ਗੁਰਪ੍ਰੀਤ ਕੌਰ ਭੰਗੂ ਦੀ ਅਦਾਕਾਰੀ ਦਾ ਜਲੌਅ

ਪੰਜਾਬੀ ਅਦਾਕਾਰੀ ਦੇ ਖੇਤਰ ਵਿਚ ਗੁਰਪ੍ਰੀਤ ਕੌਰ ਭੰਗੂ ਅਜਿਹਾ ਨਾਂ ਹੈ ਜਿਸ ਦੇ ਬਿਨਾਂ ਅੱਜ ਪੰਜਾਬ ਦੀ ਕੋਈ ਵੀ ਪਰਿਵਾਰਕ ਪੰਜਾਬੀ ਫਿਲਮ ਪੂਰੀ ਨਹੀਂ ਹੁੰਦੀ। ਉਸ ਨੂੰ ਅਦਾਕਾਰੀ ਵਿਰਾਸਤ ਵਿਚ ਨਹੀਂ ਮਿਲੀ ਬਲਕਿ ਉਸ ਨੇ ਆਪਣੇ ਜਨੂਨ ਨਾਲ ਇਸ ਦਾ ਸਿਖਰ ਹਾਸਲ ਕੀਤਾ ਹੈ। ਆਪਣੀ ਅਦਾਕਾਰੀ ਦੀ ਬਦੌਲਤ ਅੱਜ ਉਹ ਪੰਜਾਬੀ ਦਰਸ਼ਕਾਂ ਦੀ ਅਜਿਹੀ ਚਹੇਤੀ ਕਲਾਕਾਰ ਬਣ ਗਈ ਹੈ ਜਿਸ ਨੂੰ ਮਾਂ, ਭੂਆ ਤੇ ਤਾਈ-ਚਾਚੀ ਦੇ ਕਿਰਦਾਰ ਵਿਚ ਬਹੁਤ ਪਸੰਦ ਕੀਤਾ ਜਾਂਦਾ ਹੈ।

ਇਸ ਮੁਕਾਮ `ਤੇ ਪਹੁੰਚਣ ਲਈ ਉਸ ਨੇ ਸਖ਼ਤ ਮਿਹਨਤ ਦਾ ਪੱਲਾ ਫੜਿਆ ਹੈ। ਘਰੇਲੂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਜਿੱਥੇ ਉਸ ਨੇ ਆਪਣੀ ਅਧਿਆਪਕ ਵਜੋਂ ਡਿਊਟੀ ਨੂੰ ਬਾਖ਼ੂਬੀ ਨਿਭਾਇਆ ਹੈ, ਉੱਥੇ ਪੰਜਾਬੀ ਰੰਗਮੰਚ ਤੇ ਪੰਜਾਬੀ ਸਿਨੇਮਾ ਵਿਚ ਅਮਿੱਟ ਛਾਪ ਛੱਡੀ ਹੈ।
ਗੁਰਪ੍ਰੀਤ ਕੌਰ ਭੰਗੂ ਨੇ ਆਰਟ ਸੈਂਟਰ ਸਮਰਾਲਾ, ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ਸੁਚੇਤਕ ਰੰਗ ਮੰਚ ਮੁਹਾਲੀ ਆਦਿ ਨਾਟਕ ਟੀਮਾਂ ਨਾਲ ਭਾਅ ਜੀ ਗੁਰਸ਼ਰਨ ਸਿੰਘ, ਪ੍ਰੋ. ਅਜਮੇਰ ਸਿੰਘ ਔਲਖ, ਦਵਿੰਦਰ ਦਮਨ ਅਤੇ ਪਾਲੀ ਭੁਪਿੰਦਰ ਦੇ ਲਿਖੇ ਨਾਟਕਾਂ ਵਿਚ ਕੰਮ ਕੀਤਾ। ‘ਛਿਪਣ ਤੋਂ ਪਹਿਲਾਂ`, ‘ਮਿੱਟੀ ਨਾ ਹੋਵੇ ਮਤਰੇਈ`, ‘ਇਨ੍ਹਾਂ ਦੀ ਆਵਾਜ਼`, ‘ਜਦੋਂ ਮੈਂ ਸਿਰਫ਼ ਔਰਤ ਹੁੰਦੀ ਹਾਂ`, ‘ਸੁੱਕੀ ਕੁੱਖ`, ‘ਜਦੋਂ ਬੋਹਲ ਰੋਂਦੇ ਹਨ`, ‘ਮਿੱਟੀ ਰੁਦਨ ਕਰੇ` ਆਦਿ ਨਾਟਕਾਂ ਵਿਚ ਯਾਦਗਾਰੀ ਭੂਮਿਕਾਵਾਂ ਨਿਭਾ ਕੇ ਦਰਸ਼ਕਾਂ `ਤੇ ਗਹਿਰੀ ਛਾਪ ਛੱਡੀ। ਇਸ ਤੋਂ ਇਲਾਵਾ ਉਸ ਨੇ ਗੁਰਦਿਆਲ ਸਿੰਘ ਅਤੇ ਵਰਿਆਮ ਸੰਧੂ ਦੀਆਂ ਲਿਖਤਾਂ `ਤੇ ਬਣੀਆਂ ਫਿਲਮਾਂ ਜਿਵੇਂ ‘ਅੰਨੇ ਘੋੜੇ ਦਾ ਦਾਨ` ਅਤੇ ‘ਚੌਥੀ ਕੂਟ` `ਚ ਵੀ ਯਾਦਗਾਰੀ ਭੂਮਿਕਾਵਾਂ ਨਿਭਾਈਆਂ। ਇਸੇ ਤਰ੍ਹਾਂ ਉਸ ਨੇ ‘ਤਰਕ ਦੀ ਸਾਣ `ਤੇ` ਅਤੇ ‘ਕੱਚ ਦੀਆਂ ਵੰਗਾਂ` ਸੀਰੀਅਲਾਂ ਵਿਚ ਅਤੇ ਅਨੇਕ ਟੈਲੀ-ਫਿਲਮਾਂ ਵਿਚ ਯਾਦਗਾਰੀ ਭੂਮਿਕਾ ਨਿਭਾਈਆਂ।
