ਦਰਬਾਰ ਸਾਹਿਬ ਸਮੂਹ `ਚ ਫਿਲਮਾਂ ਦੇ ਪ੍ਰਚਾਰ `ਤੇ ਰੋਕ

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਮਰਿਆਦਾ ਦੀ ਹੋ ਰਹੀ ਉਲੰਘਣਾ ਨੂੰ ਧਿਆਨ ਵਿਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਫਿਲਮੀ ਕਲਾਕਾਰਾਂ ਵੱਲੋਂ ਫਿਲਮਾਂ ਦੇ ਪ੍ਰਚਾਰ ਵਾਸਤੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਨ ‘ਤੇ ਰੋਕ ਲਾ ਦਿੱਤੀ ਹੈ। ਇਹ ਫ਼ੈਸਲਾ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਕੀਤਾ ਗਿਆ ਸੀ ਜਿਸ ਨੂੰ ਹੁਣ ਲਾਗੂ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਬੀਤੇ ਦਿਨੀਂ ਵਡੋਦਰਾ ਵਾਸੀ ਅਰਚਨਾ ਮਕਵਾਨਾ ਨੇ ਇੱਥੇ ਪਰਿਕਰਮਾ ਵਿਚ ਯੋਗ ਆਸਣ ਕੀਤਾ ਸੀ ਜਿਸ ਦਾ ਵਿਵਾਦ ਅਜੇ ਚੱਲ ਹੀ ਰਿਹਾ ਸੀ ਕਿ ਅਗਲੇ ਦਿਨ ਦਲਜੀਤ ਦੋਸਾਂਝ ਤੇ ਨੀਰੂ ਬਾਜਵਾ ਨੇ ਆਪਣੀ ਫਿਲਮ ਦੇ ਪ੍ਰਚਾਰ ਲਈ ਇੱਥੇ ਮੱਥਾ ਟੇਕਿਆ। ਦਲਜੀਤ ਦੋਸਾਂਝ ਨੇ ਸਵੇਰੇ ਪ੍ਰਕਾਸ਼ ਵੇਲੇ ਪਾਲਕੀ ਸਾਹਿਬ ਨੂੰ ਮੋਢਾ ਦੇਣ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੀ ਵੀਡੀਓ ਸਾਂਝੀ ਕੀਤੀ ਜਿਸ ਨੂੰ ਮਰਿਆਦਾ ਦੀ ਉਲੰਘਣਾ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਦਾ ਸਖਤ ਨੋਟਿਸ ਲਿਆ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਇਸ ਸਬੰਧੀ ਫ਼ੈਸਲਾ ਲੈਂਦਿਆਂ ਫਿਲਮਾਂ ਦੇ ਪ੍ਰਚਾਰ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਵੀਡੀਓਗ੍ਰਾਫੀ ਕਰਨ ‘ਤੇ ਮੁਕੰਮਲ ਰੋਕ ਲਾ ਦਿੱਤੀ ਗਈ ਹੈ। ਇਸ ਰੋਕ ਤਹਿਤ ਆਮ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਕੁਝ ਛੋਟ ਦਿੱਤੀ ਗਈ ਹੈ ਜਿਸ ਤਹਿਤ ਉਹ ਯਾਦਗਾਰ ਵਜੋਂ ਪਰਿਕਰਮਾ ਵਿਚ ਆਪਣੀ ਤਸਵੀਰ ਤੇ ਸੈਲਫੀ ਲੈ ਸਕਦੇ ਹਨ ਪਰ ਚਲਦੇ ਹੋਏ ਵੀਡੀਓਗ੍ਰਾਫੀ ਕਰਨ ਤੋਂ ਗੁਰੇਜ਼ ਕਰਨਾ ਹੋਵੇਗਾ। ਇਸ ਸਬੰਧੀ ਮਰਿਆਦਾ ਦੇ ਪਾਲਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਥੇ ਪਰਿਕਰਮਾ ਵਿਚ ਵਾਧੂ ਟਾਸਕ ਫੋਰਸ ਲਗਾਉਣ ਅਤੇ ਸੇਵਾਦਾਰਾਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ।