਸ਼ਾਨਦੇਹੀ ਕਰਨ ਦੀਆਂ ਹਦਾਇਤ ਹੈ ਜਿਨ੍ਹਾਂ ਦੇ ਨਾਮ ਹਿੰਦੂ ਦੇਵੀ-ਦੇਵਤਿਆਂ ਦੇ ਨਾਮ `ਤੇ ਰੱਖੇ ਗਏ ਹਨ ਪਰ ਉਨ੍ਹਾਂ ਦੇ ਮਾਲਕ ਹੋਰ ਫਿਰਕਿਆਂ ਦੇ ਹਨ। ਇਹ ਤੱਥ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਦਿੱਤੇ ਜਵਾਬ ਵਿਚ ਮੰਨਿਆ ਗਿਆ ਹੈ।
ਮੁਲਕ ਵਿਚ ਇਸ ਫਿਰਕੂ ਚਾਲ ਦਾ ਜ਼ੋਰਦਾਰ ਵਿਰੋਧ ਹੋਇਆ ਅਤੇ ਸੁਪਰੀਮ ਕੋਰਟ ਨੇ ਵੀ ਇਸ ਉਪਰ ਆਰਜ਼ੀ ਰੋਕ ਲਾ ਦਿੱਤੀ ਪਰ ਮਹੰਤ ਅਦਿੱਤਿਆਨਾਥ ਦੀ ਸਰਕਾਰ ਅਜੇ ਵੀ ਆਪਣੇ ਹੁਕਮ ਨੂੰ ਇਹ ਕਹਿ ਕੇ ਵਾਜਿਬ ਠਹਿਰਾ ਰਹੀ ਹੈ ਕਿ ਇਹ ਕਦਮ ਕਾਂਵੜੀਆਂ ਦੀਆਂ ‘ਧਾਰਮਿਕ ਭਾਵਨਾਵਾਂ` ਨੂੰ ਮੱਦੇਨਜ਼ਰ ਰੱਖਦਿਆਂ ਚੁੱਕਿਆ ਸੀ ਤਾਂ ਜੋ ਯਾਤਰਾ ਦੌਰਾਨ ਉਨ੍ਹਾਂ ਲਈ ‘ਪਸੰਦ ਅਨੁਸਾਰ ਅਤੇ ਪਾਰਦਰਸ਼ੀ` ਰੂਪ `ਚ ‘ਸਾਤਵਿਕ ਭੋਜਨ` ਯਕੀਨੀ ਬਣਾਇਆ ਜਾ ਸਕੇ ਅਤੇ ਗ਼ਲਤਫਹਿਮੀ ਨਾਲ ਕਿਸੇ ਟਕਰਾਅ ਦੀ ਨੌਬਤ ਨਾ ਆਵੇ। ਕਿਸੇ ਵੀ ਹਿੰਦੂ ਧਾਰਮਿਕ ਗ੍ਰੰਥ ਵਿਚ ਇਹ ਨਹੀਂ ਲਿਖਿਆ ਹੋਇਆ ਕਿ ਗ਼ੈਰ-ਹਿੰਦੂਆਂ ਦੇ ਬਣਾਏ ਭੋਜਨ ਸਾਤਵਿਕ/ਸ਼ੁੱਧ ਨਹੀਂ ਹੁੰਦੇ ਪਰ ਸੰਘ ਬ੍ਰਿਗੇਡ ਧਾਰਮਿਕ ਗ੍ਰੰਥਾਂ ਤੋਂ ਉਪਰ ਹੈ ਅਤੇ ਇਨ੍ਹਾਂ ਦੇ ਆਪਣੇ ਹੀ ਕਾਨੂੰਨ ਹਨ। ਸਰਕਾਰ ਨੇ ਇਹ ਵੀ ਨਹੀਂ ਦੱਸਿਆ ਕਿ ਸਰਟੀਫਿਕੇਸ਼ਨ ਦੀ ਬਜਾਇ ਦੁਕਾਨਦਾਰਾਂ ਦੇ ਨਾਮ ਨਸ਼ਰ ਕਰਨ ਨਾਲ ‘ਸ਼ੁੱਧ` ਭੋਜਨ ਕਿਵੇਂ ਮੁਹੱਈਆ ਹੋ ਜਾਵੇਗਾ? ਘਿਨਾਉਣੀ ਭਗਵਾ ਸਿਆਸਤ ਬਦਸਤੂਰ ਜਾਰੀ ਹੈ। ਇਸ ਸਿਆਸਤ ਨੇ ਸ਼ਾਂਤਮਈ ਧਾਰਮਿਕ ਯਾਤਰਾ ਨੂੰ ਹਕੂਮਤੀ ਪੁਸ਼ਤਪਨਾਹੀ ਵਾਲਾ ਹੜਦੁੰਗ ਮਚਾਊ ਹਜੂਮ ਬਣਾ ਦਿੱਤਾ ਹੈ ਅਤੇ ਕਾਂਵੜੀਆਂ ਦੇ ਨਾਮ `ਤੇ ਜੁੜੇ ਹਜੂਮ ਨੂੰ ਹਿੰਸਾ ਕਰਨ ਦਾ ਕਾਨੂੰਨੀ ਲਾਇਸੰਸ ਦੇ ਦਿੱਤਾ ਹੈ। ਯਾਤਰਾ ਦੌਰਾਨ ਬਹੁਤ ਸਾਰੇ ਥਾਵਾਂ `ਤੇ ਕਥਿਤ ਕਾਂਵੜੀਏ ਮਾਮੂਲੀ ਗੱਲਾਂ ਉਪਰ ਭੰਨਤੋੜ ਅਤੇ ਝਗੜੇ ਕਰਦੇ ਦੇਖੇ ਜਾ ਸਕਦੇ ਹਨ। ਹਿੰਦੂ ਸ਼ਰਧਾਲੂਆਂ ਨੂੰ ਸੰਘ ਬ੍ਰਿਗੇਡ ਦੀ ਇਸ ਰਾਜਨੀਤਕ ਚਾਲ ਨੂੰ ਸਮਝਣਾ ਚਾਹੀਦਾ ਹੈ।
ਆਨਲਾਈਨ ਨਿਊਜ਼ ਪੋਰਟਲ ‘ਨਿਊਜ਼ਲਾਂਡਰੀ` ਵੱਲੋਂ ਅਜਿਹੀਆਂ ਕੁਝ ਘਟਨਾਵਾਂ ਦੀ ਛਾਣਬੀਣ ਕਰਕੇ ਜੁਟਾਏ ਤੱਥ ਇਸ ਤਰ੍ਹਾਂ ਹਨ:
21 ਜੁਲਾਈ ਨੂੰ ਕਾਂਵੜੀਆਂ ਦੇ ਹਜੂਮ ਨੇ ਹਰਿਦਵਾਰ-ਮੇਰਠ ਹਾਈਵੇਅ ਉਪਰ ਮੁਜ਼ੱਫਰਨਗਰ ਵਿਚ ਸ਼੍ਰੀਲਕਸ਼ਮੀ ਫੂਡ ਪਲਾਜ਼ਾ ਵਿਖੇ ਅਕੀਬ ਨਾਂ ਦੇ ਮੁਸਲਮਾਨ ਕਾਰ ਸਵਾਰ ਉਪਰ ਇਸ ਬਹਾਨੇ ਹਮਲਾ ਕਰ ਦਿੱਤਾ ਕਿ ਦੋ ਕਿਲੋਮੀਟਰ ਪਿੱਛੇ ਉਸ ਦੀ ਕਾਰ ਕਾਂਵੜੀਏ ਦਾ ਕਾਂਵੜ ਤੋੜ ਕੇ ਆਈ ਹੈ। ਉਨ੍ਹਾਂ ਨੇ ਉਸ ਦੇ ਸਿਰ ਅਤੇ ਪਿੱਠ ਉਪਰ ਸੱਟਾਂ ਮਾਰੀਆਂ। ਵਾਇਰਲ ਹੋਈ ਵੀਡੀਓ ਵਿਚ ਕਾਂਵੜੀਏ ਕਾਰ ਸਵਾਰ ਨੂੰ ਕੁੱਟਦੇ, ਕਾਰ ਦੀ ਭੰਨਤੋੜ ਕਰਦੇ, ਰੇਸਤਰਾਂ ਦੀਆਂ ਕੁਰਸੀਆਂ ਚੁੱਕ ਕੇ ਬਾਹਰ ਸੁੱਟਦੇ ਅਤੇ ਰੋਕਣ ਦੀ ਕੋਸ਼ਿਸ਼ ਕਰਦੇ ਪੁਲਸੀਆਂ ਵੱਲ ਕੁਰਸੀਆਂ ਸੁੱਟਦੇ ਦੇਖੇ ਜਾ ਸਕਦੇ ਹਨ। ਰੇਸਤਰਾਂ ਦੇ ਮਾਲਕ ਨੇ ਦੱਸਿਆ ਕਿ ਰੇਸਤਰਾਂ `ਚ ਮੌਜੂਦ ਕਾਂਵੜੀਆਂ ਨੂੰ ‘ਉਨ੍ਹਾਂ ਦੇ ਕਿਸੇ ਮਿੱਤਰ` ਦਾ ਫੋਨ ਆਇਆ ਅਤੇ ਇਸ ਤੋਂ ਬਾਅਦ 25-30 ਕਾਂਵੜੀਆਂ ਨੇ ਫਟਾਫਟ ਹਾਈਵੇਅ ਉਪਰ ਜਾ ਕੇ ਸੜਕ ਜਾਮ ਕਰ ਕੇ ਕਾਰ ਰੋਕ ਲਈ ਅਤੇ ਡਰਾਈਵਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਕਾਰ ਉਪਰ ਚੜ੍ਹ ਕੇ ਉਸ ਦੀ ਭੰਨਤੋੜ ਕੀਤੀ। ਪੁਲਿਸ ਨੇ ਆ ਕੇ ਰੇਸਤਰਾਂ ਤੇ ਡਰਾਈਵਰ ਨੂੰ ਬਚਾਇਆ। ਉਨ੍ਹਾਂ ਨੇ ਪੁਲਿਸ ਉਪਰ ਵੀ ਕੁਰਸੀਆਂ ਸੁੱਟੀਆਂ। ਪੁਲਿਸ ਦੀ ਐੱਫ.ਆਈ.ਆਰ. ਕਹਿੰਦੀ ਹੈ ਕਿ ਜਾਂਚ ਕੀਤੇ ਜਾਣ `ਤੇ ਕਾਂਵੜੀਆਂ ਵੱਲੋਂ ਲਾਇਆ ਦੋਸ਼ ਸਾਬਤ ਨਹੀਂ ਹੋਇਆ। ਐੱਫ.ਆਈ.ਆਰ. ਅਣਪਛਾਤਿਆਂ ਵਿਰੁੱਧ ਦਰਜ ਕੀਤੀ ਗਈ, ਗ੍ਰਿਫ਼ਤਾਰੀ ਕੋਈ ਨਹੀਂ ਕੀਤੀ ਗਈ।
ਅਗਲੇ ਦਿਨ ਮੁਜ਼ੱਫਰਪੁਰ ਵਿਚ ਇਕ ਹੋਰ ਕਾਂਡ ਵਾਪਰਿਆ। ਰਿਲਾਇੰਸ ਪੈਟਰੋਲ ਪੰਪ ਦੇ ਮੁਲਾਜ਼ਮ ਮਨੋਜ ਕੁਮਾਰ ਨੇ ਕਾਂਵੜੀਏ ਨੂੰ ਸੁਲਫ਼ਾ ਪੀਣ ਤੋਂ ਰੋਕਿਆ ਕਿ ਪੈਟਰੋਲ ਪੰਪ ਉਪਰ ਕੋਈ ਜਲਣ ਵਾਲਾ ਪਦਾਰਥ ਸੇਵਨ ਨਹੀਂ ਕੀਤਾ ਜਾ ਸਕਦਾ। ਇਸ ਤੋਂ ਭੜਕੇ ਕਾਂਵੜੀਏ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਮੁਲਾਜ਼ਮਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਸੈਂਕੜੇ ਕਾਂਵੜੀਏ ਇਕੱਠੇ ਹੋ ਕੇ ਉਨ੍ਹਾਂ ਉਪਰ ਟੁੱਟ ਪਏ ਅਤੇ ਭੰਨਤੋੜ ਕੀਤੀ। ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਆਪਣਾ ਬਚਾਓ ਕੀਤਾ। ਇਹ ਸਾਰਾ ਵਾਕਿਆ ਕੈਮਰਿਆਂ `ਚ ਰਿਕਾਰਡ ਹੋਣ ਕਾਂਵੜੀਏ ਪਛਾਣੇ ਵੀ ਗਏ ਪਰ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
