ਕੁਵੈਤ ਅਗਨੀ ਕਾਂਡ: 45 ਭਾਰਤੀਆਂ ਦੀਆਂ ਦੇਹਾਂ ਵਤਨ ਲਿਆਂਦੀਆਂ

ਕੁਵੈਤ ਸਿਟੀ: ਕੁਵੈਤ ਦੀ ਇਕ ਬਹੁ-ਮੰਜ਼ਿਲਾ ਇਮਾਰਤ ਵਿਚ ਹੋਏ ਅਗਨੀ ਕਾਂਡ ‘ਚ ਜਾਨ ਗੁਆਉਣ ਵਾਲੇ 45 ਭਾਰਤੀਆਂ ਦੀਆਂ ਦੇਹਾਂ ਲੈ ਕੇ ਭਾਰਤੀ ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ ਕੋਚੀ ਪੁੱਜਿਆ। ਜਹਾਜ਼ ਵਿਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੀ ਮੌਜੂਦ ਸਨ। ਮ੍ਰਿਤਕਾਂ ਵਿਚ 31 ਜਣੇ ਦੱਖਣੀ ਸੂਬਿਆਂ ਨਾਲ ਸਬੰਧਤ ਹਨ। ਉਧਰ ਅਗਨੀ ਕਾਂਡ ਵਿਚ ਜ਼ਖ਼ਮੀ ਹੋਏ ਇਕ ਹੋਰ ਭਾਰਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ, ਜਿਸ ਨਾਲ ਮ੍ਰਿਤਕ ਭਾਰਤੀਆਂ ਦੀ ਗਿਣਤੀ ਵਧ ਕੇ 46 ਹੋ ਗਈ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਕੁਵੈਤ ਅਗਨੀ ਕਾਂਡ ਵਿਚ ਮਾਰੇ ਗਏ ਦੱਖਣੀ ਸੂਬਿਆਂ ਦੇ 31 ਜਣਿਆਂ ਵਿਚ ਕੇਰਲ ਦੇ 23, ਤਾਮਿਲਨਾਡੂ ਦੇ ਸੱਤ ਅਤੇ ਕਰਨਾਟਕ ਦਾ ਇਕ ਵਿਅਕਤੀ ਸ਼ਾਮਲ ਹਨ। ਕੁਵੈਤ ਅਗਨੀ ਕਾਂਡ ਦਾ ਸ਼ਿਕਾਰ ਹੋਏ ਯਮੁਨਾਨਗਰ ਉਦਯੋਗਿਕ ਏਰੀਆ ਦੇ ਰਹਿਣ ਵਾਲੇ ਅਨਿਲ ਗਿਰੀ ਦੀਆਂ ਅੰਤਿਮ ਰਸਮਾਂ ਉਸ ਦੇ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਵਿਚ ਪੈਂਦੇ ਜੱਦੀ ਪਿੰਡ ਵਿਚ ਹੋਣਗੀਆਂ। ਅਨਿਲ ਅੱਠ ਸਾਲ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਿਆ ਸੀ। ਕੁਵੈਤ ਅਗਨੀ ਕਾਂਡ ਵਿਚ ਮਾਰਿਆ ਗਿਆ ਰਾਂਚੀ ਦੇ ਹਿੰਦਪਿਰੀ ਇਲਾਕੇ ਦਾ ਮੁਹੰਮਦ ਅਲੀ ਹੁਸੈਨ ਅਜੇ 18 ਦਿਨ ਪਹਿਲਾਂ ਹੀ ਕੁਵੈਤ ਗਿਆ ਸੀ। ਪਰਿਵਾਰ ਨੇ ਕਦੇ ਨਹੀਂ ਸੋਚਿਆ ਸੀ ਕਿ ਉਸ ਨਾਲ ਉਨ੍ਹਾਂ ਦੀ ਇਹ ਆਖ਼ਰੀ ਮੁਲਾਕਾਤ ਹੋਵੇਗੀ। ਅਲੀ ਦੇ ਪਿਤਾ ਮੁਬਾਰਕ ਹੁਸੈਨ (57) ਨੇ ਦੱਸਿਆ ਕਿ ਤਿੰਨ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟਾ ਹੁਸੈਨ (24) ਰੋਜ਼ੀ-ਰੋਟੀ ਖਾਤਰ ਕੁਵੈਤ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਸੈਨ ਪਹਿਲੀ ਵਾਰ ਦੇਸ਼ ਤੋਂ ਬਾਹਰ ਗਿਆ ਸੀ।
ਮ੍ਰਿਤਕਾਂ ਵਿਚ ਹੁਸ਼ਿਆਰਪੁਰ ਦਾ ਹਿੰਮਤ ਰਾਏ ਵੀ ਸ਼ਾਮਲ
ਕੁਵੈਤ ਵਿਚ ਬੀਤੇ ਦਿਨੀਂ ਇਕ ਇਮਾਰਤ ਨੂੰ ਅੱਗ ਲੱਗਣ ਕਾਰਨ ਮਾਰੇ ਗਏ ਭਾਰਤੀਆਂ ਵਿਚ ਹੁਸ਼ਿਆਰਪੁਰ ਦਾ ਹਿੰਮਤ ਰਾਏ ਵੀ ਸ਼ਾਮਲ ਹੈ। ਪਿੰਡ ਕੱਕੋਂ ਦਾ ਰਹਿਣ ਵਾਲਾ ਹਿੰਮਤ ਰਾਏ (62) ਕੁਵੈਤ ਦੀ ਇਕ ਕੰਪਨੀ ‘ਚ ਫੋਰਮੈਨ ਸੀ। ਹਾਦਸੇ ਤੋਂ ਇਕ ਦਿਨ ਪਹਿਲਾਂ ਹੀ ਉਸ ਨੇ ਪਰਿਵਾਰ ਨਾਲ ਗੱਲ ਕਰਕੇ ਆਪਣੀ ਸੁੱਖ-ਸਾਂਦ ਬਾਰੇ ਦੱਸਿਆ ਸੀ। ਉਸ ਦੇ ਇਕ ਸਾਥੀ ਨੇ ਪਰਿਵਾਰ ਨੂੰ ਫ਼ੋਨ ਕਰਕੇ ਹਿੰਮਤ ਦੀ ਮੌਤ ਦੀ ਖਬਰ ਦਿੱਤੀ। ਪਿਛਲੇ ਸਾਲ ਉਹ ਦੋ ਮਹੀਨੇ ਪਰਿਵਾਰ ਨਾਲ ਬਿਤਾ ਕੇ ਗਿਆ ਸੀ। ਹਿੰਮਤ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਮਨਹੂਸ ਖਬਰ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਹੋਇਆ।