ਗੋਦਾਦ ਦੀ ਫਿਲਮ ‘ਮਾਸਕੁਲਿਨ ਫੈਮਿਨਿਨ’

ਡਾ. ਕੁਲਦੀਪ ਕੌਰ
ਫੋਨ: +91-98554-04330
“ਜੇ ਤੁਸੀਂ ਇੱਕ ਬੰਦੇ ਨੂੰ ਮਾਰਦੇ ਹੋ ਤਾਂ ਤੁਸੀਂ ਕਾਤਿਲ ਹੋ।
ਜੇ ਤੁਸੀਂ ਲੱਖਾਂ ਲੋਕਾਂ ਨੂੰ ਕਤਲ ਕਰਦੇ ਹੋ ਤਾਂ ਤੁਸੀਂ ਯੋਧਾ ਹੋ।
ਜੇ ਤੁਸੀਂ ਸਭ ਨੂੰ ਕਤਲ ਕਰਦੇ ਹੋ ਤਾਂ ਤੁਸੀਂ ਰੱਬ ਹੋ।

… ਤੇ ਮੇਰਾ ਇਸ ਰੱਬ ’ਤੇ ਕੋਈ ਯਕੀਨ ਨਹੀਂ।” -ਜਾਨ ਲਾਕ ਗੋਦਾਦ ਦੀ ਫਿਲਮ ‘ਮੈਸਕੁਲਿਨ ਫੈਮਿਨਿਨ ਦਾ ਮੁੱਖ ਪਾਤਰ ਪਾਲ)
ਗੋਦਾਦ ਦੀ ਫਿਲਮਸਾਜ਼ੀ ਕਿਸੇ ਸਿਨੇਮਈ ਬੰਦੇਜ ਵਿਚ ਕੰਮ ਨਹੀਂ ਕਰਦੀ। ਫਿਲਮ ‘ਮੈਸਕੁਲਿਨ ਫੈਮਿਨਿਨ` (1966) ਵਿਚ ਉਹ ਕੁਝ ਅਜਿਹੇ ਨੌਜਵਾਨਾਂ ਦਾ ਚਿਤਰਨ ਕਰਦਾ ਹੈ ਜੋ ਆਪਣੀ ਰੋਜ਼ੀ-ਰੋਟੀ ਕਮਾਉਣ, ਰਿਸ਼ਤਿਆਂ ਦੀਆਂ ਪੇਚਦਗੀਆਂ ਅਤੇ ਸਿਆਸੀ ਅਸਥਰਿਤਾ ਦੇ ਮਾਹੌਲ ਵਿਚ ਜ਼ਿੰਦਗੀ ਦਾ ਅਰਥ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਲਮ ਦਾ ਮੁੱਖ ਕਿਰਦਾਰ ਪਾਲ ਮਾਰਕਸਵਾਦੀ ਹੈ ਪਰ ਉਸ ਦੇ ਆਸ-ਪਾਸ ਪੂਰਾ ਮਾਹੌਲ ਖਪਤਕਾਰੀ ਵਾਲਾ ਹੈ। ਇਸ ਫਿਲਮ ਦੇ ਮੁੱਖ ਕਿਰਦਾਰਾਂ ਪਾਲ ਅਤੇ ਮੈਡੇਲਿਨ ਬਾਰੇ ਟਿੱਪਣੀ ਕਰਦਿਆਂ ਗੋਦਾਦ ਇੱਕ ਇੰਟਰਵਿਊ ਵਿਚ ਕਹਿੰਦਾ ਹੈ ਕਿ ਇਹ ਦੋਵਂੇ ਕ੍ਰਮਵਾਰ ਮਾਰਕਸ ਅਤੇ ਕੋਕਾ-ਕੋਲਾ ਦੀਆਂ ਔਲਾਦਾਂ ਹਨ।
ਇਹਨਾਂ ਦੋਵਾਂ ਦੀ ਆਪਸੀ ਕਸ਼ਮਕਸ਼ ਓਪਰੀ ਨਜ਼ਰੇ ਇਹਨਾਂ ਦੇ ਕੰਮ ਕਰਨ ਦੀਆਂ ਹਾਲਤਾਂ ਦੀ ਉਪਜ ਲੱਗਦੀ ਹੈ ਪਰ ਜੇਕਰ ਥੋੜ੍ਹਾ ਗਹਿਰਾਈ ਨਾਲ ਦੇਖਿਆ ਜਾਵੇ ਤਾਂ ਇਹ ਦਰਅਸਲ ਵਿਚਾਰਧਾਰਕ ਵਖਰੇਂਵਾ ਹੈ। ਇਹ ਉਹਨਾਂ ਦੇ ਰਿਸ਼ਤੇ ਵਿਚਲੀ ਅਨਿਸ਼ਚਿਤਤਾ ਅਤੇ ਬੇਚੈਨੀ ਦਾ ਕਾਰਨ ਤਾਂ ਬਣਦਾ ਹੀ ਹੈ, ਨਾਲ ਹੀ 1960 ਦੇ ਦਹਾਕੇ ਦੇ ਫਰਾਂਸ ਦੇ ਨੌਜਵਾਨਾਂ ਵਿਚ ਫੈਲੀ ਸਮਾਜਿਕ ਅਲਹਿਦਗੀ ਅਤੇ ਸਿਆਸੀ ਵਰਤਾਰੇ ਨਾਲ ਨਾਰਾਜ਼ਗੀ ਨੂੰ ਵੀ ਚਿਤਰਦਾ ਹੈ।
ਗੋਦਾਦ ਦੀਆਂ ਹੋਰ ਫਿਲਮਾਂ ਵਾਂਗ ਇਹ ਫਿਲਮ ਵੀ ਇਸ ਪੱਖੋਂ ਵੱਖਰੀ ਹੈ ਕਿ ਜਿੱਥੇ ਜ਼ਿਆਦਾਤਰ ਫਿਲਮਾਂ, ਸਾਹਿਤ ਅਤੇ ਕਲਾ ਦੇ ਖੇਤਰ ਦੀਆਂ ਕਿਰਤਾਂ ਵਿਚ ਮੁਹੱਬਤਾਂ ਦੀਆਂ ਕਹਾਣੀਆਂ ਦੇ ਕਿਰਦਾਰ ਇੱਕ-ਦੂਜੇ ਦੀ ਬੇਥਵੀ ਤਾਰੀਫ, ਅੰਬਰਾਂ ਤੋਂ ਤਾਰੇ ਤੋੜਨ ਅਤੇ ਸਾਗਰਾਂ ’ਚੋਂ ਮੋਤੀ ਲੱਭਣ ਦੀਆਂ ਬਿਨਾਂ ਸਿਰ ਪੈਰ ਕਹਾਣੀਆਂ ਘੜਨ ਜਾਂ ਫਿਰ ਉਹਨਾਂ ਦੁਆਰਾ ਇੱਕ-ਦੂਜੇ ਲਈ ਮਰਨ ਮਾਰਨ ਦੇ ਕਿੱਸਿਆਂ ਤੱਕ ਮਹਿਦੂਦ ਹੋ ਕੇ ਰਹਿ ਜਾਂਦੇ ਹਨ, ਗੋਦਾਦ ਪਿਆਰ ਦੀਆਂ ਜ਼ਮੀਨੀ ਹਕੀਕਤਾਂ ਨੂੰ ਉਹਨਾਂ ਦੀ ਸਾਰੀ ਕਰੂਰਤਾ, ਬੋਰੀਅਤ, ਉਪਰਾਮਤਾ ਅਤੇ ਬੇਥਵੇਪਣ ਨਾਲ ਸਿਰਜਦਾ ਹੈ। ਉਹ ਪਿਆਰ ਦੇ ਆਲੇ ਦੁਆਲੇ ਸਿਰਜੇ ਆਭਾ ਮੰਡਲ ਦੇ ਗੁਬਾਰੇ ਵਿਚ ਸੂਈ ਖੋਭਦਿਆਂ ਪੁੱਛਦਾ ਹੈ: ਕੀ ਮਾੜੀਆਂ ਸਿਆਸੀ ਹਾਲਤਾਂ ਅਤੇ ਸਮਾਜਿਕ ਬੇਇਨਸਾਫੀ ’ਤੇ ਟਿਕੇ ਸਮਾਜਾਂ ਵਿਚ ਪਿਆਰ ਆਦਰਸ਼ਵਾਦੀ ਤੇ ਨੈਤਿਕ ਹੋ ਸਕਦਾ ਹੈ? ਉਹ ਹਾਲੀਵੁੱਡੀ ਫਿਲਮਸਾਜ਼ਾਂ ਨੂੰ ਪੁੱਛਦਾ ਹੈ: ਕੀ ਪਿਆਰ-ਮੁਹੱਬਤ ਇਹਨਾਂ ਖਿਆਲੀ ਪਟਕਥਾਵਾਂ ਵਾਂਗ ਹੀ ਪਨਪਦੇ, ਵਿਗਸਦੇ ਅਤੇ ਖਤਮ ਹੋ ਜਾਂਦੇ ਹਨ? ਕੀ ਸਹੀ ਮਾਇਨਿਆਂ ਵਿਚ ਮਰਦ-ਔਰਤ ਦਾ ਪਿਆਰ ਉਹਨਾਂ ਦੀਆਂ ਭਾਵਨਾਤਮਿਕ ਤੰਦਾਂ, ਇੱਕ-ਦੂਜੇ ਨਾਲ ਮਾਨਸਿਕ-ਸਰੀਰਕ ਨੇੜਤਾ ਜਾਂ ਫਿਰ ਉਹਨਾਂ ਦੀਆਂ ਨਿੱਜੀ ਸੋਚਾਂ ਦੇ ਇਰਦ-ਗਿਰਦ ਬੁਣਿਆ ਜਾਂਦਾ ਹੈ?
