ਘੱਟ ਖ਼ਤਰਨਾਕ ਨਹੀਂ ਹੋਵੇਗੀ ਮੋਦੀ ਦੀ ਤੀਜੀ ਪਾਰੀ

ਆਨੰਦ ਤੇਲਤੁੰਬੜੇ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਆਨੰਦ ਤੇਲਤੁੰਬੜੇ ਆਲਮੀ ਸਾਖ ਵਾਲੇ ਬੁੱਧੀਜੀਵੀ ਅਤੇ ਹੱਕਾਂ ਦੇ ਸਿਰਕੱਢ ਕਾਰਕੁਨ ਹਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੀਆਂ ਮਾਰੂ ਨੀਤੀਆਂ ਦੇ ਬੜੇ ਤਿੱਖੇ ਆਲੋਚਕ ਰਹੇ ਹਨ। ਆਖਿਰਕਾਰ, ਸਰਕਾਰ ਨੇ ਉਨ੍ਹਾਂ ਨੂੰ ਭੀਮਾ ਕੋਰੇਗਾਓਂ ਕੇਸ ਵਿਚ ਉਲਝਾ ਲਿਆ ਅਤੇ ਅਪਰੈਲ 2020 ਵਿਚ ਗ੍ਰਿਫਤਾਰ ਕਰ ਲਿਆ। ਬਾਅਦ ਵਿਚ ਅਦਾਲਤ ਦੇ ਦਖਲ ਪਿੱਛੋਂ ਉਨ੍ਹਾਂ ਨੂੰ ਨਵੰਬਰ 2022 ਵਿਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।

4 ਜੂਨ ਦੇ ਚੋਣ ਨਤੀਜੇ ਦੇਖ ਕੇ ਉਨ੍ਹਾਂ ਬਹੁਤ ਸਾਰੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਜੋ ਮੋਦੀ ਰੱਥ ਵੱਲੋਂ ਭਾਰਤ ਦੇ ਵਿਚਾਰ ਨੂੰ ਹੀ ਬੇਖ਼ੌਫ਼ ਹੋ ਕੇ ਕੁਚਲੇ ਜਾਣ ਨੂੰ ਬੇਵਸੀ ਨਾਲ ਤੱਕ ਰਹੇ ਸਨ। ਬਹੁਤ ਸਾਰਿਆਂ ਦਾ ਖੁਸ਼ ਹੋਣਾ ਸੁਭਾਵਿਕ ਹੈ ਕਿ ਆਖ਼ਿਰਕਾਰ ਭਾਰਤੀ ਲੋਕਾਂ ਨੇ ਇਸ ਨੂੰ ਨਾਕਾਮ ਬਣਾ ਦਿੱਤਾ ਹੈ। ਜਦੋਂ ਅਜੇ ਵੋਟਾਂ ਦੀ ਗਿਣਤੀ ਹੋ ਰਹੀ ਸੀ, ਉਦੋਂ ਕੁਝ ਲੋਕਾਂ ਨੇ ਐੱਨ. ਚੰਦਰਬਾਬੂ ਨਾਇਡੂ ਅਤੇ ਨਿਤੀਸ਼ ਕੁਮਾਰ ਦੀ ਹਮਾਇਤ ਲੈ ਕੇ ਇੰਡੀਆ ਬਲਾਕ ਦੀ ਸਰਕਾਰ ਬਣਾਉਣ ਦੀ ਸੰਭਾਵਨਾ ਵੀ ਦੇਖੀ ਜਿਨ੍ਹਾਂ ਨੂੰ ਉਨ੍ਹਾਂ ਨੇ ਢਿੱਲੇ ਜਿਹੇ ਢੰਗ ਨਾਲ ਬਿਨਾਂ ਵਜੂਦ ਧਰਮ ਨਿਰਪੱਖ ਕੈਂਪ ਨਾਲ ਸਬੰਧਿਤ ਹੋਣਾ ਚਿਤਵਿਆ ਪਰ ਇਹ ਵਿਚਾਰ ਵਿਹਾਰਕ ਰੂਪ ਅਖ਼ਤਿਆਰ ਨਾ ਕਰ ਸਕਿਆ ਅਤੇ ਇਨ੍ਹਾਂ ਦੋਹਾਂ ਆਗੂਆਂ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਥਾਪੇ ਜਾ ਰਹੇ ਨਰਿੰਦਰ ਮੋਦੀ ਨੂੰ ਖੁਸ਼ੀ-ਖੁਸ਼ੀ ਹਮਾਇਤ ਦੇ ਦਿੱਤੀ। ਇਸ ਤੋਂ ਪਹਿਲਾਂ ਤੀਜੀ ਵਾਰੀ ਲਗਾਤਾਰ ਪ੍ਰਧਾਨ ਮੰਤਰੀ ਬਣਨ ਦਾ ਕਾਰਨਾਮਾ ਜਵਾਹਰ ਲਾਲ ਨਹਿਰੂ ਦੇ ਹਿੱਸੇ ਆਇਆ ਸੀ।
ਫਿਰ ਵੀ, ਇਹ ਖੁਸ਼ੀ ਖ਼ਤਮ ਹੋਣ ਤੋਂ ਮੁਨਕਰ ਹੋ ਗਈ। ਲੋਕਾਂ ਨੇ ਸੋਚਿਆ ਕਿ ਇਨ੍ਹਾਂ ਦੋ ਤਕੜੇ ਸੰਗੀਆਂ ਦੀ ਹਮਾਇਤ ਦਾ ਮੁਥਾਜ ਮੋਦੀ ਆਪਣੇ ਹਿੰਦੂਤਵੀ ਏਜੰਡੇ ਨੂੰ ਅੱਗੇ ਵਧਾਉਣ ਲਈ ਅਜੇ ਓਨੀ ਕਾਹਲੀ ਨਹੀਂ ਕਰੇਗਾ, ਜਿਵੇਂ ਉਹ ਆਪਣੀ ਹੀ ਪਾਰਟੀ ਦੀ ਬਹੁਮਤ ਵਾਲੀ ਸਰਕਾਰ ਦੇ ਜ਼ੋਰ ਪਹਿਲਾਂ ਕਰਦਾ ਰਿਹਾ ਸੀ। ਕੌਮੀ ਜਮਹੂਰੀ ਗੱਠਜੋੜ (ਐੱ.ਡੀ.ਏ.) ਦੀ ਹੋਂਦ ਉਦੋਂ ਵੀ ਸੀ ਪਰ ਉਦੋਂ ਇਹ ਭਾਰਤੀ ਜਨਤਾ ਪਾਰਟੀ ਦਾ ਵਿਚਾਰਾ ਜਿਹਾ ਸਹਿਯੋਗੀ ਸੀ। ਇਹ ਐੱਨ.