ਸੁਖਬੀਰ ਦੀ ਪ੍ਰਧਾਨਗੀ ਨੂੰ ਫਿਰ ਵੰਗਾਰਾਂ

ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਪਛੜਿਆ; 11 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ
ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਿਆਸੀ ਹੋਂਦ ਉਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਹ ਪਹਿਲੀ ਵਾਰ ਹੈ ਕਿ ਪਾਰਟੀ ਦੇ 11 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਹੈ। 13 ਸੀਟਾਂ ਵਿਚੋਂ ਪਾਰਟੀ ਹੱਥ ਸਿਰਫ ਇਕੋ ਇਕ ਬਠਿੰਡਾ ਵਾਲੀ ਸੀਟ ਹੀ ਲੱਗੀ। ਚੋਣਾਂ ਵਿਚ ਹੋਏ ਹਸ਼ਰ ਪਿੱਛੋਂ ਪਾਰਟੀ ਵਿਚ ਬਾਗੀ ਸੁਰਾਂ ਵੀ ਤਿੱਖੀਆਂ ਹੋ ਗਈਆਂ ਹਨ। ਵੱਡੀ ਗਿਣਤੀ ਟਕਸਾਲੀ ਆਗੂ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਗੱਲ ਕਰਨ ਲੱਗੇ ਹਨ।

ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਸਾਫ ਆਖ ਦਿੱਤਾ ਹੈ ਕਿ ਨਮੋਸ਼ੀ ਭਰੀ ਹਾਰ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਹਨ। ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇਣਾ ਬਣਦਾ ਹੈ। ਪਾਰਟੀ ਦੀ ਸੀਨੀਅਰ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਨੇ ਸੁਖਬੀਰ ਬਾਦਲ ਨੂੰ ਸਲਾਹ ਵੀ ਦਿੱਤੀ ਹੈ ਕਿ ਉਹ ਆਪਣੇ ਸਹੀ ਸਲਾਹਕਾਰਾਂ ਦੀ ਪਛਾਣ ਕਰਨ। ਦਲ ਦੇ ਸਾਬਕਾ ਲੋਕ ਸਭਾ ਮੈਂਬਰ ਪਰਮਜੀਤ ਕੌਰ ਗੁਲਸ਼ਨ ਨੇ ਸੁਖਬੀਰ ਸਿੰਘ ਬਾਦਲ ਨੂੰ ਇਖ਼ਲਾਕੀ ਆਧਾਰ ‘ਤੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਸਲਾਹ ਦਿੱਤੀ ਹੈ।
ਇਧਰ, ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਦਰ ਬਹੁਤੇ ਨੇਤਾ ਹੁਣ ਘੁਟਣ ਮਹਿਸੂਸ ਕਰਨ ਲੱਗੇ ਹਨ, ਜਿਹੜੇ ਉਂਗਲ ਚੁੱਕਣ ਲਈ ਢੁਕਵੇਂ ਮੌਕੇ ਦੀ ਤਲਾਸ਼ ਵਿਚ ਹਨ। ਪੰਜਾਬ ਵਿਧਾਨ ਸਭਾ ਵਿਚ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਅਤੇ ਸੀਨੀਅਰ ਅਕਾਲੀ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਪਾਰਟੀ ਦੀ ਮੌਜੂਦਾ ਸਥਿਤੀ ‘ਤੇ ਫ਼ਿਕਰ ਜ਼ਾਹਰ ਕਰਦਿਆਂ ਖ਼ਾਮੋਸ਼ ਰਹਿਣ ਦਾ ਫ਼ੈਸਲਾ ਕੀਤਾ ਹੈ। ਚੇਤੇ ਰਹੇ ਕਿ ਰਾਸ਼ਟਰਪਤੀ ਚੋਣ ਵੇਲੇ ਵੀ ਇਯਾਲੀ ਨੇ ਰੋਸ ਜਤਾਇਆ ਸੀ। ਇਸ ਦੌਰਾਨ ਝੂੰਦਾਂ ਕਮੇਟੀ ਰਿਪੋਰਟ ਲਾਗੂ ਕਰਨ ਦੀ ਮੰਗ ਜ਼ੋਰ ਫੜਨ ਲੱਗੀ ਹੈ। ਦੱਸ ਦਈਏ ਕਿ ਜਦੋਂ ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ਼ ਤਿੰਨ ਸੀਟਾਂ ਹਾਸਲ ਹੋਈਆਂ ਸਨ ਤਾਂ ਉਸ ਵਕਤ ਪਾਰਟੀ ਨੇ ਸਮੀਖਿਆ ਲਈ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿਚ ਕਮੇਟੀ ਦਾ ਗਠਨ ਕੀਤਾ ਸੀ ਜਿਸ ਦੀ ਰਿਪੋਰਟ ਆ ਗਈ ਸੀ ਜਿਸ ਨੂੰ ਪਾਰਟੀ ਆਗੂਆਂ ਨੇ ਜਨਤਕ ਕਰਨ ਦੀ ਗੱਲ ਆਖੀ ਸੀ ਜੋ ਹੁਣ ਤੱਕ ਜਨਤਕ ਨਹੀਂ ਹੋਈ। ਇਸ ਵਿਚ ਸੁਖਬੀਰ ਨੂੰ ਕੁਰਸੀ ਤੋਂ ਲਾਂਭੇ ਕਰਨ ਵੱਲ ਵੀ ਇਸ਼ਾਰਾ ਕੀਤਾ ਗਿਆ ਸੀ।
ਲੋਕ ਸਭਾ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਦੀ ਉਹ ਅਪੀਲ ਬੁਰੀ ਤਰ੍ਹਾਂ ਬੇਅਸਰ ਗਈ ਜਿਸ ਵਿਚ ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਸੀ ਕਿ ਵੋਟਾਂ 1 ਜੂਨ ਨੂੰ ਪੈਣੀਆਂ ਹਨ ਜਿਸ ਦਿਨ ਸੰਨ 1984 ਵਿਚ ਹੀ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਸੀ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਸਵੀਰ ਹੱਥ ਵਿਚ ਫੜ ਕੇ ਕਿਹਾ ਸੀ ਕਿ ਵੋਟ ਪਾਉਣ ਲੱਗਿਆਂ ਇਸ ਨੂੰ ਯਾਦ ਰੱਖਣਾ। ਉਧਰ, ਸੁਖਬੀਰ ਬਾਦਲ ਦੀ ਅਪੀਲ ਦੇ ਉਲਟ ਜਾਂਦਿਆਂ ਲੋਕਾਂ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਦੇ 7 ਉਮੀਦਵਾਰ ਜਿਤਾ ਦਿੱਤੇ। ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਤੇ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਨੂੰ ਵੀ ਵੱਡੀ ਲੀਡ ਨਾਲ ਜਿਤਾ ਦਿੱਤਾ।
ਅਕਾਲੀ ਦਲ ਨੇ ਬਠਿੰਡਾ ਸੰਸਦੀ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਫ਼ਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਨੋਨੀ ਮਾਨ ਤੇ ਅੰਮ੍ਰਿਤਸਰ ਤੋਂ ਉਮੀਦਵਾਰ ਅਨਿਲ ਜੋਸ਼ੀ ਆਪਣੀ ਜ਼ਮਾਨਤ ਰਾਸ਼ੀ ਬਚਾ ਸਕੇ ਹਨ। ਅਕਾਲੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ, ਮਹਿੰਦਰ ਸਿੰਘ ਕੇਪੀ, ਸੋਹਣ ਸਿੰਘ ਠੰਡਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਰਣਜੀਤ ਸਿੰਘ ਢਿੱਲੋਂ, ਬਿਕਰਮਜੀਤ ਸਿੰਘ ਖ਼ਾਲਸਾ, ਰਾਜਵਿੰਦਰ ਸਿੰਘ ਧਰਮਕੋਟ, ਇਕਬਾਲ ਸਿੰਘ ਝੂੰਦਾਂ ਤੇ ਐਨ.ਕੇ. ਸ਼ਰਮਾ ਦੀ ਜ਼ਮਾਨਤ ਜ਼ਬਤ ਹੋ ਗਈ ਹੈ।
ਅਕਾਲੀ ਦਲ ਹੁਣ ਤਾਂ ਅੱਠ ਸੀਟਾਂ ‘ਤੇ ਭਾਜਪਾ ਨਾਲੋਂ ਵੀ ਪਛੜ ਗਿਆ ਹੈ। ਬਠਿੰਡਾ ਤੋਂ ਬਿਨਾਂ ਪੰਜਾਬ ਦੇ ਕਿਸੇ ਵੀ ਹਲਕੇ ਵਿਚੋਂ ਅਕਾਲੀ ਦਲ ਨੂੰ ਦੂਜੇ ਜਾਂ ਤੀਜੇ ਨੰਬਰ ‘ਤੇ ਆਉਣਾ ਵੀ ਨਸੀਬ ਨਹੀਂ ਹੋਇਆ। ਅਕਾਲੀ ਦਲ 13 ਵਿਚੋਂ 11 ਹਲਕਿਆਂ ਉਤੇ ਚੌਥੇ ਨੰਬਰ ‘ਤੇ ਰਿਹਾ ਹੈ ਜਿਨ੍ਹਾਂ ਵਿਚ ਸ੍ਰੀ ਆਨੰਦਪੁਰ ਸਾਹਿਬ, ਅੰਮ੍ਰਿਤਸਰ, ਫ਼ਰੀਦਕੋਟ, ਜਲੰਧਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਪਟਿਆਲਾ, ਫ਼ਿਰੋਜ਼ਪੁਰ, ਖਡੂਰ ਸਾਹਿਬ ਸ਼ਾਮਲ ਹਨ। ਸੰਗਰੂਰ ਹਲਕੇ ‘ਚ ਅਕਾਲੀ ਉਮੀਦਵਾਰ ਪੰਜਵੇਂ ਸਥਾਨ ‘ਤੇ ਰਿਹਾ ਹੈ। ਅਕਾਲੀ ਦਲ ਦੇ ਵੋਟ ਫ਼ੀਸਦੀ ਦਾ ਇਤਿਹਾਸ ਦੇਖੀਏ ਤਾਂ ਪਹਿਲੀ ਵਾਰ ਹੈ ਕਿ ਅਕਾਲੀ ਦਲ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਹਨ। ਅਸੈਂਬਲੀ ਚੋਣਾਂ 2022 ਵਿਚ ਅਕਾਲੀ ਦਲ ਨੇ ਤਿੰਨ ਸੀਟਾਂ ਜਿੱਤੀਆਂ ਸਨ ਤੇ ਉਸ ਵਕਤ ਅਕਾਲੀ ਦਲ ਨੂੰ 18.38 ਫ਼ੀਸਦੀ ਵੋਟਾਂ ਪਈਆਂ ਸਨ ਪਰ ਹੁਣ ਜੋ ਨਤੀਜੇ ਆਏ ਹਨ, ਉਨ੍ਹਾਂ ਵਿਚ ਅਕਾਲੀ ਦਲ ਦਾ ਵੋਟ ਫੀਸਦ 13.42 ਰਹਿ ਗਿਆ ਹੈ। ਸਾਲ 2022 ਨਾਲੋਂ ਐਤਕੀਂ ਅਕਾਲੀ ਦਲ ਦਾ ਵੋਟ ਸ਼ੇਅਰ 4.96 ਫੀਸਦੀ ਘਟਿਆ ਹੈ। ਅਕਾਲੀ ਦਲ ਨੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਦੋ ਸੀਟਾਂ ਜਿੱਤੀਆਂ ਸਨ ਅਤੇ ਵੋਟ ਦਰ 27.8 ਫ਼ੀਸਦੀ ਰਹੀ ਸੀ। 