ਯੋਗ ਅਤੇ ਵਪਾਰ

ਖਵਾਜਾ ਅਹਿਮਦ ਅੱਬਾਸ
ਅੱਜ ਯੋਗ ਦੇ ਨਾਂ ‘ਤੇ ਸੰਸਾਰ ਭਰ ਵਿਚ ਬੜਾ ਕੁਝ ਪਰੋਸਿਆ ਜਾ ਰਿਹਾ ਹੈ। ਉਘੇ ਫਿਲਮਸਾਜ਼ ਖਵਾਜਾ ਅਹਿਮਦ ਅੱਬਾਸ ਨੇ ਕਈ ਦਹਾਕੇ ਪਹਿਲਾਂ ਲਿਖੇ ਆਪਣੇ ਇਸ ਲੇਖ ਵਿਚ ਯੋਗ ਅਤੇ ਵਪਾਰ ਦੀ ਜੁਗਲਬੰਦੀ ਦੀ ਗੱਲਬਾਤ ਕੀਤੀ ਹੈ ਜੋ ਬਹੁਤ ਦਿਲਚਸਪ ਅਤੇ ਨਿਵੇਕਲੀ ਹੈ।

39 ਵਰ੍ਹੇ ਪਹਿਲਾਂ ਮੈਂ ਮੱਧ ਪੂਰਬ ਵੱਲੋਂ ਦੀ ਅਮਰੀਕਾ ਗਿਆ ਸੀ, ਇਸ ਲਈ ਮੈਂ ਨਿਊਯਾਰਕ ਤੋਂ ਪਹਿਲਾਂ ਲੌਸ ਏਂਜਲਸ ਵੇਖ ਲਿਆ ਸੀ। ਮੈਂ ਹਾਲੀਵੁਡ ਦੇ ਸਵਾਮੀਆਂ ਬਾਰੇ ਵੀ ਬੜਾ ਕੁਝ ਸੁਣ ਰੱਖਿਆ ਸੀ। ਚਾਹੁੰਦਾ ਸੀ ਉਨ੍ਹਾਂ ਦੇ ਆਸ਼ਰਮਾਂ ਦੇ ਦਰਸ਼ਨ ਕਰਾਂ।
ਅਸਲ ਵਿਚ ਇਹ ਬਾਹਰੋਂ ਮਸੀਤ ਜਿਹਾ ਨਜ਼ਰ ਆ ਰਿਹਾ ਸੀ। ਤਾਜ ਮਹਿਲ ਦੀ ਨਕਲ ਜਿਹੀ ਸੀ। ਮਹਿਰਾਬੀ ਦਰਵਾਜ਼ੇ ਬਾਰੀਆਂ ਅਰਬੀ ਤਰਜ਼ ਦੇ ਸਨ। ਜਾਲੀਆਂ ਪਰਦੇ ਤਾਜ ਮਹਿਲ ਦਾ ਚਰਬਾ ਸਨ। ਅੰਦਰਲੇ ਹਾਲ ਵਿਚ ਲਮਕਦਾ ਚੀਨੀ ਫਾਨੂਸ ਧੁੱਪ-ਛਾਂ ਜਿਹੀ ਰੋਸ਼ਨੀ ਦੇ ਰਿਹਾ ਸੀ, ਦਿਨ ਢਲਦੇ ਦੀ ਲਖਾਇਕ ਮਨੋਵਿਗਿਆਨਕ ਰੋਸ਼ਨੀ । ਕੰਧਾਂ ‘ਤੇ ਹਿਮਾਲਾ ਦੇ ਯੋਗੀਆ ਦੇ ਚਿੱਤਰ ਲੱਗੇ ਹੋਏ ਸਨ। ਨਿਰੋਲ ਦੇਸੀ ਮਾਹੌਲ, ਵਾਹੀਯਾਤ ਸਜਾਵਟ ਸਹਿਤ।
ਗ਼ੈਰ-ਅਨੁਕੂਲ ਤਰਤੀਬ ਤੋਂ ਉਨ੍ਹਾਂ ਲੋਕਾਂ ਨੂੰ ਕੀ ਫ਼ਰਕ ਪੈਂਦਾ ਸੀ ਜਿਹੜੇ ਦੇਸੀਪੁਣੇ ਦੇ ਇਕ ਅੰਗ ਨੂੰ ਦੂਜੇ ਅੰਗ ਤੋਂ ਵੱਖ ਕਰ ਕੇ ਵੇਖਣ ਯੋਗ ਹੀ ਨਹੀਂ ਸਨ। ਹਾਲੀਵੁੱਡ ਦੀਆਂ ਉਨ੍ਹਾਂ ਮਾਣ-ਮੱਤੀਆਂ ਹਸਤੀਆਂ ਨੂੰ ਵੀ ਕੀ ਫਰਕ ਪੈਂਦਾ ਸੀ ਜਿਨ੍ਹਾਂ ਆਪਣੀ ‘ਸਨ ਆਫ਼ ਇੰਡੀਆ’ ਨਾਮੀ ਫ਼ਿਲਮ ਵਿਚ ਹੀਰੋ ਅਬਦੁਲ ਕਰੀਮ ਨੂੰ ਇਕ ਉੱਚੀ ਜਾਤ ਦੇ ਹਿੰਦੂ ਬਾਪ ਦੀ ਔਲਾਦ ਬਣਾ ਕੇ ਪੇਸ਼ ਕੀਤਾ ਸੀ।
ਕਾਰਵਾਈ ਆਰੰਭ ਹੋਈ ਤਾਂ ਕੋਈ ਸੌ ਕੁ ਲੋਕ ਉਥੇ ਮੌਜੂਦ ਸਨ ਪਰ ਕਾਰਾਂ ਅਜੇ ਵੀ ਆ ਰਹੀਆਂ ਸਨ, ਹੋਰ ਲੋਕ ਆ ਰਹੇ ਸਨ। ਇਨ੍ਹਾਂ ਵਿਚ ਔਰਤਾਂ ਵੱਡੀ ਗਿਣਤੀ ਵਿਚ ਸਨ। ਜ਼ਿਆਦਾਤਰ ਲੋਕ ਖੁਸ਼ਹਾਲ ਘਰਾਂ ਦੇ ਸਨ। ਸਿਰ ਤੋਂ ਪੈਰ ਤੀਕ ਨੀਲੇ ਬਾਣੇ ਵਿਚ ਵਿਅਕਤੀ ਮੇਰੇ ਕੋਲ ਬੈਠਾ ਸੀ। ਮੈਂ ਮਨ ਵਿਚ ਸੋਚਿਆ ਇਹ ਬੰਦਾ ਸੱਚਾ ਅਧਿਆਤਮ ਜਿਗਿਆਸੂ ਹੋਵੇਗਾ। ਜਿੰਨੀ ਸੰਭਵ ਸੀ ਓਨੀ ਅਧੀਨਗੀ ਨਾਲ ਮੈਂ ਉਸ ਤੋਂ ਪੁੱਛਿਆ, “ਤੁਸੀਂ ਕਿੱਥੋਂ ਪਧਾਰੇ ਹੋ ?” “ਇਹ ਸਵਾਮੀ ਵਧੀਆ ਬੋਲਦਾ ਹੈ। ਇਥੋਂ ਦਾ ਸੰਗੀਤ ਵੀ ਵਧੀਆ ਹੈ। ਫਿਲਮਾਂ ਵੀ ਹਨ, ਸਵਰਗ ਜਾਣ ਦਾ ਮੌਕਾ ਵੀ ਹੈ। ਅਤੇ ਇਹ ਸਾਰਾ ਕੁਝ ਮੁਫ਼ਤ ਹੈ। ਅਮਰੀਕਾ ਵਿਚ ਅਜਿਹਾ ਮੁਫ਼ਤ ਮਨੋਰੰਜਨ ਕਿੱਥੇ ਮਿਲ ਸਕਦਾ ਹੈ।”
ਸਵਾਮੀ ਜੀ ਦੇ ਪ੍ਰਗਟ ਹੁੰਦਿਆਂ ਹੀ ਕਾਰਵਾਈ ਆਰੰਭ ਹੋ ਗਈ। ਜੇਕਰ ਮੈਂ ਉਸਦੀ ਕਲਪਨਾ ਲੰਮੀ ਦਾੜ੍ਹੀ ਅਤੇ ਲੰਗੋਟ ਵਾਲੇ ਸਾਧ ਦੇ ਰੂਪ ਵਿਚ ਕਰ ਲਈ ਹੁੰਦੀ ਤਾਂ ਮੈਂ ਵੱਡੀ ਗਲਤੀ ਕਰ ਗਿਆ ਹੁੰਦਾ। ਹਵਾ ਵਿਚ ਲਹਿਰਾਉਂਦੇ ਰੇਸ਼ਮੀ ਕੱਪੜਿਆਂ ਵਿਚ ਉਹ ‘ਸਨ ਆਫ਼ ਇੰਡੀਆ’ ਦਾ ਰੈਮਨ ਨੋਵਾਰੋ ਜਾਂ ਚਪੜ-ਚਪੜ ਕਰਦਾ ਗੋਗੀਆ ਪਾਸ਼ਾ ਵਿਖਾਈ ਦੇ ਰਿਹਾ ਸੀ। ਦਿਲਰੁਬਾ ਵਾਜੇ ਦੀ ਧੁਨ ਵੱਜੀ। ਫਿਰ ਇਕ ਔਰਤ ਮੰਚ ‘ਤੇ ਪ੍ਰਗਟ ਹੋਈ ਅਤੇ ਭਾਰਤ ਵਿਚ ਪ੍ਰਾਪਤ ਅਨੁਭਵਾਂ ਬਾਰੇ ਦੱਸਣ ਲੱਗੀ, “ਇਸ਼ਕ ਅਤੇ ਸੂਫੀਮਤ ਦੀ ਉਹ ਸ਼ਾਨਦਾਰ ਧਰਤੀ, ਕੰਚਨਜੰਗਾ ਦੇ ਅਸਮਾਨ ‘ਤੇ ਡੁੱਬਦੇ ਸੂਰਜ ਦਾ ਅਲੌਕਿਕ ਸੁਹੱਪਣ, ਪਿਆਰ ਦੀ ਅਮਰ ਨਿਸ਼ਾਨੀ ਤਾਜ ਮਹਿਲ ਦੀ ਭਵਨ ਨਿਰਮਾਣ ਕਲਾ, ਅਮਰਨਾਥ ਦੀਆਂ ਗੁਫ਼ਾਵਾਂ ਵਿਚ ਸਾਧਨਾ ਕਰਦੇ ਮਹਾਨ ਸੰਤਾਂ ਅਤੇ ਰਿਸ਼ੀਆਂ ਦਾ ਕਾਲਜੇ ਠੰਢ ਪਾਉਂਦਾ ਗਿਆਨ, ਭਾਰਤੀ ਕਿਸਾਨਾਂ ਦੀ ਸਾਦੀ ਪਰ ਰੱਜੀ- ਪੁੱਜੀ ਜ਼ਿੰਦਗੀ…।” ਬੇਸ਼ੱਕ ਸਾਦੀ ਅਤੇ ਰੱਜੀ-ਪੁੱਜੀ। ਮੈਨੂੰ ਯਾਦ ਆ ਗਏ ਗਰੀਬੀ ਵਿਚ ਖੁਭੇ ਪਿੰਡ, ਅਕਾਲ, ਮਹਾਂਮਾਰੀਆਂ, ਸੋਕਾ, ਹੜ੍ਹ, ਆਮ ਸ਼ੋਸ਼ਿਤ ਆਦਮੀ ਅਤੋ ਪੂੰਜੀਪਤੀ, ਝੁੱਗੀਆਂ ਝੌਂਪੜੀਆਂ ਦਾ ਪ੍ਰਦੂਸ਼ਣ। ਉਹ ਲੱਖਾਂ ਦੇਸ਼ਵਾਸੀ ਯਾਦ ਆਏ, ਜਿਨ੍ਹਾਂ ਨੂੰ ਇਕ ਡੰਗ ਦੀ ਰੋਟੀ ਹੀ ਨਸੀਬ ਹੁੰਦੀ ਸੀ। ਪਰ ਇਸ ਨਾਲ ਕੀ ਫ਼ਰਕ ਪੈਂਦਾ ਸੀ ਜੇ ਕਿਸੇ ਆਰਾਮਦੇਹ ਹਵਾਈ ਜਹਾਜ਼ ਦੇ ਪਹਿਲੇ ਦਰਜੇ ਦੇ ਡੱਬੇ ਵਿਚੋਂ ਉਤਰ ਕੇ ਧਰਤੀ ‘ਤੇ ਪੈਰ ਪਾਉਣ ਵਾਲੀ ਇਹ ਮਹਿਲਾ ਤਸਦੀਕ ਕਰ ਰਹੀ ਸੀ ਕਿ ਭਾਰਤੀ ਲੋਕਾਂ ਦੀ ਜ਼ਿੰਦਗੀ ਸਾਦੀ ਅਤੇ ਰੱਜੀ-ਪੁੱਜੀ ਸੀ। ਮੈਂ ਹੈਰਾਨ ਸੀ ਕਿ ਕੈਥਰੀਨ ਮੇਓ ਦੀ ਭੈੜੀ ਨਿੰਦਿਆ ਬਿਹਤਰ ਸੀ ਜਾਂ ਇਸ ਨੇਕਨੀਅਤ ਨਜ਼ਰ ਆ ਰਹੀ ਮਹਿਲਾ ਦੀ ਜੋਸ਼ ਭਰਪੂਰ ਗ਼ਲਤਬਿਆਨੀ ਜਿਸ ਨੇ ਭਾਰਤ ਦੇ ਭੂਗੋਲਿਕ ਸੁਹੱਪਣ ਅਤੇ ਸਾਧੂਆਂ ਦੀ ਅਧਿਆਤਮਿਕ ਮਹਾਨਤਾ ਤੋਂ ਬਿਨਾਂ ਹੋਰ ਕੁਝ ਉਥੇ ਵੇਖਿਆ ਹੀ ਨਹੀਂ ਸੀ।