ਡੀ.ਏ. ਸਰਕਾਰ ਨਹੀਂ ਸੀ, ਇਹ ਭਾਜਪਾ ਸਰਕਾਰ ਵੀ ਨਹੀਂ ਸੀ – ਇਹ ਮੋਦੀ ਸਰਕਾਰ ਸੀ ਅਤੇ ਇਹ ਸਰਕਾਰ ਵੀ ਮੋਦੀ ਦੀ ਵਿਅਕਤੀਗਤ ਸ਼ਖ਼ਸੀਅਤ ਵਿਚ ਸਮੋ ਗਈ ਸੀ। ਮੋਦੀ ਭਾਰਤੀ ਸਟੇਟ ਦਾ ਪ੍ਰਮੁੱਖ ਚਿੰਨ੍ਹ ਬਣ ਗਿਆ, ਸਾਡੇ ਮੁਲਕ ਦੇ ਬਾਨੀ ਪੁਰਖਿਆਂ ਵੱਲੋਂ ਅਪਣਾਈ ਅਸ਼ੋਕ ਤ੍ਰਿਮੂਰਤੀ ਤੋਂ ਵੀ ਵੱਡਾ ਚਿੰਨ੍ਹ।
ਇਹ ਇਕੱਲਾ ਮੋਦੀ ਹੀ ਸੀ ਜਿਸ ਨੇ ਸਟੇਟ ਪ੍ਰਮੁੱਖ ਵਜੋਂ ਰਾਸ਼ਟਰਪਤੀ ਨੂੰ ਪੂਰੀ ਤਰ੍ਹਾਂ ਦਰਕਿਨਾਰ ਕਰ ਕੇ ਸੰਸਦ ਦੀ ਨਵੀਂ ਇਮਾਰਤ ਦੇ ਮਹੂਰਤ ਮੌਕੇ ਸੈਂਗੋਲ ਧਾਰਨ ਕੀਤਾ ਸੀ (ਦੱਖਣ ਦੇ ਰਾਜਾਸ਼ਾਹੀ ਦਸਤੂਰ ਅਨੁਸਾਰ ਮੱਠ ਦੇ ਬ੍ਰਾਹਮਣ ਪੁਜਾਰੀ ਰਾਜ ਦੇ ਅਧਿਕਾਰ ਦਾ ਇਹ ਚਿੰਨ੍ਹ ਰਾਜ ਦੇ ਅਗਲੇ ਜਾਨਸ਼ੀਨ ਨੂੰ ਭੇਂਟ ਕਰਦੇ ਸਨ)। ਵਿਚਾਰੀ ਦ੍ਰੋਪਦੀ ਮੁਰਮੂ ਕਿਤੇ ਵੀ ਨਜ਼ਰ ਨਹੀਂ ਸੀ ਆਈ ਅਤੇ ਜਦੋਂ ਉਹ ਮੌਜੂਦ ਵੀ ਸੀ, ਜਿਵੇਂ ਐੱਲ.ਕੇ. ਅਡਵਾਨੀ ਨੂੰ ਭਾਰਤ ਰਤਨ ਦੇਣ ਸਮੇਂ ਦੀ ਤਸਵੀਰ ਵਿਚ; ਉਦੋਂ ਵੀ ਉਹ ਦੂਰ ਖੜ੍ਹੀ ਦਿਸ ਰਹੀ ਸੀ ਜਦੋਂ ਕਿ ਮੋਦੀ ਅਤੇ ਅਡਵਾਨੀ ਨਾਲ-ਨਾਲ ਬਿਰਾਜਮਾਨ ਸਨ। 2024 ਦੀਆਂ ਚੋਣਾਂ ਸਮੇਂ ਇਸ ਨਿਘਾਰ ਨੇ ਚੋਣ ਮੈਨੀਫੈਸਟੋ ਨੂੰ ‘ਮੋਦੀ ਕੀ ਗਾਰੰਟੀ` ਦਾ ਨਾਂ ਦੇਣ ਦੀਆਂ ਬੇਮਿਸਾਲ ਨਿਵਾਣਾਂ ਛੂਹ ਲਈਆਂ। ਐੱਨ.ਡੀ.ਏ. ਦੇ ਗ਼ੈਰ-ਭਾਜਪਾ ਭਾਈਵਾਲ ਹਕੂਮਤ `ਚੋਂ ਮਿਲਣ ਵਾਲੇ ਧਨ-ਦੌਲਤ ਅਤੇ ਤਾਕਤ ਦੇ ਬੇਰੋਕ-ਟੋਕ ਗੱਫ਼ਿਆਂ ਦਾ ਰੱਜ ਮਾਣਦੇ ਰਹੇ।
‘ਚਾਰ ਸੌ ਪਾਰ` ਦਾ ਟੀਚਾ
ਮੋਦੀ ਆਪਣੇ ਵਿਸ਼ੇਸ਼ ਹੰਕਾਰੀ ਅੰਦਾਜ਼ `ਚ ਅਜਿੱਤ ਬਣ ਕੇ ਪੇਸ਼ ਹੁੰਦਾ ਰਿਹਾ। ਉਸ ਨੇ 2024 ਦੀਆਂ ਚੋਣਾਂ `ਚ 400 ਤੋਂ ਵੱਧ ਸੀਟਾਂ ਜਿੱਤਣ ਦਾ ਨਾਅਰਾ ਦਿੱਤਾ ਸੀ, ਉਸ ਦੇ ਆਪਣੇ ਹੀ ਕੁਝ ਸਾਥੀਆਂ ਨੇ ਇਹ ਭੇਤ ਖੋਲ੍ਹ ਦਿੱਤਾ ਸੀ ਕਿ ਸੰਵਿਧਾਨ ਨੂੰ ਬਦਲਣ ਲਈ ਐਨੀਆਂ ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਸੱਚ ਤਾਂ ਇਹ ਹੈ ਕਿ ਨਵੇਂ ਫ਼ਤਵੇ ਨਾਲ ਅਗਲੀ ਸਰਕਾਰ ਬਣਾ ਕੇ ਉਸ ਦੇ ਕਰਨ ਲਈ ਹੁਣ ਬਹੁਤਾ ਕੁਝ ਰਹਿ ਨਹੀਂ ਗਿਆ ਸੀ, ਉਹ ਤਾਂ ਪਹਿਲਾਂ ਹੀ ਬਹੁਤ ਕੁਝ ਕਰ ਚੁੱਕਾ ਸੀ, ਸੰਵਿਧਾਨ ਦੀ ਧੱਜੀਆਂ ਉਡਾ ਕੇ ਸਭ ਕੁਝ ਤਾਂ ਪਹਿਲਾਂ ਹੀ ਕੀਤਾ ਜਾ ਰਿਹਾ ਸੀ। ਉਹ ਰਾਸ਼ਟਰਪਤੀ ਪ੍ਰਣਾਲੀ ਦੀ ਤਰਜ਼ ਦੇ ਰਾਸ਼ਟਰਪਤੀ ਵਾਂਗ ਵਿਹਾਰ ਕਰਦਾ ਸੀ; ਰਾਜਾਂ ਨੂੰ ਵਸੀਲਿਆਂ ਤੋਂ ਵਾਂਝੇ ਰੱਖ ਕੇ, ਇੱਥੋਂ ਤੱਕ ਕਿ ਰਾਜਾਂ ਦੀ ਪੁਲਿਸ ਤਾਕਤ ਨੂੰ ਮਹੱਤਵਹੀਣ ਬਣਾ ਦੇਣ ਦੀ ਹੱਦ ਤੱਕ ਸੁੰਗੇੜ ਕੇ ਅਤੇ ਰਾਜਾਂ ਤੋਂ ਉਨ੍ਹਾਂ ਦੇ ਵਿਧਾਨਕ ਅਧਿਕਾਰ ਖੋਹ ਕੇ ਉਨ੍ਹਾਂ ਨੂੰ ਅਪਾਹਜ ਬਣਾਉਣ ਲਈ ਗਵਰਨਰਾਂ ਦੀ ਵਰਤੋਂ ਕਰ ਕੇ ਫੈਡਰਲ ਢਾਂਚੇ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ ਸੀ; ਘੱਟ-ਗਿਣਤੀਆਂ ਨੂੰ ਨਾਗਰਿਕ ਨਾ ਮੰਨਦਿਆਂ ਸ਼ਰੇਆਮ ਜ਼ਲੀਲ ਕਰ ਕੇ ‘ਹਿੰਦੂ ਰਾਸ਼ਟਰ` ਵੀ ਹਕੀਕਤ `ਚ ਬਣਾ ਹੀ ਲਿਆ ਗਿਆ ਸੀ। 2024 ਦੇ ਫ਼ਤਵੇ ਵਾਲੀ ਤਬਦੀਲੀ ਨੂੰ ਅਜੇ ਆਲਮੀ ਭਾਈਚਾਰੇ ਵੱਲੋਂ ਵਾਜਬੀਅਤ ਦਿੱਤਾ ਜਾਣਾ ਬਾਕੀ ਹੈ। ਆਪਣੇ ਦੋ ਮੁਲਕ ਵਿਆਪੀ ਮਾਰਚਾਂ- ‘ਭਾਰਤ ਜੋੜੋ ਯਾਤਰਾ` ਤੇ ‘ਨਿਆਏ ਯਾਤਰਾ` ਅਤੇ ਆਪਣੀ ਜਨਤਕ ਅਪੀਲ ਵਿਚ ਵਾਧੇ ਦੇ ਬਾਵਜੂਦ ਰਾਹੁਲ ਗਾਂਧੀ ਭਾਜਪਾ ਨੂੰ ਸੱਤਾ ਤੋਂ ਲਾਹੁਣ ਲਈ ਲੋੜੀਂਦੀਆਂ ਸੀਟਾਂ ਦਾ ਅੰਕੜਾ ਨਹੀਂ ਬਣਾ ਸਕਿਆ।
ਦੂਜੇ ਪਾਸੇ, ਇਹ ਟੀਚਾ ਪੂਰਾ ਕਰਨ ਲਈ ਭਾਜਪਾ ਦੀ ਚੋਣ ਮਸ਼ੀਨ ਨੇ ਸਾਰਾ ਬੰਦੋਬਸਤ ਕੀਤਾ ਹੋਇਆ ਸੀ। ਸੰਵਿਧਾਨ ਨੂੰ ਬਦਲਣ ਦੀ ਮਨਸ਼ਾ ਨਾਲ 400 ਪਾਰ ਦਾ ਨਾਅਰਾ ਵਾਜਪਾਈ ਦੀ ਅਗਵਾਈ ਹੇਠ ਭਾਜਪਾ ਦੇ 2004 ਦੇ ‘ਇੰਡੀਆ ਸ਼ਾਈਨਿੰਗ` ਨਾਅਰੇ ਦੀ ਯਾਦ ਦਿਵਾਉਂਦਾ ਹੈ। ਇਸ ਨੇ ਵਿਰੋਧੀ ਧਿਰ ਨੂੰ ਸੰਵਿਧਾਨ ਦੀ ਰਖਵਾਲੀ ਹੋਣ ਦਾ ਦਿਖਾਵਾ ਕਰਨ ਅਤੇ ਹੇਠਲੇ ਵਰਗਾਂ ਦੇ ਲੋਕਾਂ, ਖ਼ਾਸ ਕਰ ਕੇ ਦਲਿਤਾਂ ਜੋ ਪਿਛਲੀਆਂ ਦੋ ਚੋਣਾਂ ਵਿਚ ਭਾਜਪਾ ਨੂੰ ਵੋਟ ਦਿੰਦੇ ਰਹੇ ਸਨ, ਨੂੰ ਭਾਵਨਾਤਮਕ ਅਪੀਲ ਕਰਨ ਲਈ ਮੁੱਦਾ ਦੇ ਦਿੱਤਾ। 2024 ਦੀਆਂ ਚੋਣਾਂ ਮੌਕੇ ਅਯੁੱਧਿਆ ਵਿਚ ਰਾਮ ਮੰਦਰ ਦੇ ਧੂਮ-ਧੜੱਕੇ ਵਾਲੇ ਮਹੂਰਤ ਉੱਪਰ ਉਸੇ ਤਰ੍ਹਾਂ ਟੇਕ ਰੱਖੀ ਗਈ, ਜਿਵੇਂ 2019 ਦੀਆਂ ਚੋਣਾਂ ਮੌਕੇ ਪੁਲਵਾਮਾ ਕਾਂਡ `ਤੇ ਰੱਖੀ ਗਈ ਸੀ ਪਰ ਇਹ ਜਨਤਾ ਦੇ ਦਿਲਾਂ ਨੂੰ ਟੁੰਬਣ ਵਾਲਾ ਨਾਅਰਾ ਬਣ ਕੇ ਗੂੰਜਣ `ਚ ਨਾਕਾਮ ਰਿਹਾ। ਚੋਣ ਮੁਹਿੰਮ ਦੌਰਾਨ ਜਦੋਂ ਤੱਕ ਇਹ ਸਾਹਮਣੇ ਆਇਆ, ਉਦੋਂ ਤੱਕ ਕੋਈ ਬਦਲਵੀਂ ਯੁੱਧਨੀਤੀ ਘੜੇ ਜਾਣ ਪੱਖੋਂ ਬਹੁਤ ਦੇਰ ਹੋ ਚੁੱਕੀ ਸੀ। ਮੋਦੀ ਮੁਸਲਮਾਨ ਵਿਰੋਧੀ ਬਿਆਨਬਾਜ਼ੀ ਤੇ ਭੱਦੀ ਭਾਸ਼ਣਬਾਜ਼ੀ ਕਰਨ ਤੱਕ ਜਾ ਨਿੱਘਰਿਆ। 4 ਜੂਨ ਨੂੰ ਆਏ ਚੋਣ ਨਤੀਜੇ ਕਈਆਂ ਲਈ ਅਚੰਭੇ ਵਾਂਗ ਸਨ ਅਤੇ ਭਾਜਪਾ ਲੀਡਰਸ਼ਿਪ ਦੇ ਮੂੰਹ `ਤੇ ਵੀ ਹਵਾਈਆਂ ਉੱਡ ਰਹੀਆਂ ਸਨ। ਭਾਜਪਾ ਭਾਵੇਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਪਰ ਪੂਰਨ ਬਹੁਮਤ ਲਈ ਜ਼ਰੂਰੀ ਅੰਕੜੇ ਤੋਂ 32 ਸੀਟਾਂ ਘੱਟ ਰਹਿ ਜਾਣ ਨੇ ਸਰਕਾਰ ਬਣਾਉਣ ਲਈ ਮੋਦੀ ਨੂੰ ਹੋਰ ਪਾਰਟੀਆਂ `ਤੇ ਨਿਰਭਰ ਬਣਾ ਦਿੱਤਾ।
ਮੋਦੀ ਦੇ ਕ੍ਰਿਸ਼ਮੇ ਦਾ ਅੰਤ?
ਕੁਝ ਤਬਸਰਾਕਾਰਾਂ ਨੇ ਢਿੱਲੇ ਜਿਹੇ ਅੰਦਾਜ਼ `ਚ ਭਾਜਪਾ ਦੀ ਹਾਰ ਦਾ ਕਾਰਨ ਮੋਦੀ ਵਿਰੁੱਧ ਆਮ ਜਨਤਾ ਦੀ ਨਾਰਾਜ਼ਗੀ ਦੱਸਿਆ ਹੈ। ਸ਼ਾਇਦ ਉਹ ਆਪਣੇ ਅੰਦਰਲੀਆਂ ਭਾਵਨਾਵਾਂ ਲੋਕਾਂ ਦੇ ਨਾਂ `ਤੇ ਪੇਸ਼ ਕਰ ਰਹੇ ਸਨ, ਇਹ ਦਾਅਵਾ ਕਰਦੇ ਹੋਏ ਕਿ ਲੋਕ ਹਿੰਦੂ-ਮੁਸਲਿਮ ਬਿਆਨਬਾਜ਼ੀ ਤੋਂ ਤੰਗ ਆ ਚੁੱਕੇ ਸਨ, ਹੌਲੀ-ਹੌਲੀ ਲੋਕਾਂ ਨੂੰ ਉਨ੍ਹਾਂ ਦੇ ਦਾਅਵਿਆਂ ਦੇ ਖੋਖਲੇਪਣ ਦਾ ਅਹਿਸਾਸ ਹੋ ਗਿਆ ਸੀ ਅਤੇ ਉਹ ਉਸ ਦੀ ਸਰਕਾਰ ਨੂੰ ਇਕ ਹੋਰ ਮੌਕਾ ਦੇਣ ਬਾਰੇ ਸ਼ੱਕੀ ਸਨ। ਕਈਆਂ ਨੇ ਇਹ ਦਾਅਵਾ ਵੀ ਕੀਤਾ ਕਿ ਲੋਕ ਹਰ ਥਾਂ ਉਸ ਦੀ ਮੌਜੂਦਗੀ ਤੋਂ ਤੰਗ ਆ ਚੁੱਕੇ ਸਨ। ਬਦਕਿਸਮਤੀ ਨਾਲ ਹਕੀਕਤ ਇਨ੍ਹਾਂ ਅੰਦਾਜ਼ਿਆਂ ਦੇ ਹੱਕ `ਚ ਨਹੀਂ ਜਾਂਦੀ। 2024 `ਚ ਭਾਜਪਾ ਦਾ ਵੋਟ ਸ਼ੇਅਰ 37.37 ਫ਼ੀਸਦੀ ਦਰਅਸਲ 2019 ਵਿਚ ਉਹਦੇ 37.34 ਫ਼ੀਸਦੀ ਵਾਲੇ ਵੋਟ ਸ਼ੇਅਰ ਜਿੰਨਾ ਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਵੀ ਗੱਲ ਦਾ ਵੋਟਰਾਂ `ਤੇ ਮਾੜਾ ਅਸਰ ਨਹੀਂ ਪਿਆ – ਇੱਥੋਂ ਤੱਕ ਕਿ ਚੋਣ ਮੁਹਿੰਮ ਦੌਰਾਨ ਹੀ ਭਵਿੱਖੀ ਪ੍ਰਧਾਨ ਮੰਤਰੀ ਦੇ ਰੂਪ ਵਿਚ ਪੇਸ਼ ਹੋਣ ਦਾ, ਮੁਸਲਮਾਨਾਂ ਵਿਰੁੱਧ ਬਦਜ਼ੁਬਾਨ ਪ੍ਰਚਾਰ ਕੀਤੇ ਜਾਣ ਦਾ ਵੀ ਨਹੀਂ। 2019 ਦੀਆਂ ਚੋਣਾਂ `ਚ ਪੁਲਵਾਮਾ ਦੀ ਘਟਨਾ ਨੇ ਉਸ ਦਾ ਵੋਟ ਸ਼ੇਅਰ ਵਧਾ ਕੇ ਸੀਟਾਂ ਦੀ ਗਿਣਤੀ 303 ਤੱਕ ਵਧਾ ਦਿੱਤੀ ਸੀ। 2024 ਵਿੱਚ ਭਾਜਪਾ ਦਾ ਵੋਟ ਸ਼ੇਅਰ ਸਥਿਰ ਰਿਹਾ ਹਾਲਾਂਕਿ ਇਸ ਦੀ ਸੀਟਾਂ ਦੀ ਗਿਣਤੀ 240 ਤੱਕ ਡਿਗ ਗਈ ਜੋ 272 ਦੇ ਬਹੁਮਤ ਵਾਲੇ ਅੰਕੜੇ ਤੋਂ ਕਾਫ਼ੀ ਹੇਠਾਂ ਹੈ।
ਜ਼ਿਆਦਾਤਰ ਤਬਸਰਾਕਾਰ ਇਹ ਗੱਲ ਸਮਝਣ `ਚ ਨਾਕਾਮ ਰਹਿੰਦੇ ਹਨ ਕਿ ਉਸ ਦੀ ਅਪੀਲ ਲਾਜ਼ਮੀ ਹੀ ਉਹਦੇ ਆਮ ਬੰਦੇ ਵਾਲੇ ਅਤੇ ਘਿਨਾਉਣੇ ਹਾਵ-ਭਾਵ `ਚ ਪਈ ਹੈ ਜਿਸ ਨੂੰ ਜਨਤਾ ਸਹਿਜੇ ਹੀ ਆਪਣੇ ਮਨੋ-ਭਾਵਾਂ ਨਾਲ ਜੋੜ ਲੈਂਦੀ ਹੈ। ਜਨਤਾ ਉਸ ਨੂੰ ਕੁਲੀਨ ਵਰਗ ਦਾ ਵਿਰੋਧੀ, ਬੁੱਧੀਜੀਵੀਆਂ ਦਾ ਵਿਰੋਧੀ, ਨਿਮਾਣੇ ਵਰਗ/ਜਾਤੀ ਪਿਛੋਕੜ ਵਾਲਾ ਅਤੇ ਇਸ ਤਰ੍ਹਾਂ ਆਪਣਾ ਬੰਦਾ ਸਮਝਦੀ ਹੈ। ਉਸ ਦਾ ਬਹਾਦਰੀ ਦਾ ਦਿਖਾਵਾ (56 ਇੰਚ ਸੀਨਾ) ਅਤੇ ‘ਘਰ ਮੇਂ ਘੁਸ ਕੇ ਮਾਰੇਂਗੇ’ ਦੀਆਂ ਫੜ੍ਹਾਂ ਬੇਸ਼ੱਕ ਉਸ ਦੇ ਕੱਦ-ਕਾਠ ਨਾਲ ਮੇਲ ਤਾਂ ਨਹੀਂ ਖਾਂਦੀਆਂ ਪਰ ਉਸ ਨੂੰ ਸਥਾਪਤ ਸ਼ੈਤਾਨੀ ਤਾਕਤਾਂ ਨੂੰ ਲਲਕਾਰਨ ਵਾਲੇ ਇਕ ਨਾਇਕ ਦੇ ਸਾਂਚੇ `ਚ ਜ਼ਰੂਰ ਢਾਲ ਦਿੰਦੀਆਂ ਹਨ। ਜਮਹੂਰੀ ਕਾਇਦੇ ਪ੍ਰਤੀ ਉਸ ਦੀ ਨਫ਼ਰਤ ਨੂੰ ਬਸਤੀਵਾਦੀ ਸਰਕਾਰ ਵੱਲੋਂ ਲਿਆਂਦੇ ਨੌਕਰਸ਼ਾਹ ਤੌਰ-ਤਰੀਕਿਆਂ ਵਿਰੁੱਧ ਨਫ਼ਰਤ ਵਜੋਂ ਦੇਖਿਆ ਜਾਂਦਾ ਹੈ।