23 ਜੁਲਾਈ ਨੂੰ ਸਹਾਰਨਪੁਰ ਵਿਚ ਕਾਂਵੜੀਆਂ ਨੇ ਇਹ ਕਹਿੰਦੇ ਹੋਏ ਮੋਟਰਸਾਈਕਲ `ਤੇ ਸਵਾਰ ਦੋ ਨੌਜਵਾਨਾਂ ਅਮਨ ਤੇ ਸੋਨੂ ਉਪਰ ਹਮਲਾ ਕਰ ਦਿੱਤਾ ਕਿ ਉਨ੍ਹਾਂ ਦੇ ਮੋਟਰਸਾਈਕਲ ਨੇ ਕਾਂਵੜ ਤੋੜ ਦਿੱਤਾ ਹੈ। ਕੁੱਟ-ਮਾਰ ਕਰ ਕੇ ਇਕ ਦੀ ਬਾਂਹ ਤੋੜ ਦਿੱਤੀ, ਸਿਰ ਉਪਰ ਵੀ ਸੱਟਾਂ ਮਾਰੀਆਂ ਗਈਆਂ ਅਤੇ ਨਵਾਂ ਮੋਟਰਸਾਈਕਲ ਵੀ ਭੰਨ ਦਿੱਤਾ। ਇਹ ਸਾਰਾ ਵਾਕਿਆ ਵੀ ਕੈਮਰੇ `ਚ ਬੰਦ ਹੈ। ਉਥੇ ਮੌਜੂਦ ਦੋ ਪੁਲਸੀਏ ਖੜ੍ਹੇ ਦੇਖਦੇ ਰਹੇ। ਹਮਲਾ ਕਰਨ ਵਾਲੇ ਸੱਤ ਕਾਂਵੜੀਏ ਪਛਾਣੇ ਵੀ ਗਏ। ਐੱਫ.ਆਈ.ਆਰ. ਵੀ ਦਰਜ ਹੋ ਗਈ ਪਰ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
23 ਜੁਲਾਈ ਨੂੰ ਇਕ ਹੋਰ ਵਾਕਿਆ ਹਰਿਦੁਆਰ ਨੇੜੇ ਵਾਪਰਿਆ ਜਿੱਥੇ ਕਾਂਵੜੀਆਂ ਨੇ ਲਿਬਰਹੇਰੀ ਤੋਂ ਮੰਗਲੌਰ ਜਾ ਰਹੇ ਈ-ਰਿਕਸ਼ਾ ਚਾਲਕ ਸੰਜੇ ਕੁਮਾਰ ਉਪਰ ਹਮਲਾ ਕਰ ਕੇ ਉਸ ਦਾ ਵਾਹਨ ਭੰਨ ਦਿੱਤਾ। ਦਰਅਸਲ ਇਹ ਕਾਂਵੜੀਏ ਦੇ ਅਚਾਨਕ ਈ-ਰਿਕਸ਼ੇ ਅੱਗੇ ਆ ਜਾਣ ਦੀ ਮਾਮੂਲੀ ਘਟਨਾ ਸੀ; ਹਾਲਾਂਕਿ ਕੋਈ ਨੁਕਸਾਨ ਨਹੀਂ ਹੋਇਆ, ਫਿਰ ਵੀ ਕਾਂਵੜੀਆਂ ਨੇ ਡਰਾਈਵਰ ਦੀ ਕੁੱਟਮਾਰ ਕੀਤੀ ਅਤੇ ਈ-ਰਿਕਸ਼ਾ ਤੋੜ ਦਿੱਤਾ। 26 ਜੁਲਾਈ ਨੂੰ ਦਿੱਲੀ-ਮੇਰਠ ਐਕਸਪ੍ਰੈੱਸ ਹਾਈਵੇਅ ਉਪਰ ਭੜਕੇ ਹੋਏ ਕਾਂਵੜੀਆਂ ਨੇ ਇਕ ਕਾਰ ਇਸ ਬਹਾਨੇ ਘੇਰ ਲਈ ਕਿ ਕਾਰ ਕਾਂਵੜ ਨਾਲ ਟਕਰਾਈ ਹੈ। ਮੁਸਲਮਾਨ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਕਾਂਵੜੀਆਂ ਨੇ ਕਾਰ ਭੰਨ ਦਿੱਤੀ। ‘ਦਿ ਵਾਇਰ’ ਦੀ ਰਿਪੋਰਟ ਅਨੁਸਾਰ 27 ਜੁਲਾਈ ਨੂੰ ਗਾਜ਼ੀਆਬਾਦ ਵਿਚ ਕਾਂਵੜੀਆਂ ਨੇ ਡਰਾਈਵਰ ਦੀ ਕੁੱਟਮਾਰ ਕੀਤੀ; ਲਾਠੀਆਂ, ਰਾਡਾਂ ਅਤੇ ਬੈਟਾਂ ਨਾਲ ਕਾਰ ਤੋੜ ਕੇ ਉਲਟਾ ਦਿੱਤੀ। ਵਾਰਦਾਤ ਕੈਮਰਾਬੰਦ ਹੋਣ ਦੇ ਬਾਵਜੂਦ ਪੁਲਿਸ ਨੇ ਉਲਟਾ ਡਰਾਈਵਰ ਨੋਵਾਰ ਚੌਧਰੀ ਵਿਰੁੱਧ ਓਵਰ-ਸਪੀਡ ਡਰਾਈਵਿੰਗ ਦਾ ਕੇਸ ਪਾ ਦਿੱਤਾ।
ਇਹ ਘਟਨਾਵਾਂ ਦੱਸਦੀਆਂ ਹਨ ਕਿ ਕਾਂਵੜ ਯਾਤਰਾ ਦੇ ਬਹਾਨੇ ਕਿਵੇਂ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ। ਕਾਂਵੜੀਆਂ ਲਈ ਬਾਹਰ ਲੱਗੀ ਤਖ਼ਤੀ ਦੇ ਆਧਾਰ `ਤੇ ਮੁਸਲਮਾਨ ਦੁਕਾਨਾਂ ਦੀ ਤੁਰੰਤ ਪਛਾਣ ਕਰ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਸੌਖਾ ਹੈ। ਫੌਰੀ ਉਦੇਸ਼ ਦੇ ਨਾਲ-ਨਾਲ ਗ਼ੈਰ-ਹਿੰਦੂਆਂ ਦੇ ਨਾਮ `ਤੇ ਮੁਸਲਮਾਨਾਂ ਦੇ ਕਾਰੋਬਾਰਾਂ ਦੀ ਨਿਸ਼ਾਨਦੇਹੀ ਦੂਰਗਾਮੀ ਫਾਸ਼ੀਵਾਦੀ ਯੁੱਧਨੀਤੀ ਦਾ ਹਿੱਸਾ ਵੀ ਹੋ ਸਕਦਾ ਹੈ। ਹਿਟਲਰ ਦੇ ਰਾਜ ਵਿਚ ਯਹੂਦੀ ਅਤੇ ਖੱਬੇ ਪੱਖੀ ਕਲਪਿਤ ਦੁਸ਼ਮਣ ਸਨ। ਭਾਰਤ ਵਿਚ ਹਿਟਲਰ ਦੇ ਪੈਰੋਕਾਰਾਂ ਦੇ ਨਿਸ਼ਾਨੇ `ਤੇ ਮੁਸਲਮਾਨ, ਕਮਿਊਨਿਸਟ, ਇਸਾਈ/ਹੋਰ ਘੱਟਗਿਣਤੀਆਂ ਹਨ। ਜਰਮਨੀ `ਚ ਯਹੂਦੀਆਂ ਦੇ ਘਰਾਂ `ਤੇ ਨਿਸ਼ਾਨ ਲਗਾ ਦਿੱਤੇ ਜਾਂਦੇ ਸਨ ਤਾਂ ਜੋ ਕਾਤਲ ਗਰੋਹਾਂ ਨੂੰ ਉਨ੍ਹਾਂ ਦੀ ਤੁਰੰਤ ਪਛਾਣ ਕਰਨ `ਚ ਮੁਸ਼ਕਿਲ ਨਾ ਆਵੇ। 1984 `ਚ ਦਿੱਲੀ `ਚ ਸਿੱਖ ਵਿਰੋਧੀ ਕਤਲੇਆਮ ਅਤੇ 2002 `ਚ ਗੁਜਰਾਤ `ਚ ਮੁਸਲਮਾਨਾਂ ਦੇ ਕਤਲੇਆਮ ਸਮੇਂ ਵੀ ਖ਼ਾਸ ਫਿਰਕੇ ਦੀ ਅਗੇਤੀ ਨਿਸ਼ਾਨਦੇਹੀ ਕੀਤੇ ਜਾਣ ਦੇ ਸੰਕੇਤ ਮਿਲੇ ਸਨ।
