ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿਚਾਲੇ ਛਿੜਿਆ ਅੰਦਰੂਨੀ ਕਲੇਸ਼ ਹੋਰ ਉਲਝ ਰਿਹਾ ਹੈ। ਅਕਾਲੀ ਦਲ ਵਿਚ ਹੋ ਰਹੀ ਤਾਜ਼ਾ ਹਿੱਲਜੁਲ ਸਾਫ ਇਸ਼ਾਰਾ ਕਰ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਦੀ ਕੁਰਸੀ ਛੱਡਣ ਦੇ ਬਿਲਕੁਲ ਮੂਡ ਵਿਚ ਨਹੀਂ ਹਨ।
ਸੁਖਬੀਰ ਧੜੇ ਨੇ ਤਾਜ਼ਾ ਫੈਸਲਾ ਲੈਂਦੇ ਹੋਏ ਪਾਰਟੀ ਦੀ ਕੋਰ ਕਮੇਟੀ ਭੰਗ ਕਰ ਦਿੱਤੀ ਹੈ। ਪਾਰਟੀ ਪ੍ਰਧਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਤੋਂ ਪਹਿਲਾਂ ਕੋਰ ਕਮੇਟੀ ਭੰਗ ਕੀਤੀ ਹੈ ਹਾਲਾਂਕਿ ਪਾਰਟੀ ਦੀ ਵਰਕਿੰਗ ਕਮੇਟੀ ਨੇ ਪਿਛਲੇ ਦਿਨੀਂ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰਨ ਦੇ ਅਧਿਕਾਰ ਦੇ ਦਿੱਤੇ ਸਨ। ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਹਿਲੇ ਗੇੜ ਵਿਚ ਪਾਰਟੀ ਦੀ ਮੌਜੂਦਾ ਕੋਰ ਕਮੇਟੀ ਨੂੰ ਭੰਗ ਕੀਤਾ ਗਿਆ ਹੈ। ਉਧਰ, ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਤਿਆਗ ਦੀ ਭਾਵਨਾ ਦਿਖਾਉਣ ਦੀ ਥਾਂ ਕੋਰ ਕਮੇਟੀ ਭੰਗ ਕਰ ਕੇ ਇਕ ਹੋਰ ਤਾਨਾਸ਼ਾਹੀ ਫੁਰਮਾਨ ਸੁਣਾ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਇਹ ਹੁੰਦਾ ਆਇਆ ਹੈ ਕਿ ਜਦੋਂ ਸਾਰਾ ਢਾਂਚਾ ਭੰਗ ਕੀਤਾ ਜਾਂਦਾ ਹੈ ਤਾਂ ਹੀ ਕੋਰ ਕਮੇਟੀ ਭੰਗ ਕੀਤੀ ਜਾਂਦੀ ਹੈ ਪਰ ਹੁਣ ਨਵੀਂ ਰੀਤ ਹੀ ਪਾ ਦਿੱਤੀ ਕਿ ਗਈ ਕਿ ਸਿਰਫ ਕੋਰ ਕਮੇਟੀ ਭੰਗ ਕੀਤੀ ਗਈ। ਕੋਰ ਕਮੇਟੀ ਦੇ ਜ਼ਿਆਦਾਤਰ ਮੈਂਬਰਾਂ ਵੱਲੋਂ ਵਰਤਮਾਨ ਸਮੇਂ ਪੈਦਾ ਹੋਏ ਹਲਾਤਾਂ ਦੇ ਮੁਤਾਬਕ ਤਬਦੀਲੀ ਦੀ ਮੰਗ ਕੀਤੀ ਜਾ ਰਹੀ ਸੀ। ਸੁਖਬੀਰ ਬਾਦਲ ਨੇ ਲੋਕਾਂ ਦੀਆਂ ਅਤੇ ਪਾਰਟੀ ਦੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਝੂੰਦਾਂ ਕਮੇਟੀ ਦੀਆਂ ਰਿਪੋਰਟਾਂ ਨੂੰ ਤਾਂ ਕੀ ਲਾਗੂ ਕਰਨਾ ਸੀ ਸਗੋਂ ਪਾਰਟੀ ਦੀ ਮਜ਼ਬੂਤੀ ਲਈ ਤਬਦੀਲੀ ਦੀ ਮੰਗ ਕਰਨ ਵਾਲੇ ਆਗੂਆਂ ਨੂੰ ਟੇਢੇ ਢੰਗ ਨਾਲ ਸਾਈਡ ਲਾਈਨ ਕਰਨ ਲਈ ਨਾਦਰਸ਼ਾਹੀ ਫਰਮਾਨ ਸੁਣਾ ਦਿੱਤਾ।