ਉਸ ਦਾ ਜਨਮ 13 ਮਈ 1959 ਨੂੰ ਪਿਤਾ ਸੁਖਦੇਵ ਸਿੰਘ ਤੇ ਮਾਤਾ ਸੁਰਜੀਤ ਕੌਰ ਦੇ ਘਰ ਪਿੰਡ ਬੁਰਜ ਕਾਹਨ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਿਖੇ ਕਿਸਾਨ ਪਰਿਵਾਰ ਵਿਚ ਹੋਇਆ। ਉਸ ਨੇ ਆਪਣੀ ਮੁੱਢਲੀ ਸਿੱਖਿਆ ਤੋਂ ਬਾਅਦ ਬੀ.ਪੀ.ਐੱਡ ਦੀ ਡਿਗਰੀ ਫਿਜ਼ੀਕਲ ਕਾਲਜ, ਪਟਿਆਲਾ ਤੋਂ ਤੇ ਪੋਸਟ ਗ੍ਰੈਜੂਏਸ਼ਨ ਰਾਜਿੰਦਰਾ ਕਾਲਜ, ਬਠਿੰਡਾ ਤੋਂ ਪੂਰੀ ਕੀਤੀ। ਉਸ ਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਰਿਹਾ ਹੈ ਜਿਸ ਕਾਰਨ ਉਹ ਆਪਣੇ ਸਕੂਲ ਦੀ ਬਾਲ ਸਭਾ ਵਿਚ ਆਪਣੇ ਸਾਥੀ ਵਿਦਿਆਰਥੀਆਂ ਦਾ ਗੀਤ ਗਾ ਕੇ ਜਾਂ ਚੁਟਕੁਲੇ ਆਦਿ ਸੁਣਾ ਕੇ ਮਨੋਰੰਜਨ ਕਰਦੀ ਰਹਿੰਦੀ ਸੀ। ਆਪਣੇ ਇਸ ਸ਼ੌਕ ਕਾਰਨ ਉਸ ਨੂੰ ਸਕੂਲ ਤੇ ਕਾਲਜ ਦੇ ਸੱਭਿਆਚਾਰ ਪ੍ਰੋਗਰਾਮਾਂ ਵਿਚ ਹਿੱਸਾ ਲੈਣਾ ਚੰਗਾ ਲੱਗਦਾ ਸੀ। ਇਹੀ ਕਾਰਨ ਸੀ ਕਿ ਉਸ ਨੇ ਆਪਣੀ ਪੜ੍ਹਾਈ ਦੇ ਨਾਲ ਨਾਲ ਆਪਣੇ ਅਦਾਕਾਰੀ ਦੇ ਜਨੂੰਨ ਨੂੰ ਵੀ ਜਾਰੀ ਰੱਖਿਆ।
ਉਸ ਦਾ ਵਿਆਹ ਲੇਖਕ ਅਤੇ ਪੱਤਰਕਾਰ ਸਵਰਨ ਸਿੰਘ ਭੰਗੂ ਨਾਲ ਹੋਇਆ ਜਿਸ ਨੇ ਉਸ ਦੇ ਅਦਾਕਾਰੀ ਦੇ ਸਫ਼ਰ ਵਿਚ ਭਰਪੂਰ ਸਹਿਯੋਗ ਦਿੱਤਾ। ਪਤੀ ਨੇ ਹੀ ਉਸ ਨੂੰ ਇਸ ਰਾਹ ਵੱਲ ਤੋਰਿਆ ਤੇ ਉਸ ਨੇ ਪਹਿਲੀ ਵਾਰ ਉਸ ਨਾਲ ਮਿਲ ਕੇ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਉਸਤਾਦ ਗੁਰਸ਼ਰਨ ਸਿੰਘ ਤੋਂ ਬਹੁਤ ਪ੍ਰਭਾਵਿਤ ਰਹੀ ਤੇ ਉਨ੍ਹਾਂ ਕੋਲੋਂ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਉਸ ਨੇ ਪਿੰਡਾਂ ਵਿਚ ਵੀ ਨਾਟਕ ਕੀਤੇ। ਉਸ ਦਾ ਸੁਫ਼ਨਾ ਸੀ ਕਿ ਬਹੁਤ ਨਾਟਕ ਕਰਾਂ ਤੇ ਰੰਗਮੰਚ ਵਿਚ ਨਾਮ ਕਮਾਵਾਂ। ਫਿਰ ਬਿਲਕੁਲ ਇਵੇਂ ਹੀ ਹੋਇਆ ਅਤੇ ਉਹ ਵੱਡੇ-ਵੱਡੇ ਨਾਟਕਾਂ ਦਾ ਹਿੱਸਾ ਬਣੀ। ਜੇਕਰ ਗੁਰਪ੍ਰੀਤ ਭੰਗੂ ਵੱਲੋਂ ਨਿਭਾਏ ਕਿਰਦਾਰਾਂ ਦੀ ਗੱਲ ਕਰੀਏ ਤਾਂ ਉਹ ਕਿਰਦਾਰ ਜਿਸ ਨੇ ਉਸ ਨੂੰ ਬਹੁਤ ਮਾਣ ਮਹਿਸੂਸ ਕਰਾਇਆ, ਉਹ ਸੀ ਸ਼ਹੀਦ ਭਗਤ ਸਿੰਘ ਦੀ ਮਾਂ ਦਾ ਕਿਰਦਾਰ। ਪੰਜਾਬ ਦੇ ਨਾਲ ਨਾਲ ਉਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜਿਵੇਂ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਆਦਿ ਥਾਵਾਂ `ਤੇ ਬਹੁਤ ਸਾਰੇ ਨਾਟਕ ਖੇਡੇ।
ਉਸ ਦੇ ਫਿਲਮੀ ਸਫ਼ਰ ਦੀ ਗੱਲ ਕਰੀਏ ਤਾਂ ਉਸ ਨੇ ਹਿੰਦੀ ਫ਼ਿਲਮ ‘ਮਿੱਟੀ` ਤੋਂ ਸ਼ੁਰੂਆਤ ਕੀਤੀ। ਇਸ ਤਰ੍ਹਾਂ ਫਿਲਮ ‘ਮਿੱਟੀ`, ‘ਮੌਸਮ` ਅਤੇ ‘ਸ਼ਰੀਕ` ਵਿਚ ਉਸ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੀ। ਉਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਤੇ ‘ਸਿੰਘ ਵਰਸਿਜ ਕੌਰ`, ‘ਅਰਦਾਸ`, ‘ਵਿਸਾਖੀ ਲਿਸਟ`, ‘ਸਾਡਾ ਹੱਕ`, ‘ਯਾਰ ਅਣਮੁੱਲੇ`, ‘ਨਿੱਕਾ ਜ਼ੈਲਦਾਰ`, ‘ਸਰਗੀ`, ‘ਅੰਬਰਸਰੀਆ`, ‘ਸਤਿ ਸ੍ਰੀ ਅਕਾਲ ਇੰਗਲੈਂਡ`, ‘ਸੱਗੀ ਫੁੱਲ`, ‘ਲੌਂਗ ਲਾਚੀ`, ‘ਆਸੀਸ`, ‘ਕੰਡੇ`, ‘ਹਰਜੀਤਾ`, ‘ਭਗਤ ਸਿੰਘ ਦੀ ਉਡੀਕ`, ‘ਸੰਨ ਆਫ ਮਨਜੀਤ ਸਿੰਘ`, ‘ਆਟੇ ਦੀ ਚਿੜੀ`, ‘ਅਫ਼ਸਰ`, ‘ਕਿਸਮਤ`, ‘ਰੱਬ ਦਾ ਰੇਡੀਓ 2`, ‘ਗੁੱਡੀਆਂ ਪਟੋਲੇ`, ‘ਸਰਦਾਰ ਮੁਹੰਮਦ`, ‘25 ਕਿੱਲੇ`, ‘ਛੜਾ`, ‘ਅਰਦਾਸ ਕਰਾਂ`, ‘ਮੁਕਲਾਵਾ`, ‘ਨਿੱਕਾ ਜ਼ੈਲਦਾਰ 2`, ‘ਮੰਜੇ ਬਿਸਤਰੇ 2`, ‘ਦਾਸਤਾਨ -ਏ- ਸਰਹੰਦ`, ‘ਕਲੀ ਜੋਟਾ`, ‘ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ`, ‘ਗੋਡੇ ਗੋਡੇ ਚਾਅ`, ‘ਮਾਂ`, ‘ਬੂਹੇ ਬਾਰੀਆ` ਆਦਿ ਕਿੰਨੀਆਂ ਹੀ ਫਿਲਮਾਂ ਵਿਚ ਮਾਂ, ਤਾਈ, ਚਾਚੀ ਦੇ ਕਿਰਦਾਰਾਂ ਨੂੰ ਬਾਖ਼ੂਬੀ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