ਚੋਣਾਂ ਦੌਰਾਨ ਜਨਤਾ ਵਿਚ ਮੋਦੀ ਵਿਰੋਧੀ ਮੂਡ ਨੂੰ ਕੈਮਰੇ `ਚ ਕੈਦ ਕਰਨ ਲਈ ਉਤਸੁਕ ਕਈ ਯੂਟਿਊਬਰਾਂ ਵੱਲੋਂ ਵੀਡੀਓ ਕਵਰੇਜ ਵਿਚ ਮਾਯੂਸੀ ਨਾਲ ਇਹ ਦਿਖਾਇਆ ਗਿਆ ਕਿ ਆਪਣੇ ਭੈੜੇ ਹਾਲਾਤ ਨੂੰ ਲੈ ਕੇ ਉਸ ਵਿਰੁੱਧ ਬਹੁਤ ਸਾਰੀਆਂ ਸ਼ਿਕਾਇਤਾਂ ਹੋਣ ਦੇ ਬਾਵਜੂਦ ਲੋਕ ਅਜੇ ਵੀ ਉਸ ਦੇ ਪੱਖ ਵਿਚ ਹਨ। ਪਰੇਸ਼ਾਨ ਕਰਨ ਵਾਲੇ ਇਨ੍ਹਾਂ ਪ੍ਰਤੀਕਰਮਾਂ ਨੂੰ ਪੇਸ਼ਕਾਰੀਆਂ ਕਰਨ ਵਾਲਿਆਂ ਵੱਲੋਂ ਸ਼ਾਇਦ ਹੀ ਸਮਝਿਆ ਗਿਆ ਸੀ। ਲੋਕਾਂ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਮੋਦੀ ਨਾਲ ਨਹੀਂ ਸਗੋਂ ਪ੍ਰਸ਼ਾਸਨ ਤੇ ਬਾਬੂਸ਼ਾਹੀ ਨਾਲ ਜੋੜਿਆ। ਲੋਕ ਇਸ ਗੱਲ ਨਾਲ ਸਹਿਮਤ ਸਨ ਕਿ ਬੇਰੁਜ਼ਗਾਰੀ, ਲੱਕ ਤੋੜ ਮਹਿੰਗਾਈ ਤਾਂ ਹੈ ਅਤੇ ਵਾਅਦੇ ਵੀ ਅਧੂਰੇ ਹਨ ਪਰ ਇਨ੍ਹਾਂ ਲਈ ਉਨ੍ਹਾਂ ਨੇ ਮੋਦੀ ਨੂੰ ਦੋਸ਼ੀ ਕਦਾਚਿਤ ਨਹੀਂ ਸਮਝਿਆ। ਘੱਟੋ-ਘੱਟ ਗਿਣਤੀ ਦੇ ਲਿਹਾਜ਼ ਨਾਲ ਮੋਦੀ ਦਾ ਜਾਦੂ ਫਿੱਕਾ ਪੈਣ ਦੇ ਕੋਈ ਸੰਕੇਤ ਨਹੀਂ ਹਨ। ਇਸ ਨੂੰ ਉਸ ਦੀ ਜਿੱਤ ਦੇ ਫ਼ਰਕ ਵਿਚ ਆਈ ਭਾਰੀ ਕਮੀ ਦੇ ਰੂਪ `ਚ ਦੇਖਣਾ ਭਰਮ ਪੈਦਾ ਕਰ ਸਕਦਾ ਹੈ।
ਅਸਲੀ ਜਾਦੂ
ਜੇ 2024 ਦੇ ਨਤੀਜਿਆਂ ਦੌਰਾਨ ਕੋਈ ਜਾਦੂ ਸੀ ਤਾਂ ਉਹ ਚੋਣਾਂ ਦੌਰਾਨ ਵਿਰੋਧੀ ਧਿਰ ਵੱਲੋਂ ਇਕ ਚਿਹਰਾ ਲੋਕਾਂ ਸਾਹਮਣੇ ਪੇਸ਼ ਕਰਨ ਕਰ ਕੇ ਸੀ। ਸਾਰਾ ਕਮਾਲ ਇਸੇ ਯੁੱਧਨੀਤੀ ਦਾ ਸੀ। ਇਹ ਕੋਈ ਬਹੁਤੀ ਮਗਜ਼ ਖਪਾਈ ਕਰਨ ਵਾਲੀ ਗੱਲ ਨਹੀਂ ਸੀ; ਕੋਈ ਸਕੂਲੀ ਬੱਚਾ ਵੀ ਇਹ ਸੁਝਾਅ ਸਕਦਾ ਸੀ ਕਿ ਜੇ ਤੁਹਾਡਾ ਮੱਥਾ ਡਾਢੇ ਦੁਸ਼ਮਣ ਨਾਲ ਲੱਗਿਆ ਹੋਇਆ ਹੈ ਤਾਂ ਤੁਸੀਂ ਆਪਣੀਆਂ ਤਾਕਤਾਂ ਨੂੰ ਜੋੜ ਕੇ ਹੀ ਉਸ ਨਾਲ ਟੱਕਰ ਲੈ ਸਕੋਗੇ ਪਰ ਇੰਝ ਕਰਨ `ਚ ਬਹੁਤ ਦੇਰੀ ਕਰ ਦਿੱਤੀ ਗਈ। ਖ਼ੈਰ, ਸੀਟਾਂ ਦੀ ਵੰਡ-ਵੰਡਾਈ ਕਰਨ ਲਈ ਵਿਰੋਧੀ ਧਿਰ ਦੇ ਆਗੂ ਸ਼ਾਬਾਸ਼ ਦੇ ਹੱਕਦਾਰ ਹਨ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦਾ ਸਾਂਝਾ ਵੋਟ ਸ਼ੇਅਰ 42 ਫ਼ੀਸਦੀ ਹੋ ਗਿਆ; ਭਾਵ, 2019 ਅਤੇ 2024 ਦੀਆਂ ਚੋਣਾਂ ਵਿਚ ਐਨ.ਡੀ.ਏ. ਦੇ ਸ਼ੇਅਰ 45 ਫ਼ੀਸਦੀ ਦੇ ਕਰੀਬ। ਇਹ ਗੁੰਜਾਇਸ਼ ਪਈ ਸੀ ਕਿ ਉਨ੍ਹਾਂ ਦਾ ਵੋਟ ਸ਼ੇਅਰ ਸਹਿਜੇ ਹੀ 50 ਫ਼ੀਸਦੀ ਤੋਂ ਵੱਧ ਹੋ ਸਕਦਾ ਸੀ ਕਿਉਂਕਿ 55 ਫ਼ੀਸਦੀ ਲੋਕ ਜਾਂ ਤਾਂ ਐੱਨ.ਡੀ.ਏ. ਦੇ ਖਿਲਾਫ਼ ਸਨ ਜਾਂ ਉਸ ਪ੍ਰਤੀ ਉਦਾਸੀਨ ਸਨ। ਕੁਝ ਪਾਰਟੀਆਂ ਕਰ ਕੇ ਭਾਜਪਾ ਫਿਰ ਵੀ ਵਿਰੋਧੀ ਧਿਰ ਦੀਆਂ ਵੋਟਾਂ ਵੰਡਣ `ਚ ਕਾਮਯਾਬ ਰਹੀ ਜਿਸ ਨੇ ਸੀਟਾਂ ਜਿੱਤਣ `ਚ ਇਸ ਦੀ ਅਸਿੱਧੇ ਰੂਪ `ਚ ਮਦਦ ਕੀਤੀ। ਮਿਸਾਲ ਵਜੋਂ ਮਾਇਆਵਤੀ ਦੀ ਅਗਵਾਈ ਵਾਲੀ ਬਸਪਾ ਨੇ ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ 16 ਸੀਟਾਂ ਹਥਿਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।
ਵਿਰੋਧੀ ਧਿਰ ਨੂੰ ਕੁਝ ਹੋਰ ਚੀਜ਼ਾਂ ਨੂੰ ਸੁਧਾਰਨ ਦੀ ਲੋੜ ਸੀ। ਇਸ ਨੂੰ ਆਪਣੇ ਇਨ੍ਹਾਂ ਇਸ਼ਾਰਿਆਂ ਨੂੰ ਤਿਆਗਣ ਦੀ ਜ਼ਰੂਰਤ ਹੈ ਕਿ ਉਹ ਆਪਣੇ ‘ਮੈਂ ਵੀ ਹਿੰਦੂ` ਤਰਜ਼ ਦੇ ਨਾਅਰੇ ਨਾਲ ਹਿੰਦੂ ਵੋਟਾਂ ਲੈ ਸਕਦੇ ਹਨ। ਭਾਜਪਾ ਵਿਰੋਧੀ ਹਿੰਦੂ, ਹਿੰਦੂਆਂ ਨੂੰ ਨਹੀਂ ਲੱਭ ਰਹੇ, ਉਹ ਤਾਂ ਉਨ੍ਹਾਂ ਲੋਕਾਂ ਨੂੰ ਲੱਭ ਰਹੇ ਹਨ ਜੋ ਭਾਜਪਾ ਦੇ ਫਿਰਕੂ ਹਿੰਦੂਵਾਦ ਦਾ ਡਟ ਕੇ ਵਿਰੋਧ ਕਰਦੇ ਹਨ। ਜੇ ਉਹ ਉਨ੍ਹਾਂ ਨੂੰ ਕਾਇਲ ਕਰ ਲੈਂਦੇ ਹਨ ਤਾਂ ਭਾਜਪਾ ਵਿਰੋਧੀ ਜ਼ਿਆਦਾਤਰ ਵੋਟਾਂ ਜੋ 60% ਤੋਂ ਵੱਧ ਹਨ, ਸੰਭਾਵੀ ਤੌਰ `ਤੇ ਇੰਡੀਆ ਬਲਾਕ ਨੂੰ ਮਿਲ ਸਕਦੀਆਂ ਹਨ।
ਵੋਟ ਸ਼ੇਅਰ ਅਤੇ ਸੀਟਾਂ ਦੀ ਗਿਣਤੀ ਵਿਚ ਸਪਸ਼ਟ ਫ਼ਰਕ ਇਸ ਚੋਣ ਸਿਸਟਮ ਦੀਆਂ ਢਾਂਚਾਗਤ ਤਰੁਟੀਆਂ (ਜੋ ਸਭ ਤੋਂ ਅੱਗੇ ਨਿਕਲ ਗਿਆ, ਉਹੀ ਜੇਤੂ) ਕਾਰਨ ਹੈ ਜੋ ਬੋਲ਼ੇ ਰਾਸ਼ਟਰ ਨੂੰ ਚੀਕ-ਚੀਕ ਕੇ ਤਬਦੀਲੀ ਲਈ ਪੁਕਾਰ ਰਹੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਜੋ ਲੋਕ ਚੋਣਾਂ ਬਾਰੇ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ, ਉਹ ਇਹ ਦੇਖਣ `ਚ ਨਾਕਾਮ ਰਹਿੰਦੇ ਹਨ ਕਿ ਸਾਡੇ ਲੋਕਤੰਤਰੀ ਢਾਂਚੇ ਦਾ ਇਹ ਹਿੱਸਾ ਸਾਡੀ ਸ਼ਾਸਨ ਵਿਵਸਥਾ ਦੀਆਂ ਬਹੁਤ ਸਾਰੀਆਂ ਕਮਜ਼ੋਰੀਆਂ ਦੀ ਜੜ੍ਹ ਹੈ। ਮੂਲ ਰੂਪ ਵਿਚ ਇਹ ਪ੍ਰਣਾਲੀ ਲੋਕਤੰਤਰ ਨੂੰ ਇਸ ਅਰਥ ਵਿਚ ਖ਼ੋਰਾ ਲਾਉਂਦੀ ਹੈ ਕਿ ਸਿਧਾਂਤਕ ਤੌਰ `ਤੇ ਘੱਟੋ-ਘੱਟ 49 ਫ਼ੀਸਦੀ ਲੋਕਾਂ ਨੂੰ ਨੁਮਾਇੰਦਗੀ ਤੋਂ ਬਾਹਰ ਰੱਖਿਆ ਗਿਆ ਹੈ। ਇਹ ਚੋਣਾਂ ਵਿਚ ਯੁੱਧਨੀਤਕ ਜੋੜ-ਤੋੜ ਨੂੰ ਲੋਕ ਰਾਏ ਉੱਪਰ ਹਾਵੀ ਹੋ ਜਾਣ ਦਾ ਵਿਸ਼ੇਸ਼ ਅਧਿਕਾਰ ਦਿੰਦੀ ਹੈ। ਜ਼ਰਾ ਚੇਤੇ ਕਰੋ, 2014 ਵਿਚ ਭਾਜਪਾ ਦਾ ਵੋਟ ਸ਼ੇਅਰ ਸਿਰਫ਼ 31 ਫ਼ੀਸਦੀ ਸੀ, ਫਿਰ ਵੀ ਉਸ ਨੇ 282 ਸੀਟਾਂ ਜਿੱਤ ਲਈਆਂ ਜੋ ਸੀਟਾਂ ਦੇ 52 ਫ਼ੀਸਦੀ ਤੋਂ ਵੱਧ ਸੀ। 2019 ਦੀਆਂ ਚੋਣਾਂ ਵਿਚ ਇਸ ਨੇ 303, ਭਾਵ 37.34 ਫ਼ੀਸਦੀ ਵੋਟ ਸ਼ੇਅਰ ਨਾਲ 55.56 ਫ਼ੀਸਦੀ ਸੀਟਾਂ ਜਿੱਤੀਆਂ ਜਦੋਂ ਕਿ ਮੌਜੂਦਾ ਚੋਣਾਂ ਵਿਚ ਉਸੇ ਵੋਟ ਸ਼ੇਅਰ ਨਾਲ ਇਸ ਨੂੰ ਸਿਰਫ਼ 44 ਫ਼ੀਸਦੀ ਸੀਟਾਂ ਮਿਲੀਆਂ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਲੋਕ ਰਾਏ ਵਿਚ ਕੋਈ ਗਿਣਨਯੋਗ ਤਬਦੀਲੀ ਹੋਈ ਹੈ ਪਰ ਤਬਦੀਲੀ ਭਾਜਪਾ ਦਾ ਮੁਕਾਬਲਾ ਇਕ ਚਿਹਰੇ ਨਾਲ ਕਰਨ ਦੀ ਵਿਰੋਧੀ ਧਿਰ ਪਾਰਟੀਆਂ ਦੀ ਯੁੱਧਨੀਤੀ ਦੁਆਰਾ ਲਿਆਂਦੀ ਗਈ ਹੈ।
ਕੀ ਮੋਦੀ ਨੂੰ ਕਾਬੂ ਕੀਤਾ ਜਾ ਸਕੇਗਾ?
ਜ਼ਿਆਦਾਤਰ ਤਬਸਰਾਕਾਰਾਂ ਨੂੰ ਉਮੀਦ ਹੈ ਕਿ ਮੋਦੀ ਦੀ ਤੀਜੀ ਪਾਰੀ ਅੱਥਰੇ ਹੁਕਮਰਾਨ ਦੇ ਕਾਬੂ ਹੇਠ ਰਹਿਣ ਦਾ ਮਾਮਲਾ ਹੋਵੇਗਾ ਜੋ ਸ਼ਾਇਦ ਹੀ ਆਪਣੀ ਮਿਆਦ ਪੂਰੀ ਕਰ ਸਕੇ। ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਸਰਕਾਰ ਬਣਾਉਂਦੇ ਸਮੇਂ ਉਹ ਚਾਹੇ ਕੁਝ ਵੀ ਕਰੇ ਪਰ ਉਸ ਤੋਂ ਬਾਅਦ ਉਹ ਫੱਟੜ ਸ਼ੀਹਣੀ ਵਾਂਗ ਬਦਲਾਲਊ ਭਾਵਨਾ ਨਾਲ ਆਪਣੇ ਫਾਸ਼ੀਵਾਦੀ ਵਿਅਕਤੀਤਵ `ਚ ਪਰਤ ਜਾਵੇਗਾ। ਜੋ ਕੁਝ ਉਹ ਜਾਣਦਾ ਸੀ ਤੇ ਜੋ ਉਹ ਕਰਦਾ ਰਿਹਾ ਹੈ, ਉਸ ਬਦਲਾਖ਼ੋਰੀ ਨੂੰ ਹੋਰ ਜੋਸ਼ੋ-ਖਰੋਸ਼ ਨਾਲ ਅੰਜਾਮ ਦੇਵੇਗਾ। ਮਿਸਾਲ ਵਜੋਂ ਮੁਸਲਮਾਨਾਂ ਤੇ ਦਲਿਤਾਂ ਨੇ ਇੱਕਜੁੱਟ ਹੋ ਕੇ ਭਾਜਪਾ ਵਿਰੁੱਧ ਵੋਟਾਂ ਪਾਈਆਂ ਅਤੇ ਉਹ ਉਨ੍ਹਾਂ ਨੂੰ ਸੁੱਕੇ ਨਹੀਂ ਜਾਣ ਦੇਵੇਗਾ। ਹੁਕਮਰਾਨ ਧਿਰ ਤੋਂ ਵੱਖਰੇ/ਅਸਹਿਮਤ ਵਿਚਾਰਾਂ ਵਾਲਿਆਂ (‘ਸ਼ਹਿਰੀ ਨਕਸਲੀਆਂ`) ਨੂੰ ਜੇਲ੍ਹਾਂ ਵਿਚ ਸਾੜਨ ਦਾ ਸਿਲਸਿਲਾ ਹੋਰ ਵਧੇਗਾ ਅਤੇ ਭ੍ਰਿਸ਼ਟਾਚਾਰ ਨੂੰ ਸਜ਼ਾ ਦੇਣ ਦੇ ਬਹਾਨੇ ਕੇਂਦਰੀ ਏਜੰਸੀਆਂ ਕੋਲੋਂ ਰਾਜਨੀਤਕ ਵਿਰੋਧੀਆਂ `ਤੇ ਹੋਰ ਛਾਪੇ ਮਰਵਾਏ ਜਾਣਗੇ ਅਤੇ ਗ੍ਰਿਫ਼ਤਾਰੀਆਂ ਕਰਵਾਈਆਂ ਜਾਣਗੀਆਂ। ਚੋਣਾਂ ਦੇ ਨਤੀਜੇ ਤੋਂ ਬਾਅਦ ਆਪਣੇ ਭਾਸ਼ਣ ਵਿਚ ਉਸ ਨੇ ਇਸ ਸੰਭਾਵਨਾ ਦੇ ਵਾਹਵਾ ਸੰਕੇਤ ਦੇ ਦਿੱਤੇ ਹਨ। ਇਹ ਆਸ ਰੱਖਣਾ ਸਿੱਧਰਾਪਣ ਹੋਵੇਗਾ ਕਿ ਆਪਣੀ ਜ਼ਿੰਦਗੀ ਦੇ ਅਖ਼ੀਰ `ਚ ਉਹ ਵੱਖਰੇ ਤਰੀਕੇ ਨਾਲ ਪੇਸ਼ ਆਵੇਗਾ (ਜੋ ਉਸ ਨੂੰ ਆਉਂਦਾ ਹੀ ਨਹੀਂ ਕਿ ਕਰਨਾ ਕਿਵੇਂ ਹੈ)। ਮੱਧ ਵਰਗ ਨੂੰ ਭਰਮਾਉਣ ਅਤੇ ਇਹ ਪ੍ਰਭਾਵ ਪੈਦਾ ਕਰਨ ਲਈ ਉਹ ਨਵੇਂ ਜੋਸ਼ੋ-ਖਰੋਸ਼ ਨਾਲ ਆਰਥਕ ਸੁਧਾਰਾਂ (ਪਬਲਿਕ ਸੈਕਟਰ ਦੇ ਅਦਾਰਿਆਂ ਵਿਚੋਂ ਸਰਕਾਰੀ ਨਿਵੇਸ਼ ਕੱਢਣਾ, ਮੁਲਕ ਦੀਆਂ ਜਾਇਦਾਦਾਂ ਆਪਣੇ ਲੰਗੋਟੀਏ ਯਾਰ ਕਾਰਪੋਰੇਟਾਂ ਦੇ ਹਵਾਲੇ ਕਰਨਾ ਆਦਿ) ਨੂੰ ਹੋਰ ਅੱਗੇ ਵਧਾਏਗਾ ਅਤੇ ਇਹ ਪ੍ਰਭਾਵ ਬਣਾਏਗਾ ਕਿ ਭਾਰਤ ਵਿਕਸਤ ਆਰਥਿਕਤਾ ਬਣਨ ਦੇ ਰਾਹ `ਤੇ ਅੱਗੇ ਵਧ ਰਿਹਾ ਹੈ। ਸਟਾਕ ਮਾਰਕੀਟ ਨੇ ਭਰੋਸੇਮੰਦ ਬੈਰੋਮੀਟਰ ਦੇ ਰੂਪ ਵਿਚ 3 ਜੂਨ ਨੂੰ ਜਦੋਂ ਮਨਘੜਤ ਐਗਜ਼ਿਟ ਪੋਲ ਨਤੀਜੇ ਆਏ ਤਾਂ ਸਿਖ਼ਰਾਂ ਛੂਹ ਕੇ ਅਤੇ 4 ਜੂਨ ਨੂੰ ਜਦੋਂ ਅਸਲ ਨਤੀਜੇ ਆਏ ਤਾਂ ਅਚਾਨਕ ਗਿਰਾਵਟ ਦਿਖਾ ਕੇ ਇਹ ਦਰਸਾ ਹੀ ਦਿੱਤਾ ਹੈ।
