ਰਾਜੇਸ਼ ਸ਼ਰਮਾ ਦੀ ਪੁਸਤਕ ‘ਸਾਹਿਤ ਸ਼ਬਦ ਸੰਸਾਰ’ ਨਾਲ ਤੁਰਦਿਆਂ

ਗੁਰਦੇਵ ਚੌਹਾਨ
ਰਾਜੇਸ਼ ਸ਼ਰਮਾ ਪੰਜਾਬੀ ਯੂਨੀਵਰਸਿਟੀ ਵਿਚ ਅੰਗਰੇਜ਼ੀ ਦੇ ਪ੍ਰੋਫੈਸਰ ਹਨ, ਅਤੇ ਕੁਝ ਸਾਲਾਂ ਤੋਂ ਅਧਿਆਪਨ ਤੋਂ ਇਲਾਵਾ ਸਾਹਿਤਕ, ਸਿਖਿਆ-ਖੇਤਰੀ, ਭਾਸ਼ਾਈ ਆਲੋਚਨਾਵੀ ਅਤੇ ਦਾਰਸ਼ਨਿਕ ਵਿਸ਼ਿਆਂ ਨਾਲ ਸੰਬੰਧਿਤ ਆਪਣੀਆਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਲਿਖਤਾਂ ਰਾਹੀਂ ਅਤੇ ਆਪਣੇ ਪੰਜਾਬੀ-ਅੰਗਰੇਜ਼ੀ, ਅੰਗਰੇਜ਼ੀ-ਪੰਜਾਬੀ ਅਨੁਵਾਦਾਂ ਰਚਨਾਤਮਕ ਗ਼ੈਰ-ਗਲਪ, ਸਾਹਿਤ ਅਤੇ ਸਾਹਿਤ-ਆਲੋਚਨਾ ਦੇ ਖ਼ੇਤਰ ਵਿਚ ਉੱਤਰ ਆਏ ਹਨ।

ਉਹ ਇਨ੍ਹਾਂ ਰੁਝਾਨਾਂ ਦੀਆਂ ਕਈ ਕਿਤਾਬਾਂ ਅਤੇ ਲੇਖ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਉਹ ਆਪਣੀ ਬਹੁ-ਚਰਚਿਤ ਪੁਸਤਕ, ‘ਸਾਹਿਤ ਸ਼ਬਦ ਸੰਸਾਰ’ ਵਿਚ ਇਨ੍ਹਾਂ ਵਿਸ਼ਿਆਂ ਨਾਲ ਜੁੜੇ ਰੁਝਾਨਾਂ ਅਤੇ ਮਸਲਿਆਂ ਦੀਆਂ ਆਧੁਨਿਕ ਰਮਜ਼ਾਂ ਅਤੇ ਅੰਤਰ-ਯਾਤਰਾਵੀ ਤੰਦਾਂ ਬਾਖ਼ੂਬੀ ਫੜ ਸਕੇ ਹਨ।
ਪਹਿਲੇ ਹਿੱਸੇ ਵਿਚ ਕਾਵਿ-ਅਨੁਵਾਦ ਸੂਤਰ, ਖੋਜ ਸੂਤਰ, ਰਚਨਾ ਸੂਤਰ ਅਤੇ ਆਲੋਚਨਾ ਸੂਤਰ ਆਉਂਦੇ ਹਨ। ਪਹਿਲੇ ਦੋ ਸੂਤਰ ਉਨ੍ਹਾਂ ਦੇ ਆਪਣੇ ਅਤੇ ਦੂਸਰੇ ਦੋ ਯਾਯਾਵਰੀ ਰਾਜਸ਼ੇਖਰ ਦੇ ਹਨ ਜਿਹੜੇ ਅੱਜ ਤੋਂ ਕੋਈ ਇਕ ਹਜ਼ਾਰ ਵਰ੍ਹੇ ਪਹਿਲਾਂ ਰਚੇ ਗਏ ਉਨ੍ਹਾਂ ਦੇ ਕਾਵਿ-ਮੀਮਾਂਸਾ ਗ੍ਰੰਥ ਦੇ ਚੌਥੇ ਅਤੇ ਪੰਜਵੇਂ ਅਧਿਆਇਆਂ ਉੱਤੇ ਆਧਾਰਤ ਹਨ ਜਿਹੜੇ ਰਾਜੇਸ਼ ਸ਼ਰਮਾ ਨੇ ਆਪਣੇ ਸ਼ਬਦਾਂ ਵਿਚ ਸੂਤਰਾਂ ਦੀ ਸ਼ਕਲ ਵਿਚ ਸਮੇਟੇ ਹਨ। ਉਨ੍ਹਾਂ ਦੇ ਕਹਿਣ ਅਨੁਸਾਰ “ਸੂਤਰ ਦੀ ਆਤਮਾ ਸਾਧੂ ਸ਼ਬਦ ਹੈ, ਸ਼ਬਦ ਜੋ ਅਰਥ ਨੂੰ ਸਿੱਧਾ ਦੇਖਦਾ ਹੈ”।
ਪੁਰਾਤਨ ਸਮਿਆਂ ਵਿਚ ਰਿਸ਼ੀ ਮੁਨੀ ਜ਼ਿਆਦਾਤਰ ਆਪਣੇ ਅਧਿਆਤਮਕ ਅਤੇ ਦਾਰਸ਼ਨਿਕ ਵਿਖਿਆਨਾ, ਸਿੱਖਿਆਤਮਕ ਵਿਚਾਰਾਂ ਨੂੰ ਸੂਤਰਾਂ ਵਿਚ ਬੰਨ੍ਹ ਕੇ ਪੇਸ਼ ਕਰਦੇ ਸਨ, ਜਿਹੜੇ ਮੰਤਰਾਂ ਵਾਂਗ ਉਨ੍ਹਾਂ ਵਿਚਲੇ ਵਿਵੇਕ ਦਾ ਤੋੜ ਹੁੰਦੇ ਸਨ ਜਿਵੇਂ ਮਹਾਤਮਾ ਬੁੱਧ ਦੇ ਸੂਤਰ, ਲਾਓ ਸ਼ੂਅ ‘ਦੇ ਤਾ ਤੇ ਚਿੰਗ’ ਅਤੇ ਪਤੰਜਲੀ ਦੇ ਯੋਗ-ਸੂਤਰ ਹਨ। ਕਾਵਿ-ਅਨੁਵਾਦ ਅਤੇ ਖੋਜ ਸੂਤਰ ਰਾਜੇਸ਼ ਸ਼ਰਮਾ ਦੇ ਹੁਣ ਤੀਕ ਦੀ ਲੰਬੀ ਸਾਹਿਤਕ ਪੜ੍ਹਤ ਅਤੇ ਅੰਤਰ-ਯਾਤਰਾ ਦੀ ਉਪਜ ਹਨ।
