ਜੋਧਪੁਰ ਘਟਨਾ ਦੀ ਜਾਂਚ ਸੇਵਾਮੁਕਤ ਜੱਜਾਂ ਤੋਂ ਕਰਵਾਈ ਜਾਵੇ: ਜਥੇਦਾਰ

ਅੰਮ੍ਰਿਤਸਰ: ਰਾਜਸਥਾਨ ਦੇ ਜੋਧਪੁਰ ਵਿਚ ਜੁਡੀਸ਼ਲ ਪ੍ਰੀਖਿਆ ਸਮੇਂ ਅੰਮ੍ਰਿਤਧਾਰੀ ਵਿਦਿਆਰਥੀਆਂ ਦੇ ਕਕਾਰ ਉਤਰਵਾਉਣ ਦੀ ਵਾਪਰੀ ਘਟਨਾ ਦਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਉਹ ਸੇਵਾਮੁਕਤ ਸਿੱਖ ਜੱਜਾਂ ਤੇ ਵਕੀਲਾਂ ਦੀ ਜਾਂਚ ਕਮੇਟੀ ਦਾ ਗਠਨ ਕਰਕੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ।

ਇਸ ਮਾਮਲੇ ਵਿਚ ਜਾਰੀ ਵੀਡੀਓ ਸੁਨੇਹੇ ਰਾਹੀਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਿੱਖਾਂ ਨੂੰ ਗ਼ੁਲਾਮ ਹੋਣ ਦਾ ਅਹਿਸਾਸ ਕਰਵਾਉਂਦੀਆਂ ਹਨ। ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਪਾਇਆ ਹੈ। ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਸਿੱਖਾਂ ਨੂੰ ਅਪਮਾਨਿਤ ਕਰਨ ਵਾਲੀਆਂ ਅਤੇ ਠੇਸ ਪਹੁੰਚਾਉਣ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ਵਿਖੇ ਜੁਡੀਸ਼ਲ ਪ੍ਰੀਖਿਆ ਵਿਚ ਅੰਮ੍ਰਿਤਧਾਰੀ ਵਿਦਿਆਰਥੀਆਂ ਦੇ ਕਕਾਰ ਉਤਰਵਾਉਣੇ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਕਿ ਪਤਾ ਲੱਗਿਆ ਹੈ ਕਿ ਪ੍ਰੀਖਿਆ ਦੇਣ ਆਏ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਕੱਪੜੇ ਉਤਾਰ ਕੇ ਕਿਰਪਾਨਾਂ ਉਤਾਰਨ ਲਈ ਕਿਹਾ ਗਿਆ। ਇਸ ਦਾ ਇਕ ਅੰਮ੍ਰਿਤਧਾਰੀ ਕੁੜੀ ਨੇ ਵਿਰੋਧ ਵੀ ਕੀਤਾ ਤੇ ਉਸ ਨੂੰ ਪ੍ਰੀਖਿਆ ਨਹੀਂ ਦੇਣ ਦਿੱਤੀ ਗਈ। ਕੁਝ ਵਿਦਿਆਰਥੀਆਂ ਨੇ ਆਪਣੇ ਕਕਾਰ ਉਤਾਰ ਕੇ ਨੇੜੇ ਰੱਖ ਦਿੱਤੇ ਪਰ ਉਨ੍ਹਾਂ ਨੂੰ ਕਕਾਰ ਹੇਠਾਂ ਰੱਖਣ ਲਈ ਆਖਿਆ ਗਿਆ, ਜਿਸ ਦਾ ਅੰਮ੍ਰਿਤਧਾਰੀ ਵਿਦਿਆਰਥੀਆਂ ਨੇ ਵਿਰੋਧ ਕੀਤਾ। ਜਥੇਦਾਰ ਨੇ ਆਖਿਆ ਕਿ ਇਹ ਕਕਾਰਾਂ ਦੀ ਬੇਅਦਬੀ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪ੍ਰੀਖਿਆ ਦੀ ਤਿਆਰੀ ਲਈ ਲੰਬਾ ਸਮਾਂ ਮਿਹਨਤ ਕੀਤੀ ਸੀ ਅਤੇ ਵੱਡੀ ਰਕਮ ਵੀ ਖਰਚੀ ਸੀ, ਜੋ ਅਜਾਈਂ ਗਈ। ਉਨ੍ਹਾਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਉਹ ਸੇਵਾਮੁਕਤ ਜੱਜਾਂ ਅਤੇ ਵਕੀਲਾਂ ਦੀ ਉੱਚ ਪੱਧਰੀ ਕਮੇਟੀ ਬਣਾਉਣ ਜੋ ਇਸ ਮਾਮਲੇ ਦੀ ਆਪਣੇ ਪੱਧਰ ‘ਤੇ ਜਾਂਚ ਕਰੇ ਅਤੇ ਬਾਅਦ ਵਿਚ ਸਿੱਖ ਵਿਦਿਆਰਥੀਆਂ ਨਾਲ ਅਜਿਹਾ ਸਲੂਕ ਕਰਨ ਵਾਲੇ ਕਰਮਚਾਰੀਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।