ਬਰਤਾਨਵੀ ਵਜ਼ਾਰਤ `ਚ ਭਾਰਤੀ ਮੂਲ ਦੀ ਲਿਜ਼ਾ ਨੰਦੀ ਸਣੇ 11 ਔਰਤਾਂ ਸ਼ਾਮਲ

ਲੰਡਨ: ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੀ ਨਵੀਂ ਕੈਬਨਿਟ ਦਾ ਗਠਨ ਕੀਤਾ ਹੈ, ਜਿਸ ‘ਚ ਐਂਜਲਾ ਰੇਨਰ ਨੂੰ ਉਪ ਪ੍ਰਧਾਨ ਮੰਤਰੀ ਅਤੇ ਰਿਚੇਲ ਰੀਵਜ਼ ਨੂੰ ਖਜ਼ਾਨਾ ਮੰਤਰੀ ਨਿਯੁਕਤ ਕੀਤਾ ਗਿਆ।
ਸਟਾਰਮਰ ਦੀ 25 ਮੈਂਬਰੀ ਕੈਬਨਿਟ ਵਿਚ ਭਾਰਤੀ ਮੂਲ ਦੀ ਲਿਜ਼ਾ ਨੰਦੀ ਸਣੇ ਰਿਕਾਰਡ 11 ਔਰਤਾਂ ਸ਼ਾਮਲ ਹਨ। ਉੱਤਰ ਪੱਛਮੀ ਇੰਗਲੈਂਡ ਦੇ ਵਿਗਨ ਸੰਸਦੀ ਹਲਕੇ ਤੋਂ ਜੇਤੂ ਰਹੀ ਲਿਜ਼ਾ ਨੰਦੀ (44) ਨੂੰ ਸੱਭਿਆਚਾਰ, ਮੀਡੀਆ ਤੇ ਖੇਡ ਮੰਤਰੀ ਬਣਾਇਆ ਗਿਆ ਹੈ। ਰਿਚੇਲ ਰੀਵਜ਼ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਹਨ ਜਦਕਿ ਜਦਕਿ ਰੇਨਰ ਉਪ ਪ੍ਰਧਾਨ ਮੰਤਰੀ ਬਣਨ ਵਾਲੀ ਦੂਜੀ ਮਹਿਲਾ ਹਨ।

ਇਸ ਦੌਰਾਨ ਯੁਵੈਟੇ ਕੂਪਰ ਨੂੰ ਗ੍ਰਹਿ ਮੰਤਰੀ, ਡੇਵਿਡ ਲੈਮੀ ਨੂੰ ਵਿਦੇਸ਼ ਮੰਤਰੀ ਅਤੇ ਜੌਹਨ ਹੀਲੀ ਨੂੰ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ। ਹੋਰ ਨਿਯੁਕਤੀਆਂ ਤਹਿਤ ਸ਼ਬਾਨਾ ਮਹਿਮੂਦ ਨੂੰ ਨਿਆਂ ਮੰਤਰੀ, ਵੈਸ ਸਟਰੀਟਿੰਗ ਨੂੰ ਸਿਹਤ ਮੰਤਰੀ, ਬ੍ਰਿਗੇਟ ਫਿਲਪਸਨ ਨੂੰ ਸਿੱਖਿਆ ਮੰਤਰੀ ਅਤੇ ਐਡ ਮਿਲੀਬੈਂਡ ਨੂੰ ਊਰਜਾ ਮੰਤਰੀ ਬਣਾਇਆ ਗਿਆ ਹੈ।
ਇਸੇ ਦੌਰਾਨ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਕੀਤੀ ਕਿਉਂਕਿ ਉਨ੍ਹਾਂ ਦੀ ਨਵੀਂ ਸਰਕਾਰ ਕਈ ਗੰਭੀਰ ਘਰੇਲੂ ਸਮੱਸਿਆਵਾਂ ਦੂਰ ਕਰਨ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਸਟਾਰਮਰ ਨੇ 10 ਡਾਊਨਿੰਗ ਸਟਰੀਟ ‘ਚ ਨਵੇਂ ਮੰਤਰੀਆਂ ਦਾ ਸਵਾਗਤ ਕੀਤਾ। ਉਨ੍ਹਾਂ ਆਖਿਆ, ‘‘ਸਾਡੇ ਕੋਲ ਕਰਨ ਲਈ ਬਹੁਤ ਸਾਰਾ ਕੰਮ ਹੈ, ਇਸ ਲਈ ਹੁਣ ਅਸੀਂ ਆਪਣਾ ਕੰਮ ਸ਼ੁਰੂ ਕਰਨਾ ਹੈ।“ ਉਨ੍ਹਾਂ ਸਾਹਮਣੇ ਮੰਦੇ ਅਰਥਚਾਰੇ ਨੂੰ ਹੁਲਾਰਾ ਦੇਣਾ, ਸਿਹਤ ਸੰਭਾਲ ਪ੍ਰਣਾਲੀ ‘ਚ ਸੁਧਾਰ ਅਤੇ ਸਰਕਾਰ ਦਾ ਭਰੋਸਾ ਬਹਾਲ ਕਰਨਾ ਆਦਿ ਸਮੱਸਿਆਵਾਂ ਹਨ। ਲੰਘੇ ਦਿਨੀਂ ਡਾਊਨਿੰਗ ਸਟਰੀਟ ਤੋਂ ਪ੍ਰਧਾਨ ਮੰਤਰੀ ਵਜੋਂ ਆਪਣੇ ਪਹਿਲੇ ਭਾਸ਼ਨ ‘ਚ ਕੀਰ ਸਟਾਰਮਰ ਨੇ ਬਰਤਾਨੀਆ ਦੀਆਂ ਸਰਹੱਦਾਂ ਸੁਰੱਖਿਅਤ ਬਣਾਉਣ ਅਤੇ ਦੇਸ਼ ਦੇ ਸਿਹਤ ਢਾਂਚੇ ਨੂੰ ਮੁੜ ਲੀਹ ‘ਤੇ ਲਿਆਉਣ ਦਾ ਅਹਿਦ ਕੀਤਾ ਸੀ। ਹਾਲਾਂਕਿ ਸਟਾਰਮਰ ਨੇ 10 ਡਾਊਨਿੰਗ ਸਟਰੀਟ ‘ਚ ਆਪਣੀ ਨਵੀਂ ਅਧਿਕਾਰਤ ਰਿਹਾਇਸ਼ ਦੇ ਬਾਹਰ ਸਮਰਥਕਾਂ ਦੀ ਹਾਜ਼ਰੀ ‘ਚ ਕਿਹਾ, ‘‘ਕਿਸੇ ਦੇਸ਼ ਨੂੰ ਬਦਲਣਾ ਕੋਈ ‘ਸਵਿੱਚ ਦਬਾਉਣ‘ ਵਾਂਗ ਨਹੀਂ ਹੈ। ਇਸ ਵਿਚ ਕੁਝ ਸਮਾਂ ਲੱਗੇਗਾ। ਪਰ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬਦਲਾਅ ਦਾ ਕੰਮ ਸ਼ੁਰੂ ਹੋ ਗਿਆ ਹੈ।“ ਇਸ ਦੌਰਾਨ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਵੀ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਸਿਹਤ ਮੰਤਰੀ ਵੈਸ ਸਟਰੀਟਿੰਗ ਨੇ ਕਿਹਾ ਕਿ ਉਹ ਹੜਤਾਲ ‘ਤੇ ਚੱਲ ਰਹੇ ਐਨ.ਐਚ.ਐਸ. ਡਾਕਟਰਾਂ ਨਾਲ ਨਵੇਂ ਸਿਰਿਓਂ ਗੱਲਬਾਤ ਸ਼ੁਰੂ ਕਰਨਗੇ।
ਸੰਧਵਾਂ ਵੱਲੋਂ ਚੋਣਾਂ ਜਿੱਤਣ ਵਾਲੇ ਪੰਜਾਬੀਆਂ ਨੂੰ ਵਧਾਈ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬਰਤਾਨੀਆ ਦੀਆਂ ਆਮ ਚੋਣਾਂ ਵਿਚ ਜਿੱਤ ਦਰਜ ਕਰਨ ਵਾਲੇ 10 ਪੰਜਾਬੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਹਾਊਸ ਆਫ ਕਾਮਨਜ਼ ਵਿਚ ਸਿੱਖਾਂ ਅਤੇ ਪੰਜਾਬੀਆਂ ਦੀ ਆਵਾਜ਼ ਬੁਲੰਦ ਹੋਵੇਗੀ। ਸੰਧਵਾਂ ਨੇ ਕਿਹਾ ਕਿ ਨਤੀਜਿਆਂ ਵਿਚ ਲੇਬਰ ਪਾਰਟੀ ਵੱਲੋਂ ਦਰਜ ਕੀਤੀ ਗਈ ਹੂੰਝਾਫੇਰ ਜਿੱਤ ਨਾਲ ਬਰਤਾਨੀਆ ਦੀ ਸੰਸਦ ਵਿਚ ਪੰਜਾਬੀਆਂ ਖ਼ਾਸ ਕਰ ਸਿੱਖਾਂ ਨੂੰ ਅਹਿਮ ਨਮਾਇੰਦਗੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖ ਆਗੂਆਂ ਦੀ ਇਹ ਜਿੱਤ ਮਾਣ ਕਰਨ ਵਾਲੀ ਅਤੇ ਵੱਕਾਰੀ ਜਿੱਤ ਹੈ। ਉਨ੍ਹਾਂ ਕਿਹਾ ਕਿ ਬਰਤਾਨਵੀ ਸੰਸਦ ਲਈ ਪਹਿਲੀ ਵਾਰ 10 ਸਿੱਖ ਤੇ ਪੰਜਾਬੀ ਮੈਂਬਰਾਂ ਦਾ ਚੁਣਿਆ ਜਾਣਾ ਇਕ ਮਿਸਾਲ ਹੈ।