ਲੇਖਕ ਕਾਵਿ-ਕ੍ਰਿਤ ਦੇ ਪਾਠ ਦੀ ਅਨੁਭੂਤੀ ਨੂੰ ਅਨੁਵਾਦ ਦੀ ਰੀੜ੍ਹ ਦੀ ਹੱਡੀ ਖਿਆਲਦਾ ਹੈ, ਅਨੁਵਾਦ ਦਾ ਪ੍ਰਭਾਵ-ਖੇਤਰ। ਉਸ ਦਾ ਆਖਣਾ ਹੈ ਕਿ ਅਨੁਵਾਦਕ ਦਾ ਆਪ ਰਚਨਾਕਾਰ, ਪਾਠਕ ਅਤੇ ਆਲੋਚਕ ਹੋਣਾ ਲਾਜ਼ਮੀ ਹੈ ਤਾਂ ਹੀ ਉਹ ਰਚਨਾ ਦੀ ਰੂਹ ਪਕੜ ਸਕਦਾ ਹੈ ਜਿਸ ਦਾ ਉਤਾਰਾ ਮਹਿਜ਼ ਉਲੱਥਾ ਨਾ ਹੋ ਕੇ ਪੁਨਰ-ਸਿਰਜਣ ਹੁੰਦਾ ਹੈ, ਜਿਹੜਾ ਰਚਨਾ ਦੀਆਂ ਕਮੀਆਂ, ਲੁਪਤ ਅਤੇ ਭਾਸ਼ਕ-ਸੰਭਾਵਨਾਵਾਂ, ਰਹੱਸਮਈ ਅੰਤਰ-ਦ੍ਰਿਸ਼ਟੀਆਂ ਅਤੇ ਪਰਾ-ਦਰਸ਼ਨੀ ਉਦਗਾਰਾਂ ਅਤੇ ਉਭਾਰਾਂ ਨੂੰ ਉਘਾੜਦੇ ਹਨ ਜਿਹੜੇ ਰਚਨਾ ਨੂੰ ਲੋੜੀਂਦਾ ਵਿਸਤਾਰ ਅਤੇ ਆਭਾ ਪ੍ਰਦਾਨ ਕਰਨ ਦੇ ਯੋਗ ਬਣਦੇ ਹਨ।
ਇਸੇ ਤਰ੍ਹਾਂ, ਖੋਜਾਰਥੀ ਅਨੁਵਾਦਕ ਵਾਂਗ ਹੀ ਵਿਸ਼ੇ ਦੀ ਰੂਹ ਨਾਲ ਜੁੜੇ ਹੁੰਦੇ ਹਨ। ਉਹ ਅਭਿਆਸ, ਵਸਤੂ, ਵਿਧੀ, ਸਵੈ ਦੀ ਸਹਿਜ ਸਾਧਨਾ, ਅਗਿਆਤ ਦੇ ਅਭਿਆਸ ਅਤੇ ਸਦਾਚਾਰਕ ਸੋਝੀ ਨਾਲ ਰਚਨਾ ਦੇ ਅਪ੍ਰਗਟ ਨੂੰ ਪਕੜਦੇ ਅਤੇ ਵਿਸਤਾਰਦੇ ਹਨ।
ਯਾਯਾਵਰੀ ਰਾਜਸ਼ੇਖਰ ਦਾ ਹਰ ਰਚਨਾ ਸੂਤਰ ਵੱਖਰੇ ਅਧਿਆਏ ਦੀ ਮੰਗ ਕਰਦਾ ਹੈ। ਰਚਨਾ ਸੂਤਰ ਵਿਚ ਅਭਿਆਸ ਅਤੇ ਸਮਾਧੀ, ਪ੍ਰਤਿਭਾ, ਅਭਿਆਸ, ਅਤੇ ਸਹਿਜ ਬੁੱਧੀ ‘ਤੇ ਜ਼ੋਰ ਹੈ, ਜਿਹੜੇ ਰਚਨਾ ਲਈ ਜ਼ਰੂਰੀ ਹਨ। ਆਲੋਚਨਾ, ਆਲੋਚਨਾ ਬੁੱਧੀ ਦੇ ਤਿੰਨ ਰੂਪਾਂ ਸਿਮਰਤੀ, ਮਤੀ ਅਤੇ ਪ੍ਰਗਿਆ ਨਾਲ ਜੁੜੀ ਹੁੰਦੀ ਹੈ। ਸੋ ਇਹ ਇਨ੍ਹਾਂ ਤਿੰਨਾਂ ਰੂਪਾਂ ਦੇ ਅਭਿਆਸ ਦੀ ਮੰਗ ਕਰਦੀ ਹੈ। ਇੰਝ ਤੀਜਾ ਰੂਪ ਸੱਤ, ਚਿਤ, ਅਨੰਦ ਦੀ ਅਵਸਥਾ ਵਾਲਾ ਹੈ ਜਿਹੜਾ ਰਚਨ-ਪ੍ਰਕਿਰਿਆ ਲਈ ਸਰਬੋਤਮ ਹੈ। ਅੱਠ ਤਰ੍ਹਾਂ ਦੇ ਕਾਵਿ-ਕੌਸ਼ਲਾਂ ਦੀ ਗੱਲ ਵੀ ਉਠਾਈ ਗਈ ਹੈ ਜਿਹੜੇ ਰਚਨਾ ਦੀ ਲੁਪਤ ਅਤੇ ਸੁੱਤੀ ਸਮਰੱਥਾ ਦੀ ਪੜ੍ਹਤ ਜਗਾਉਂਦੇ ਹਨ ਆਦਿ। ਇਸੇ ਤਰ੍ਹਾਂ ਸਵੈ-ਚੇਤਨਾ ਦੀ ਯਾਤਰਾ ਵੀ ਆਲੋਚਕ ਲਈ ਜ਼ਰੂਰੀ ਹੈ ਜਿਸ ਰਾਹੀਂ “ਰਚਨਾ ਦੇ ਤੱਤ ਤੋਂ ਆਲੋਚਕ ਤੋਂ ਕਦੇ ਅਵੇਸਲਾ ਨਹੀਂ ਹੁੰਦਾ”।
ਪੁਸਤਕ ਦੇ ਦੂਜੇ ਭਾਗ ਵਿਚ ਅਜੋਕੇ ਸਾਹਿਤ ਅਤੇ ਪੰਜਾਬੀ ਸਾਹਿਤ ਨਾਲ ਜੁੜੇ ਤਾਕਤ, ਤੰਤਰ, ਚੇਤਨਾ, ਮਨੁੱਖੀ ਹਸਤੀ ਅਤੇ ਸਾਹਿਤਕ ਅਨੁਵਾਦ ਨਾਲ ਜੁੜੀਆਂ ਸਮੱਸਿਆਵਾਂ ਅਤੇ ਸਵਾਲਾਂ ਦੀ ਡੂੰਘਾਈ ਵਿਚ ਜਾਣ ਦੀ ਪ੍ਰਕਿਰਿਆ ਹੈ ਜਿਹੜੀ ਸਾਡਾ ਧਿਆਨ ਖਿੱਚਦੀ ਹੈ ਅਤੇ ਇਨ੍ਹਾਂ ਦੇ ਹੱਲ ਪ੍ਰਤੀ ਸੁਚੇਤ ਅਤੇ ਕਾਰਜਸ਼ੀਲ ਹੋਣ ਦੀ ਮੰਗ ਕਰਦੀ ਹੈ। ‘ਵਿਸ਼ਵ ਸਾਹਿਤ ਵਿਚ ਪੰਜਾਬੀ ਸਾਹਿਤ ਦੀ ਥਾਂ ਅਤੇ ਰੁਤਬੇ ਦਾ ਸਵਾਲ’ ਨਾਮਕ ਲੇਖ ਪੋ੍ਰ. ਰਾਜੇਸ਼ ਸ਼ਰਮਾ ਦੇ ਹਾਲ ਵਿਚ ਹੀ ਕੈਲੇਫੋਰਨੀਆ ਵਿਖੇ ਹੋਈ ਕਾਨਫਰੰਸ ਵਿਚ ਪੇਸ਼ ਕੀਤੇ ਪੇਪਰ ਦਾ ਉਤਾਰਾ ਹੈ। ਇਹ ਲੇਖ ਪੰਜਾਬੀ ਸਾਹਿਤ ਨੂੰ ਦਰਪੇਸ਼ ਉਨ੍ਹਾਂ ਸਵਾਲਾਂ ਅਤੇ ਉਨ੍ਹਾਂ ਦੇ ਉੱਤਰਾਂ ਦੀ ਨੇੜਲੀ ਖੋਜ ਹੈ ਜਿਹੜੇ ਪੰਜਾਬੀ ਸਾਹਿਤ ਨੂੰ ਪਹਿਲਾਂ “ਪੰਜਾਬੀ ਵਿਸ਼ਵ ਸਾਹਿਤ” ਅਤੇ ਆਖਰ ਵਿਚ “ਵਿਸ਼ਵ ਪੰਜਾਬੀ ਸਾਹਿਤ” ਵਲ ਲਿਜਾਣ ਵਿਚ ਸਹਾਇਕ ਹੋ ਸਕਦੇ ਹਨ।
ਪੰਜਾਬੀ ਵਿਚ ਆਲੋਚਨਾ ਬਹੁਤ ਹੱਦ ਤੀਕ ਪਰਜੀਵੀ ਰਹੀ ਹੈ ਜਿਹੜੀ ਪੱਛਮੀ ਸਾਹਿਤਕ ਆਲੋਚਨਾ ਪ੍ਰਣਾਲੀਆਂ ਦੀ ਮਹਿਜ਼ ਅੰਨ੍ਹੇਵਾਹ ਨਕਲ ਤੋਂ ਵੱਧ ਕੁਝ ਨਹੀਂ ਕਹਿੰਦੀ ਜਾਪਦੀ। ਉਸ ਦਾ ਮੱਤ ਹੈ ਕਿ ਅਸਲ ਵਿਚ ਲੇਖਕ ਹੀ ਸਾਹਿਤਕ ਰਸ ਵਾਲੀ ਆਲੋਚਨਾ ਰਚ ਸਕਦਾ ਹੈ। ਸੋ ਪੰਜਾਬੀ ਲੇਖਕ ਕੇਵਲ ਪ੍ਰਚੱਲਤ ਆਲੋਚਨਾਤਮਕ ਸਿੱਖਿਆਵਾਂ ਅਨੁਸਾਰ ਆਪਣੀ ਲਿਖਤ ਨੂੰ ਢਾਲ ਕੇ ਅੱਛੇ ਲੇਖਕ ਨਹੀਂ ਬਣ ਸਕਦੇ। ਦੂਜੇ ਪੰਜਾਬੀ ਸਾਹਿਤ ਦੀ ਤਰੱਕੀ ਦਾ ਰਾਹ ਅੰਤਰ-ਭਾਸ਼ੀ ਪੁਨਰ-ਸਿਰਜਣਿਕ ਅਨੁਵਾਦ ਦੇ ਰਾਹ ਤੋਂ ਹੀ ਹੋ ਕੇ ਜਾਂਦਾ ਹੈ, ਭਾਵ ਵਿਸ਼ਵ ਦੀਆਂ ਸ਼ਾਹਕਾਰ ਰਚਨਾਵਾਂ ਦੇ ਪੰਜਾਬੀ ਅਨੁਵਾਦ ਤੋਂ। ਇਹ ਹੀ ਅਸਲ ‘ਚ ‘ਪੰਜਾਬੀ ਵਿਸ਼ਵ ਸਾਹਿਤ’ ਦਾ ਰਾਹ ਹੈ। ਦੂਸਰੇ ਸਾਨੂੰ ਉਰਦੂ, ਹਿੰਦੀ ਅਤੇ ਅੰਗਰੇਜ਼ੀ ਵਿਚ ਰਚੇ ਪੰਜਾਬੀ ਖਿੱਤਿਆਂ ਅਤੇ ਸਪੇਸ ਦੀਆਂ ਪੰਜਾਬੀ ਜੜ੍ਹਾਂ ਵਾਲੇ ਸਭਿਆਚਾਰ ਵਿਚ ਭਿੱਜੇ ਸਾਹਿਤ ਨੂੰ ਵੀ ਪੰਜਾਬੀ ਸਾਹਿਤ ਸਮਝਣਾ ਹੋਵੇਗਾ। ਇਸੇ ਤਰ੍ਹਾਂ ਸ਼ਾਹਮੁਖੀ ਅਤੇ ਹਿੰਦੀ ਲਿਪੀ ਵਿਚ ਰਚੇ ਪੰਜਾਬੀ ਸਾਹਿਤ ਨੂੰ ਵੀ। ਅਸਲ ਮੁੱਦਾ ਤਾਂ ਅਨੁਵਾਦ ਰਾਹੀਂ ਪੰਜਾਬੀ ਵਾਤਾਵਰਣ ਦੀ ਸਿਰਜਣਾ ਅਤੇ ਉਤਾਰੇ ਦਾ ਹੈ।
ਇਸ ਯਾਤਰਾ ਦਾ ਅਗਲਾ ਪੜਾਅ ਹੈ, ਪੰਜਾਬੀ ਦੀਆਂ ਸ਼ਾਹਕਾਰ ਰਚਨਾਵਾਂ ਦਾ ਅੰਗਰੇਜ਼ੀ ਅਤੇ ਦੂਜੀਆਂ ਭਾਸ਼ਾਵਾਂ ਵਿਚ ਅਨੁਵਾਦ। ਕੁਝ ਨੁਕਤੇ ਜਿਵੇਂ ਕਿ ਇਹ ਸੁਝਾਅ ਕਿ ਭਾਸ਼ਾ ਨੂੰ ਸਟੈਂਡਰਡਾਇਜ਼ ਕਰਨਾ ਸਾਹਿਤ ਅਤੇ ਸਭਿਆਚਾਰ ਲਈ ਘਾਤਕ ਹੋ ਸਕਦਾ ਹੈ, ਅਤੇ ਇਹ ਵੀ ਕਿ ਯੂਨੀਵਰਸਿਟੀਆਂ ਨਾਲੋਂ ਕਾਹਵਾ-ਘਰ ਪੰਜਾਬੀ ਆਲੋਚਨਾ ਦੇ ਵੱਧ ਅਸਲ ਕੇਂਦਰ ਹੋ ਸਕਦੇ ਹਨ ਬਾਰੇ ਪਾਠਕਾਂ ਦੀਆਂ ਰਾਵਾਂ ਵੱਖਰੀਆਂ ਹੋ ਸਕਦੀਆਂ ਹਨ, ਪਰ ਇਨ੍ਹਾਂ ਵਿਚ ਲੁਕੇ ਅਸਲ ਸੁਨੇਹੇ ਨੂੰ ਪਕੜਣਾ ਜ਼ਰੂਰੀ ਹੈ।
‘ਸਾਹਿਤ ਅਤੇ ਯੂਨੀਵਰਸਿਟੀ’ ਵਿਚ ਲੇਖਕ ਨੇ ਕਾਰਪੋਰੇਟ ਵਰਤਾਰਿਆਂ ਦੇ ਸਿਖਿਆ ਕੇਂਦਰਾਂ ਵਿਚ ਅਸਿੱਧੇ ਦਖਲ ਦਾ ਪਰਦਾ ਫਾਸ਼ ਕੀਤਾ ਹੈ। ਇਕ ਦੋ ਵੱਖਰੇ ਲੇਖਾਂ ਵਿਚ ਬੰਦੇ ਨੂੰ ਵਸਤੂ ਬਣਾਉਣ ਦੇ ਨਵ-ਉਦਾਰਵਾਦੀ ਰੁਝਾਨਾਂ ਦੀ ਗੱਲ ਵੀ ਹੈ ਅਤੇ ਸਾਹਿਤ ਅਤੇ ਸਿੱਖਿਆ ਦੇ ਬਾਜ਼ਾਰੀਕਰਨ ਦੀ, ਅਤੇ ਇਸ ਲਈ ਡੀਗਲੋਬਲੀਕਰਨ ਦੀ ਲੋੜ ਦੀ। ਅਨੁਵਾਦ, ਚੇਤਨਾ, ਸਾਸ਼ਨ-ਤੰਤਰ ਨਾਲ ਜੁੜੇ ਮਸਲਿਆਂ ਨਾਲ ਜੂਝਦੇ ਲੇਖ ਤਾਂ ਇਕ ਤਰ੍ਹਾਂ ਨਾਲ ਇਸ ਪੁਸਤਕ ਦੀ ਜਿੰਦ-ਜਾਨ ਹਨ। ਜਿਵੇਂ ‘ਅਨੁਵਾਦ ਕੀ, ਕਿਉਂ ਅਤੇ ਕਿਵੇਂ’ ਵਿਚ ਸਭਿਆਚਾਰਕ ਅਨੁਵਾਦ ਸੰਬੰਧੀ ਮਸਲਿਆਂ ਨੂੰ ਵਾਚਿਆ ਅਤੇ ਇਨ੍ਹਾਂ ਦੇ ਹੱਲ ਵੱਲ ਇਸ਼ਾਰਾ ਹੈ ਜਿਹੜਾ ਸਭਿਆਚਾਰਕ ਵਸਤਾਂ ਨੂੰ ਉਚਿਤ ਟਿਪਣੀਆਂ ਰਾਹੀਂ ਢੁਕਵੇਂ ਸ਼ਬਦਾਂ ਵਿਚ ਅਨੁਵਾਦਤ ਕਰਨਾ ਹੈ ਜਿਵੇਂ ਅੰਗਰੇਜ਼ੀ ਵਿਚ ਅਨੁਵਾਦ ਲਈ ਪਰਮੇਸ਼ਰ ਦਾ ਗਾਡ ਵਿਚ ਅਨੁਵਾਦ ਕਰਨਾ ਅਤੇ ਸਾਹਿਤਕ ਕਿਰਤਾਂ ਵਿਚ ਇਹ ਧਿਆਨ ਰੱਖਣਾ ਕਿ ਪਾਤਰਾਂ ਦੀ ਏਜੰਸੀ ਕਿਸ ਕੋਲ ਹੈ ਆਦਿ।
ਇਕ ਹੋਰ ਲੇਖ ਵਿਚ ਉਹ ਉੱਤਰ-ਆਧੁਨਿਕਤਾ ਨੂੰ ਯਥਾਰਥ ਦੇ ਚਿਤਰਨ ਅਤੇ ਇਸ ਦਾ ਸੁਭਾਅ ਅਤੇ ਪੜ੍ਹਤ ਉਘਾੜਣ ਲਈ ਸਲਾਹੁੰਦੇ ਹਨ। ‘ਕੌਰਵਾਂ ਦੀ ਹਾਰ ਤਾਂ ਪਹਿਲਾਂ ਹੀ ਤੈਅ ਸੀ ਵਾਲੇ ਲੇਖ ਵਿਚ ਰਾਜੇਸ਼ ਸ਼ਰਮਾ ਨੇ ਮਹਾਂ-ਕਵੀ ਮਹਾਂ-ਰਿਸ਼ੀ ਵਿਆਸ ਕੌਰਵਾਂ ਦੇ ਪਹਿਲਾਂ ਹੀ ਹਰਨ ਦੇ ਕਾਰਨਾਂ ਦਾ ਰੌਚਕ ਵੇਰਵਾ ਪੇਸ਼ ਕੀਤਾ ਹੈ ਅਤੇ ਇਸੇ ਤਰ੍ਹਾਂ ‘ਰਾਜਾ ਤੇ ਉਸ ਦਾ ਰਾਜ ਧਰਮ’ ਵਿਚ ਰਾਜੇ ਦੇ ਅਸਲ ਗੁਣਾਂ ਦੀ ਜ਼ਰੂਰਤ ਵੱਲ ਇਸ਼ਾਰਾ ਕੀਤਾ ਹੈ ਜਿਹੜੇ ਗੁਣ ਅੱਜ ਦੇ ਤਾਨਾਸ਼ਾਹੀ ਸ਼ਾਸਕਾਂ ਅਤੇ ਲੋਕਰਾਜੀ ਤੰਤਰਾਂ ਦੇ ਤਾਕਤ-ਪਸੰਦ ਹਾਕਮਾਂ ਪਾਸ ਵੀ ਹੋਣੇ ਜ਼ਰੂਰੀ ਹਨ।
ਪੁਸਤਕ ਦੇ ਤੀਜੇ ਭਾਗ ਵਿਚ ਸਾਹਿਤ-ਸਿਰਜਣਾ, ਸਾਹਿਤ-ਪਾਠ, ਆਲੋਚਨਾ, ਕਿਤਾਬਾਂ ਬਾਰੇ ਬਹੁਤ ਸੂਝਵਾਨ ਟਿੱਪਣੀਆਂ ਹਨ ‘ਸਭਿਆਚਾਰ ਦੀ ਜ਼ਮੀਰ ਦੀ ਬੁੜਬੁੜ- ਗੁਰਬਚਨ’ ਵਿਚ ਗੁਰਬਚਨ ਦੀ ਵਾਰਤਕੀ ਲਿਖਤ ਦੀ ਪ੍ਰਸੰLਸਾ ਦੇ ਨਾਲ ਇਨ੍ਹਾਂ ਵਿਚ ਉਠਾਏ ਮੁੱਦਿਆਂ ਅਤੇ ਲੋੜਾਂ ਦਾ ਉਲੇਖ ਹੈ, ਜਿਹੜੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਲਈ ਲੋੜੀਂਦੇ ਹਨ। ‘ਸਾਹਿਤ ਚੇਤਨਾ ਅਤੇ ਸ਼ਾਸ਼ਨ ਤੰਤਰ’ ਵਿਚ ਸਾਹਿਤ ਦੀ ਤਾਕਤ ਦੀ ਗੱਲ ਕਰਦਿਆਂ ਰਾਜੇਸ਼ ਸ਼ਰਮਾ ਦਾ ਆਖਣਾ ਹੈ ‘’ਹੈਰਾਨੀ ਦੀ ਗੱਲ ਨਹੀਂ ਕਿ ਨਿਰੰਕੁਸ਼ ਸ਼ਾਸ਼ਨ-ਤੰਤਰ ਤਕਨਾਲੋਜੀ ਤੋਂ ਨਹੀਂ ਡਰਦਾ, ਪਰ ਸਾਹਿਤ ਤੋਂ ਡਰਦਾ ਹੈ”।; ‘ਤਾਕਤ ਦਾ ਤੰਤਰ ਅਤੇ ਕਾਫ਼ਕਾ ਦਾ ਮੁਕੱਦਮਾ’ ਵਿਚ ਕਾਫਕਾ ਅਤੇ ਫੂਕੋ ਦੀਆਂ ਲਿਖਤਾਂ ਵਿਚ ਕਾਨੂੰਨ ਦੀ ਅੰਨ੍ਹੀ ਤੰਤਰੀ ਤਾਕਤ ਬਾਰੇ ਗੱਲ ਤੋਰੀ ਹੈ। ਲੇਖਕ ਦੇ ਸ਼ਬਦਾਂ ਵਿਚ, ‘’ਫੂਕੋ ਤੋਂ ਕਿਤੇ ਪਹਿਲਾਂ ਕਾਫ਼ਕਾ ਨੇ ਤਾਕਤ ਨੂੰ ਬਹੁ-ਰੂਪੀ ਅਤੇ ਬੁਹਪਰਤੀ ਵਜੋਂ ਜਾਣਿਆ ਅਤੇ ਤਾਕਤ ਦੀ ਸੂਖ਼ਮ ਵਿਆਪਕਤਾ ਅਤੇ ਖ਼ੌਫਨਾਕਤਾ ਨੂੰ ਲਫ਼ਜ਼ਾਂ ਦੀ ਰੌਸ਼ਨੀ ਵਿਚ ਪਕੜਿਆ ਪਰ ਫ਼ੂਕੋ ਦੇ ਸੰਸਾਰ ਵਿਚ ਤਾਕਤ ਦਾ ਉਹ ਭਿਆਨਕ ਤਾਂਡਵ ਨਹੀਂ ਸੀ ਜਿਸ ਦਾ ਕਹਿਰ ਕਾਫਕਾ ਨੇ ਹੰਢਾਇਆ…। ਇਸੇ ਲੇਖ ਦੇ ਇਕ ਹੋਰ ਥਾਂ ਅੰਕਤ ਹੈ, ‘’ਡਾਇਲੈਕਟਿਕਲ ਚਿੰਤਨ ਅਭਿਆਸ ਅਤੇ ਸਮਾਂ ਮੰਗਦਾ ਹੈ, ਤਾਕਤ ਦਾ ਤੰਤਰ ਸਮਾਂ ਨਹੀਂ ਸਜ਼ਾ ਦਿੰਦਾ ਹੈ”। ‘ਲਿਖਣਾ ਸਿਰਜਣਾ’ ਵਿਚ ਸਿਰਜਣਾ ਨੂੰ ਗਿਫਟ ਆਖਿਆ ਗਿਆ ਹੈ ਜਿਹੜਾ ‘ਦਿੱਤਾ ਜਾਂਦਾ ਹੈ ਅਤੇ ਅਸੀਂ ਲੈ ਲੈਂਦੇ ਹਾਂ। ਤੁਹਫਾ ਉਦੋਂ ਤੀਕ ਸੰਪੂਰਣ ਨਹੀਂ ਹੁੰਦਾ ਜਦੋਂ ਤੀਕ ਇਸ ਨੂੰ ਅੱਗੇ ਨਾ ਦਿੱਤਾ ਜਾਵੇ ਇਸ ਲਈ ਸਿਰਜਣਾ ਲਈ ਨਹੀਂ ਜਾਂਦੀ ਕਮਾਈ ਜਾਂਦੀ ਹੈ ਅਤੇ ਅਸੀਂ ਉਸ ਦੇ ਮਾਲਕ ਨਹੀਂ ਬਣਦੇ। ਉਸ ਨਾਲ ਬਸ ਸਫਰ ਕਰਦੇ ਹਾਂ, ਤੇ ਉਸ ਨੂੰ ਅੱਗੇ ਦੇ ਦਿੰਦੇ ਹਾਂ’।
‘ਸਿਰਜਣਾ ਦੇ ਖੁੱਲ੍ਹੇ ਰਹੱਸ’ ਵਿਚ ਸਟਾਇਲ ਨੂੰ ਰਚਨਾ ਦੀ ਪ੍ਰਮਾਣਿਕਤਾ ਦੀ ਕਸਵੱਟੀ ਕਿਹਾ ਗਿਆ ਹੈ। ਇਹ ਵੀ ਕਿ ‘’ਦ੍ਰਿਸ਼ਟਾ ਆਲੋਚਕ ਦ੍ਰਿਸ਼ਟਾ ਨੂੰ ਵੇਖਣ ਤੀਕ ਸੀਮਤ ਨਹੀਂ ਰਹਿੰਦਾ। ਰਚਨਾ ਦੀ ਹੋਂਦ ਵਿਚ ਪ੍ਰਵੇਸ਼ ਕਰਦਾ ਹੈ। ਉਸ ਦਾ ਦੇਖਣਾ ਹੋਣਾ ਹੋ ਜਾਂਦਾ ਹੈ’’। ਪਾਤੰਜਲੀ ਅਨੁਸਾਰ ਅਭਿਆਸ, ਸ਼ਰਧਾ ਅਤੇ ਵੈਰਾਗ ਰਚਨਾ ਸਾਧਨਾ ਦੇ ਗੁਣ ਹਨ।
ਪੁਸਤਕ ਦਾ ਹਰ ਪੈਰ੍ਹਾ ਨਵੀਂ ਅਨੁਭੂਤੀ ਦਿੰਦਾ ਹੈ, ਇਕ ਨਵੇਰਾ ਪੱਖ ਜਿਵੇਂ, ‘ਨਿੱਜ ਅਤੇ ਪਰ ਨੂੰ ਨਿਖੇੜਣਾ ਅਸੰਭਵ ਹੈ। ਕਲਾ ਦੀ ਸਿਰਜਣਾ ਕਰੋਗੇ ਤਾਂ ਸਵੈ ਦੀ ਸਿਰਜਣਾ ਵੀ ਹੋਵੇਗੀ।’ ਇਸ ਤਰ੍ਹਾਂ ਇਸ ਭਾਗ ਦੇ ਹੋਰਨਾਂ ਲੇਖਾਂ ਵਿਚ ਵੀ ਰਚਨਾ ਅਤੇ ਸਿਰਜਣਾ ਨੂੰ ਲੈ ਕੇ ਬਹੁਤ ਗੰਭੀਰ ਮੁੱਦੇ ਛੂਹੇ ਗਏ ਹਨ ਜਿਨ੍ਹਾਂ ਦੀ ਡੂੰਘਾਈ ਵਿਚ ਮੇਰੀ ਨਜ਼ਰ ਵਿਚ ਅਜੇ ਤੀਕ ਕੋਈ ਪੰਜਾਬੀ ਆਲੋਚਕ ਨਹੀਂ ਗਿਆ ਜਾਪਦਾ। ‘ਮੇਰੇ ਨਾਲ ਫਰਿਸ਼ਤੇ ਨੱਚਣ’ ਵਿਚ ਕਲਾਕਾਰ ਅਤੇ ਬੁੱਤ-ਤਰਾਸ਼, ਕੈਂਟ ਨਟਬਰਗ, ਦੀ ਕਲਾ ਬਾਰੇ ਲਿਖੇ ਸਵੈ-ਜੀਵਨੀ ਦੀ ਤਰਜ਼ ਵਾਲੇ ਤੀਹ ਸਾਲਾ ਤਜਰਬਿਆਂ ਦਾ ਭਾਵਪੂਰਤ ਜ਼ਿਕਰ ਹੈ ਜਿਸ ਵਿਚ ਹੋਰ ਕਈ ਕਲਾਕਾਰਾਂ ਦੇ ਚਿਹਰੇ ਦਿਸਦੇ ਹਨ। ‘ਪਾਠਕ ਤੁਹਾਨੂੰ ਕਿਉਂ ਪੜ੍ਹੇ?’ ਵਿਚ ਚੰਗੀ ਲਿਖਤ ਦੇ ਚਿਹਨ-ਚੱਕਰ ਉਲੇਖੇ ਹਨ, ਜਿਵੇਂ ਕਿ “ਜੇ ਕੋਈ ਅਨੁਵਾਦ ਅਸਲ ਲਿਖਤ ਹੀ ਲੱਗੇ ਤਾਂ ਉਹ ਮਾੜਾ ਹੁੰਦਾ ਹੈ।” ਭਾਵੇਂ ਇਹ ਗੱਲ ਪਹਿਲੀ ਨਜ਼ਰੇ ਸਾਨੂੰ ਗਲਤ ਵੀ ਜਾਪੇ ਪਰ ਅਸਲ ਵਿਚ ਲੇਖਕ ਅਨੁਸਾਰ ਅਨੁਵਾਦ ਵਿਚ ਦੂਜੀ ਭਾਸ਼ਾ ਦੀ ਜਾਗ ਲਗਣੀ ਵੀ ਚਾਹੀਦੀ ਹੈ ਜਿਸ ਨਾਲ ਉਸਦਾ ‘ਅਜਨਬੀਕਰਨ’ ਹੁੰਦਾ ਹੈ”।
‘ਯੁਵਾ ਪੰਜਾਬੀ ਲੇਖਕ’ ਲੇਖ ਕਹਿੰਦਾ ਹੈ ਕਿ ਕਿਸੇ ਯੁਵਾ ਲੇਖਕਾਂ ਦਾ ‘ਆਲੋਚਕ ਹੋਣ ਦਾ ਭਾਵ ਆਪਣੀ ਜ਼ਿੰਮੇਵਾਰੀ ਨੂੰ ਇੰਨਸਾਨੀ ਨਸ਼ਵਰਤਾ ਦੀ ਪ੍ਰਚੰਡ ਚੇਤਨਤਾ ਵਿਚ ਜੀਣਾ ਹੈ, ਵਰਤਮਾਨ ਨੂੰ ਇਤਿਹਾਸ ਦੇ ਹਿੱਸੇ ਵਜੋਂ ਜੀਣਾ”।
ਪੁਸਤਕ ਦੇ ਆਖਰੀ ਭਾਗ ਵਿਚ ਕੁਝ ਮਹੱਤਵਪੂਰਨ ਪੁਸਤਕਾਂ ਦੇ ਰਿਵਿਊ-ਲੇਖ ਹਨ। ‘ਦੱਸ ਮਾਂ, ਕਹਾਣੀ ਕਿਵੇਂ ਮੁੱਕਦੀ ਹੈ?’ ਵਿਚ ਵੁਲੇਰੀਆ ਲੂਈਸੈਲੀ ਦਾ ਪੁਸਤਕਨੁਮਾ ਲੇਖ ਹੈ। ਉਹ ਅਮਰੀਕਾ ਦੇ ਨਿਯੂ-ਯਾਰਕ ਸ਼ਹਿਰ ਦੇ ਇਮੀਗਰੈਂਟ ਦਫਤਰ ਵਿਚ ਦੁਭਾਸ਼ੀਆ ਹੈ ਜਿਹੜੀ ਆਪ ਵੀ ਕਦੇ ਬਦੇਸ਼ੀ ਸੀ। ਉਹ ਮੈਕਸੀਕੋ ਦੇ ਨਾਲ ਲਗਦੀ ਅਮਰੀਕੀ ਸਰਹੱਦ ਤੋਂ ਪਾਰ ਆਏ ਬੱਚਿਆਂ ਦੇ ਸਵਾਲਾਂ ਦੇ ਜਵਾਬ ਦਰਜ ਕਰ ਰਹੀ ਹੈ। ਇਹ ਬੱਚੇ ‘ਮਹਾਨ ਅਮਰੀਕਨ ਸੁਪਨੇ’ ਦੀ ਭਾਲ ਵਿਚ ਇੱਥੇ ਨਹੀਂ ਸਨ ਆਏ। ਉਹ ਤਾਂ ਬਸ ਉਸ ਖ਼ੌਫਨਾਕ ਸੁਪਨੇ ਤੋਂ ਬਾਹਰ ਆਉਣਾ ਚਾਹੁੰਦੇ ਸਨ ਜਿਸ ਵਿਚ ਉਨ੍ਹਾਂ ਦਾ ਜਨਮ ਹੋਇਆ ਸੀ ਅਤੇ ਜਿਸ ਵਿਚ ਉਹ ਹੁਣ ਤੀਕ ਰਹਿ ਰਹੇ ਸਨ। ਉਹ ਆਖਦੀ ਹੈ ਕਿ ਅਜਿਹੀ ਹਜ਼ਰਤ ਵਿਚ ਹਜ਼ਾਰਾਂ ਜਾਨਾਂ ਮਰ ਖਪ ਗਈਆਂ, ਬਲਾਤਕਾਰ ਦਾ ਸ਼ਿਕਾਰ ਹੋਈਆਂ। ਲੇਖਕ ਉਨ੍ਹਾਂ ਦੇ ਅੰਕੜੇ ਇਕੱਠੇ ਕਰਦੀ ਅਤੇ ਉਨ੍ਹਾਂ ਦੀਆਂ ਦਰਦਨਾਕ ਕਹਾਣੀਆਂ ਸਾਂਝੀਆਂ ਕਰਦੀ ਹੈ। ਉਸ ਦੀ ਇਹ ਘਾਲਣਾ ਮਹੱਤਵੀ ਹੈ। ਇਕ ਹੋਰ ਲੇਖ ਵਿਚ ਮੈਥੀਅਸ ਐਨਾਅ ਆਪਣੇ ਨਾਵਲ ਵਿਚ ਮਾਈਸੀਕਲ ਐਂਜਲੋ ਦੀ ਕਲਾ ਦਾ ਜ਼ਿਕਰ ਕਰਦਾ ਹੈ, ਖਾਸ ਕਰਕੇ ਉਸ ਦੇ ਇਸਤਾਂਬੁਲ ਦੇ ਹਾਕਮ ਦੇ ਆਖਣ ‘ਤੇ ਉਸ ਦੇਸ਼ ਲਈ ਇਕ ਖ਼ੂਬਸੂਰਤ ਪੁਲ ਦਾ ਡੀਜ਼ਾਈਨ ਬਣਾਉਣ ਦਾ ਅਤੇ ਮੋਨਾ ਲੀਜ਼ਾ ਦੀ ਮੁਸਕਰਾਹਟ ਦਾ ਸੱਚ ਵਿਖਾਉਣ ਲਈ ਵੀਹ ਸਾਲ ਬਾਅਦ ਉਸ ਦੀ ਧੌਣ ਨੂੰ ਦੁਬਾਰਾ ਪੇਂਟ ਕਰਨ ਦਾ ਸਵਾਦਲਾ ਜ਼ਿਕਰ। ਇਹ ਇਸ ਪੁਸਤਕ ਦੀ ਇਕ ਹੋਰ ਸਵਾਦਲੀ ਵਿਸ਼ੇਸ਼ਤਾ ਹੈ।
‘ਕਵਿਤਾ ਵਿਚ 1984’ ਨਾਮਕ ਲੇਖ ਵਿਚ ਅਮਰਜੀਤ ਚੰਦਨ ਦੀ ਸੰਪਾਦਿਤ ਪੁਸਤਕ ‘ਉੰਨੀ ਸੌ ਚੁਰਾਸੀ’ ਵਿਚਲੇ ਚੰਦਨ ਦੇ ਲੇਖਾਂ ਅਤੇ ਹਰਿਭਜਨ ਸਿੰਘ ਦੀਆਂ 1984 ਦੀ ਤਰਾਸਦੀ ਬਾਰੇ ਲਿਖੀਆਂ ਕਵਿਤਾਵਾਂ ਦਾ ਜ਼ਿਕਰ ਹੈ ਜਿਨ੍ਹਾਂ ਵਿਚ ਹਰਿਭਜਨ ਸਿੰਘ ਦੀ ਕਾਵਿ-ਯਾਤਨਾ ਕਈ ਸਵੱਰਾਂ ਵਿਚ ਬੋਲਦੀ ਹੈ, ਕਦੇ ਔਰਤ ਅਤੇ ਮਾਂ ਬਣ ਕੇ, ਕਦੇ ਘਰ ਹੁੰਦਿਆਂ ਵੀ ਬੇਘਰੇ ਹੋਣ ਦੇ ਅਹਿਸਾਸ ਨਾਲ ਭਰੀ ਅਤੇ ਕਦੇ ਵਤਨ ਹੁੰਦਿਆਂ ਵੀ ਬੇਵਤਨੀ ਦੇ ਅਹਿਸਾਸ ਵਿਚ ਡੁੱਬ ਕੇ। ਉਹ ਲਿਖਦਾ ਹੈ:
‘ਇਹ ਫੌਜਾਂ ਕੌਣ ਦੇਸ਼ ਤੋਂ ਆਈਆਂ… ਬੇਵਤਨ ਹੋ ਜਾਣ ਦਾ ਦੁੱਖ ਸੀ, ਜੀ ਲਿਆ ਦੁੱਖ ਜ਼ਰ ਲਿਆ…
‘ਸਾਡੇ ਸ਼ਹਿਰ ਮਹੱਲੇ ਵਿਚ ਕੀ ਹੋਇਆ, ਆਪਣਾ ਸੀ ਜੋ ਵਾਂਗ ਪਰਾਇਆ ਮੋਇਆ’
ਆਦਮੀ ਸੀ ਜਾਂ ਕਿਰਾਏ ਦਾ ਮਕਾਨ, ਕਿਸ ਤਰ੍ਹਾਂ ਉਹ ਖੁਦ ਨੂੰ ਖਾਲੀ ਕਰ ਗਿਆ