ਨਫ਼ਰਤ ਦੀ ਸਿਆਸਤ ਹੋਰ ਸ਼ਕਲਾਂ `ਚ ਵੀ ਘੱਟਗਿਣਤੀ ਮੁਸਲਮਾਨਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੀ ਹੈ। ਤੀਜੀ ਵਾਰ ਮੋਦੀ ਦੀ ਸਰਕਾਰ ਬਣਦੇ ਸਾਰ ਇਕ ਮਹੀਨੇ `ਚ ਹੀ ਹਜੂਮੀ ਕਤਲਾਂ/ਹਿੰਸਾ ਨੇ ਜ਼ੋਰ ਫੜ ਲਿਆ। 7 ਜੂਨ ਨੂੰ ਰਾਏਪੁਰ (ਛੱਤੀਸਗੜ੍ਹ) ਵਿਚ ਮੁਸਲਮਾਨ ਨੌਜਵਾਨ ਦਾ ਕਤਲ, ਮੁਰਾਦਾਬਾਦ ਤੇ ਅਲੀਗੜ੍ਹ (ਉਤਰ ਪ੍ਰਦੇਸ਼) ਵਿਚ ਮੁਸਲਮਾਨਾਂ ਦੇ ਕਤਲ, ਰਾਜਸਥਾਨ ਵਿਚ ਗਊ ਹੱਤਿਆ ਦੇ ਬਹਾਨੇ ਦੋ ਹਿੰਦੂ ਨੌਜਵਾਨਾਂ ਦਾ ਕਤਲ ਅਤੇ ਉੜੀਸਾ ਵਿਚ ਹਜੂਮੀ ਹਿੰਸਾ ਦੀਆਂ ਕਈ ਵਾਰਦਾਤਾਂ, ਗੁਜਰਾਤ ਵਿਚ ਕ੍ਰਿਕਟ ਦੇ ਮੈਚ ਸਮੇਂ ਮੁਸਲਮਾਨ ਕ੍ਰਿਕਟ ਖਿਡਾਰੀ ਉਪਰ ਹਮਲਾ ਅਤੇ ਉਸ ਨੂੰ ਜੈ ਸ਼੍ਰੀਰਾਮ ਦੇ ਨਾਅਰੇ ਲਾਉਣ ਲਈ ਮਜਬੂਰ ਕਰਨਾ ਜ਼ੋਰ ਫੜ ਰਹੀ ਫਾਸ਼ੀਵਾਦੀ ਮੁਹਿੰਮ ਦੇ ਸੰਕੇਤ ਹਨ।
ਭਾਜਪਾ ਅਤੇ ਸੰਘ ਪਰਿਵਾਰ ਦੇ ਹੋਰ ਆਗੂਆਂ ਦੇ ਨਫ਼ਰਤੀ ਭਾਸ਼ਣਾਂ ਦੀ ਸੁਰ ਵੀ ਤਿੱਖੀ ਹੋ ਗਈ ਹੈ। 17 ਅਗਸਤ ਨੂੰ ਝਾਰਖੰਡ ਵਿਚ ਭਾਸ਼ਣ ਦਿੰਦਿਆਂ ਅਸਾਮ ਦੇ ਮੁੱਖ ਮੰਤਰੀ ਹਿਮਾਂਤ ਬਿਸਵ ਸਰਮਾ ਨੇ ਕਿਹਾ ਕਿ ਅਸਾਮ ਵਿਚ ਮੁਸਲਮਾਨਾਂ ਦੀ ਆਬਾਦੀ 1951 `ਚ 12% ਸੀ ਜੋ ਹੁਣ ਵਧ ਕੇ 40% ਹੋ ਗਈ ਹੈ। ਤੱਥ ਇਹ ਹੈ ਕਿ 1951 `ਚ ਮੁਸਲਮਾਨਾਂ ਦੀ ਆਬਾਦੀ 24.68% ਸੀ ਅਤੇ 2011 ਤੋਂ ਬਾਅਦ ਕੋਈ ਮਰਦਮਸ਼ੁਮਾਰੀ ਨਹੀਂ ਹੋਈ ਜਿਸ ਤੋਂ ਆਬਾਦੀ ਦੇ ਮੌਜੂਦਾ ਅੰਕੜੇ ਪਤਾ ਲੱਗਣ। 7 ਜੂਨ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮਹਿਲਾ ਵਿੰਗ, ਦੁਰਗਾ ਵਾਹਿਨੀ ਦੀ ਮੈਂਬਰ ਨੇ ਅਜਮੇਰ ਵਿਖੇ ਜ਼ਹਿਰੀਲਾ ਭਾਸ਼ਣ ਦਿੱਤਾ। 8 ਜੂਨ 2024 ਨੂੰ ਜ਼ਹਿਰੀਲੇ ਫਿਰਕੂ ਭਾਸ਼ਣਾਂ ਲਈ ਬਦਨਾਮ ਸਵਾਮੀ ਸਚਿਦਾਨੰਦ ਨੇ ਜੋਧਪੁਰ (ਰਾਜਸਥਾਨ) ਵਿਚ ਦਿੱਤੇ ਭਾਸ਼ਣ ਵਿਚ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਈ ਕਿ ‘ਗੋਲ ਟੋਪੀਆਂ ਵਾਲਿਆਂ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਆਪਣੀ ਆਬਾਦੀ 44% ਤੱਕ ਵਧਾ ਲਈ ਹੈ, ‘ਤੁਹਾਡੇ ਇਕ ਬੱਚਾ ਹੈ ਅਤੇ ਉਨ੍ਹਾਂ ਦੇ ਸਤਾਰਾਂ`, ਤੁਸੀਂ ਉਨ੍ਹਾਂ ਦਾ ਮੁਕਾਬਲਾ ਕਿਵੇਂ ਕਰੋਗੇ… ਇਹ ਉਨ੍ਹਾਂ ਦੀ ‘ਗਜ਼ਵਾ-ਏ-ਹਿੰਦ` ਜਹਾਦ ਤਹਿਤ ਭਾਰਤ ਦੀ ਧਰਤੀ ਉਪਰ ਕਬਜ਼ਾ ਕਰਨ ਦੀ ਸਾਜ਼ਿਸ਼ ਹੈ। ਉਸ ਨੇ ਹਿੰਦੂਆਂ ਨੂੰ ਹਥਿਆਰ ਚੁੱਕਣ, ਮੁਸਲਮਾਨਾਂ ਨੂੰ ਕਤਲ ਕਰਨ, ਮੁਸਲਮਾਨ ਔਰਤਾਂ ਦੇ ਬਲਾਤਕਾਰ ਕਰਨ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਉਪਰ ਕਬਜ਼ੇ ਕਰਨ ਦਾ ਸ਼ਰੇਆਮ ਸੱਦਾ ਦਿੱਤਾ ਜਿਸ ਦੇ ਵੀਡੀਓ ਸਬੂਤ ਹਨ। ਇਹ ਸ਼ਖ਼ਸ ਸੰਘ ਬ੍ਰਿਗੇਡ ਦੇ ਉਘੇ ਨਫ਼ਰਤੀ ਭਾਸ਼ਣਬਾਜ਼ਾਂ ਵਿਚੋਂ ਸਿਰਕੱਢ ਨਾਮ ਹੈ ਜੋ ਅਕਸਰ ਮੁਸਲਮਾਨਾਂ ਤੇ ਇਸਾਈਆਂ ਵਿਰੁੱਧ ‘ਲਵ ਜਿਹਾਦ`, ‘ਨਾਈ ਜਿਹਾਦ` ‘ਜ਼ਮੀਨ ਜਿਹਾਦ` ਆਦਿ ਝੂਠ ਪ੍ਰਚਾਰ ਕੇ ਵਿਵਾਦਾਂ `ਚ ਘਿਰਿਆ ਰਹਿੰਦਾ ਹੈ। ਇਹ ਚੋਣ ਰੈਲੀਆਂ ਵਿਚ ਮੋਦੀ ਅਤੇ ਹੋਰ ਭਗਵਾ ਆਗੂਆਂ ਦੇ ਨਫ਼ਰਤੀ ਭਾਸ਼ਣਾਂ ਦੀ ਲਗਾਤਾਰਤਾ ਹੈ ਕਿ ਜੇ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਹਿੰਦੂ ਔਰਤਾਂ ਦੇ ਮੰਗਲ-ਸੂਤਰ ਲਾਹ ਲਏ ਜਾਣਗੇ ਅਤੇ ਹਿੰਦੂਆਂ ਦੀਆਂ ਜਾਇਦਾਦਾਂ ਖੋਹ ਕੇ ਮੁਸਲਮਾਨਾਂ `ਚ ਵੰਡ ਦਿੱਤੀਆਂ ਜਾਣਗੀਆਂ।
