ਜ਼ਿਮਨੀ ਚੋਣ: ਲੋਕ ਮੁੱਦੇ ਬਨਾਮ ਸਿਆਸੀ ਪਾਰਟੀਆਂ

ਨਵਕਿਰਨ ਸਿੰਘ ਪੱਤੀ
ਜਲੰਧਰ (ਪੱਛਮੀ) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਨੇ ਪੰਜਾਬ ਦੀ ਸਿਆਸਤ ਦੀ ਹਕੀਕਤ ਸਾਹਮਣੇ ਲੈ ਆਂਦੀ ਹੈ। ਮਸਲਾ ਇਹ ਨਹੀਂ ਕਿ ਉੱਥੇ ਕੌਣ ਜਿੱਤਿਆ ਅਤੇ ਕੌਣ-ਕੌਣ ਹਾਰਿਆ ਹੈ, ਵਿਚਾਰਨ ਵਾਲਾ ਮੁੱਦਾ ਇਹ ਹੈ ਕਿ ਸਿਆਸੀ ਪਾਰਟੀਆਂ ਨੇ ਚੋਣ ਜਿੱਤਣ ਲਈ ਕੀ-ਕੀ ਹੱਥਕੰਡੇ ਅਪਣਾਏ।

ਜਲੰਧਰ (ਪੱਛਮੀ) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸਾਰੀਆਂ ਸਿਆਸੀ ਧਿਰਾਂ ਦਾ ਵਾਹਵਾ ਜ਼ੋਰ ਲੱਗਿਆ ਰਿਹਾ ਹੈ ਪਰ ਵਿਚੋਂ ਵਿਚਾਰਨ ਵਾਲਾ ਅਹਿਮ ਮਸਲਾ ਇਹ ਹੈ ਕਿ ਇਹ ਚੋਣ ਪ੍ਰਕਿਰਿਆ ਕਿਸ ਤਰ੍ਹਾਂ ਦੀ ਰਹੀ, ਚੋਣ ਜਿੱਤਣ ਲਈ ਪਾਰਟੀਆਂ ਨੇ ਕਿਸ ਤਰ੍ਹਾਂ ਦੇ ਢੰਗ-ਤਰੀਕੇ ਅਖਤਿਆਰ ਕੀਤੇ।
ਵੈਸੇ ਤਾਂ ਰਾਜਨੀਤਕ ਪਾਰਟੀਆਂ ਦੀ ਸਿਆਸੀ ਮੌਕਾਪ੍ਰਸਤੀ ਤਾਂ ਟਿਕਟਾਂ ਦੀ ਵੰਡ ਸਮੇਂ ਹੀ ਜੱਗ-ਜ਼ਾਹਿਰ ਹੋ ਗਈ ਸੀ ਜਦ ਢਾਈ ਸਾਲ ਪਹਿਲਾਂ ਹੋਈ 2022 ਦੀ ਵਿਧਾਨ ਸਭਾ ਚੋਣ ਦਾ ਜੇਤੂ ‘ਆਪ` ਉਮੀਦਵਾਰ ਸ਼ੀਤਲ ਅੰਗੁਰਾਲ ਭਾਜਪਾ ਨੇ ਉਮੀਦਵਾਰ ਐਲਾਨਿਆ ਸੀ ਅਤੇ ਢਾਈ ਸਾਲ ਪਹਿਲਾਂ ਉਸੇ ਚੋਣ ਦੌਰਾਨ ਭਾਜਪਾ ਦੀ ਟਿਕਟ ਉੱਪਰ ਚੋਣ ਲੜਿਆ ਮਹਿੰਦਰ ਭਗਤ ‘ਆਪ` ਨੇ ਉਮੀਦਵਾਰ ਐਲਨਿਆ ਸੀ। ਉਸੇ 2022 ਦੀ ਵਿਧਾਨ ਸਭਾ ਚੋਣ ਵਿਚ ਦੂਜੇ ਨੰਬਰ ‘ਤੇ ਰਿਹਾ ਕਾਂਗਰਸੀ ਉਮੀਦਵਾਰ ਸ਼ੁਸ਼ੀਲ ਰਿੰਕੂ 2023 ਵਿਚ ਹੋਈ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ‘ਆਪ` ਵੱਲੋਂ ਸੰਸਦ ਮੈਂਬਰ ਬਣਿਆ ਸੀ ਤੇ ਹੁਣ 2024 ਦੌਰਾਨ ਉਹ ਭਾਜਪਾ ਆਗੂ ਹੈ; ਮਤਲਬ ਸਾਫ ਹੈ ਕਿ ਢਾਈ ਸਾਲ ਪਹਿਲਾਂ ਇਹ ਪਾਰਟੀਆਂ ਜਿਸ ਉਮੀਦਵਾਰ ਖਿਲਾਫ ਚੋਣ ਪ੍ਰਚਾਰ ਕਰ ਰਹੀਆਂ ਸਨ, ਅੱਜ ਉਸ ਉਮੀਦਵਾਰ ਦੇ ਪੱਖ ਵਿਚ ਮੁਹਿੰਮ ਚਲਾ ਰਹੀਆਂ ਹਨ। ਭਾਜਪਾ ਤੇ ‘ਆਪ` ਵਾਂਗ ਇਸ ਚੋਣ ਪਿੜ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧੜੇ ਦਾ ਵੀ ਵੱਡਾ ਸਿਆਸੀ ਨਿਘਾਰ ਦੇਖਣ ਨੂੰ ਮਿਲ ਰਿਹਾ ਹੈ ਜੋ ਪਾਰਟੀ ਦੀ ਅੰਦਰੂਨੀ ਧੜੇਬੰਦੀ ਦੇ ਚੱਲਦਿਆਂ ਤੱਕੜੀ ਚੋਣ ਨਿਸ਼ਾਨ ਉੱਪਰ ਚੋਣ ਲੜ ਰਹੀ ਪਾਰਟੀ ਉਮੀਦਵਾਰ ਸੁਰਜੀਤ ਕੌਰ ਨੂੰ ਵੋਟਾਂ ਪਵਾਉਣ ਦੀ ਬਜਾਇ ਬਸਪਾ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਿਹਾ ਹੈ।
ਜਿਸ ਤਰ੍ਹਾਂ ਰਾਜਨੀਤਕ ਪਾਰਟੀਆਂ ਨੇ ਹਰ ਜਾਇਜ਼, ਨਜਾਇਜ਼ ਢੰਗ ਅਪਣਾਇਆ, ਉਹ ਸੂਬੇ ਦੀਆਂ ਸਾਰੀਆਂ ਮੁੱਖ ਧਾਰਾ ਪਾਰਟੀਆਂ ਦੇ ਸਿਆਸੀ ਨਿਘਾਰ ਦੀ ਨਿਸ਼ਾਨੀ ਹੈ। ਇਸ ਚੋਣ ਦੌਰਾਨ ਹੋਈਆਂ ਦਲ ਬਦਲੀਆਂ ਅਤੇ ਨਿੱਜੀ ਤੋਹਮਤਬਾਜ਼ੀਆਂ ਨੇ ਆਮ ਲੋਕਾਂ ਦੇ ਮੁੱਦੇ ਗਾਇਬ ਕਰ ਦਿੱਤੇ ਹਨ। ਚੋਣਾਂ ਲੜ ਰਹੀਆਂ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਦੇ ਬਿਆਨਾਂ ਵਿਚੋਂ ਸਿਆਸੀ ਨੈਤਿਕਤਾ ਮਨਫੀ ਨਜ਼ਰ ਆ ਰਹੀ ਹੈ ਤੇ ਮੌਕਾਪ੍ਰਸਤੀ ਭਾਰੂ ਹੈ। ਚੋਣ ਲੜ ਰਹੀ ਕਿਸੇ ਵੀ ਪਾਰਟੀ ਨੇ ਚੋਣਾਂ ਦੌਰਾਨ ਸੂਬੇ ਵਿਚ ਫੈਲੀ ਬੇਰਜ਼ੁਗਾਰੀ, ਨਸ਼ਿਆਂ ਉੱਪਰ ਠੋਸ ਰੂਪ ਵਿਚ ਗੱਲ ਨਹੀਂ ਕੀਤੀ। ਕਿਸਾਨਾਂ, ਮਜ਼ਦੂਰਾਂ ਦੇ ਮਸਲੇ ਚੋਣ ਪਿੜ ਵਿਚ ਕਿਸੇ ਵੀ ਰਾਜਨੀਤਕ ਧਿਰ ਦੀ ਜ਼ੁਬਾਨ ਉੱਪਰ ਨਜ਼ਰ ਨਹੀਂ ਆ ਰਹੇ ਹਨ।