‘ਇਕੱਲਿਆਂ ਦਾ ਕਾਫਲਾ’ ਅਮਰਜੀਤ ਚੰਦਨ ਦੀ ਸੰਪਾਦਿਤ ਪੰਜਾਬੀ ਕਵੀਆਂ ਦੀਆਂ ਪ੍ਰੇਮ ਕਵਿਤਾਵਾਂ ਦੀ ਪੁਸਤਕ, ‘ਕੰਚਨ ਕਾਇਆ’ ਬਾਰੇ ਹੈ। ਇਸ ਸੰਬੰਧ ਵਿਚ ਕਈ ਮਹੱਤਵਪੂਰਨ ਨੁਕਤੇ ਉਠਾਏ ਗਏ ਹਨ ਜਿਵੇਂ ਕਿ ਦੋਹਾਂ ਪੰਜਾਬਾਂ ਦੇ 73 ਕਵੀਆਂ ਦੇ ਰੰਗ ਕੁਲ ਮਿਲਾ ਕੇ ਸੀਮਤ ਹੀ ਹਨ। ਦੂਜੇ ਇਨ੍ਹਾਂ ਵਿਚ ਦੇਹ ਦੀ ਗੰਧ ਨਹੀਂ ਹੈ। ਬੌਦਲੇਅਰ ਵਾਂਗ ਪ੍ਰੇਮ ਦੇ ਕੋਝੇ ਫੁੱਲ ਅਤੇ ਪੁਸ਼ਕਿਨ ਦਾ ਹੁਸੀਨ ਲੱਚਰਪੁਣਾ ਅਤੇ ਦੇਹ-ਦਰਸ਼ਨ ਵੀ ਨਹੀਂ ਹਨ। ਲੇਖਕ ਨੂੰ ਇਨ੍ਹਾਂ ਕਵਿਤਾਵਾਂ ਵਿਚ ਵਰਜਿਤ ਪ੍ਰੇਮ ਵੀ ਕਿਤੇ ਕਿਤੇ ਦਿਸਦਾ ਹੈ ਜਿਵੇਂ ਪੂਰਨ ਸਿੰਘ, ਸ਼ਿਵ ਕੁਮਾਰ ਅਤੇ ਸੁਖਚੈਨ ਮਿਸਤਰੀ ਦੀਆਂ ਕਵਿਤਾਵਾਂ ਵਿਚ। ਇਵੇਂ ਹੀ ਪਿਆਰ ਵਿਚ ਪਾਰਗਮਨ ਦੇ ਅਨੁਭਵ ਵਿਚੋਂ ਸਿਰਫ ਭਾਈ ਵੀਰ ਸਿੰਘ, ਜਸਵੰਤ ਸਿੰਘ ਨੇਕੀ ਅਤੇ ਸੋਹਣ ਕਾਦਰੀ ਹੀ ਆਪਣੀਆਂ ਕਵਿਤਾਵਾਂ ਵਿਚ ਲੰਘਦੇ ਹਨ।
ਇਸ ਪੁਸਤਕ ਦੇ ਸਮੁੱਚੇ ਮੁਲਾਂਕਣ ਵਿਚ ਕਿਹਾ ਜਾ ਸਕਦਾ ਹੈ ਕਿ ਇਸ ਵਿਚ ਗੁਣ ਹੀ ਗੁਣ ਹਨ, ਘਾਟਾਂ, ਵਿਰੋਧਤਾਵਾਂ ਵਰਗਾ ਕੋਸ਼ਿਸ਼ ਕੀਤਿਆਂ ਵੀ ਬਹੁਤਾ ਕੁਝ ਨਹੀਂ ਲਭਿਆ ਜਾ ਸਕਦਾ ਪਰ ਫਿਰ ਵੀ ਕੁਝ ਨੁਕਤੇ ਮਹਿਜ਼ ਚੁੰਝ-ਚਰਚਾ ਵਜੋਂ ਇਹ ਹੋ ਸਕਦੇ ਹਨ ਕਿ ਲੇਖਕ ਨੇ ਪੰਜਾਬੀ ਵਿਚ ਵਿਸ਼ਵ ਸ਼ਾਹਕਾਰ ਰਚਨਾਵਾਂ ਦੇ ਉਪਲਬਧ ਅਨੁਵਾਦਾਂ ਨੂੰ ਪੂਰੀ ਤਰ੍ਹਾਂ ਨਹੀਂ ਗੌਲਿਆ ਜਾਪਦਾ ਕਿਉਂਕਿ ਘਟੋ ਘੱਟ ਰੂਸੀ ਸਾਹਿਤ ਦੇ ਅਨੁਵਾਦਾਂ ਦਾ ਤਾਂ ਪੰਜਾਬੀ ਵਿਚ ਬਹੁਤ ਬੋਲਬਾਲਾ ਰਿਹਾ ਹੈ ਅਤੇ ਕਿਸੇ ਹੱਦ ਤੀਕ ਹੋਰਨਾਂ ਭਾਸ਼ਾਵਾਂ ਦੀਆਂ ਬਹੁਤ ਸਾਰੀਆਂ ਸ਼ਾਹਕਾਰ ਰਚਨਾਵਾਂ ਦਾ ਵੀ। ਹਾਂ ਇਨ੍ਹਾਂ ਅਨੁਵਾਦਾਂ ਵਿਚ ਕੁਝ ਊਣਤਾਵਾਂ ਤਾਂ ਅਵੱਸ਼ ਹੀ ਹੋਣਗੀਆਂ ਕਿਉਂਕਿ ਇਸ ਬੰਨ੍ਹੇ ਬਹੁਤਾ ਕੰਮ ਪੰਜਾਬੀ ਅਨੁਵਾਦਕਾਂ ਨੇ ਜਾਤੀ ਪੱਧਰ ‘ਤੇ ਹੀ ਕੀਤਾ ਹੈ। ਦੂਜੇ ਪੰਜਾਬੀ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਦਾ ਜਿਵੇਂ ਕਿ ਕਵਿਤਾ, ਨਾਵਲ, ਕਹਾਣੀ, ਨਿਬੰਧ ਅਤੇ ਨਾਟਕ ਦਾ ਜ਼ਿਕਰ ਵੀ ਕੁਝ ਹੋਰ ਵਿਸਤਾਰ ਲੈ ਸਕਦਾ ਸੀ।
ਕੁੱਲ ਮਿਲਾ ਕੇ ‘ਸਾਹਿਤ ਸ਼ਬਦ ਸੰਸਾਰ’ ਪੰਜਾਬੀ ਸਾਹਿਤ ਦੀ ਹੀ ਨਹੀਂ ਸਮੁੱਚੇ ਸਾਹਿਤ ਦੀ ਸਿਧਾਂਤਕ ਅਤੇ ਉੱਚ ਪੱਧਰੀ, ਵੱਖਰੀ ਨੁਹਾਰ ਅਤੇ ਪਛਾਣ ਵਾਲੀ ਪੁਸਤਕ ਹੈ ਜਿਸ ਦਾ ਹਰੇਕ ਸ਼ਬਦ ਅਤੇ ਵਾਕ ਆਪਣੇ ਵਿਲੱਖਣ ਕਾਵਿ-ਅੰਦਾਜ਼ ਅਤੇ ਡੂੰਘੇ ਅਨੁਭਵ ਅਤੇ ਨਿਵੇਕਲੇ ਉਚਾਰ ਅਤੇ ਲਿਖਣ-ਸ਼ੈਲੀ ਲਈ ਲੰਮੇ ਸਮੇਂ ਲਈ ਪੰਜਾਬੀ ਸਾਹਿਤ ਚੇਤਨਾ ਵਿਚ ਸਫ਼ਰ ਕਰਦਾ ਰਹੇਗਾ।