2019 ਦੇ ਮੁਕਾਬਲੇ ਅਕਾਲੀ ਦਲ ਦਾ ਵੋਟ ਬੈਂਕ 14.38 ਫ਼ੀਸਦੀ ਘਟਿਆ ਹੈ। ਵਰ੍ਹਾ 2017 ਦੀਆਂ ਅਸੈਂਬਲੀ ਚੋਣਾਂ ਵਿਚ ਅਕਾਲੀ ਦਲ ਦੇ ਬੁਰੇ ਦਿਨਾਂ ਦੀ ਸ਼ੁਰੂਆਤ ਹੋਈ ਸੀ ਤੇ ਉਦੋਂ ਅਕਾਲੀ ਦਲ ਨੇ 14 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ ਜੋ 2022 ਦੀਆਂ ਚੋਣਾਂ ਵਿਚ ਘੱਟ ਕੇ 3 ਸੀਟਾਂ ਤੱਕ ਰਹਿ ਗਈ ਸੀ। ਅਕਾਲੀ ਦਲ ਨੇ 1977 ਦੀਆਂ ਚੋਣਾਂ ਵਿਚ 9 ਸੀਟਾਂ ਹਾਸਲ ਕਰਕੇ 42.5 ਫ਼ੀਸਦੀ ਵੋਟਾਂ ਲਈਆਂ ਸਨ ਅਤੇ 1984 ਦੀਆਂ ਚੋਣਾਂ ਵਿਚ 7 ਸੀਟਾਂ ਜਿੱਤ ਕੇ 37.2 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ।
ਵੱਡੀ ਗਿਣਤੀ ਟਕਸਾਲੀ ਆਗੂ ਮੰਨਦੇ ਹਨ ਕਿ ਸੁਖਬੀਰ ਹੱਥ ਪਾਰਟੀ ਦੀ ਕਮਾਨ ਆਉਣ ਪਿੱਛੋਂ ਇਹ ਪੰਥਕ ਧਿਰ ਢਹਿੰਦੀਆਂ ਕਲਾਂ ਵੱਲ ਗਈ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਵਿਚ ਪਾਰਟੀ ਅੰਦਰ ਵੱਡਾ ਸਿਆਸੀ ਤੂਫਾਨ ਆਉਣ ਦੇ ਹਾਲਾਤ ਬਣ ਰਹੇ ਹਨ ਅਤੇ ਸੁਖਬੀਰ ਲਈ ਹਾਲਾਤ ਔਖੇ ਬਣ ਸਕਦੇ ਹਨ।
ਅਕਾਲੀ ਦਲ ਨਾਲੋਂ ਭਾਜਪਾ ਦੀ ਕਾਰਗੁਜ਼ਾਰੀ ਚੰਗੀ ਰਹੀ
ਚੰਡੀਗੜ੍ਹ: ਪੰਜਾਬ ਦੀਆਂ ਢਾਈ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਮਗਰੋਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਰਾਜ ਵਿਚ ਅਕਾਲੀ ਦਲ ਤੇ ਭਾਜਪਾ ਦੇ ਆਪਸੀ ਗੱਠਜੋੜ ਟੁੱਟਣ ਕਾਰਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਵੋਟਾਂ ਹਾਸਲ ਕਰਨ ਵਿਚ ਪਹਿਲਾਂ ਨਾਲੋਂ ਕਮਜ਼ੋਰ ਹੋਇਆ ਹੈ। ਭਾਵੇਂ ਪੰਜਾਬ ਵਿਚ ਭਾਜਪਾ ਕੋਈ ਵੀ ਲੋਕ ਸਭਾ ਸੀਟ ਜਿੱਤਣ ਵਿਚ ਕਾਮਯਾਬ ਨਹੀਂ ਹੋ ਸਕੀ ਪਰ ਉਸ ਦੇ ਮਾਲਵਾ ਖੇਤਰ ਸਣੇ ਮਾਝੇ ਤੇ ਦੁਆਬੇ ਵਿਚ ਸਾਰੇ ਉਮੀਦਵਾਰਾਂ ਨੇ ਅਕਾਲੀ ਉਮੀਦਵਾਰਾਂ ਨਾਲੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ। ਬਠਿੰਡਾ ਸੀਟ ਤੋਂ ਇਲਾਵਾ ਲਗਪਗ ਸਾਰੀਆਂ ਸੀਟਾਂ ‘ਤੇ ਅਕਾਲੀ ਦਲ ਨਾਲੋਂ ਭਾਜਪਾ ਦੀ ਵਧੀਆ ਕਾਰਗੁਜ਼ਾਰੀ ਹੈ।