ਜ਼ਿਮਨੀ ਚੋਣ: ‘ਆਪ` ਲਈ ਪਰਖ ਦੀ ਇਕ ਹੋਰ ਘੜੀ

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿਚ ਨਮੋਸ਼ੀ ਵਾਲੇ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਲਈ ਪਰਖ ਦੀ ਇਕ ਹੋਰ ਘੜੀ ਆ ਗਈ ਹੈ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਐਲਾਨ ਪਿੱਛੋਂ ਪਾਰਟੀ ਨੇ ਪੂਰੀ ਵਾਹ ਲਾ ਦਿੱਤੀ ਹੈ। ਆਮ ਆਦਮੀ ਪਾਰਟੀ ਲਈ ਇਹ ਸੀਟ ਵੱਕਾਰ ਦਾ ਸਵਾਲ ਬਣ ਗਈ ਹੈ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ‘ਆਪ` ਉਮੀਦਵਾਰ ਸ਼ੀਤਲ ਅੰਗੁਰਾਲ ਨੇ ਜਿੱਤ ਪ੍ਰਾਪਤ ਕੀਤੀ ਸੀ, ਜੋ ਬਾਅਦ ਵਿਚ ਅਸਤੀਫ਼ਾ ਦੇ ਕੇ ਭਾਜਪਾ `ਚ ਸ਼ਾਮਲ ਹੋ ਗਏ ਸਨ।

ਹੁਣ ਆਪ ਦਾ ਇਹ ਸਾਬਕਾ ਵਿਧਾਇਕ (ਸ਼ੀਤਲ ਅੰਗੁਰਾਲ) ਹੀ ਭਾਜਪਾ ਵੱਲੋਂ ਉਮੀਦਵਾਰ ਬਣ ਕੇ ‘ਆਪ` ਦੇ ਮਹਿੰਦਰ ਭਗਤ ਖਿਲਾਫ ਚੋਣ ਲੜ ਰਿਹਾ ਹੈ। ਇਸ ਲਈ ਆਪ ਲਈ ਇਹ ਚੋਣ ਨੱਕ ਦਾ ਸਵਾਲ ਬਣ ਗਈ ਹੈ। ਦੱਸ ਦਈਏ ਕਿ ਹਾਲ ਹੀ ਵਿਚ ਲੋਕ ਸਭਾ ਚੋਣਾਂ ਦੇ ਆਏ ਨਤੀਜਿਆਂ ਵਿਚ ‘ਆਪ` ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਿਰਫ਼ 15,629 ਵੋਟਾਂ ਮਿਲੀਆਂ ਸਨ ਜਦ ਕਿ ਕਾਂਗਰਸ ਨੂੰ 44,394 ਅਤੇ ਭਾਜਪਾ ਨੂੰ 42,837 ਵੋਟਾਂ ਮਿਲੀਆਂ ਸਨ। ਕਾਂਗਰਸ 1,557 ਵੋਟਾਂ ਨਾਲ ਭਾਜਪਾ ਤੋਂ ਅੱਗੇ ਰਹੀ ਸੀ ਪਰ ਉਹ ‘ਆਪ` ਤੋਂ 28 ਹਾਜ਼ਾਰ 765 ਵੋਟਾਂ ਨਾਲ ਅੱਗੇ ਸੀ। ਇੰਨੇ ਵੱਡੇ ਫਰਕ ਨੂੰ ਸਰ ਕਰਨਾ ਔਖਾ ਹੋਵੇਗਾ।
ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਕਾਰਨ ਖਾਲੀ ਹੋਈ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ 10 ਜੁਲਾਈ ਨੂੰ ਹੋਣੀ ਹੈ। ਆਪ ਨੇ ਇਹ ਸੀਟ ਆਪਣੇ ਪਾਲੇ ਵਿਚ ਕਰਨ ਲਈ ਇੰਨਾ ਕੂ ਟਿੱਲ ਲਾ ਦਿੱਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਦੀਪ ਸਿੰਘ ਨਗਰ ਇਲਾਕੇ ਵਿਚ ਕਿਰਾਏ ‘ਤੇ ਮਕਾਨ ਲੈ ਲਿਆ ਹੈ। ਉਹ ਇੱਥੋਂ ਪਾਰਟੀ ਅਤੇ ਸਰਕਾਰ ਦੀਆਂ ਮਾਝੇ ਤੇ ਦੋਆਬੇ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣਗੇ।