‘ਆਪ` ਆਗੂ ਕਿਹਾ ਕਰਦੇ ਸਨ ਕਿ ਜੇ ਸਰਕਾਰ ਨੇ ਕੰਮ ਕੀਤੇ ਹੋਣ ਤਾਂ ਲੋਕਾਂ ਤੋਂ ਵੋਟ ਮੰਗਣ ਦੀ ਲੋੜ ਨਹੀਂ ਹੈ ਬਲਕਿ ਲੋਕ ਖੁਦ ਵੋਟਾਂ ਪਾਉਂਦੇ ਹਨ ਪਰ ਹੁਣ ਸਥਿਤੀ ਇਹ ਹੈ ਕਿ ਲੱਗਭੱਗ ਅੱਧਿਓਂ ਵੱਧ ਕਾਰਜਕਾਲ ਪੂਰਾ ਕਰ ਕੇ ਵੀ ਸੂਬੇ ਦਾ ਮੁੱਖ ਮੰਤਰੀ ਵਿਧਾਨ ਸਭਾ ਜ਼ਿਮਨੀ ਚੋਣ ਜਿੱਤਣ ਲਈ ਸੂਬੇ ਦੀ ਰਾਜਧਾਨੀ ਵਿਚਲਾ ਮੁੱਖ ਦਫਤਰ ਛੱਡ ਕੇ ਕੁਝ ਦਿਨਾਂ ਲਈ ਜਲੰਧਰ ਵਿਚ ਘਰ ਕਿਰਾਏ ਉੱਪਰ ਲੈ ਕੇ ਰਹਿਣ ਲੱਗ ਗਿਆ ਹੈ। ਜੇਕਰ ਸਰਕਾਰ ਨੇ ਪਿਛਲੇ ਢਾਈ ਸਾਲਾਂ ਵਿਚ ਸੱਚਮੁੱਚ ਲੋਕਾਂ ਲਈ ਕੁਝ ਕੀਤਾ ਹੁੰਦਾ ਤਾਂ ਅੱਜ ਇਹ ਨੌਬਤ ਨਾ ਆਉਂਦੀ ਕਿ ਮੁੱਖ ਮੰਤਰੀ ਨੂੰ ਸਾਰੇ ਜ਼ਰੂਰੀ ਕੰਮ ਛੱਡ ਕੇ ਮੁਹੱਲਾ ਪੱਧਰ ਤੱਕ ਵੋਟਾਂ ਮੰਗਣ ਲਈ ਜਾਣਾ ਪੈਂਦਾ। ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜੇਕਰ ਮੁੱਖ ਮੰਤਰੀ ਕਿਤੇ ਰਹੇਗਾ ਤਾਂ ਉਸ ਨਾਲ ਦਰਜਨਾਂ ਗੰਨਮੈਨ, ਡਰਾਈਵਰ, ਅਫਸਰ ਵੀ ਰਹਿਣਗੇ। ਸੋ, ਅਫਸਰਾਂ ਦਾ ਆਪਣੇ ਮੁੱਖ ਦਫਤਰ ਛੱਡ ਕੇ ਮੁੱਖ ਮੰਤਰੀ ਕੋਲ ਗੇੜੇ ਮਾਰਨਾ ਸਿਰਫ ਖਜ਼ਾਨੇ ਦਾ ਬੋਝ ਹੀ ਨਹੀਂ ਵਧਾ ਰਿਹਾ ਬਲਕਿ ਲੋਕਾਂ ਦੀ ਖੱਜਲ-ਖੁਆਰੀ ਵੀ ਵਧਾ ਰਿਹਾ ਹੈ।
ਭਾਜਪਾ, ਅਕਾਲੀ ਦਲ, ਕਾਂਗਰਸ ਵਰਗੀਆਂ ਪਾਰਟੀਆਂ ਦੇ ਆਗੂਆਂ ‘ਤੇ ਗੰਭੀਰ ਕਿਸਮ ਦੇ ਇਲਜ਼ਾਮ ਲਾਉਂਦੇ ਆ ਰਹੇ ‘ਆਪ` ਆਗੂਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਅਜਿਹੀ ਕਿਹੜੀ ‘ਵਾਸ਼ਿੰਗ ਮਸ਼ੀਨ` ਹੈ ਜਿਸ ਵਿਚੋਂ ਲੰਘਾ ਕੇ ਰਵਾਇਤੀ ਪਾਰਟੀਆਂ ਦੇ ਆਗੂ ‘ਕੱਟੜ ਇਮਾਨਦਾਰ` ਬਣ ਜਾਂਦੇ ਹਨ। ਆਮ ਆਦਮੀ ਪਾਰਟੀ ਨਾਅਰਾ ਦਿੰਦੀ ਹੁੰਦੀ ਸੀ ਕਿ ‘ਅਸੀਂ ਰਾਜਨੀਤੀ ਕਰਨ ਨਹੀਂ, ਰਾਜਨੀਤੀ ਬਦਲਣ ਆਏ ਹਾਂ` ਪਰ ਇਹ ਕਿਹੜਾ ‘ਬਦਲਾਅ` ਹੈ ਜਿਹੜਾ ਭਾਜਪਾ ਆਗੂਆਂ ਨੂੰ ਟਿਕਟਾਂ ਵੰਡ ਕੇ ‘ਆਮ ਆਦਮੀ` ਬਣਾ ਦਿੰਦਾ ਹੈ।
ਇਸ ਸਿਆਸੀ ਨਾਟਕ ਵਿਚ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਮਾਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਤਿੰਨ-ਚਾਰ ਦਿਨ ਸੋਸ਼ਲ ਮੀਡੀਆ `ਤੇ ਪੋਸਟਾਂ ਪਾ ਕੇ ਦਾਅਵਾ ਕਰਦਾ ਰਿਹਾ ਕਿ ਉਸ ਕੋਲ ਮੁੱਖ ਮੰਤਰੀ ਦੇ ਪਰਿਵਾਰਕ ਮੈਂਬਰਾਂ ਦੇ ਪੈਸਿਆਂ ਦੇ ਲੈਣ-ਦੇਣ ਬਾਬਤ ਗੱਲ ਕਰਨ ਦਾ ਆਡੀਓ ਸਬੂਤ ਹੈ ਤੇ ਉਹ ਇਨ੍ਹਾਂ ਸਬੂਤਾਂ ਨੂੰ ਪੰਜ ਜੁਲਾਈ ਨੂੰ ਜਨਤਕ ਕਰੇਗਾ। ਮੁੱਖ ਮੰਤਰੀ ਵੱਲੋਂ ਸਬੂਤ ਜਨਤਕ ਕਰਨ ਦੀ ਚੁਣੌਤੀ ਦੇਣ ‘ਤੇ ਸ਼ੀਤਲ ਅੰਗੁਰਾਲ ਨੇ ਸਬੂਤ ਦੇਣ ਦਾ ਵਾਅਵਾ ਕਰ ਕੇ ਜਲੰਧਰ ਦੇ ਬਾਬੂ ਜਗਜੀਵਨ ਰਾਮ ਚੌਕ ਵਿਚ ਆਪਣੇ ਸਮਰਥਕਾਂ ਅਤੇ ਪੱਤਰਕਾਰਾਂ ਦਾ ਵੱਡਾ ਇਕੱਠ ਕੀਤਾ। ਇਕੱਠ ਵਿਚ ਸਬੂਤ ਦਿਖਾਉਣ ਦੀ ਥਾਂ ਸਬੂਤ ਪੈੱਨ ਡਰਾਈਵ ਵਿਚ ਹੋਣ ਦਾ ਦਾਅਵਾ ਕਰ ਕੇ ਸ਼ੀਤਲ ਅੰਗੁਰਾਲ ਨੇ ਪੂਰਾ ਡਰਾਮਾ ਰਚਿਆ। ਇਕ ਘੰਟੇ ਤੋਂ ਲੰਮੇ ਚੱਲੇ ਇਸ ਡਰਾਮੇ ਦੌਰਾਨ ਸ਼ੀਤਲ ਅੰਗੁਰਾਲ ਭਾਵੁਕ ਹੋ ਕੇ ਰੋਣ ਵੀ ਲੱਗ ਗਿਆ ਪਰ ਇਸ ਦੇ ਬਾਵਜੂਦ ਉਸ ਨੇ ਪੈੱਨ ਡਰਾਈਵ ਵਾਲੇ ਭੇਤ ਨਾ ਖੋਲ੍ਹੇ। ਸ਼ੀਤਲ ਅੰਗੁਰਾਲ ਨੇ ਕਿਹਾ ਕਿ ਇਹ ਪੈੱਨ ਡਰਾਈਵ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇਗੀ। ਕੁਝ ਮਹੀਨੇ ਪਹਿਲਾਂ ਮੀਡੀਆ ਸੱਦ ਕੇ ਇਸੇ ਤਰ੍ਹਾਂ ਦੀ ਪੈੱਨ ਡਰਾਈਵ ਦਿਖਾਉਂਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਉਹ ਪੈੱਨ ਡਰਾਈਵ ਮੁੱਖ ਮੰਤਰੀ ਤੱਕ ਪਹੁੰਚਦੀ ਕਰਨਗੇ। ਲੋਕਾਂ ਸਾਹਮਣੇ ਨਾ ਤਾਂ ਮਜੀਠੀਆ ਵਾਲੀ ਪੈੱਨ ਡਰਾਈਵ ਦਾ ਸੱਚ ਜ਼ਾਹਿਰ ਹੋਇਆ ਹੈ ਤੇ ਨਾ ਹੀ ਅਜੇ ਤੱਕ ਅੰਗੁਰਾਲ ਵਾਲੀ ਦਾ ਸੱਚ ਸਾਹਮਣੇ ਆਇਆ ਹੈ।
ਇਹ ਖਦਸ਼ਾ ਪ੍ਰਗਟ ਕਰਨਾ ਬੇਬੁਨਿਆਦ ਨਹੀਂ ਕਿ ਅਜਿਹੇ ਕਥਿਤ ਸਬੂਤ ਲੋਕਾਂ ਸਾਹਮਣੇ ਜਨਤਕ ਨਾ ਕਰ ਕੇ ਮੁੱਖ ਮੰਤਰੀ ਨਾਲ ਕੋਈ ਸਿਆਸੀ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਜੇ ਮੁੱਖ ਮੰਤਰੀ ਦੇ ਪਰਿਵਾਰ ਖਿਲਾਫ ਸੱਚਮੁਚ ਹੀ ਕੋਈ ਠੋਸ ਸਬੂਤ ਹੈ ਤਾਂ ਇਹ ਜਨਤਕ ਕਰਨਾ ਅੰਗੁਰਾਲ ਦਾ ਨੈਤਿਕ ਫਰਜ਼ ਬਣਦਾ ਹੈ।
ਅੰਗੁਰਾਲ ਦੀ ਪ੍ਰੈੱਸ ਕਾਨਫਰੰਸ ਤੋਂ ਕੁੱਝ ਦਿਨ ਬਾਅਦ ਆਪ` ਆਗੂ ਪਵਨ ਕੁਮਾਰ ਟੀਨੂੰ ਨੇ ਪ੍ਰੈੱਸ ਕਾਨਫਰੰਸ ਕਰ ਕੇ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ ਦੇ ਪੁੱਤਰ `ਤੇ ਜ਼ਮੀਨ ਘੁਟਾਲੇ ਦਾ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਤੋਂ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ। ਹੁਣ ਇਸ ਤਰ੍ਹਾਂ ਦੀਆਂ ਪ੍ਰੈੱਸ ਕਾਨਫਰੰਸਾਂ ਕਰਕੇ ਜਾਂਚ ਦੀ ਮੰਗ ਵਿਰੋਧੀ ਧਿਰਾਂ ਕਰਨ ਤਾਂ ਗੱਲ ਸਮਝ ਆਉਂਦੀ ਹੈ ਲੇਕਿਨ ਜਦ ‘ਸੱਤਾ` ਧਿਰ ਇਸ ਤਰ੍ਹਾਂ ਦੀ ਮੰਗ ਕਰੇ ਤਾਂ ਇਹ ਸਿਰਫ ਡਰਾਮੇਬਾਜੀ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਜੋ ਆਪ ਸੱਤਾ ਵਿਚ ਹੋਣ ਉਹਨਾਂ ਨੂੰ ਮੰਗ ਕਰਨ ਦੀ ਕੀ ਲੋੜ ਹੈ ਉਹ ਤਾਂ ਜਾਂਚ ਕਰਨ ਦੇ ਹੁਕਮ ਦੇ ਸਕਦੇ ਹਨ।