ਇਹ ਕਲਪਨਾ ਕਰਨਾ ਕਿ ਮੋਦੀ ਗੱਠਜੋੜ ਦੇ ਭਾਈਵਾਲਾਂ ਦੇ ਰਹਿਮੋ-ਕਰਮ `ਤੇ ਹੋਵੇਗਾ; ਨਾਇਡੂ, ਨਿਤੀਸ਼, ਏਕਨਾਥ ਸ਼ਿੰਦੇ ਅਤੇ ਚਿਰਾਗ਼ ਪਾਸਵਾਨ ਵਰਗਿਆਂ ਦੀ ਲੋਕਤੰਤਰੀ ਨੈਤਿਕਤਾ ਪ੍ਰਤੀ ਵਚਨਬੱਧਤਾ ਨੂੰ ਵਧਾ-ਚੜ੍ਹਾ ਕੇ ਦੇਖਣਾ ਹੈ ਜਿਸ ਚੌਕੜੀ ਦੀ ਹਮਾਇਤ ਉੱਪਰ ਉਸ ਦੀ ਸਰਕਾਰ ਨਿਰਭਰ ਹੈ। ਜਿੰਨਾ ਚਿਰ ਭਾਈਵਾਲ ਧਨ-ਦੌਲਤ ਅਤੇ ਤਾਕਤ ਦੇ ਗੱਫ਼ਿਆਂ ਨਾਲ ਖੁਸ਼ ਰਹਿੰਦੇ ਹਨ, ਉਹ ਜਮਹੂਰੀਅਤ, ਕਾਨੂੰਨ ਦੇ ਰਾਜ, ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਜਾਂ ਕਿਸੇ ਲੋਕ ਵਿਰੋਧੀ ਨੀਤੀ ਦੇ ਖਿਲਾਫ਼ ਚੂੰ ਵੀ ਨਹੀਂ ਕਰਨਗੇ। ਵਿਰੋਧੀ ਧਿਰ ਸਮੇਤ ਕਿਸੇ ਵੀ ਰਾਜਨੀਤਕ ਪਾਰਟੀ ਨੇ ਇਨ੍ਹਾਂ ਮੁੱਦਿਆਂ ਪ੍ਰਤੀ ਕਦੇ ਵੀ ਕੋਈ ਸੱਚਾ ਸਰੋਕਾਰ ਨਹੀਂ ਦਿਖਾਇਆ। ਉਹ ਮੁਸਲਮਾਨਾਂ ਨੂੰ ਰਾਸ਼ਟਰ ਵਿਰੋਧੀ ਕਰਾਰ ਦੇ ਕੇ ਉਨ੍ਹਾਂ ਉੱਪਰ ਜ਼ੁਲਮ ਢਾਹੁਣ, ਨਕਸਲੀ ਕਹਿ ਕੇ ਆਦਿਵਾਸੀਆਂ ਅਤੇ ਦਲਿਤਾਂ ਦੇ ਝੂਠੇ ਮੁਕਾਬਲੇ ਬਣਾਉਣ, ਮਨੁੱਖੀ ਹੱਕਾਂ ਦੇ ਪਹਿਰੇਦਾਰਾਂ ਨੂੰ ਸ਼ਹਿਰੀ ਨਕਸਲੀਆਂ ਵਜੋਂ ਜੇਲ੍ਹਾਂ `ਚ ਡੱਕਣ ਵਰਗੇ ਮੁੱਦਿਆਂ ਤੋਂ ਬਹੁਤ ਹੀ ਸੋਚ-ਸਮਝ ਕੇ ਟਾਲ਼ਾ ਵੱਟਦੇ ਰਹੇ ਹਨ। ਇਹ ਭੋਲੇਪਣ ਵਿਚ ਕੀਤੀ ਕੋਤਾਹੀ ਨਹੀਂ ਹੈ; ਇਹ ਪੂਰੀ ਤਰ੍ਹਾਂ ਸੋਚੀ ਸਮਝੀ ਯੁੱਧਨੀਤੀ ਸੀ, ਹਾਲਾਂਕਿ ਇਹ ਮੂਰਖ਼ਤਾ ਸੀ।
ਦੂਰ-ਦਰਾਜ ਮਾਮਲੇ ਵਿਚ ਵੀ ਜੇ ਮੋਦੀ ਨੂੰ ਕਿਸੇ ਵੀ ਪਾਸਿਓਂ ਆਪਣੀ ਹਕੂਮਤ ਲਈ ਕੋਈ ਚੁਣੌਤੀ ਮਹਿਸੂਸ ਹੋਈ (ਤੇ ਉਹ ਬੇਹੱਦ ਸੂਖ਼ਮ ਜਾਸੂਸੀ ਪ੍ਰਣਾਲੀ ਨਾਲ ਲੈਸ ਹੈ) ਤਾਂ ਉਹ ਇਸ ਨੂੰ ਸੌਖਿਆਂ ਹੀ ਆਪਣੇ ਹਿੰਦੂ ਰਾਸ਼ਟਰਵਾਦੀ ਏਜੰਡੇ ਵਿਰੁੱਧ ਦੇਸ਼ਧ੍ਰੋਹੀ ਤਾਕਤਾਂ ਦੀ ਸਾਜ਼ਿਸ਼ ਵਜੋਂ ਪੇਸ਼ ਕਰ ਸਕਦਾ ਹੈ। ਉਹ ਅਜੇ ਵੀ ਆਪਣੀ ਭਗਤਾਂ ਦੀ ਫ਼ੌਜ ਨੂੰ ਇਕੱਠਾ ਕਰ ਸਕਦਾ ਹੈ ਅਤੇ ਪ੍ਰਚਾਰ ਤੰਤਰ ਨੂੰ ਸਰਗਰਮ ਕਰ ਸਕਦਾ ਹੈ। ਉਹ ਕਿਸੇ ਦਰਸ਼ਨੀ ਕਾਂਡ ਜਾਂ ਕਿਸੇ ਹੋਰ ਘਟਨਾ ਦੀ ਯੋਜਨਾ ਬਣਾ ਸਕਦਾ ਹੈ ਤਾਂ ਜੋ ਉਹ ਆਪਣੇ ਪੱਖ `ਚ ਜਨਤਕ ਹਮਦਰਦੀ ਅਤੇ ਆਪਣੇ ਵਿਰੋਧੀਆਂ ਪ੍ਰਤੀ ਗੁੱਸੇ ਦੀ ਲਹਿਰ ਬਣਾ ਸਕੇ। ਫਿਰ ਉਹ ਆਪਣਾ ਹਿੰਦੂ ਰਾਸ਼ਟਰ ਦਾ ਟੀਚਾ ਪੂਰਾ ਕਰਨ ਦੀ ਖ਼ਾਤਰ ਸੰਸਦ ਭੰਗ ਕਰ ਸਕਦਾ ਹੈ ਅਤੇ ਖੁਦ ਵੱਡਾ ਬਹੁਮਤ ਹਾਸਲ ਕਰ ਸਕਦਾ ਹੈ। ਇਕ ਮੁਨਾਸਬ ਸਵਾਲ ਇਹ ਹੈ: ਕੀ ਵਿਰੋਧੀ ਧਿਰ ਇਨ੍ਹਾਂ ਭਿਆਨਕ ਚਾਲਾਂ ਨੂੰ ਸਮਝ ਸਕੇਗੀ ਅਤੇ ਇਨ੍ਹਾਂ ਨੂੰ ਰੋਕ ਸਕੇਗੀ। ਕੁਲ ਮਿਲਾ ਕੇ ਲੋਕ ਹੱਥ `ਤੇ ਹੱਥ ਧਰ ਕੇ ਬੈਠਣ ਦਾ ਜੋਖ਼ਮ ਨਹੀਂ ਲੈ ਸਕਦੇ। ਮੋਦੀ 3.0 (ਤੀਜੀ ਪਾਰੀ) ਦੁਆਰਾ ਪੈਦਾ ਹੋਣ ਵਾਲੇ ਵੱਡੇ ਖ਼ਤਰਿਆਂ ਤੋਂ ਮੁਲਕ ਨੂੰ ਬਚਾਉਣ ਲਈ ਇੰਡੀਆ ਗੱਠਜੋੜ ਨੂੰ ਅੱਡੀ-ਚੋਟੀ ਦਾ ਜ਼ੋਰ ਲਾਉਣ ਅਤੇ ਹੋਰ ਵੀ ਨਿੱਠ ਕੇ ਮਿਹਨਤ ਕਰਨ ਦੀ ਜ਼ਰੂਰਤ ਹੈ।