ਇਹ ਮਿਸਾਲਾਂ ਮੁਲਕ ਵਿਚ ਮੁਸਲਮਾਨਾਂ ਵਿਰੁੱਧ ਲਗਾਤਾਰ ਭੜਕਾਈ ਜਾ ਰਹੀ ਨਫ਼ਰਤ ਦੇ ਵਿਆਪਕ ਵਰਤਾਰੇ ਦੀ ਜਿਹੀ ਝਲਕ ਹਨ। ਸਪਸ਼ਟ ਹੈ ਕਿ ਸੰਘ ਬ੍ਰਿਗੇਡ ਸਿਲਸਿਲੇਵਾਰ ਤਰੀਕੇ ਨਾਲ ਹਰ ਮੌਕੇ ਤੇ ਮੰਚ ਨੂੰ ਫਿਰਕੂ ਪਾਲਾਬੰਦੀ ਲਈ ਵਰਤ ਰਿਹਾ ਹੈ। ਇਸ ਸਾਜ਼ਿਸ਼ ਤੋਂ ਫ਼ਿਕਰਮੰਦ ਕੁਝ ਉਘੀਆਂ ਸ਼ਖ਼ਸੀਅਤਾਂ ਪ੍ਰੋ. ਅਪੂਰਵਾਨੰਦ, ਅਕਾਰ ਪਟੇਲ, ਮਹੂਆ ਮੋਇਤਰਾ, ਤੀਸਤਾ ਸੀਤਲਵਾੜ ਦੀ ਅਗਵਾਈ ਹੇਠਲੀ ਸੰਸਥਾ ‘ਸਿਟੀਜ਼ਨ ਫਾਰ ਜਸਟਿਸ ਐਂਡ ਪੀਸ’, ‘ਐਸੋਸੀਏਸ਼ਨ ਆਫ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ’ ਆਦਿ ਸੰਸਥਾਵਾਂ ਨੇ ਇਸ ਵਰਤਾਰੇ ਵਿਰੁੱਧ ਸੁਪਰੀਮ ਕੋਰਟ ਵਿਚ ਪਟੀਸ਼ਨਾਂ ਦਾਇਰ ਕਰ ਕੇ ਦਖ਼ਲ ਦੇਣ ਅਤੇ ਮੁਸਲਮਾਨਾਂ ਵਿਰੁੱਧ ਜ਼ਹਿਰੀਲੀ ਮੁਹਿੰਮ ਉਪਰ ਰੋਕ ਲਾਉਣ ਦੀ ਮੰਗ ਕੀਤੀ ਹੈ। ਸੁਪਰੀਮ ਕੋਰਟ ਨੇ ਭਾਜਪਾ ਦੀਆਂ ਰਾਜ ਸਰਕਾਰਾਂ ਦੇ ਉਪਰੋਕਤ ਹੁਕਮਾਂ ਉਪਰ ਆਰਜ਼ੀ ਤੌਰ `ਤੇ ਰੋਕ ਜ਼ਰੂਰ ਲਾ ਦਿੱਤੀ ਹੈ ਪਰ ਅਦਾਲਤ ਦੀ ਦਖ਼ਲਅੰਦਾਜ਼ੀ ਸਮੁੱਚੇ ਰੂਪ `ਚ ਨਫ਼ਰਤੀ ਮੁਹਿੰਮ ਨੂੰ ਰੋਕਣ ਲਈ ਵਿਹਾਰਕ ਤੌਰ `ਤੇ ਕਿੰਨੀ ਕੁ ਅਸਰਦਾਰ ਸਾਬਤ ਹੁੰਦੀ ਹੈ, ਹੁੰਦੀ ਵੀ ਹੈ ਜਾਂ ਨਹੀਂ, ਤੇ 5 ਅਗਸਤ ਨੂੰ ਸੁਪਰੀਮ ਕੋਰਟ ਕੀ ਅੰਤਿਮ ਆਦੇਸ਼ ਦਿੰਦੀ ਹੈ, ਇਹ ਆਉਣ ਵਾਲੇ ਦਿਨਾਂ `ਚ ਸਾਹਮਣੇ ਆਵੇਗਾ।
ਇਨਸਾਫ਼ਪਸੰਦ ਲੋਕ ਪੱਖੀ ਤਾਕਤਾਂ ਨੂੰ ਅਦਾਲਤੀ ਦਖ਼ਲਅੰਦਾਜ਼ੀ ਵੱਲ ਦੇਖਣ ਦੀ ਬਜਾਇ ਆਪਣੀ ਪੂਰੀ ਤਾਕਤ ਇਸ ਨਫ਼ਰਤੀ ਮੁਹਿੰਮ ਨੂੰ ਰੋਕਣ ਲਈ ਵਿਆਪਕ ਲੋਕ ਰਾਇ ਉਸਾਰਨ ਅਤੇ ਇਸ ਦਾ ਮੁਕਾਬਲਾ ਸੜਕਾਂ ਉਪਰ ਆ ਕੇ ਕਰਨ ਉਪਰ ਲਗਾਉਣੀ ਚਾਹੀਦਾ ਹੈ।