ਵੈਸੇ ਕੁਝ ਦਿਨਾਂ ਲਈ ਜਲੰਧਰ ਰਹਿ ਰਹੇ ਮੁੱਖ ਮੰਤਰੀ ਨੂੰ ਆਪਣੇ ਗੁਆਂਢੀ ਲਤੀਫਪੁਰਾ ਇਲਾਕੇ ਵਿਚ ਦਹਾਕਿਆਂ ਤੋਂ ਵਸੇ ਉਹਨਾਂ ਬੇਘਰ ਹੋਏ ਲੋਕਾਂ ਵੱਲ ਵੀ ਗੇੜਾ ਮਾਰ ਲੈਣਾ ਚਾਹੀਦਾ ਹੈ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਉਜਾੜ ਦਿੱਤਾ ਗਿਆ ਅਤੇ ਮੁੜ-ਵਸੇਬੇ ਦੇ ਉਹਨਾਂ ਦੇ ਹੱਕੀ ਸੰਘਰਸ਼ ਨੂੰ ਕੁਚਲਣ ਲਈ ਹਰ ਹਰਬਾ ਵਰਤਿਆ ਗਿਆ। ਜਲੰਧਰ ਵਿਚ ਹੋ ਰਹੀਆਂ ਦਲ ਬਦਲੀਆਂ ਨੇ ਤਾਂ ‘ਆਯਾ ਰਾਮ ਗਯਾ ਰਾਮ` ਦੇ ਕਿੱਸੇ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਹਰਿਆਣਾ ਦੀ ਪਹਿਲੀ ਵਿਧਾਨ ਸਭਾ ਲਈ 1967 ਵਿਚ ਹੋਈਆਂ ਚੋਣਾਂ ਦੌਰਾਨ ਜਿੱਤੇ ਗਯਾ ਲਾਲ ਨੇ ਇਕ ਦਿਨ ਵਿਚ ਦੋ ਪਾਰਟੀਆਂ ਬਦਲੀਆਂ ਸਨ ਤੇ ਉਸ ਨੇ ਵਿਧਾਨ ਸਭਾ ਦੀ ਇਕੋ ਟਰਮ ਦੌਰਾਨ ਬਦਲ-ਬਦਲ ਕਈ ਪਾਰਟੀਆਂ ਦਾ ਪੱਲਾ ਫੜਿਆ ਸੀ ਜਿਸ ਕਾਰਨ ‘ਆਯਾ ਰਾਮ, ਗਯਾ ਰਾਮ` ਦੀ ਕਹਾਵਤ ਮਸ਼ਹੂਰ ਹੋਈ ਸੀ ਪਰ ਹਕੀਕਤ ਇਹ ਹੈ ਕਿ ਉਹ ਚੋਣ ਜਿੱਤਿਆ ਆਜ਼ਾਦ ਵਿਧਾਇਕ ਸੀ ਲੇਕਿਨ ਹੁਣ ਜਦ ਉਹੀ ਕੰਮ ਕੁੱਝ ਪਾਰਟੀਆਂ/ਸੰਸਥਾਵਾਂ ਕਰ ਰਹੀਆਂ ਹਨ ਤਾਂ ਇਹ ਰੁਝਾਨ ਜ਼ਿਆਦਾ ਖਤਰਨਾਕ ਹੈ।