ਲੌਢੇ ਵੇਲੇ ਆਰਤੀ ਨਾਲ ਕਾਰਵਾਈ ਸਮਾਪਤ ਹੋਈ। ਵਾਰੀ-ਵਾਰੀ ਸਭ ਦੇ ਸਾਹਮਣੇ ਦਾਨ-ਪਾਤਰ ਲਿਆਇਆ ਗਿਆ। ਹੁਣ ਇਸ ਨੀਲੇ ਬਾਣੇ ਵਾਲੇ ਸੱਜਣ ਬਾਰੇ ਤਾਂ ਵੀ ਆਖਾਂ। ਉਹ ਪ੍ਰੋਗਰਾਮ ਦੇ ਆਖਰੀ ਦੋ ਭਾਗ ਵੇਖਣ ਤੋਂ ਵਾਂਝਾ ਰਹਿ ਗਿਆ ਸੀ । ਕਾਰਾਵਾਈ ਸਮਾਪਤ ਹੋਈ ਤਾਂ ਸਵਾਮੀ ਜੀ ਫਿਫਥ ਐਵੇਨਿਊ ਤੋਂ ਸਿਲਵਾਇਆ ਦੁੱਧ ਚਿੱਟਾ ਸੂਟ ਪਾ ਕੇ ਆਪਣੀ ਅਮਰੀਕਨ ਪਤਨੀ ਨਾਲ ਵਿਦਾ ਹੋ ਗਏ।
ਅਮਰੀਕਾ ਵਿਚ ਕਾਫੀ ਵੱਡੇ ਪੱਧਰ ‘ਤੇ ਫੈਲੀ ਯੋਗ ਅਤੇ ਪੂਰਬੀ ਧਰਮਾਂ ਬਾਰੇ ਰੁਚੀ ਉਥੋਂ ਦੀ ਆਤਮਿਕ ਬੇਚੈਨੀ ਦੀ ਹੀ ਲਖਾਇਕ ਸੀ। ਇਹੋ ਬੇਚੈਨੀ ਅੱਜ ਦੇ ਹਿੱਪੀਆਂ ਵਿਚ ਵੇਖੀ ਜਾ ਸਕਦੀ ਹੈ। ਉਨ੍ਹਾਂ ਲਈ ਸਦਾਚਾਰ ਅਤੇ ਕਦਰਾਂ-ਕੀਮਤਾਂ ਤੋਂ ਸੱਖਣੀ ਭੌਤਿਕ ਉੱਨਤੀ ਜਾਂ ਯੁੱਧਾਂ ਦਾ ਕੋਈ ਅਰਥ ਨਹੀਂ ਸੀ। ਲਕਸ਼ਮੀ ਦੀ ਪੂਜਾ ਸਦਾ ਤਾਂ ਨਹੀਂ ਕੀਤੀ ਜਾ ਸਕਦੀ। ਭਾਵੇਂ ਰਾਤੋ-ਰਾਤ ਅਮੀਰ ਹੋਣ ਦਾ ਸੁਪਨਾ ਵੇਖ ਰਹੇ ਪੂੰਜੀ ਨਿਵੇਸ਼ਕ ਸਟਾਕ ਐਕਸਚੇਂਜ ਵਿਚ ਢੇਰਾਂ ਦੇ ਢੇਰ ਡਾਲਰ ਕਮਾ ਰਹੇ ਸਨ ਪਰ ਉਨ੍ਹਾਂ ਦੀਆਂ ਪਤਨੀਆਂ ਜਿਊਣ ਦਾ ਚਾਅ ਗੁਆ ਚੁੱਕੀਆਂ ਸਨ। ਉਨ੍ਹਾਂ ਨੂੰ ਸਿੱਖਿਆ ਅਤੇ ਸਭਿਆਚਾਰ ਦੇ ਫਾਇਦਿਆਂ ਤੋਂ ਵਾਂਝਿਆਂ ਰੱਖ ਕੇ ਘਰਾਂ ਅੰਦਰ ਨਿਠੱਲੀ ਜ਼ਿੰਦਗੀ ਜੀਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਸਿੱਖਿਆ ਪ੍ਰਾਪਤ ਹੋ ਗਈ ਹੁੰਦੀ ਤਾਂ ਉਹ ਬਿਹਤਰ ਢੰਗ ਨਾਲ ਜ਼ਿੰਦਗੀ ਬਿਤਾ ਰਹੀਆਂ ਹੁੰਦੀਆਂ। ਪਤਨੀਆਂ ਬਦਲਣਾ ਅਤੇ ਕਈ ਪੁਰਖਾਂ ਦਾ ਇਕੋ ਤੀਵੀਂ ਨਾਲ ਵਾਰੀ-ਵਾਰੀ ਸੰਭੋਗ ਬਾਅਦ ਦੀਆਂ ਘਟਨਾਵਾਂ ਹਨ। ਅਮਰੀਕਨ ਔਰਤਾਂ ਹਰ ਤਰ੍ਹਾਂ ਦੇ ਢੋਂਗੀਆਂ, ਮੂਰਖ ਬਣਾਉਣ ਵਾਲਿਆਂ ਦੇ ਜਾਲ ਵਿਚ ਫਸੀ ਜਾ ਰਹੀਆਂ ਹਨ। ਭੇੜਚਾਲ ਵਿਚ ਵੀ ਰਲ ਜਾਂਦੀਆਂ ਹਨ। ਉਹ ਕਿਸੇ ਪ੍ਰਕਾਰ ਦੇ ਅਨੋਖੇ ਸੰਪ੍ਰਦਾਇ ਅਤੇ ਅਦਭੁਤ ਲਹਿਰ ਤੇ ਪੈਸੇ ਲੁਟਾ ਦਿੰਦੀਆਂ ਹਨ। ਕਈ ਵਾਰੀ ਤਾਂ ਉਹ ਉਹੋ ਪੂਰਬੀ ਸੰਸਕ੍ਰਿਤੀ ਅਪਣਾ ਲੈਂਦੀਆਂ ਹਨ ਜਿਸ ਬਾਰੇ ਉਹ ਪਹਿਲੀ ਵਾਰੀ ਸੁਣਦੀਆਂ ਹਨ ਉਹ ਹਿੰਦੂ ਧਰਮ ਹੋਵੇ ਜਾਂ ਸਿੱਖ ਧਰਮ। ਉਨ੍ਹਾਂ ਦੀ ਨਜ਼ਰ ਵਿਚ ਇਹ ਆਤਮਿਕ ਉੱਨਤੀ ਦਾ ਸਾਧਨ ਹੀ ਨਹੀਂ, ਇਸਦੇ ਨਾਲ ਉਹ ਜਲਵੇ, ਉਹ ਅਨੋਖੀਆਂ ਚੀਜ਼ਾਂ ਵੀ ਜੁੜੀਆ ਹਨ ਜਿਹੜੀਆਂ ਉਨ੍ਹਾਂ ਜ਼ਿਹਨੀ ਤੌਰ ‘ਤੇ ਪੂਰਬ ਨਾਲ ਜੋੜ ਰੱਖੀਆਂ ਹਨ। ਯੋਗ, ਹਿੰਦੂ ਧਰਮ ਜਾਂ ਇਸਲਾਮ ਵੱਲ ਰੁਚਿਤ ਇਨ੍ਹਾਂ ਔਰਤਾਂ ਅੰਦਰ ਧਰਮ ਪ੍ਰਤੀ ਉਹ ਜੋਸ਼ ਨਹੀਂ ਹੁੰਦਾ ਜਿਹੜਾ ਇਨ੍ਹਾਂ ਧਰਮਾਂ ਦੇ ਅਨੁਯਾਈਆਂ ਅੰਦਰ ਹੁੰਦਾ ਹੈ। ਵਧੇਰੇ ਕਰ ਕੇ ਇਹ ਇਕ ਮਨੋਵਿਗਿਆਨਕ ਕਾਰਜ ਜਾਂ ਮਨੋਵਿਗਿਆਨਕ ਘਟਨਾ ਹੁੰਦੀ ਹੈ।
ਅਗਲੀ ਵਾਰੀ 1944 ਵਿਚ ਸਾਂਤਾ ਬਰਬਰਾ ਫਿਲਮ ਫੈਸਟੀਵਲ ਦੇ ਸਬੰਧ ਵਿਚ ਮੇਰਾ ਅਮਰੀਕਾ ਜਾਣ ਹੋਇਆ। ਮੈਂ ਲੌਸ ਏਂਜਲਸ ਅੱਪੜ ਕੇ ਹਵਾਈ ਜਹਾਜ਼ ਤੋਂ ਉਤਰ ਗਿਆ ਸੀ। ਉਥੋਂ ਮੈਨੂੰ ਫੈਸਟੀਵਲ ਡਾਇਰੈਕਟਰ ਦੀ ਪਤਨੀ ਆਪਣੀ ਕਾਰ ਵਿਚ ਸਾਂਤਾ ਬਰਬਰਾ ਲੈ ਗਈ। ਸਾਰੇ ਰਾਹ ਉਹ ਭਾਰਤ ਅਤੇ ‘ਮਹਾਨ ਇਸਤਰੀ’ ਬਾਰੇ ਗੱਲਾਂ ਕਰਦੀ ਰਹੀ (ਕੀ ਉਹ ਸੱਚੀ ਮਿਸਟਰ ਗਾਂਧੀ ਦੀ ਪਤਨੀ ਹੈ ?)। ਲੌਸ ਏਂਜਲਸ ਦੇ ਬਾਹਰਵਾਰ ਦੇ ਘਰੀਂ ਮੁੜ ਰਹੇ ਲੋਕਾਂ ਦੀ ਭੀੜ ਵਿਚ ਉਹ ਆਸਾਨੀ ਨਾਲ ਕਾਰ ਚਲਾ ਰਹੀ ਸੀ। ਕਈ ਵਾਰੀ ਤਾਂ ਮੈਂ ਡਰਿਆ ਵੀ, ਬਸ ਮਰੇ ਕਿ ਮਰੇ। ਪਰ ਮੈਂ ਉਸਨੂੰ ਇਹ ਨਹੀਂ ਵਿਖਾਉਣਾ ਚਾਹੁੰਦਾ ਸੀ ਕਿ ਭਾਰਤੀ ਕਾਰ ਦੀ ਤੇਜ਼ ਰਫ਼ਤਾਰੀ ਤੋਂ ਵੀ ਡਰ ਜਾਂਦਾ ਹੈ।
ਭਾਰਤ ਅਤੇ ਭਾਰਤ ਦੇ ਸਵਾਮੀਆਂ-ਗੁਰੂਆਂ ਬਾਰੇ ਇਸ ਭਲੀ ਔਰਤ ਦੀ ਡੂੰਘੀ ਰੁਚੀ ਸੀ। ਕੀ ਮੈਂ ਉਸਨੂੰ ਲੌਸ ਏਂਜਲਸ ਦੇ ਅਸਲੀ ਗੁਰੂ ਦਾ ਨਾਂਅ ਸੁਝਾ ਦੇਵਾਂ ? ਉਹ ਮਨੋਵਿਗਿਆਨਕ ਡਾਕਟਰਾਂ ਕੋਲ ਜਾ ਕੇ ਹਜ਼ਾਰਾਂ ਡਾਲਰ ਖਰਚ ਰਹੀ ਸੀ ਪਰ ਉਸਨੂੰ ਉਹ ਸ਼ਾਂਤੀ ਮਿਲ ਰਹੀ ਸੀ, ਜਿਹੜੀ ਉਹ ਭਾਲਦੀ ਸੀ। “ਇਹ ਲੋਕ ਮੇਰੇ ਕੰਮ ਵਿਚ ਰੁਕਾਵਟ ਪਾ ਰਹੇ ਹਨ। ਜੇ ਮੈਨੂੰ ਚੰਗਾ ਗੁਰੂ ਨਾ ਮਿਲਿਆ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਣੀ ਹੈ।”
“ਕੀ ਕੰਮ ਕਰਦੇ ਹੋ ਤੁਸੀਂ?”
“ਓਹ! ਮੇਰਾ ਖ਼ਿਆਲ ਸੀ ਹੁਣ ਤਕ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣੈ। ਮੈਂ ਹਾਲੀਵੁੱਡ ਦੀ ਅਦਾਕਾਰਾ ਹਾਂ।”
ਉਸ ਨੇ ਆਪਣਾ ਫ਼ਿਲਮੀ ਨਾਂ ਦੱਸਿਆ ਤਾਂ ਮੈਨੂੰ ਧੁੰਦਲਾ ਜਿਹਾ ਖ਼ਿਆਲ ਆਇਆ ਕਿ ਇਸ ਘੱਟ ਜਾਣੀ-ਪਛਾਣੀ ਅਦਾਕਾਰਾ ਦੀ ਅਦਾਕਾਰੀ ਮੈਂ ਵੇਖੀ ਸੀ। ਉਸ ਦੀ ਅਦਾਕਾਰੀ ਵਿਚ ਨਾਟਕੀ ਤੱਤਵ ਦੀ ਘਾਟ ਸੀ ਪਰ ਅਦਾਕਾਰੀ ਉਸ ਦੇ ਉੱਜਲ ਭਵਿੱਖ ਦੀ ਲਖਾਇਕ ਸੀ।
ਉਸ ਨੇ ਮੈਨੂੰ ਸਮੇਂ ਸਿਰ ਸਾਂਤਾ ਬਰਬਰਾ ਪੁਚਾ ਕੇ ਹੋਟਲ ਵਿਚ ਠਹਿਰਾ ਦਿੱਤਾ। ਉਸੇ ਹੋਟਲ ਵਿਚ ਭਾਰਤ ਸਰਕਾਰ ਦੇ ਲੋਕ ਸੰਪਰਕ ਵਿਭਾਗ ਦਾ ਅਫ਼ਸਰ ਡੀ.ਪੀ. ਧਰ ਵੀ ਠਹਿਰਿਆ ਹੋਇਆ ਸੀ। ਇਥੇ ਰਾਜ ਕਪੂਰ ਨੇ ਹੋਨੋਲੂਲੂ ਤੋਂ ਮੇਰੇ ਨਾਲ ਫ਼ੋਨ ‘ਤੇ ਗੱਲ ਕੀਤੀ ਸੀ। ਉਹ ਉਥੇ ਮਿਸਟਰ ਪੰਛੀ ਦੀ ‘ਅਰਾਉਂਡ ਦੀ ਵਰਲਡ ਇਨ ਏਟ ਡਾਲਰਜ਼’ ਦੀ ਸ਼ੂਟਿੰਗ ਕਰ ਰਿਹਾ ਸੀ।
ਫੈਸਟੀਵਲ ਡਾਇਰੈਕਟਰ ਨਾਲ ਮੁਲਾਕਾਤ ਹੋਈ ਤਾਂ ਮੈਂ ਉਸ ਦਾ ਧੰਨਵਾਦ ਕੀਤਾ ਕਿ ਤੁਹਾਡੀ ਪਤਨੀ ਤੇਜ਼ ਰਫ਼ਤਾਰੀ ਨਾਲ ਕਾਰ ਚਲਾ ਕੇ ਸਾਂਤਾ ਬਰਬਰਾ ਲੈ ਆਈ। ਸੁਣ ਕੇ ਉਸ ਨੂੰ ਕੋਈ ਬਹੁਤੀ ਖੁਸ਼ੀ ਨਹੀਂ ਹੋਈ। ਉਸ ਨੇ ਮੱਥੇ ‘ਤੇ ਹੱਥ ਮਾਰ ਕੇ ਆਖਿਆ, “ਉਸ ਨੇ ਬਹੁਤੇ ਦਿਨ ਮੇਰੀ ਪਤਨੀ ਨਹੀਂ ਰਹਿਣਾ। ਖ਼ਿਆਲ ਹੈ ਫੈਸਟੀਵਲ ਸਮਾਪਤ ਹੋਣ ਤਕ ਅਸੀਂ ਵੱਖ ਹੋ ਜਾਵਾਂਗੇ।”
ਮੈਂ ਆਖਿਆ, “ਮੈਂ ਤਾਂ ਤੁਹਾਨੂੰ ਕੇਵਲ ਉਸਦੀ ਖ਼ਤਰਨਾਕ ਡਰਾਈਵਿੰਗ ਬਾਰੇ ਸਾਵਧਾਨ ਕਰ ਰਿਹਾ ਸੀ।” ਉਸ ਨੇ ਮੋਢੇ ਝਟਕ ਦਿੱਤੇ। ਇਸ ਵਾਰੀ ਦੋ ਜਿਊਰੀਆਂ ਸਨ। ਆਪਣੀ ਫਿਲਮ ‘ਹਮਾਰਾ ਘਰ’ ਮੈਂ ਆਪਣੇ ਨਾਲ ਲੈ ਗਿਆ ਸੀ। ਅਮਰੀਕੀ ਬੱਚਿਆਂ ਨੇ ਇਸ ਦੀ ਖੂਬ ਤਾਰੀਫ਼ ਕੀਤੀ। ਦੋ ਵਿਚੋਂ ਇਕ ਜਿਊਰੀ ਕੇਵਲ ਬਾਲਾਂ ‘ਤੇ ਆਧਾਰਿਤ ਸੀ। ਕਿਸੇ ਸੰਘੀ ਸਮਾਜ ਸੇਵਕ ਨੇ ਫ਼ਿਲਮ ਵਾਲਟਸ ਲਿਜਾ ਕੇ ਬਾਲਾਂ ਤੇ ਵੱਡਿਆਂ ਨੂੰ ਇਕੱਠੇ ਬਿਠਾ ਕੇ ਦਿਖਾਉਣ ਦੀ ਆਗਿਆ ਮੰਗੀ। ਵਾਲਟਸ ਦੇ ਫਸਾਦਾਂ ਮਗਰੋਂ ਉਹ ਉਥੇ ਹੀ ਰਿਹਾ ਸੀ। ਉਥੇ ਵਾਲੇ ਗੋਰੇ ਬਾਲਾਂ ਦੇ ਮਿਸ਼ਰਿਤ ਸਮੂਹ ਨੂੰ ਫ਼ਿਲਮ ਵਿਖਾਈ ਗਈ । ਬਾਅਦ ਵਿਚ ਇਹੋ ਬੱਚੇ ਉਥੇ ਬਣ ਰਹੀ ਅਜਿਹੀ ਹੀ ਇਕ ਫ਼ਿਲਮ ਵਿਚ ਸ਼ਾਮਿਲ ਕਰ ਲਏ ਗਏ ਸਨ। ਮੇਰੀ ਜਾਚੇ ਸ਼ੋਅ ਬਹੁਤ ਕਾਮਯਾਬ ਰਿਹਾ ਸੀ। ਫੈਸਟੀਵਲ ਵਿਚ ਇਸ ਨੂੰ ਦੂਜਾ ਇਨਾਮ ਮਿਲਿਆ ਸੀ ਪਰ ਇਹ ਸ਼ੋਅ ਉਸ ਤੋਂ ਵੱਡਾ ਇਨਾਮ ਸੀ।
ਸਾਂਤਾ ਬਰਬਰਾ ਵਿਚ ਮੇਰੀ ਕਈ ਭਾਰਤੀ ਵਸਨੀਕਾਂ ਨਾਲ ਮੁਲਾਕਾਤ ਹੋਈ। ਸਾਰੇ ਅੜੀ ਕਰ ਰਹੇ ਸਨ ਕਿ ਮੈਂ ਦੁਪਹਿਰ ਜਾਂ ਸ਼ਾਮ ਦਾ ਖਾਣਾ ਉਨ੍ਹਾਂ ਦੇ ਘਰ ਖਾਵਾਂ। ਅਜਿਹੇ ਹੀ ਇਕ ਇਕੱਠ ਵਿਚ ਮੇਰੀ ਮੁਲਾਕਾਤ ਯੋਗ ਦੇ ਇਕ ਮਾਹਿਰ ਨਾਲ ਹੋਈ ਸੀ। ਘੱਟੋ-ਘੱਟ ਇਕ ਬੰਦਾ ਤਾਂ ਅਜਿਹਾ ਮਿਲਿਆ ਸੀ। ਜਿਹੜਾ ਇਹ ਸਮਝਦਾ ਸੀ ਕਿ ਯੋਗ ਨੂੰ ਫੋਰਡ ਮੋਟਰਕਾਰਾਂ ਜਾਂ ਰਾਕਫੀਲਰ ਦੇ ਤੇਲ ਵਾਂਗ ਵੱਡੇ ਵਪਾਰ ਦਾ ਸਾਧਨ ਬਣਾਇਆ ਜਾ ਸਕਦਾ ਸੀ। ਉਹ ਲੌਸ ਏਂਜਲਸ ਦੇ ਬਾਹਰਵਾਰ ਵੱਡੇ ਪਲਾਟ ‘ਤੇ ਰਹਿੰਦਾ ਸੀ। ਉਹ ਹੋਟਲ ਦਾ ਮਾਲਿਕ ਵੀ ਸੀ, ਸਰੀਰਕ ਸੁਚੱਜਕਾਰ ਵੀ ਸੀ, ਯੋਗ ਦਾ ਵਿਦਿਆਰਥੀ ਵੀ ਸੀ। ਉਸ ਦੇ ਹੋਟਲ ਦਾ ਮਾਹੌਲ ਬਣਾਉਟੀ ਮਾਹੌਲ ਸੀ। ਬੁੱਧ ਦੀਆਂ ਮੂਰਤੀਆਂ ਸਜਾ ਰੱਖੀਆਂ ਸਨ, ਇਰਾਨੀ ਕਾਲੀਨ ਵਿਛਾ ਰੱਖੇ ਸਨ। ਵਿਸ਼ੇਸ਼ ਖੰਗ ਨਾਲ ਸਿਗਾਰ ਚੱਬਣ ਵਾਲੇ ਉਸ ਅਮਰੀਕੀ ਵਪਾਰੀ ਦਾ ਪੂਰਨ ਵਿਸ਼ਵਾਸ ਸੀ ਕਿ ਅਮਰੀਕਾ ਵਿਚ ਯੋਗ ਦਾ ਭਵਿੱਖ ਬਹੁਤ ਉੱਜਲ ਸੀ।
ਡਾਲਰਾਂ ਦੀ ਧਰਤੀ ਉੱਪਰ ਯੋਗ ਨੂੰ ਹੁਲਾਰਾ ਦੇਣ ਲਈ ਉਸ ਨੇ ਆਪਣੀ ਯੋਜਨਾ ਵਿਸਥਾਰਪੂਰਬਕ ਸਮਝਾਉਂਦਿਆਂ ਆਖਿਆ ਸੀ, “ਯਪ! ਇਸ ਦੇਸ਼ ਵਿਚ ਯੋਗ ਲਈ ਬੜੀਆਂ ਰੋਸ਼ਨ ਸੰਭਾਵਨਾਵਾਂ ਮੌਜੂਦ ਹਨ। ਲੋੜ ਹੈ ਢੰਗ ਨਾਲ ਵਿਉਂਤਬੰਦੀ ਕਰਨ ਦੀ। ਭਾਰਤ ਤੋਂ ਭਰੋਸੇਯੋਗ ਸਵਾਮੀ ਮੈਨੂੰ ਦੇ ਦਿਓ। ਨਾਮਵਰ ਸਵਾਮੀ ਹੋਵੇ। ਫਿਰ ਦੇਖਣਾ ਉਸਦੇ ਨਾਲ ਮੈਂ ਕੀ ਕਰ ਸਕਦਾ ਹਾਂ। ਯੋਗ ਦੇ ਹਵਾਲੇ ਨਾਲ ਜਾਲ ਵਿਛਾਇਆ ਜਾ ਸਕਦਾ ਹੈ। ਆਤਮਿਕ ਉੱਨਤੀ ਅਤੇ ਸਰੀਰਕ ਤੰਦਰੁਸਤੀ ਲਈ ਯੋਗ ਕੇਂਦਰ ਖੋਲ੍ਹੇ ਜਾ ਸਕਦੇ ਹਨ, ਯੋਗ ਦੇ ਰਸਾਲੇ, ਵੈਸ਼ਨੋ ਭੋਜਨ ਲਈ ਯੋਗ ਰੈਸਟੋਰੈਂਟ, ਛੁੱਟੀਆਂ ਵਿਚ ਯੋਗ ਕੈਂਪ… ਸ੍ਰੀਮਾਨ ਜੀ, ਕਰੋੜਾਂ ਦਾ ਵਪਾਰ ਹੈ ਇਹ। ਸ਼ਰਤ ਇਹ ਹੈ ਕਿ ਵਿਉਂਤਬੰਦੀ ਸਹੀ ਢੰਗ ਨਾਲ ਕੀਤੀ ਜਾਵੇ।”
ਕੁਝ ਸਮੇਂ ਬਾਅਦ ਮੈਨੂੰ ਭਾਰਤ ਵਿਚ ਵੀ ਰਸਪੂਤਿਨ ਜਿਹੇ ਚਿਹਰੇ ਵਾਲੇ ਗੁਰੂ ਨੇ ਹੈਰਾਨ ਕਰ ਦਿੱਤਾ ਸੀ। ਉਹ ਕਿਸੇ ਕਾਲਜ ਵਿਚ ਪ੍ਰੋਫੈਸਰ ਰਹਿ ਚੁੱਕਾ ਸੀ, ਇਸ ਲਈ ਆਪਣੇ ਨੂੰ ਆਚਾਰੀਆ ਆਖਦਾ ਸੀ। ਸਾਰੇ ਸ਼ਹਿਰ ਵਿਚ ਥਾਂ-ਥਾਂ ਉਸ ਦੇ ਪੋਸਟਰ ਲੱਗੇ ਹੋਏ ਸਨ। ਅੰਗਰੇਜ਼ੀ ਅਤੇ ਹਿੰਦੀ ਵਿਚ ਲਿਖਿਆ ਪੋਸਟਰ ਬੜਾ ਉਤੇਜਕ ਸੀ- “ਸਮਾਜਵਾਦ ਤੋਂ ਸਾਵਧਾਨ!” ਲੈਨਿਨ ਸਦੀ ਦਾ ਸਾਲ ਸੀ। ਸਿਰਲੇਖ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ। ਉਸ ਦੀ ਸ਼ਕਲ ਵੀ ਜਾਦੂ ਜਿਹਾ ਕਰਦੀ ਜਾਪੀ। ਮੈਂ ਉਸ ਦੇ ਸੰਝਾਂ ਦੇ ਜਲਸੇ ਵਿਚ ਚਲਾ ਗਿਆ। ਚੰਗੀ ਵੱਡੀ ਹਾਜ਼ਿਰੀ ਸੀ। ਪ੍ਰਬੰਧ ਵੀ ਸਲੀਕੇ ਨਾਲ ਕੀਤਾ ਹੋਇਆ ਸੀ। ਪ੍ਰਬੰਧ ਆਧੁਨਿਕ ਤਰੀਕੇ ਨਾਲ ਕੀਤਾ ਗਿਆ ਸੀ। ਮਾਹੌਲ ਅਮਰੀਕਾ ਵਿਚ ਹੋਣ ਵਾਲੇ ਜਲਸੇ ਜਿਹਾ ਸੀ ਜਿਸ ਦਾ ਉਦੇਸ਼ ਇਸੇ ਪੁਰਾਤਨ ਪਰੰਪਰਾ ਨੂੰ ਸੁਰਜੀਤ ਕਰਨਾ ਸੀ। ਸਟਾਲ ਲੱਗੇ ਹੋਏ ਸਨ ਜਿੱਥੇ ਆਚਾਰੀਆ ਦੀਆਂ ਫੋਟੋਆਂ, ਉਸ ਦੀਆਂ
ਲਿਖੀਆਂ ਕਿਤਾਬਾਂ ਅਤੇ ਕਿਤਾਬਚੇ ਵਿਕ ਰਹੇ ਸਨ। ਉਥੇ ਮੈਨੂੰ ਫ਼ਿਲਮ ਜਗਤ ਦੇ ਕੁਝ ਲੋਕ ਵੀ ਵਿਖਾਈ ਦਿੱਤੇ। ਉਨ੍ਹਾਂ ਨੂੰ ਵੇਖ ਕੇ ਮੈਂ ਏਨਾ ਹੈਰਾਨ ਨਹੀਂ ਸੀ ਜਿੰਨਾ ਉਹ ਮੈਨੂੰ ਵੇਖ ਕੇ ਹੈਰਾਨ ਸਨ। ਔਰਤਾਂ ਦੇ ਕੀਰਤਨ ਮਗਰੋਂ ਉਸ ਨੇ ਬੋਲਣਾ ਆਰੰਭ ਕੀਤਾ। ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਬਹੁਤ ਪੜ੍ਹਿਆ-ਲਿਖਿਆ ਆਦਮੀ ਸੀ। ਵਿਦਵਾਨਾਂ ਵਾਂਗ ਭਾਸ਼ਨ ਦੇ ਰਿਹਾ ਸੀ।
ਭਾਸ਼ਨ ਕੀ ਸੀ, ਸੋਵੀਅਤਵਾਦ ਅਤੇ ਆਮ ਫ਼ਿਰਕਾਪ੍ਰਸਤੀ ਵਿਰੁੱਧ ਸ਼ਬਦ-ਜਾਲ ਸੀ। ਖਾਂਦੇ-ਪੀਂਦੇ ਲੋਕਾਂ ਦਾ ਇਕੱਠ ਸੀ, ਇਸ ਲਈ ਦਾਦ ਵੀ ਮਿਲ ਰਹੀ ਸੀ। ਬਾਅਦ ਵਿਚ ਮੈਂ ਪੁੱਛ-ਗਿੱਛ ਕੀਤੀ ਤਾਂ ਪਤਾ ਲੱਗਾ ਕਿ ਆਚਾਰੀਆ ਜੀ ਕਰੋੜਾਂ ਦੇ ਸਜੇ-ਧਜੇ ਫਲੈਟ ਵਿਚ ਰਹਿੰਦੇ ਸਨ (ਇਨਕਮ ਟੈਕਸ ਵਾਲਿਆਂ ਲਈ ਜਾਂਚ ਦਾ ਮਾਮਲਾ), ਵਿਦੇਸ਼ੀ ਕਾਰ ਵਿਚ ਘੁੰਮਦੇ ਸਨ, ਕੇਸਰੀ ਬਾਣਾ ਪਾ ਕੇ ਦਿਲਕਸ਼ ਸੁੰਦਰੀ ਕਾਰ ਚਲਾਉਂਦੀ ਸੀ। ਉਸ ਦੇ ਭਾਸ਼ਨ ਵਿਚ ਕੀਲਣ ਵਾਲਾ ਜਾਦੂ ਸੀ। ਸਮਾਜਵਾਦ ਪ੍ਰਤੀ ਉਸ ਦਾ ਗੁੱਸਾ ਉਸ ਰਸਪੂਤਿਨ ਦੀ ਯਾਦ ਦਿਵਾ ਰਿਹਾ ਸੀ ਜਿਸ ਨੇ ਸੌ ਸਾਲ ਪਹਿਲਾਂ ਅਧਿਆਤਮਿਕਤਾ ਅਤੇ ਰਹੱਸ ਗਿਆਨ ਦੇ ਦਾਅਵੇ ਵੀ ਕੀਤੇ ਸਨ ਅਤੇ ਮਾਰਕਸ ਉੱਪਰ ਇਸੇ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ। ਅਕਸਰ ਅਧਿਆਤਮਿਕ ਵਿਸ਼ਿਆਂ ‘ਤੇ ਉਸਦੇ ਵਿਦਵਤਾਪੂਰਨ ਪ੍ਰਵਚਨਾਂ ਅਤੇ ਸਮਾਜਵਾਦ ਵਿਰੁੱਧ ਉਸ ਦੇ ਤਿੱਖੇ ਬੋਲਾਂ ਤੋਂ ਪ੍ਰਭਾਵਿਤ ਹੋ ਕੇ ਫ਼ਿਲਮ ਜਗਤ ਤੋਂ ਕਈ ਹੋਰ ਲੋਕ ਉਸ ਵੱਲ ਆਕਰਸ਼ਿਤ ਹੋ ਗਏ ਸਨ। ਮੈਂ ਮਹਿਸੂਸ ਕੀਤਾ ਉਹ ਗਲਤ ਦੇਸ਼ ਵਿਚ ਸੀ। ਉਸ ਨੂੰ ਅਮਰੀਕਾ ਵਿਚ ਹੋਣਾ ਚਾਹੀਦਾ ਸੀ। ਅਮਰੀਕਾ ਰਹਿ ਰਿਹਾ ਹੁੰਦਾ ਤਾਂ ਅਮਰੀਕੀ ਚੇਲਿਆਂ ਦਾ ਟੋਲਾ ਲੈ ਕੇ ਆਇਆ ਹੁੰਦਾ। ਮੈਨੂੰ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਜਿਗਿਆਸਾ ਹੋਈ। ਇਥੋਂ ਤਕ ਕਿ ਮੈਂ ਉਸ ਦੀਆਂ ਕੁਝ ਪੁਸਤਕਾਂ ਵੀ ਖਰੀਦ ਲਈਆਂ। ਉਸ ਦੀ ਪੁਸਤਕ ‘ਮੈਡੀਟੇਸ਼ਨ ਐਕਸਪੈਰੀਮੈਂਟ’ ਵਿਚ ਮੈਂ ਜੋ ਪੜ੍ਹਿਆ ਉਹ ਨਿਮਨਲਿਖਿਤ ਹੈ:
ਪਹਿਲਾ ਪੜਾਅ: ਤੇਜ਼-ਤੇਜ਼ ਸਾਹ ਲਵੋ। ਅੱਖਾਂ ਬੰਦ ਕਰ ਕੇ ਆਰਾਮ ਨਾਲ ਖਲੋ ਜਾਵੋ। ਜਿੰਨਾ ਸੰਭਵ ਹੋਵੇ, ਨੱਕ ਰਾਹੀਂ ਸਾਹ ਖਿੱਚੋ। ਦਸ ਮਿੰਟ ਇਸੇ ਤਰ੍ਹਾਂ ਸਾਹ ਲੈਂਦੇ ਰਹੋ…।
