ਸ਼ਿਕਾਗੋ: ਬਟਲਰ (ਪੈਨਸਿਲਵੇਨੀਆ) ਵਿਚ ਚੋਣ ਰੈਲੀ ਦੌਰਾਨ ਇਕ ਨੌਜਵਾਨ ਸ਼ੂਟਰ ਵੱਲੋਂ ਕੀਤੇ ਹਮਲੇ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਾਲ-ਵਾਲ ਬਚ ਗਏ। ਇਸ ਸ਼ੂਟਰ ਨੇ ਰੈਲੀ ਨੇੜੇ ਹੀ ਉੱਚੀ ਥਾਵੇਂ ਬਣੇ ਸ਼ੈੱਡ ‘ਚੋਂ ਟਰੰਪ ‘ਤੇ ਗੋਲੀਆਂ ਚਲਾਈਆਂ ਜਿਨ੍ਹਾਂ ਵਿਚੋਂ ਇਕ ਗੋਲੀ ਸਾਬਕਾ ਰਾਸ਼ਟਰਪਤੀ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਨੂੰ ਪਾੜ ਕੇ ਲੰਘ ਗਈ।
ਸੀਕਰੇਟ ਸਰਵਿਸ ਦੇ ਮੈਂਬਰਾਂ ਨੇ ਹਾਲਾਂਕਿ 20 ਸਾਲਾ ਸ਼ੂਟਰ ਨੂੰ ਮਾਰ ਮੁਕਾਇਆ। ਐਫ.ਬੀ.ਆਈ. ਨੇ ਹਮਲਾਵਰ ਦੀ ਪਛਾਣ ਬੈਥਲ ਪਾਰਕ ਦੇ ਥੌਮਸ ਮੈਥਿਊ ਕਰੂਕਸ ਵਜੋਂ ਦੱਸੀ ਹੈ। ਉਂਜ ਗੋਲੀਬਾਰੀ ਦੌਰਾਨ ਰੈਲੀ ਵਿਚ ਮੌਜੂਦ ਇਕ ਦਰਸ਼ਕ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਗੰਭੀਰ ਜ਼ਖ਼ਮੀ ਦੱਸੇ ਜਾਂਦੇ ਹਨ। ਰਾਸ਼ਟਰਪਤੀ ਜੋਅ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਸਾਬਕਾ ਅਮਰੀਕੀ ਰਾਸ਼ਟਰਪਤੀ ਬਿੱਲ ਕਲਿੰਟਨ, ਬਰਾਕ ਓਬਾਮਾ ਤੇ ਜੌਰਜ ਬੁਸ਼ ਨੇ ਟਰੰਪ ‘ਤੇ ਕੀਤੇ ਕਾਤਲਾਨਾ ਹਮਲੇ ਦੀ ਨਿਖੇਧੀ ਕੀਤੀ ਹੈ।
ਜਾਣਕਾਰੀ ਅਨੁਸਾਰ ਟਰੰਪ ਪੈਨਸਿਲਵੇਨੀਆ ਦੇ ਬਟਲਰ ਕਸਬੇ ਵਿਚ ਆਪਣੇ ਵੱਡੀ ਗਿਣਤੀ ਸਮਰਥਕਾਂ ਦੀ ਮੌਜੂਦਗੀ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਦੋਂ ਉਨ੍ਹਾਂ ‘ਤੇ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ। ਇਨ੍ਹਾਂ ਵਿਚੋਂ ਇਕ ਗੋਲੀ ਉਨ੍ਹਾਂ ਦੇ ਸੱਜੇ ਕੰਨ ਨੂੰ ਪਾੜ ਕੇ ਨਿਕਲ ਗਈ। ਵੀਡੀਓ ਫੁਟੇਜ ਮੁਤਾਬਕ ਜਿਵੇਂ ਹੀ ਗੋਲੀਆਂ ਚੱਲਣ ਦੀ ਆਵਾਜ਼ ਆਈ ਤਾਂ ਮੰਚ ‘ਤੇ ਮੌਜੂਦ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਟਰੰਪ ਨੂੰ ਫੌਰੀ ਘੇਰ ਪਾ ਲਿਆ ਅਤੇ ਪੋਡੀਅਮ ਦੇ ਪਿੱਛੇ ਲੈ ਗਏ। ਗੋਲੀਆਂ ਚੱਲਣ ਕਰਕੇ ਲੋਕਾਂ ਵਿਚ ਘੜਮੱਸ ਪੈ ਗਿਆ ਤੇ ਉਨ੍ਹਾਂ ਉਥੋਂ ਬਾਹਰ ਵੱਲ ਨੂੰ ਭੱਜਣਾ ਸ਼ੁਰੂ ਕਰ ਦਿੱਤਾ। ਸੀਕਰੇਟ ਸਰਵਿਸ ਦੇ ਏਜੰਟ ਟਰੰਪ, ਜਿਨ੍ਹਾਂ ਦੇ ਸੱਜੇ ਕੰਨ ਵਿਚੋਂ ਖੂਨ ਵਗ ਰਿਹਾ ਸੀ, ਨੂੰ ਘੇਰਾ ਪਾ ਕੇ ਉਥੋਂ ਬਾਹਰ ਲਿਜਾਣ ਲੱਗੇ ਤਾਂ ਟਰੰਪ ਨੇ ਆਪਣੀ ਮੁੱਠੀ ਹਵਾ ਵਿਚ ਲਹਿਰਾ ਕੇ ਉਥੇ ਮੌਜੂਦ ਜਮੂਦ ਨੂੰ ਕਿਹਾ ਕਿ ਉਹ ‘ਫਾਈਟ!‘ ਭਾਵ ਮੁਕਾਬਲਾ ਕਰਨ। ਸਾਬਕਾ ਰਾਸ਼ਟਰਪਤੀ ਨੂੰ ਕਾਰ ਵਿਚ ਬੈਠਾ ਕੇ ਫੌਰੀ ਪਿਟਸਬਰਗ ਇਲਾਕੇ ਵਿਚਲੇ ਹਸਪਤਾਲ ਲਿਜਾਇਆ ਗਿਆ। ਉਂਜ ਟਰੰਪ ਨੂੰ ਜਦੋਂ ਮੰਚ ਤੋਂ ਸੁਰੱਖਿਅਤ ਥਾਂ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਸੁਰੱਖਿਆ ਕਰਮੀਆਂ ਨੂੰ ਕਿਹਾ ਕਿ ‘ਮੈਨੂੰ ਮੇਰੀ ਜੁੱਤੀ ਤਾਂ ਪਾਉਣ ਦਿਓ।‘
ਹਮਲੇ ਤੋਂ ਫੌਰੀ ਮਗਰੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਨਾਲ ਗੱਲਬਾਤ ਵੀ ਕੀਤੀ। ਬਾਇਡਨ ਨੇ ਟਰੰਪ ਉਤੇ ਹੋਈ ਗੋਲੀਬਾਰੀ ਤੋਂ ਦੋ ਘੰਟੇ ਮਗਰੋਂ ਦੇਸ਼ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ “ਅਸੀਂ ਅਜਿਹੀਆਂ ਘਟਨਾਵਾਂ ਦੀ ਇਜਾਜ਼ਤ ਨਹੀਂ ਦੇ ਸਕਦੇ। ਅਮਰੀਕਾ ਵਿਚ ਅਜਿਹੀ ਹਿੰਸਾ ਬਾਰੇ ਅਸੀਂ ਕਦੇ ਨਹੀਂ ਸੁਣਿਆ।” ਉਪ ਰਾਸ਼ਟਰਪਤੀ ਕਮਲਾ ਹੈਰਿਸ ਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜੌਰਜ ਡਬਲਿਊ ਬੁਸ਼ ਤੇ ਬਿੱਲ ਕਲਿੰਟਨ ਨੇ ਟਰੰਪ `ਤੇ ਹਮਲੇ ਦੀ ਨਿਖੇਧੀ ਕੀਤੀ।
ਮੋਦੀ, ਰਾਹੁਲ ਤੇ ਖੜਗੇ ਵੱਲੋਂ ਹਮਲੇ ਦੀ ਨਿਖੇਧੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਚੋਣ ਰੈਲੀ ਦੌਰਾਨ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਹੈ। ਸ੍ਰੀ ਮੋਦੀ ਨੇ ਐਕਸ ‘ਤੇ ਕਿਹਾ, “ਮੇਰੇ ਦੋਸਤ, ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ‘ਤੇ ਹੋਏ ਹਮਲੇ ਤੋਂ ਵੱਡਾ ਫਿਕਰਮੰਦ ਹਾਂ। ਇਸ ਘਟਨਾ ਦੀ ਜ਼ੋਰਦਾਰ ਢੰਗ ਨਾਲ ਨਿਖੇਧੀ ਕਰਦਾ ਹਾਂ। ਰਾਹੁਲ ਗਾਂਧੀ ਨੇ ਵੀ ਸਾਬਕਾ ਅਮਰੀਕੀ ਸਦਰ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ‘ਤੇ ਵੱਡੀ ਚਿੰਤਾ ਜਤਾਉਂਦਿਆਂ ਕਿਹਾ ਕਿ ਅਜਿਹੇ ਕਾਰਿਆਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਨੀ ਬਣਦੀ ਹੈ।