ਜ਼ਿਮਨੀ ਚੋਣ: ਆਪ ਨੇ ਲੋਕ ਸਭਾ ਚੋਣਾਂ ਵਾਲਾ ਦਾਗ ਧੋਣ ਲਈ ਲਾਇਆ ਟਿੱਲ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ (ਜਲੰਧਰ ਪੱਛਮੀ) ਦੀ ਜ਼ਿਮਨੀ ਚੋਣ ਲਈ ਪੂਰੀ ਤਾਕਤ ਝੋਕ ਦਿੱਤੀ ਹੈ। ‘ਆਪ` ਸਰਕਾਰ ਦੇ ਵਿਧਾਇਕ ਤੇ ਮੰਤਰੀ ਵਾਰਡ ਇੰਚਾਰਜ ਵਜੋਂ ਨਿਯੁਕਤ ਕਰ ਦਿੱਤੇ ਗਏ ਹਨ। ‘ਆਪ` ਦੇ ਸੰਗਠਨ ਸਕੱਤਰ ਅਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਚੋਣ ਸਬੰਧੀ 20 ਜੂਨ ਨੂੰ ਮੀਟਿੰਗ ਕੀਤੀ ਸੀ। ਮੀਟਿੰਗ ਮਗਰੋਂ ਹੁਣ ਪਾਰਟੀ ਦੇ ਵਿਧਾਇਕਾਂ ਤੇ ਵਜ਼ੀਰਾਂ ਨੂੰ ਚੋਣ ਦੀ ਕਮਾਨ ਸੌਂਪ ਦਿੱਤੀ ਗਈ ਹੈ।

ਕਈ ਮੰਤਰੀਆਂ ਤੇ ਵਿਧਾਇਕਾਂ ਨੇ ਹਲਕੇ ਵਿਚ ਡੇਰੇ ਲਾਏ, ਜਦੋਂ ਕਿ ਕਈਆਂ ਦੇ ਛੇਤੀ ਪੁੱਜਣ ਦੀ ਆਸ ਹੈ।
ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਦਾ ਦਾਗ ਧੋਣ ਲਈ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਜਿੱਤਣ ਲਈ ਪੂਰਾ ਤਾਣ ਲਾਏਗੀ। ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਵੀ ਜਲੰਧਰ ਵਿਚ ਚੋਣ ਪ੍ਰਚਾਰ ਦੀ ਅਗਵਾਈ ਕਰਨਗੇ। ਜਲੰਧਰ ਪੱਛਮੀ ਹਲਕੇ ਵਿਚ 23 ਵਾਰਡ ਪੈਂਦੇ ਹਨ ਅਤੇ ਹਰ ਵਾਰਡ ਦੀ ਜ਼ਿੰਮੇਵਾਰੀ ਵਿਧਾਇਕ ਜਾਂ ਮੰਤਰੀ ਨੂੰ ਦਿੱਤੀ ਗਈ ਹੈ। 22 ਜੂਨ ਤੋਂ ਮੰਤਰੀਆਂ ਅਤੇ ਵਿਧਾਇਕਾਂ ਸਣੇ 23 ਉੱਘੇ ਆਗੂ ਚੋਣ ਪ੍ਰਚਾਰ ਲਈ ਡਟ ਜਾਣਗੇ।
ਰਾਜ ਸਭਾ ਮੈਂਬਰ ਸੰਦੀਪ ਪਾਠਕ ਵੱਲੋਂ ਬੁਲਾਈ ਮੀਟਿੰਗ ਵਿਚ 23 ਮੰਤਰੀਆਂ ਤੇ ਵਿਧਾਇਕਾਂ ਨੂੰ ਸੱਦਿਆ ਗਿਆ ਸੀ। ਹਰ ਵਾਰਡ ਵਿਚ ਇਕ ਵਿਧਾਇਕ ਜਾਂ ਮੰਤਰੀ ਤਾਇਨਾਤ ਹੋਵੇਗਾ ਜਿਸ ਅਧੀਨ ਸੂਬਾ ਪੱਧਰੀ ਬੋਰਡਾਂ ਤੇ ਕਾਰਪੋਰੇਸ਼ਨ ਦੇ ਚੇਅਰਮੈਨ ਚੋਣ ਪ੍ਰਚਾਰ ਦਾ ਕੰਮ ਕਰਨਗੇ। ਇਸ ਸਬੰਧੀ ਕੈਬਨਿਟ ਵਜ਼ੀਰ ਕੁਲਦੀਪ ਸਿੰਘ ਧਾਲੀਵਾਲ, ਬਲਜੀਤ ਕੌਰ, ਲਾਲਜੀਤ ਸਿੰਘ ਭੁੱਲਰ, ਲਾਲ ਚੰਦ ਕਟਾਰੂਚੱਕ, ਹਰਪਾਲ ਸਿੰਘ ਚੀਮਾ ਤੋਂ ਇਲਾਵਾ ਕਈ ਵਿਧਾਇਕਾਂ ਦੀ ਡਿਊਟੀ ਲਾਈ ਗਈ ਹੈ।
ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਲਵਿੰਦਰ ਸਿੰਘ ਕੰਗ ਹਵਾਲੇ ਵੀ ਵਾਰਡ ਕੀਤੇ ਗਏ ਹਨ। ਜਲੰਧਰ ਪੱਛਮੀ ਹਲਕੇ ਵਿਚ 181 ਬੂਥ ਪੈਂਦੇ ਹਨ ਅਤੇ ਹਰ ਬੂਥ ਦਾ ਇੰਚਾਰਜ ਸੂਬਾ ਪੱਧਰੀ ਚੇਅਰਮੈਨ ਜਾਂ ਅਹਿਮ ਅਹੁਦੇਦਾਰਾਂ ਨੂੰ ਲਾਇਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਚੋਣ ਲਈ ਰਣਨੀਤੀ ਘੜੀ ਹੈ ਅਤੇ ਉਹ ਇਸ ਚੋਣ ਨੂੰ ਜਿੱਤਣ ਲਈ ਜ਼ਿਆਦਾ ਸਮਾਂ ਜਲੰਧਰ ਪੱਛਮੀ ਹਲਕੇ ਨੂੰ ਹੀ ਦੇਣਗੇ। ‘ਆਪ` ਨੇ ਇਸ ਹਲਕੇ ਤੋਂ ਮਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਹੈ। ਸੂਤਰ ਆਖਦੇ ਹਨ ਕਿ ਪਾਰਟੀ ਵੱਲੋਂ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਹਦਾਇਤਾਂ ਹਨ ਕਿ ਜਲੰਧਰ ਪੱਛਮੀ ਜ਼ਿਮਨੀ ਚੋਣ ਤੋਂ ‘ਆਪ` ਦੀ ਜਿੱਤ ਯਕੀਨੀ ਬਣਾਈ ਜਾਵੇ।