ਦੂਜਾ ਪੜਾਅ: ਸਰੀਰ ਅਤੇ ਮਨ ਦੀ ਪ੍ਰਤੀਕ੍ਰਿਆ ਨਾਲ ਸਹਿਯੋਗ ਕਰੋ, ਇਸ ਨੂੰ ਚੱਲਣ ਦੇਵੋ—ਦਸ ਮਿੰਟ।
ਤੇਜ਼-ਤੇਜ਼ ਡੂੰਘਾ ਸਾਹ ਲੈਣਾ ਆਪਣੇ-ਆਪ ਜਾਰੀ ਰਹੇਗਾ। ਇਸ ਦੌਰਾਨ ਸਰੀਰ ਅਤੇ ਦਿਮਾਗ਼ ਵਿਚ ਹਿਲ-ਜੁਲ ਆਰੰਭ ਹੋ ਜਾਵੇਗੀ। ਪ੍ਰਤੀਕਿਰਿਆ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ। ਸਰੀਰ ਨੂੰ ਪੂਰਨਭਾਂਤ ਸਹਿਯੋਗ ਦੇਣਾ ਹੈ। ਹਿਲਜੁਲ ਕਈ ਪ੍ਰਕਾਰ ਦੇ ਰੂਪ ਧਾਰਨ ਕਰੇਗੀ। ਰੂਪਾਂ ਨੂੰ ਦਬਾਉਣਾ ਨਹੀਂ। ਜੋ ਹੋ ਰਿਹਾ ਹੈ, ਉਸ ਨੂੰ ਹੁੰਦੇ ਰਹਿਣ ਦੇਣਾ ਹੈ। ਛਾਲਾਂ ਮਾਰੋ, ਨੱਚੋ, ਰੋਵੋ, ਚੀਕਾਂ ਮਾਰੋ, ਹੱਸੋ, ਜਿਵੇਂ ਜੀਅ ਕਰੇ ਕਰੋ। ਅੰਦਰ ਭਰਿਆ ਸਾਰਾ ਪਾਗਲਪਨ ਬਾਹਰ ਕੱਢ ਦੇਵੋ। ਜੋ ਕੁਝ ਪੂਰਨ ਭਾਂਤ ਮਹਿਸੂਸ ਹੋ ਰਿਹਾ ਹੈ, ਉਹ ਬਿਆਨ ਕਰੋ। ਸਰੀਰ ਆਪਣੇ ਰਾਹ ਤੁਰ ਰਿਹਾ ਹੋਵੇਗਾ, ਉਸ ਵਿਚ ਦਖ਼ਲ ਨਾ ਦੇਵੋ। ਇਸ ਕਿਰਿਆ ਨੂੰ ਦ੍ਰਸ਼ਟਾ ਭਾਵ ਨਾਲ ਵੇਖਦੇ ਰਹੋ…।
ਤੀਜਾ ਪੜਾਅ: ਦਸ ਮਿੰਟ ਉੱਚੀ-ਉੱਚੀ ਹੂ-ਹੂ ਕਰੋ। ਅੰਦਰ ਚੱਕ-ਥੱਲ ਮੱਚੀ ਹੋਵੇਗੀ। ਆਪਣੇ ਮਾਨਸਿਕ ਕੇਂਦਰ ‘ਤੇ ਹੂ-ਹੂ-ਹੂ ਦਾ ਵਾਰ ਕਰੋ। ਹੁਣ ਤੁਸੀਂ ਸ਼ਕਤੀ ਦਾ ਬੇਥਾਹ ਪ੍ਰਵਾਹ ਬਣ ਚੁੱਕੇ ਹੋਵੋਗੇ। ਤੁਹਾਡੀ ਜੀਵਨ ਸ਼ਕਤੀ ਉਤਾਂਹ ਵੱਲ ਉੱਠੇਗੀ। ਤੁਹਾਡੀ ਚੇਤਨਾ ਨੂੰ ਸ਼ਕਤੀ ਦੀ ਟੀਸੀ ਤਕ ਲੈ ਜਾਵੇਗੀ।
ਚੌਥਾ ਪੜਾਅ: ਦਸ ਮਿੰਟਾਂ ਲਈ ਡੂੰਘਾ ਵਿਸ਼ਰਾਮ। ਕੋਈ ਹਰਕਤ ਨਹੀਂ। ਸਿਰਫ ਚੁੱਪ ਅਤੇ ਉਡੀਕ। ਮੁਰਦੇ ਵਾਂਗ ਹੋ ਜਾਵੋ। ਸਰੀਰ ਅਤੇ ਦਿਮਾਗ਼ ਨੂੰ ਆਪਣੇ ਤੋਂ ਵੱਖ ਕਰ ਦੇਵੋ।
ਸਰੀਰ ਭਖ ਚੁੱਕਾ ਹੈ। ਹਰ ਤਰ੍ਹਾਂ ਦਾ ਜ਼ਿਹਨੀ ਦਬਾਉ ਹੰਭ ਚੁੱਕਾ ਹੈ। ਬੈਠ ਸਕਦੇ ਜਾਂ ਲੰਮੇ ਪੈ ਸਕਦੇ ਹੋ ਪਰ ਪੂਰਨ ਭਾਂਤ ਸ਼ਾਂਤ ਰਹਿਣਾ ਹੈ। ਖਾਲੀ ਹੋਣਾ ਹੈ। ਸਭ ਕੁਝ ਛੱਡ ਦੇਵੋ। ਜਿਸ ਹਾਲਤ ਵਿਚ ਹੋ, ਉਸੇ ਵਿਚ ਰਹੋ। ਇਹ ਪਲ ਵਿਸ਼ਰਾਮ ਦਾ ਪਲ ਹੈ। ਨਾ ਸਾਹ ਦਾ ਪਤਾ ਹੈ, ਨਾ ਸਰੀਰ ਦਾ। ਕੇਵਲ ਸ਼ਾਂਤੀ ਹੈ।
ਉਹ ਅਧਿਆਤਮਿਕ ਕੈਂਪ ਲਾਉਂਦਾ ਸੀ ਜਿਨ੍ਹਾਂ ਵਿਚ ਨੱਚਦੇ-ਗਾਉਂਦੇ ਉਸਦੇ ਸ਼ਰਧਾਲੂ ਭਾਵ-ਵਿਭੋਰ ਹੋ ਕੇ ਸੂਫ਼ੀਆਂ ਦਾ ਨੱਚਣਾ ਯਾਦ ਕਰਾਉਂਦੇ ਸਨ। ਅਸਲ ਵਿਚ ਉਹ ਅਕਸਰ ਮੁੱਲਾਂ ਨਸਰੂਦੀਨ ਦੇ ਕਿੱਸੇ ਵੀ ਸੁਣਾਉਂਦਾ ਸੀ ਅਤੇ ਆਪਣੇ ਪ੍ਰਵਚਨਾਂ ਵਿਚ ਸੂਫ਼ੀਆਂ ਦੇ ਕਥਨਾਂ ਦਾ ਹਵਾਲਾ ਵੀ ਦਿੰਦਾ ਸੀ। ਨਿਰਸੰਦੇਹ ਉਹ ਵਿਦਵਾਨ ਸੀ। ਅਜੇ ਤਕ ਉਸਨੇ ਸਿੱਧੇ ਤੌਰ ‘ਤੇ ਅਸਲੀ ਕਮਿਊਨਿਸਟਾਂ ਜਾਂ ਅਸਲੀ ਸਾਮਰਾਜਵਾਦੀਆਂ ਦਾ ਵਿਰੋਧ ਨਹੀਂ ਕੀਤਾ ਸੀ। ਉਸਦੇ ਪ੍ਰਵਚਨ ਵੇਦਾਂਤ, ਭਗਵਤ ਗੀਤਾ, ਸੂਫ਼ੀਆਂ ਦੀ ਸਿੱਖਿਆ ਅਤੇ ਈਸਾ ਦੀਆਂ ਵਸੀਅਤਾਂ ਦਾ ਮਿਲਗੋਭਾ ਸਭ ਪਰ ਉਨ੍ਹਾਂ ਦੀ ਮਾਨਵਤਾ ਅਤੇ ਦਿਆਲੁਤਾ ਪ੍ਰਵਚਨਾਂ ਵਿਚ ਸ਼ਾਮਿਲ ਨਹੀਂ ਹੁੰਦੀ ਸੀ। ਤਾਂ ਵੀ, ਪ੍ਰਵਚਨਾਂ ਵਿਚ ਹਰ ਕਿਸੇ ਲਈ ਕੁਝ ਨਾ ਕੁਝ ਹੁੰਦਾ ਸੀ। ਇਸ ਤੋਂ ਛੁੱਟ ਤਾਂਤਰਿਕ ਖਰਮਸਤੀਆਂ ਵਿਚ ਸ਼ਾਮਿਲ ਹੋਣ ਦੀ ਖੁੱਲ੍ਹ ਸੀ, ਜਿਨ੍ਹਾਂ ਰਾਹੀਂ ਉਸਦੇ ਚੇਲੇ-ਚੇਲੀਆਂ ਆਪਣੇ ਆਪ ਨੂੰ ਭਜਨ, ਚੀਕ-ਚਿੰਘਾੜੇ, ਠਹਾਕੇ, ਰੋਣ-ਧੋਣ ਵਿਚ ਡਬੋ ਲੈਂਦੇ ਸਨ। ਇਸਨੂੰ ਉਹ ਇਨਸਾਨ ਦੇ ਅੰਦਰ ਦੀ ਘੁਟਣ ਦਾ ਬਾਹਰੀ ਰੂਪ ਆਖਦਾ ਸੀ।
ਫਿਰ ਉਸ ਨੇ ਆਪਣੇ ਨੂੰ ਭਗਵਾਨ ਸ੍ਰੀ ਰਜਨੀਸ਼ ਆਖਣਾ ਆਰੰਭ ਕਰ ਦਿੱਤਾ। ਹੁਣ ਉਸ ਨੇ ਪੂਨਾ ਵਿਚ ਕੁਲੀਨ ਬਸਤੀ ਵਿਚ ਆਪਣਾ ਕੇਂਦਰ ਸਥਾਪਿਤ ਕਰ ਲਿਆ ਹੈ।
ਉਸ ਦੇ ਆਸ਼ਰਮ ਨਾਲ ਵਿਦੇਸ਼ੀ ਹਿੱਪੀ ਜੁੜੇ ਹੋਏ ਹਨ। ਇਕ ਜਾਪਾਨੀ ਕੁੜੀ ਨੇ ਉਸ ‘ਤੇ ਕੁਝ ਭੜਕਾਊ ਇਲਜ਼ਾਮ ਵੀ ਲਾਏ ਹਨ। ਇਕ ਇਲਜ਼ਾਮ ਇਹ ਹੈ ਕਿ ਉਹ ਕਾਲਾ ਜਾਦੂ ਜਾਂ ਤਾਂਤਰਿਕ ਹੱਥਕੰਡਿਆਂ ਨਾਲ ਵਰਗਲਾਉਂਦਾ ਹੈ। ਮੈਂ ਆਪ ਉਹ ਚਿੱਠੀ ਵੇਖੀ ਹੈ ਜਿਹੜੀ ਉਸਨੇ ਆਸ਼ਰਮ ਵਿਚ ਬਣੇ ਦੋਸਤ ਨੂੰ ਲਿਖੀ ਸੀ । ਸੁਣਦੇ ਹਾਂ ਕਿ ਉਸ ਦੇ ਕੁਝ ਚੇਲੇ (ਉਹ ਆਪ ਵੀ) ਨਸ਼ੇ ਦੇ ਗ਼ੈਰ-ਕਾਨੂੰਨੀ ਵਪਾਰ ਦੇ ਜੁਰਮ ਵਿਚ ਗ੍ਰਿਫ਼ਤਾਰ ਕੀਤੇ ਗਏ ਸਨ। ਉਸ ਦੇ ਯੋਗ ਦਾ ਇਕ ਤਾਂਤਰਿਕ ਪੱਖ ਵੀ ਹੈ ਜਿਸ ਕਾਰਨ ਫ਼ਿਲਮ ਦੇ ਲੋਕ ਉਸ ਵੱਲ ਆਕਰਸ਼ਿਤ ਹੁੰਦੇ ਹਨ। ਫ਼ਿਲਮੀ ਲੋਕਾਂ ਨੂੰ ਅਜੂਬਿਆਂ ਨਾਲ ਪਿਆਰ ਹੁੰਦਾ। ਹੈ। ਕਈ ਫ਼ਿਲਮੀ ਸਿਤਾਰੇ ਕੇਸਰੀ ਕੱਪੜੇ ਪਹਿਨ ਰਹੇ ਹਨ ਅਤੇ ਉਸ ਦੀ ਫੋਟੋ ਵਾਲਾ ਲਾਕਟ ਗਲ ‘ਚ ਪਾਈ ਫਿਰਦੇ ਨੇ। ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਦੀਆਂ ਫ਼ਿਲਮਾਂ ਦਾ ਵਿਸ਼ਾ ਅਧਿਆਤਮ ਹੋਵੇ। ਇਹ ਤਾਂ ਅਸਲ ਵਿਚ ਉਨ੍ਹਾਂ ਨੂੰ ਉਹੋ ਜਿਹੀਆਂ ਫ਼ਿਲਮਾਂ ਬਣਾਉਣ ਦੀ ਛੋਟ ਦਿੰਦਾ ਹੈ, ਜਿਹੋ ਜਿਹੀਆਂ ਉਹ ਬਣਾ ਰਹੇ ਹਨ। ਭਾਰਤ ਦੇ ਅੰਦਰ ਵੀ ਤੇ ਬਾਹਰ ਵੀ ਯੋਗੀ, ਆਚਾਰੀਆ ਖੁੰਭਾਂ ਵਾਂਗ ਉੱਗ ਰਹੇ ਹਨ।
ਇਕ ਹੋਰ ਬਾਬਾ ਜੀ ਹਨ ਵੱਜਰੇਸ਼ਵਰੀ ਆਸ਼ਰਮ ਦੇ ਮੁਕਤਾਨੰਦ। ਆਪਣੇ ਦੋਸਤ ਇੰਦਰ ਰਾਜ ਆਨੰਦ ਦੇ ਘਰ ਇਕ ਵਾਰੀ ਮੈ ਉਸ ਨੂੰ ਮਿਲਿਆ ਸੀ। ਰਾਤ ਦਾ ਅੰਤਿਮ ਪਹਿਰ ਸੀ। ਇੰਦਰ ਨੇ ਮਿਠਾਈ ਅਤੇ ਫਲਾਂ ਦੇ ਭਰੇ ਟੋਕਰੇ ਰੱਖੇ ਹੋਏ ਸਨ। ਬਾਬੇ ਨੇ ਉਨ੍ਹਾਂ ਨੂੰ ਹੱਥ ਲਾਇਆ ਤਾਂ ਪ੍ਰਸ਼ਾਦ ਬਣ ਗਿਆ। ਹਰ ਕੋਈ ਮੱਥਾ ਟੇਕ ਰਿਹਾ ਸੀ। ਇਕ ਮੈਂ ਹੀ ਸੀ ਜਿਸਨੇ ਉਸਨੂੰ ਆਮ ਜਿਹੀ ਨਮਸਤੇ ਕੀਤੀ, ਸਗੋਂ ਉਸ ਨਾਲ ਹੱਥ ਵੀ ਮਿਲਾਇਆ ਸੀ । ਮੈਨੂੰ ਕਿਸੇ ਪ੍ਰਕਾਰ ਦੀ ਕੋਈ ਅਲੌਕਿਕ ਤਰੰਗ ਮਹਿਸੂਸ ਨਹੀਂ ਹੋਈ ਸੀ। ਹਾਂ ਉਸਦੀ ਸਾਦਗੀ ਅਤੇ ਨਿਰਮਾਣਤਾ ਤੋਂ ਮੈਂ ਜ਼ਰੂਰ ਪ੍ਰਭਾਵਿਤ ਹੋਇਆ ਸੀ।
ਇਕ ਵਾਰੀ ਇੰਦਰ ਧੱਕੇ ਨਾਲ ਮੈਨੂੰ ਉਸ ਦੇ ਆਸ਼ਰਮ ਲੈ ਗਿਆ ਸੀ। ਉਥੇ ਮੈਨੂੰ ਬਾਬੇ ਦੀਆਂ ਫ਼ਿਲਮੀ ਸਿਤਾਰਿਆਂ ਅਤੇ ਬੇਈਮਾਨ ਸਿਆਸਤਦਾਨਾਂ ਨਾਲ ਫੋਟੋਆਂ ਨਜ਼ਰ ਆਈਆਂ। ਮੈਨੂੰ ਬਾਬੇ ਦੇ ਉਨ੍ਹਾਂ ਨਾਲ ਫੋਟੋਆਂ ਖਿਚਵਾਉਣ ‘ਤੇ ਏਨਾ ਅਫ਼ਸੋਸ ਨਹੀਂ ਹੋਇਆ, ਜਿੰਨਾ ਉਨ੍ਹਾਂ ਦੀ ਚਾਤਰੀ ‘ਤੇ ਹੋਇਆ ਸੀ ਕਿ ਉਹ ਪਵਿੱਤਰ ਅਸਥਾਨਾਂ ਦਾ ਵੀ ਸ਼ੋਸ਼ਣ ਕਰ ਸਕਦੇ ਸਨ। ਹਰ ਰੋਜ਼ ਕੋਈ ਇਕ ਪੂੰਜੀਪਤੀ ਉਥੇ ਹਾਜ਼ਰੀ ਦੇਣ ਵਾਲੇ ਲੋਕਾਂ ਦੇ ਲੰਗਰ ਦਾ ਖ਼ਰਚਾ ਵੀ ਸਹਿਣ ਕਰਦਾ ਸੀ। ਲੰਗਰ ਵੈਸ਼ਨੋ ਭੋਜਨ ਦਾ ਹੁੰਦਾ ਸੀ।
ਇਕ ਫ਼ਿਲਮੀ ਸਿਤਾਰਾ ਉਤਾਰ ‘ਤੇ ਸੀ। ਬਾਬੇ ਦੇ ਦਰਸ਼ਨ ਕਰਨ ਮਗਰੋਂ ਉਸਦੀ ਕਿਸਮਤ ਚਮਕ ਪਈ ਸੀ। ਇਹ ਗੱਲ ਸਫ਼ਲਤਾ ਦੀ ਕੁੰਜੀ ਬਣ ਗਈ ਸੀ। ਜਿਸ ਕਿਸੇ ਨੂੰ ਵੀ ਆਪਣੀ ਫ਼ਿਲਮ ਦੀ ਸਫ਼ਲਤਾ ਦੀ ਕਾਮਨਾ ਹੁੰਦੀ ਸੀ, ਉਹ ਬਾਬੇ ਦੇ ਆਸ਼ਰਮ ਜਾ ਕੇ ਫ਼ਿਲਮ ਦਾ ਮਹੂਰਤ ਕਰਦਾ ਸੀ। ਬਾਬੇ ਦੀ ਫੋਟੋ ਅਤੇ ਫੋਟੋ ਵਾਲੇ ਲਾਕਟ ਵੀ ਫ਼ਿਲਮ ਜਗਤ ਵਿਚ ਬਹੁਤ ਲੋਕਪ੍ਰਿਯ ਹੋ ਗਏ ਸਨ। ਹਰ ਕਿਸੇ ਦੇ ਗਲ ਵਿਚ ਲਾਕਟ ਹੁੰਦਾ ਸੀ, ਉਹ ਸਮਾਜਵਾਦ ਵਿਰੋਧੀ ਆਚਾਰੀਆ ਦਾ ਹੋਵੇ ਜਾਂ ਬਾਬਾ ਮੁਕਤਾਨੰਦ ਦਾ। ਵਿਸ਼ਵਾਸ ਅਤੇ ਵਹਿਮ- ਭਰਮ ਫ਼ਿਲਮ ਜਗਤ ਉੱਪਰ ਹਮੇਸ਼ਾ ਭਾਰੂ ਰਹੇ ਹਨ। ਮੈਨੂੰ ਤਾਂ ਨਜ਼ਰ ਨਹੀਂ ਆਇਆ, ਲੋਕੀਂ ਦੱਸਦੇ ਹਨ ਕਿ ਬਾਬੇ ਦੇ ਆਲੇ-ਦੁਆਲੇ ਪ੍ਰਭਾਮੰਡਲ ਵਿਖਾਈ ਦਿੰਦਾ ਹੈ। ਉਹ ਵਿਦਵਾਨ ਨਹੀਂ ਸੀ ਪਰ ਹਿੰਦੀ ਜਾਂ ਕੰਨੜ ਵਿਚ ਕਿਸੇ ਵੀ ਵਿਸ਼ੇ ‘ਤੇ ਭਾਸ਼ਨ ਦੇ ਸਕਦਾ ਸੀ। ਆਸ਼ਰਮ ਨੇ ਇਕ ਹਾਥੀ ਵੀ ਪਾਲ ਰੱਖਿਆ ਸੀ। ਆਸ਼ਰਮ ਰੁਮਾਂਚਕ ਕੇਂਦਰ ਦੇ ਤੌਰ ‘ਤੇ ਘੱਟ, ਨੇਕ ਬੰਦਿਆਂ ਦੀ ਬਸਤੀ ਵਾਂਗ ਵੱਧ ਚਲਾਇਆ ਜਾ ਰਿਹਾ ਸੀ। ਲੋਕੀਂ ਉਥੇ ਧਿਆਨ ਕਰਨ ਲਈ ਜਾਂਦੇ ਸਨ। ਬਾਬਾ ਜੀ ਮੌਜੂਦ ਹੋਣ, ਨਾ ਹੋਣ, ਉਨ੍ਹਾਂ ਨੂੰ ਉਥੇ ਸ਼ਾਂਤੀ ਮਿਲਦੀ ਸੀ। ਅਮੀਰ ਲੋਕ ਹੀ ਵਿਸ਼ੇਸ਼ ਤੌਰ ‘ਤੇ ਆਸ਼ਰਮ ਵੱਲ ਖਿੱਚੇ ਜਾਂਦੇ ਸਨ ? ਇਹ ਇਕ ਹੋਰ ਸਵਾਲ ਸੀ ਜਿਹੜਾ ਮੈਂ ਪੁੱਛਣਾ ਚਾਹੁੰਦਾ ਹਾਂ।
ਭਿਵੰਡੀ ਵਾਲੇ ਬਾਬੇ ਦਾ ਆਸ਼ਰਮ ਕੁਝ ਮੀਲਾਂ ਦੀ ਵਿੱਥ ‘ਤੇ ਸੀ। ਜਦੋਂ ਭਿਵੰਡੀ ਸੰਪ੍ਰਦਾਇਕ ਦੰਗਿਆਂ ਦੀ ਅੱਗ ਵਿਚ ਬਲ ਰਿਹਾ ਸੀ ਅਤੇ ਜ਼ਿਆਦਾਤਰ ਘੱਟ-ਗਿਣਤੀ ਵਰਗ ਦੇ ਲੋਕ ਉਸਦਾ ਸ਼ਿਕਾਰ ਹੋ ਰਹੇ ਸਨ, ਉਦੋਂ ਸ਼ਾਂਤੀ ਸਥਾਪਿਤ ਕਰਨ ਵਾਲੇ ਬਾਬੇ ਨੇ ਆਪਣੇ ਅਧਿਆਤਮਿਕ ਪ੍ਰਭਾਵ ਦੀ ਵਰਤੋਂ ਕਿਉਂ ਨਹੀਂ ਕੀਤੀ ? ਉਸ ਵੇਲੇ ਸਭ ਤੋਂ ਵੱਧ ਜ਼ਰੂਰੀ ਸੀ, ਧਨਾਢਾਂ ਦੀਆਂ ਕੁੰਡਲਨੀਆਂ ਜਗਾਉਣੀਆਂ ਜਾਂ ਭਿਵੰਡੀ ਦੇ ਗਰੀਬ ਲੋਕਾਂ ਦੇ ਦਿਲਾਂ ਵਿਚ ਉੱਠ ਰਹੇ ਸੰਪ੍ਰਦਾਇਕਤਾ ਦੇ ਸੱਪ ਦੀ ਸਿਰੀ ਮਿੱਧਣਾ ? ਮੈਨੂੰ ਇਨ੍ਹਾਂ ਦੋ ਸਵਾਲਾਂ ਦਾ ਜਵਾਬ ਮਿਲ ਜਾਵੇ ਤਾਂ ਮੈਂ ਉਨ੍ਹਾਂ ਸਾਰੇ ਅਖੌਤੀ ਸੰਤਾਂ, ਆਚਾਰੀਆਂ ਨੂੰ ਮੱਥਾ ਟੇਕ ਦੇਵਾਂਗਾ, ਜਿਹੜ ਸ਼ਾਇਦ ਸੀ.ਆਈ.ਏ. ਦੇ ਏਜੰਟਾਂ ਨੂੰ ਅਧਿਆਤਮਿਕ ਸ਼ਰਨ ਪ੍ਰਦਾਨ ਕਰ ਰਹੇ ਹਨ। ਇਨ੍ਹਾਂ ਵਿਚੋਂ ਮੁਕਤਾਨੰਦ ਹੀ ਅਜਿਹਾ ਬਾਬਾ ਸੀ, ਜਿਹੜਾ ਆਦਿਵਾਸੀਆਂ ਦੀ ਭਲਾਈ ਲਈ ਕੰਮ ਕਰ ਰਿਹਾ ਸੀ। ਉਸਨੇ ਸ਼ਰਧਾਲੂਆਂ ਵੱਲੋਂ ਦਿੱਤੇ ਦਾਨ ਦੇ ਧਨ ਨਾਲ ਇਕ ਸਕੂਲ ਖੋਲਿ੍ਹਆ ਸੀ, ਆਦਿ- ਵਾਸੀਆਂ ਨੂੰ ਕੰਬਲ ਵੰਡੇ ਸਨ। ਜਿੰਨਿਆਂ ਕੁ ਨੂੰ ਮੈਂ ਜਾਣਦਾ ਸੀ, ਉਨ੍ਹਾਂ ਵਿਚੋਂ ਇਹੋ ਇਕ ਅਜਿਹਾ ਬਾਬਾ ਸੀ, ਜਿਹੜਾ ਕੇਵਲ ਨੇਕੀ ਨੂੰ ਬੜ੍ਹਾਵਾ ਦੇ ਰਿਹਾ ਸੀ ਪਰ ਉਪਰੋਕਤ ਦੋਵੇਂ ਸਵਾਲ ਮੇਰੀ ਹਿੱਕ ਵਿਚ ਸੂਲਾਂ ਵਾਂਗ ਚੁਭ ਰਹੇ ਸਨ। ਇੰਦਰ ਦੱਸ ਰਿਹਾ ਸੀ ਕਿ ਬਾਬਾ ਹਰ ਵਾਰੀ ਮੇਰੇ ਬਾਰੇ ਪੁੱਛਦੇ ਹਨ। ਮੈਂ ਉਸਤੋਂ ਇਨਕਾਰੀ ਨਹੀਂ ਸੀ। ਉਸਦਾ ਸ਼ਰਧਾਲੂ ਬਣ ਗਿਆ ਹੁੰਦਾ ਤਾਂ ਸ਼ਾਇਦ ਇਹ ਉਸਦੀ ਸਭ ਤੋਂ ਵੱਡੀ ਉਪਲੱਬਧੀ ਹੋਣੀ ਸੀ। ਪਰ ਬਾਬੇ ਨੂੰ ਮੇਰੇ ਦੁਆਲੇ ਅਧਿਆਤਮ ਅਤੇ ਮਾਨਵਤਾ ਦੀਆਂ ਤਰੰਗਾਂ ਵਿਖਾਈ ਦੇ ਰਹੀਆਂ ਸਨ। ਇਕ ਵਾਰੀ ਉਸਨੇ ਆਖਿਆ ਸੀ, “ਮੇਰੀ ਗੱਲ ਲੜ ਬੰਨ੍ਹ ਲੈ। ਕਿਸੇ ਦਿਨ ਬਹੁਤ ਵੱਡਾ ਸੰਤ ਬਣੇਗਾ। ਇਸ ਭਲੇ ਆਦਮੀ ਨੂੰ ਮੈਂ ਆਪਣਾ ਲੰਗੋਟ ਤਾਂ ਨਹੀਂ ਦਿਆਂਗਾ ਪਰ ਇਹ ਉਸਨੂੰ ਛੱਡੇਗਾ ਵੀ ਨਹੀਂ। ਇਹ ਤਾਂ ਮੈਂ ਨਹੀਂ ਕਹਾਂਗਾ ਕਿ ਇਹ ਸੁਣ ਕੇ ਮੈਨੂੰ ਖੁਸ਼ਫ਼ਹਿਮੀ ਨਹੀਂ ਹੋਈ ਸੀ।
ਇਸ ਸਮੇਂ ਬਾਬਾ ਅਮਰੀਕਾ ਵਿਚ ਹੈ। ਇਕ ਸਾਲ ਤੋਂ ਉਥੇ ਹੀ ਹੈ। ਕੈਲੀਫੋਰਨੀਆ ਦੇ ਕਲੀਵ ਲੈਂਡ ‘ਤੇ ਉਸਨੇ ਆਪਣਾ ਆਸ਼ਰਮ ਬਣਾਇਆ ਹੈ। ਉਸ ਬਾਰੇ ਕਈ ਚਮਤਕਾਰਕ ਕਹਾਣੀਆਂ ਚਲ ਰਹੀਆਂ ਹਨ। ਬਾਬੇ ਨੇ ਕਿਸੇ ਕੈਂਸਰ ਦੇ ਮਰੀਜ਼ ਨੂੰ ਜੀਭ ਨਾਲ ਗਊ ਦਾ ਜ਼ਖ਼ਮ ਚੱਟਣ ਲਈ ਆਖਿਆ ਸੀ ਤਾਂ ਉਹ ਬੰਬਈਆ ਠੀਕ ਹੋ ਗਿਆ ਸੀ। ਬਾਬੇ ਨੂੰ ਪ੍ਰਸਿੱਧ ਵਿਦਵਾਨਾਂ ਦਾ ਇੰਦਰਧਨੁਸ਼ ਇੰਟਰਵਿਊ ਕਰ ਚੁੱਕਾ ਸੀ। ਇਨ੍ਹਾਂ ਵਿਚ ਐਲਨ ਜਿਨਸਬਰਗ, ਖ਼ਲਾਬਾਜ਼ ਅਤੇ ‘ਸਾਈਟਿਕ ਟਾਈਮਜ਼’ ਦਾ ਸੰਪਾਦਨ ਸ਼ਾਮਿਲ ਸਨ। ਆਸ ਕਰਦਾ ਹਾਂ ਕਿ ਉਹ ਯੋਗ ਵਪਾਰ ਦੇ ਜਾਲ ਵਿਚ ਨਹੀਂ ਫਸਿਆ।
ਬਾਬਾ ਆਖਦਾ ਹੈ ਉਹ ਕਿਸੇ ਧਰਮ ਨੂੰ ਨਹੀਂ ਮੰਨਦਾ ਪਰ ਤਾਂ ਵੀ ਉਸਦੇ ਆਸ਼ਰਮ ਵਿਚ ਸਾਰੀਆਂ ਹਿੰਦੂ ਰਸਮਾਂ ਅਦਾ ਕੀਤੀਆਂ ਜਾਂਦੀਆਂ ਹਨ। ਇਸਦਾ ਕੀ ਅਰਥ ਹੈ ? ਸ਼ਾਇਦ ਇਹ ਕਿ ਉਹ ਭਗਤ ਕਬੀਰ ਵਾਂਗ ਸਰਵ- ਲੌਕਿਕ ਹੈ। ਇਕ ਵਾਰੀ ਮੇਰੀ ਵੱਡੀ ਭੈਣ ਉਸਦੇ ਆਸ਼ਰਮ ਗਈ ਸੀ। ਨਮਾਜ਼ ਦਾ ਵੇਲਾ ਹੋਇਆ ਤਾਂ ਉਸਨੇ ਪੁੱਛਿਆ ਕਿ ਮੈਂ ਨਮਾਜ਼ ਕਿੱਥੇ ਪੜ੍ਹ ਸਕਦੀ ਹਾਂ ? ਬਾਬੇ ਨੇ ਤੁਰੰਤ ਉਸਨੂੰ ਤਲ-ਘਰ ਵਿਚ ਭੇਜ ਦਿੱਤਾ। ਉਸਨੇ ਉਥੇ ਨਮਾਜ਼ ਪੜ੍ਹੀ ਤਾਂ ਉਸਨੂੰ ਖੁਦਾ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਸੀ।
ਅਮੀਰ ਲੋਕ ਹੀ ਉਸ ਵੱਲ ਕਿਉਂ ਖਿੱਚੇ ਜਾਂਦੇ ਹਨ ? ਉਹ ਉਸ ਤੋਂ ਕੀ ਮੰਗਦੇ ਹਨ ? ਹਰ ਪ੍ਰਕਾਰ ਦੇ ਧੰਨਾ ਸੇਠ, ਕੱਪੜਾ ਮਿਲਾਂ ਦੇ ਮਾਲਿਕ, ਫ਼ਿਲਮੀ ਸਿਤਾਰੇ, ਜਰਮਨ ਕਰੋੜਪਤੀ ਉਦਯੋਗ-ਮਾਲਿਕਾਂ ਸਮੇਤ ਦੇਸੀ-ਵਿਦੇਸ਼ੀ ਕਿਉਂ ਜਾਂਦੇ ਹਨ ਉਸ ਕੋਲ ? ਮੱਧ ਵਰਗ ਜਾਂ ਗ਼ਰੀਬ-ਗੁਰਬਾ ਉਸਦੇ ਕੋਲ ਕਿਉਂ ਨਹੀਂ ਜਾਂਦਾ ? ਸ਼ਾਇਦ ਇਨ੍ਹਾਂ ਦੀਆਂ ਰੂਹਾਂ ਅਮੀਰਾਂ ਦੀਆਂ ਰੂਹਾਂ ਵਾਂਗ ਪਰੇਸ਼ਾਨ ਨਹੀਂ ਹੁੰਦੀਆਂ।
ਸਾਹਿਤਕਾਰ ਹੋਣ ਦੇ ਨਾਤੇ ਮੈਂ ਬਾਬੇ ਦੇ ਇਕ ਚਮਤਕਾਰ ਨੂੰ ਬਹੁਤ ਮਹੱਤਵ ਦਿੰਦਾ ਹਾਂ। ਉਹ ਇਹ ਕਿ ਉਸਨੇ ਤਿੰਨ ਹਫ਼ਤੇ ਵਿਚ 241 ਪੰਨੇ ਦੀ ਕਿਤਾਬ ਲਿਖ ਮਾਰੀ ਸੀ। ਹਰ ਰੋਜ਼ ਛੇ-ਸੱਤ ਘੰਟੇ ਲਿਖਦਾ ਸੀ, ਮਹਾਂਬਲੇਸ਼ਵਰ ਦੇ ਠੰਢੇ ਸ਼ਾਂਤ ਮਾਹੌਲ ਵਿਚ ਬੈਠ ਕੇ। ਕਿਤਾਬ ਦਾ ਨਾਂਅ ਸੀ ‘ਚਿਤਸ਼ਕਤੀ ਵਿਲਾਸ’। ਇਸਦਾ ਅੰਗਰੇਜ਼ੀ ਅਨੁਵਾਦ ਵੀ ਹੋਇਆ ਸੀ। ਇਹ ਇਕ ਪ੍ਰਕਾਰ ਦੀ ਆਤਮ- ਕਥਾ ਹੀ ਸੀ। ਇਸ ਉੱਪਰ ਹਸਤਾਖ਼ਰ ਦਰਜ ਸਨ (ਜਾਂ ਆਖੀਏ ਸਮਰਪਣ ਸੀ)—”ਤੁਹਾਡਾ ਆਪਣਾ, ਪੂਜਾ ਯੋਗ ਸੀ ਨਿੱਤਯਾਨੰਦ ਦਾ ਆਪਣਾ ਸਵਾਮੀ ਮੁਕਤਾਨੰਦ।” ਨਿੱਤਯਾਨੰਦ ਉਸਦਾ ਗੁਰੂ ਸੀ।
ਇਕ ਕਿਤਾਬ ਬਾਬਾ ਲਿਖਦਾ ਹੈ:
ਗੁਰੂਦੇਵ ਮੇਰੀ ਤੁਹਾਨੂੰ ਬੇਨਤੀ ਹੈ
ਸਭਨਾਂ ਦਾ ਜੀਵਨ ਸੁਰਗ ਬਣ ਜਾਵੇ
ਮੇਰੇ ‘ਤੇ ਅਜਿਹੀ ਕ੍ਰਿਪਾ ਕਰੋ ਕਿ ਮੈਂ ਸਰਬੋਤਮ ਭਾਵ ਨਾਲ
ਤੁਹਾਡੀ ਸੇਵਾ ਕਰਾਂ
ਜ਼ਾਤ, ਵਰਗ, ਭਾਸ਼ਾ ਦੀਆਂ ਵੰਡੀਆਂ ਮੁੱਕ ਜਾਣ
ਮਨ ਨਿਰਮਲ ਹੋ ਜਾਵੇ
ਛੋਟ-ਵੱਡੇ, ਪਰੇਸ਼ਾਨ-ਲੋੜਵੰਦ, ਸਮਝਦਾਰ-ਨਾਸਮਝਦਾਰ ਸਭ ਅੰਦਰ
ਮੈਨੂੰ ਤੁਹਾਡੇ ਦਰਸ਼ਨ ਹੋਣ
ਦਿਲ ‘ਤੇ ਬਖ਼ਸ਼ਿਸ਼ ਕਰੋ
ਹਉਮੈ ਤਿਆਗ ਕੇ ਸਾਦਗੀ ਅਤੇ ਦਿਆਲਤਾ ਅਪਣਾਵੇ
ਮੇਰਾ ਸਦਾ ਗਣੇਸ਼ਪੁਰੀ ਵਿਚ ਵਾਸ ਹੋਵੇ
ਮੈਨੂੰ ਕੌਮ, ਫ਼ਿਰਕਾ, ਜਾਤ-ਪਾਤ ਦੇ ਵਿਤਕਰੇ ਤੋਂ ਉੱਪਰ ਚੁੱਕ ਦੇਵੋ
ਮੇਰੀ ਦ੍ਰਿਸ਼ਟੀ ਨੂੰ ਸਮਭਾਵ ਬਖ਼ਸ਼ ਦੇਵੋ।
ਇਹ ਕਵਿਤਾ ਨਿਰਮਾਣਤਾ ਅਤੇ ਇਨਸਾਨ ਦੋਸਤੀ ਦੇ ਅਦੁੱਤੀ ਜਜ਼ਬੇ ਦੀ ਲਖਾਇਕ ਹੈ। ਇਸੇ ਜਜ਼ਬੇ ਪ੍ਰਤੀ ਬਾਬੇ ਨੇ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਹੈ। ਬਾਬਾ ਆਖਦਾ ਹੈ ਮੈਂ ਕੋਈ ਵਿਦਵਾਨ ਨਹੀਂ ਹਾਂ। ਛੁੱਟ ਆਪਣੀਆਂ ਹਿੰਦੀ, ਮਰਾਠੀ, ਕੰਨੜ ਤੋਂ ਕਿਸੇ ਹੋਰ ਭਾਸ਼ਾ ਵਿਚ ਪ੍ਰਵਚਨ ਨਹੀਂ ਦੇ ਸਕਦਾ। ਪਰ ਮਾਨਵਤਾ ਉਪਰ ਜੋ ਉਸਦਾ ਵਿਸ਼ਵਾਸ ਹੈ, ਉਹ ਕਿਸੇ ਵੀ ਵੱਡੇ ਤੋਂ ਵੱਡੇ ਵਿਦਵਾਨ ਨਾਲ ਟਾਕਰਾ ਲੈ ਸਕਦਾ ਹੈ।
ਉਹ ਅਧਿਆਤਮਿਕ ਗੁਣਾਂ ਦਾ ਧਾਰਨੀ ਹੋਵੇ ਜਾਂ ਨਾ ਹੋਵੇ, ਉਸਦਾ ਇਕ ਹੋਰ ਗੁਣ ਸਾਫ਼-ਸਫ਼ਾਈ ਰੱਖਣਾ ਹੈ। ਉਸਦਾ ਆਸ਼ਰਮ ਸਾਫ਼-ਸਫ਼ਾਈ ਦੀ ਮਿਸਾਲ ਹੈ, ਕੇਵਲ ਉਸੇ ਦੀ ਬਦੌਲਤ ਇਨਸਾਨ ਹੋਵੇ ਜਾਂ ਜਾਨਵਰ, ਫਲ ਹੋਵੇ ਜਾਂ ਫੁੱਲ, ਘਾਹ ਹੋਵੇ ਜਾਂ ਬਨਸਪਤੀ, ਉਸਨੂੰ ਕੁਦਰਤ ਦੀ ਬਣਾਈ ਹਰ ਚੀਜ਼ ਨਾਲ ਅੰਤਾਂ ਦਾ ਪਿਆਰ ਹੈ। ਸੱਤਰ ਵਰਿ੍ਹਆਂ ਤੋਂ ਵੱਧ ਉਮਰ ਦਾ ਬਾਬਾ ਸੱਠ ਵਰਿ੍ਹਆਂ ਦਾ ਨੌਜਵਾਨ ਨਜ਼ਰ ਆਉਂਦਾ ਹੈ ਅਤੇ ਉਸਦਾ ਸਰੀਰ ਲਹੂ ਦੀ ਪਵਿੱਤਰਤਾ ਨਾਲ ਰੋਸ਼ਨ ਹੈ। ਇਕ ਗਰਾਹੀ ਤੋਂ ਵੀ ਘੱਟ ਖਾਣ ਵਾਲੇ ਦਾ ਕਮਾਲ ਇਹ ਹੈ ਕਿ ਆਸ਼ਰਮ ਵਧੀਆ ਢੰਗ ਨਾਲ ਚੱਲ ਰਿਹਾ ਹੈ। ਐਤਵਾਰ ਅਤੇ ਤਿਓਹਾਰਾਂ ‘ਤੇ ਆਉਣ ਵਾਲੇ ਸੈਂਕੜੇ ਲੋਕਾਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ। ਇਹ ਸਥਿਤੀ ਹੈ ਗਣੇਸ਼ਪੁਰੀ ਦੀ (ਮੈਂ ਉਥੇ ਗਿਆ ਵੀ ਸੀ) ਅਤੇ ਮੈਂ ਆਸ ਕਰਦਾ ਹਾਂ ਇਹੋ ਸਥਿਤੀ ਕਲੀਵ ਲੈਂਡ ਦੀ ਵੀ ਹੋਵੇਗੀ।
ਆਪਣੀ ਹਾਲ ਦੀ ਬਿਮਾਰੀ ਮਗਰੋਂ ਮੈਂ ਸਾਂਤਾ ਕਰੂਜ਼ (ਪੂਰਬੀ) ਦੇ ਯੋਗ ਕੇਂਦਰ ਵੀ ਗਿਆ ਸੀ ਤਾਂ ਉਥੇ ਸੁਣਿਆਂ ਸੀ ਕਿ ਬਜ਼ੁਰਗ ਬਾਬੇ ਦਾ ਨੌਜਵਾਨ ਪੁੱਤਰ ਆਸਟਰੇਲੀਆ ਵਿਚ ਅਜਿਹੀ ਵੱਡੀ ਜੇਲ੍ਹ ਨੇੜੇ ਰਹਿ ਰਿਹਾ ਸੀ ਜਿਸ ਵਿਚ ਹਰ ਕੈਦੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਇਹ ਕੈਦੀ ਬਲਾਤਕਾਰ, ਡਕੈਤੀ, ਹਿੰਸਾ ਜਿਹੇ ਜੁਰਮਾਂ ਵਿਚ ਇਥੇ ਆਏ ਸਨ। ਬਾਬੇ ਦੇ ਬੇਟੇ ਨੇ ਆਸਟਰੇਲੀਆ ਦੀ ਇਕ ਕੁੜੀ ਨਾਲ ਵਿਆਹ ਕਰਾ ਲਿਆ ਸੀ ਅਤੇ ਪਤੀ-ਪਤਨੀ ਮਿਲ ਕੇ ਇਨ੍ਹਾਂ ਕੈਦੀਆਂ ਦੀ ਨਜਾਤ ਲਈ ਯੋਗ ਸੈਂਟਰ ਚਲਾ ਰਹੇ ਸਨ। ਨਿਰਸੰਦੇਹ ਮੈਂ ਮੁਜਰਿਮਾਂ ਵਿਚ ਸਭ ਤੋਂ ਭੈੜਾ ਹਾਂ ਕਿਉਂਕਿ ਉਨ੍ਹਾਂ ਦਾ ਸੁਧਾਰ ਤਾਂ ਹੋ ਰਿਹਾ ਹੈ ਅਤੇ ਮੈਂ ਹਰ ਰੋਜ਼ ਯੋਗ ਦੀ ਦਵਾਈ ਲੈਣ ਦੇ ਬਾਵਜੂਦ ਬੇਚੈਨ ਵਿਚਾਰਾਂ ਦੀ ਕੈਦ ਵਿਚ ਹਾਂ।