ਦੱਸ ਦਈਏ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ ਬਾਅਦ ਚਾਰ ਹੋਰ ਜ਼ਿਮਨੀ ਚੋਣਾਂ ਹੋਣੀਆਂ ਹਨ। ਇਹ ਸੀਟਾਂ 4 ਵਿਧਾਇਕਾਂ ਵੱਲੋਂ ਲੋਕ ਸਭਾ ਚੋਣਾਂ ਜਿੱਤਣ ਕਾਰਨ ਖਾਲੀ ਹੋਈਆਂ ਹਨ। ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਹਲਕਾ ਸੰਗਰੂਰ, ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਲੋਕ ਸਭਾ ਹਲਕਾ ਹੁਸ਼ਿਆਰਪੁਰ, ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕ ਸਭਾ ਹਲਕਾ ਲੁਧਿਆਣਾ ਤੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤ ਹਾਸਲ ਕੀਤੀ ਹੈ। ਇਸ ਤਰ੍ਹਾਂ ਵਿਧਾਨ ਸਭਾ ਹਲਕਾ ਬਰਨਾਲਾ, ਚੱਬੇਵਾਲ, ਗਿੱਦੜਬਾਹਾ ਅਤੇ ਡੇਰਾ ਬਾਬਾ ਨਾਨਕ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣਗੀਆਂ।
ਇਧਰ, ਜਿਮਨੀ ਚੋਣ ਤੋਂ ਬਾਅਦ ਪੇਂਡੂ ਤੇ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ‘ਆਪ` ਸਰਕਾਰ ਦੀ ਕਾਰਗੁਜ਼ਾਰੀ ਲਈ ਮੁੜ ਪਰਖ ਦਾ ਵੇਲਾ ਹੋਵੇਗਾ। ਪੰਜਾਬ ਵਿਚ ਕੁੱਲ 13,241 ਗ੍ਰਾਮ ਪੰਚਾਇਤਾਂ, 153 ਬਲਾਕ ਸਮਿਤੀਆਂ ਅਤੇ 23 ਜ਼ਿਲ੍ਹਾ ਪਰਿਸ਼ਦਾਂ ਲਈ ਚੋਣਾਂ ਦੀ ਮਿਆਦ 31 ਦਸੰਬਰ 2023 ਨੂੰ ਖ਼ਤਮ ਹੋ ਚੁੱਕੀ ਹੈ। ਸੂਬੇ ਵਿਚ ਸਭ ਤੋਂ ਜ਼ਿਆਦਾ 1405 ਪੰਚਾਇਤਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹਨ। ਜ਼ਿਲ੍ਹਾ ਪਟਿਆਲਾ ਵਿਚ 1022 ਪੰਚਾਇਤਾਂ ਹਨ। ਜ਼ਿਆਦਾਤਰ ਪੰਚਾਇਤਾਂ ਉਤੇ ਕਾਂਗਰਸ ਦਾ ਕਬਜ਼ਾ ਹੈ।
ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਿਚ ਮਾੜੀ ਕਾਰਗੁਜ਼ਾਰੀ ਤੋਂ ਅੱਗੇ ਰੱਖ ਕੇ ਸੂਬੇ ਵਿਚ ਆਪਣਾ ਸਿਆਸੀ ਭਵਿੱਖ ਵੇਖ ਰਹੀ ਹੈ। ‘ਆਪ` ਨੇ ਚੋਣ ਮੈਦਾਨ ਵਿਚ ਪੰਜ ਕੈਬਨਿਟ ਮੰਤਰੀ ਉਤਾਰੇ ਸਨ ਜਿਨ੍ਹਾਂ `ਚੋਂ ਸਿਰਫ਼ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਹੀ ਜਿੱਤ ਸਕੇ। ਇਸੇ ਤਰ੍ਹਾਂ ਚੋਣ ਲੜ ਰਹੇ ‘ਆਪ` ਦੇ ਤਿੰਨ ਵਿਧਾਇਕਾਂ ਨੂੰ ਵੀ ਸਫਲਤਾ ਨਹੀਂ ਮਿਲੀ।
ਆਮ ਆਦਮੀ ਪਾਰਟੀ ਨੂੰ ਅੱਠ ਕੈਬਨਿਟ ਵਜ਼ੀਰਾਂ ਦੇ ਅਸੈਂਬਲੀ ਹਲਕਿਆਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ। ‘ਆਪ` ਨੇ ਤਿੰਨ ਸੰਸਦੀ ਸੀਟਾਂ `ਤੇ ਜਿੱਤ ਦਰਜ ਕੀਤੀ ਹੈ। ਅਸੈਂਬਲੀ ਹਲਕਾ ਵਾਈਜ਼ ਨਤੀਜੇ ਦੇਖੀਏ ਤਾਂ ‘ਆਪ` ਨੂੰ 32 ਅਸੈਂਬਲੀ ਹਲਕਿਆਂ ਵਿਚ ਲੀਡ ਮਿਲੀ ਹੈ ਜਦੋਂ ਕਿ 54 ਸੀਟਾਂ `ਤੇ ‘ਆਪ` ਦੂਜੇ ਨੰਬਰ ਉਤੇ ਆਈ ਹੈ। ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ‘ਆਪ` ਨੇ 92 ਸੀਟਾਂ ਹਾਸਲ ਕਰਕੇ ਵੱਡੀ ਜਿੱਤ ਦਰਜ ਕੀਤੀ ਸੀ। ‘ਆਪ` ਨੂੰ ਲੋਕ ਸਭਾ ਚੋਣਾਂ ਵਿਚ 26.02 ਫ਼ੀਸਦੀ ਜਦੋਂ ਕਿ ਕਾਂਗਰਸ ਦੀ ਝੋਲੀ 26.30 ਫ਼ੀਸਦੀ ਵੋਟ ਪਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ‘ਆਪ` ਨੇ 42 ਫ਼ੀਸਦ ਦੇ ਕਰੀਬ ਵੋਟਾਂ ਹਾਸਲ ਕਰਕੇ 117 ਵਿਚੋਂ 92 ਵਿਧਾਨ ਸਭਾ ਸੀਟਾਂ `ਤੇ ਜਿੱਤ ਹਾਸਲ ਕੀਤੀ ਸੀ ਪਰ ‘ਆਪ` ਲੋਕ ਸਭਾ ਚੋਣਾਂ ਵਿਚ 13 ਵਿਚੋਂ ਤਿੰਨ ਸੀਟਾਂ ਹੀ ਜਿੱਤ ਸਕੀ ਹੈ।
ਇਸ ਦੇ ਨਾਲ ਹੀ ‘ਆਪ` ਦੀਆਂ ਵੋਟਾਂ ਵੀ 42 ਪ੍ਰਤੀਸ਼ਤ ਤੋਂ ਖਿਸਕ ਕੇ 26 ਫ਼ੀਸਦ `ਤੇ ਆ ਗਈਆਂ ਹਨ। ‘ਆਪ` ਲਈ ਇਹ ਚੋਣ ਨਤੀਜੇ ਚੁਣੌਤੀ ਤੋਂ ਘੱਟ ਨਹੀਂ ਹਨ ਕਿਉਂਕਿ ‘ਆਪ` ਦੇ ਜ਼ੀਰੋ ਬਿੱਲ, ਨਹਿਰੀ ਪਾਣੀ, ਬਿਜਲੀ ਸਪਲਾਈ ਤੇ ਸਰਕਾਰੀ ਨੌਕਰੀਆਂ ਦੇ ਮੁੱਦੇ ਬਹੁਤਾ ਰੰਗ ਨਹੀਂ ਦਿਖਾ ਸਕੇ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਕੁਝ ਦਿਨਾਂ ਤੋਂ ਪ੍ਰਸ਼ਾਸਨਿਕ ਸੁਧਾਰਾਂ ਲਈ ਕਾਫੀ ਸਰਗਰਮੀ ਵਿਖਾ ਰਹੇ ਹਨ। ਉਨ੍ਹਾਂ ਵੱਲੋਂ ਅਫਸਰਸ਼ਾਹੀ ਨਾਲ ਬਕਾਇਕਾ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਕੀਤਾ ਹੋਇਆ ਹੈ।
ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਡੇ ਪੱਧਰ ਉਤੇ ਮੁਹਿੰਮ ਛੇੜੀ ਹੋਈ ਹੈ। ਦੱਸ ਦਈਏ ਕਿ ਪਿਛਲੇ ਦੋ ਹਫਤਿਆਂ ਵਿਚ ਨਸ਼ੇ ਦੀ ਵੱਧ ਡੋਜ਼ ਲੈਣ ਕਾਰਨ 14 ਨੌਜਵਾਨਾਂ ਦੀ ਮੌਤ ਪਿੱਛੋਂ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹੈ। ਆਪ ਸਰਕਾਰ ਨਸ਼ਿਆਂ ਦੇ ਖਾਤਮੇ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸੀ, ਪਰ ਨਸ਼ਿਆਂ ਦਾ ਮੱਕੜ ਜਾਲ ਹੋਰ ਫੈਲਦਾ ਜਾ ਰਿਹਾ ਹੈ। ਸਰਕਾਰ ਇਸ ਮਸਲੇ ਉਤੇ ਲਾਜਵਾਬ ਹੋਈ ਪਈ ਹੈ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਦੇ ਸੋਹਲੇ ਗਾਉਣ ਦੀ ਥਾਂ ਸਰਕਾਰੀ ਦਫ਼ਤਰਾਂ ‘ਚ ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਸਣੇ ਹੋਰ ਲੋਕ ਮਸਲਿਆਂ ਉਤੇ ਧਿਆਨ ਕੇਂਦਰਿਤ ਕਰ ਰਹੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਆਪ ਇਨ੍ਹਾਂ ਪੰਜ ਜਿਮਨੀ ਚੋਣਾਂ ਵਿਚ ਮਾੜਾ ਪ੍ਰਦਰਸ਼ਨ ਕਰਦੀ ਹੈ ਤਾਂ ਅਗਲੇ ਕੁਝ ਮਹੀਨਿਆਂ ਵਿਚ ਹੋਣ ਵਾਲੀਆਂ ਪੰਚਾਇਤੀ ਅਤੇ ਨਿਗਮ ਚੋਣਾਂ ਪਾਰਟੀ ਲਈ ਵੱਡੀ ਚੁਣੌਤੀ ਹੋਣਗੀਆਂ। ਲੋਕ ਸਭਾ ਚੋਣਾਂ ਵਿਚ ਕਾਂਗਰਸ ਦਾ ਵੱਡੀ ਧਿਰ ਬਣ ਕੇ ਉਭਰਨਾ ਵੀ ਆਮ ਆਦਮੀ ਪਾਰਟੀ ਦੇ ਸਿਆਸੀ ਭਵਿੱਖ ਲਈ ਚੁਣੌਤੀ ਮੰਨਿਆਂ ਜਾ ਰਿਹਾ ਹੈ।
ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਕੋਸ਼ਿਸ਼ਾਂ ਤੇਜ਼
ਚੰਡੀਗੜ੍ਹ: ‘ਆਪ` ਸਰਕਾਰ ਨੇ ਸਰਕਾਰੀ ਦਫ਼ਤਰਾਂ `ਚ ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਲਈ ਖਾਕਾ ਤਿਆਰ ਕਰਨਾ ਸ਼ੁਰੂ ਕੀਤਾ ਹੈ ਕਿਉਂਕਿ ਲੋਕ ਸਭਾ ਚੋਣਾਂ `ਚ ਹੋਈ ਹਾਰ ਦੇ ਮੰਥਨ ਦੌਰਾਨ ਇਹ ਮੁੱਦਾ ਉਭਰ ਕੇ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਵਿਧਾਇਕਾਂ ਅਤੇ ਅਫ਼ਸਰਾਂ ਦਰਮਿਆਨ ਬਣੀ ਦੂਰੀ ਘਟਾਉਣ ਲਈ ਨਵੇਂ ਕਦਮ ਚੁੱਕੇ ਜਾਣਗੇ। ਵਿਧਾਇਕਾਂ ਦੀ ਸ਼ਿਕਾਇਤ ਹੈ ਕਿ ਅਫ਼ਸਰ ਚੁਣੇ ਹੋਈ ਪ੍ਰਤੀਨਿਧ ਦੀ ਕਹੀ ਗੱਲ `ਤੇ ਗ਼ੌਰ ਨਹੀਂ ਕਰਦੇ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਵਿਚ ‘ਆਪ` ਸਰਕਾਰ ਖ਼ਿਲਾਫ਼ ਲੋਕਾਂ ਦੀ ਨਾਰਾਜ਼ਗੀ ਨੂੰ ਦੇਖਦਿਆਂ ਡਿਪਟੀ ਕਮਿਸ਼ਨਰਾਂ ਦੀ ਝਾੜ-ਝੰਬ ਕੀਤੀ। ਮੁੱਖ ਮੰਤਰੀ ਵੱਲੋਂ ਪਿਛਲੇ ਦਿਨਾਂ ਵਿਚ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਜੋ ਵਿਚਾਰ ਚਿੰਤਨ ਕੀਤਾ ਗਿਆ, ਉਸ ਵਿਚ ਮਿਲੀ ਫੀਡਬੈਕ ਅਤੇ ਫ਼ੀਲਡ ਵਿਚੋਂ ਆਈਆਂ ਰਿਪੋਰਟਾਂ ਮਗਰੋਂ ਡੀ.ਸੀਜ਼. ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਉਹ ‘ਕੰਮ ਕਰਨ ਜਾਂ ਕੁਰਸੀ ਛੱਡਣ`।