ਇਸ ਚੋਣ ਦੌਰਾਨ ਅਕਾਲੀ ਉਮੀਦਵਾਰ ਸੁਰਜੀਤ ਕੌਰ ਇਸ ਕਰ ਕੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਕ ਦਿਨ ਦੁਪਹਿਰ ਦੇ ਸਮੇਂ ਉਹ ‘ਆਪ` ਵਿਚ ਸ਼ਾਮਲ ਹੋ ਗਈ ਸੀ; ਸੂਰਜ ਢਲਦਿਆਂ ਹੀ ਉਹ ਅਕਾਲੀ ਦਲ ਵਿਚ ਵਾਪਸੀ ਕਰ ਗਏ ਸਨ। ਸਾਨੂੰ ਮੁੱਖ ਧਾਰਾ ਮੀਡੀਆ ਵੱਲੋਂ ਸਿਰਜੇ ਬਿਰਤਾਂਤ ਅਨੁਸਾਰ ਬੀਬੀ ਸੁਰਜੀਤ ਕੌਰ ਨੂੰ ਸਵਾਲ ਕਰਨ ਤੋਂ ਪਹਿਲਾਂ ‘ਸੱਤਾ` ਧਿਰ ਨੂੰ ਸਵਾਲ ਪੁੱਛਣਾ ਬਣਦਾ ਹੈ ਕਿ ਇਕ ਚੱਲ ਰਹੀ ਚੋਣ ਪ੍ਰਕਿਰਿਆ ਦੌਰਾਨ ਜੇਕਰ ਸੱਤਾਧਾਰੀ ਪਾਰਟੀ ਇਸੇ ਤਰ੍ਹਾਂ ਵਿਰੋਧੀ ਉਮੀਦਵਾਰਾਂ ਨੂੰ ਕਿਸੇ ਢੰਗ ਨਾਲ ਆਪਣੇ ਵਿਚ ਸ਼ਾਮਲ ਕਰਨ ਲੱਗ ਜਾਵੇਗੀ ਤਾਂ ਇਸ ਚੋਣ ਪ੍ਰਕਿਰਿਆ/ਜਮਹੂਰੀਅਤ/ਲੋਕਤੰਤਰ ਵਰਗੇ ਸ਼ਬਦਾਂ ਦੇ ਕੀ ਮਾਇਨੇ ਰਹਿ ਜਾਣਗੇ। ਦੂਸਰਾ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਹਲੀ-ਕਾਹਲੀ ਬੀਬੀ ਸੁਰਜੀਤ ਕੌਰ ਨੂੰ ‘ਆਪ` ਜੁਆਇਨ ਕਰਵਾਈ, ਇਸੇ ਤਰ੍ਹਾਂ ਹੀ ਭਾਜਪਾ ਕਰਦੀ ਆ ਰਹੀ ਹੈ, ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਗਵੰਤ ਮਾਨ ਵਿਚ ਕੀ ਫਰਕ ਰਹਿ ਗਿਆ?
ਹਕੀਕਤ ਇਹ ਹੈ ਕਿ ਜਦੋਂ ਅਸੀਂ ਜਲੰਧਰ ਵਿਚ ਹੋ ਰਹੀਆਂ ਦਲ ਬਦਲੀਆਂ, ਹਲਕੇ ਪੱਧਰ ਦੀ ਬਿਆਨਬਾਜ਼ੀ ਨੂੰ ਗਹੁ ਨਾਲ ਤੱਕਦੇ ਹਾਂ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕੋਈ ‘ਬਿਗ ਬੌਸ` ਵਰਗਾ ਹਲਕੇ ਪੱਧਰ ਦਾ ਕਮੇਡੀ ਭਰਪੂਰ ਟੀ.ਵੀ. ਸੀਰੀਅਲ ਚੱਲ ਰਿਹਾ ਹੋਵੇ; ਭਾਵ, ਇਸ ਚੋਣ ਪ੍ਰਕਿਰਿਆ ਵਿਚ ਸੰਜੀਦਗੀ ਨਾਮ ਦੀ ਕੋਈ ਚੀਜ਼ ਨਹੀਂ ਹੈ। ਆਮ ਲੋਕਾਂ ਦੇ ਬੁਨਿਆਦੀ ਮੁੱਦਿਆਂ ਤੋਂ ਸੱਖਣੀ ਇਸ ਚੋਣ ਪ੍ਰਕਿਰਿਆ ਵਿਚ ਸਿਰਫ ਫੋਕੇ ਨਾਅਰੇ ਹੀ ਗੂੰਜ ਰਹੇ ਹਨ।