ਉਸ ਨੂੰ ਆਪਣੇ ਕੰਮ ਪ੍ਰਤੀ ਬਹੁਤ ਸਾਰੇ ਮਾਣ-ਸਨਮਾਨ ਵੀ ਪ੍ਰਾਪਤ ਹੋਏ ਜਿਸ ਵਿਚ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀ ਫਿਲਮ ‘ਹਰਜੀਤਾ` ਦੇ ਨਾਲ ਹੋਰ ਵੀ ਪੁਰਸਕਾਰ ਸ਼ਾਮਲ ਹਨ। ਗੁਰਪ੍ਰੀਤ ਦਾ ਕਹਿਣਾ ਹੈ ਕੀ ਇਹ ਫਿਲਮ ਉਸ ਦੇ ਦਿਲ ਦੇ ਬਹੁਤ ਨੇੜੇ ਹੈ। ਅਦਾਕਾਰੀ ਦੇ ਨਾਲ ਉਹ ਸਰਕਾਰੀ ਅਧਿਆਪਕ ਵਜੋਂ ਵੀ ਸਮੇਂ ਸਮੇਂ `ਤੇ ਆਪਣੀਆਂ ਸੇਵਾਵਾਂ ਨਿਭਾਉਂਦੀ ਰਹਿੰਦੀ ਹੈ। ਜੇਕਰ ਜiLਕਰ ਕਰੀਏ ਸਮਾਜ ਭਲਾਈ ਦੇ ਕੰਮਾਂ ਦਾ ਤਾਂ ਗੁਰਪ੍ਰੀਤ ਭੰਗੂ ਇਨ੍ਹਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ। ਉਸ ਨੇ ਆਪਣੇ ਪਤੀ ਨਾਲ ਮਿਲ ਕੇ ਇੱਕ ਆਦਰਸ਼ ਚੈਰੀਟੇਬਲ ਟਰੱਸਟ ਵੀ ਬਣਾਇਆ ਹੈ ਜਿਸ ਵਿਚ ਜ਼ਰੂਰਤਮੰਦ ਬੱਚੀਆਂ ਦੀ ਪੜ੍ਹਾਈ ਦੇ ਨਾਲ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਇਸ ਤਰ੍ਹਾਂ ਉਹ ਪਤਾ ਨਹੀਂ ਕਿੰਨੀਆਂ ਕੁ ਬੱਚੀਆਂ ਦੀ ਮਾਂ ਬਣ ਕੇ ਉਨ੍ਹਾਂ ਨੂੰ ਪੜ੍ਹਾਈ ਦੇ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਦੇ ਭਵਿੱਖ ਨੂੰ ਸੁਨਹਿਰਾ ਬਣਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਹਰ ਕਿਰਦਾਰ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਨਿਭਾਇਆ ਹੈ ਚਾਹੇ ਉਹ ਪਰਦੇ ਦਾ ਕਿਰਦਾਰ ਹੋਵੇ, ਜਾਂ ਫਿਰ ਜ਼ਰੂਰਤਮੰਦ ਬੱਚੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਦਾ। ਸ਼ਾਲਾ! ਉਹ ਇਸ ਤਰ੍ਹਾਂ ਹੀ ਰੌਸ਼ਨੀਆਂ ਵੰਡਦੀ ਰਹੇ। -ਰਜਨੀ ਭਗਾਣੀਆ