ਗੋਦਾਦ ਦੀਆਂ ਫਿਲਮਾਂ ਦੇ ਕਿਰਦਾਰ ਇਸ ਪੱਖੋਂ ਬੇਹੱਦ ਵਿਲੱਖਣ ਹਨ ਕਿ ਉਹਨਾਂ ਲਈ ਪਿਆਰ ਦੋ ਮਨੁੱਖਾਂ ਦੀ ਵਿਅਗਤੀਗਤ ਸਫਲਤਾ ਜਾਂ ਸਮਝਦਾਰੀ ਦੀ ਜਗ੍ਹਾ ਮਨੁੱਖਤਾ ਦੀ ਹਸਤੀ ਅਤੇ ਹੋਣੀ ਲਈ ਤਤਪਰ ਵਿਚਾਰਧਾਰਕ ਪਰਿਪਕਤਾ ਵਿਚੋਂ ਉਪਜਦਾ ਹੈ। ਇਸ ਫਿਲਮ ਵਿਚ ਮਰਦ ਅਤੇ ਔਰਤ ਦੇ ਆਪਸੀ ਰਿਸ਼ਤੇ ਦੀ ਕਲਪਨਾ ਵਿਚੋਂ ਨਾ ਤਾਂ ਵਿਸ਼ਵ ਪੱਧਰ ਦੇ ਵਰਤਾਰਿਆਂ ਅਤੇ ਤਰਾਸਦੀਆਂ ਨੂੰ ਖਾਰਿਜ ਕਰਦਾ ਹੈ ਅਤੇ ਨਾ ਹੀ ਉਹ ਉਹਨਾਂ ਨੂੰ ਪੋਸਟ-ਮਾਡਰਨਿਜ਼ਮ ਦੇ ਖਪਤਵਾਦੀ ਸੱਭਿਆਚਾਰ ਵਿਚ ਧਸਣ ਦਿੰਦਾ ਹੈ ਬਲਿਕ ਉਸ ਦੇ ਕਿਰਦਾਰ ਪੈਰਿਸ ਦੀਆਂ ਗਲੀਆਂ, ਕੈਫਿਆਂ ਅਤੇ ਰੇਲ ਸਟੇਸ਼ਨਾਂ ’ਤੇ ਰੋਜ਼ਾਨਾ ਦੇ ਕੰਮ-ਕਾਰ ਕਰਦਿਆਂ ਵੀ ਆਪਸੀ ਗੱਲਬਾਤ ਵਿਚ ਵੀਅਤਨਾਮ ਵਿਚ ਸੁੱਟੇ ਜਾ ਰਹੇ ਬੰਬਾਂ ਬਾਰੇ, ਉਸ ਵਕਤ ਦੇ ਸਿਆਸੀ ਸਵਾਲਾਂ ਅਤੇ ਸਮਾਜਿਕ-ਆਰਥਿਕ ਵਰਤਾਰਿਆਂ ਦੀ ਚੀਰ-ਫਾੜ ਵਿਚ ਰੁੱਝੇ ਰਹਿੰਦੇ ਹਨ। ਉਹ ਸਿਆਸੀ ਤੌਰ ’ਤੇ ਚੇਤੰਨ ਪਰ ਜ਼ਿੰਦਗੀ ਤੋਂ ਲਗਾਤਾਰ ਮਾਤ ਖਾ ਰਹੇ ਕਿਰਦਾਰ ਸਿਰਜਦਾ ਹੈ। ਇਹ ਵੱਖਰੀ ਗੱਲ ਹੈ ਕਿ ਇਹਨਾਂ ਕਿਰਦਾਰਾਂ ਦੇ ਆਸ-ਪਾਸ ਦੀਆਂ ਹਾਲਤਾਂ ਇੰਨੀਆਂ ਬੇਤੁਕੀਆਂ ਅਤੇ ਅਚਾਨਕ ਬਦਲਦੀਆਂ ਹਨ ਕਿ ਉਹਨਾਂ ਲਈ ਸਹੀ ਮੌਕੇ ’ਤੇ ਸਹੀ ਕਦਮ ਚੁੱਕਣਾ ਅਸੰਭਵ ਹੋ ਜਾਂਦਾ ਹੈ। ਇਹ ਫਿਲਮ ਬਣਨ ਦਾ ਸਮਾਂ ਦੂਜੀ ਵਿਸ਼ਵ ਜੰਗ ਤੋਂ ਬਾਅਦ ਦਾ ਹੋਣ ਕਾਰਨ ਸ਼ਹਿਰਾਂ ਵਿਚ ਖਾਸ ਤਰਾਂ੍ਹ ਦੀ ਹੜਬੜੀ ਹੈ। ਇਹੀ ਹੜਬੜੀ ਇਹਨਾਂ ਸ਼ਹਿਰਾਂ ਦੇ ਬਾਸ਼ਿੰਦਿਆਂ ਦੇ ਕਾਰ-ਵਿਹਾਰ ਵਿਚ ਉਤਰ ਆਈ ਹੈ।
ਫਿਲਮ ਦੇ ਮੁੱਖ ਕਿਰਦਾਰਾਂ ਵਾਂਗ ਫਿਲਮ ਦੀ ਪਟਕਥਾ, ਸੰਰਚਨਾ ਅਤੇ ਇਸ ਦੀਆਂ ਘਟਨਾਵਾਂ ਵੀ ਕਿਸੇ ਖਾਸ ਲੈਅ ਜਾਂ ਕ੍ਰਮ ਵਿਚ ਨਹੀਂ ਵਾਪਰਦੀਆਂ ਬਲਿਕ ਆਪਸ ਵਿਚ ਇਹਨਾਂ ਦਾ ਕੋਈ ਸਿੱਧਾ-ਸਿੱਧਾ ਸਬੰਧ ਵੀ ਨਜ਼ਰ ਨਹੀਂ ਆਉਂਦਾ। ਫਿਲਮ ਦੀ ਜ਼ਿਆਦਾਤਰ ਫੁਟੇਜ ਵਿਚ ਪਾਲ ਕਿਸੇ ਅਣਪਛਾਤੀ ਔਰਤ ਨਾਲ ਗੱਲਬਾਤ ਕਰਦਾ ਨਜ਼ਰ ਆਉਂਦਾ ਹੈ ਜਿਸ ਦੀ ਪਛਾਣ ਗੋਦਾਦ ਕਿਤੇ ਵੀ ਸਪਸ਼ਟ ਨਹੀਂ ਕਰਦਾ। ਫਿਲਮ ਵਿਚ ਸਮਾਂ ਵੀ ਨਿਰੰਤਰ ਅੱਗੇ ਵੱਲ ਨਹੀਂ ਵਧਦਾ ਤੇ ਬਹੁਤ ਵਾਰ ਇਹ ਤੈਅ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਕਿਹੜੀ ਘਟਨਾ ਫਿਲਮ ਵਿਚ ਪਹਿਲਾਂ ਵਾਪਰੀ ਹੈ ਅਤੇ ਕਿਹੜੀ ਬਾਅਦ ਵਿਚ। ਸਮੇਂ ਨੂੰ ਇੰਝ ਟੁਕੜਿਆਂ ਵਿਚ ਭੰਨਣਾ ਕਿਉਂਕਿ ਗੋਦਾਦ ਦੀ ਸੰਪਾਦਨਾ ਦਾ ਕੇਂਦਰੀ ਨੁਕਤਾ ਹੈ, ਦ੍ਰਿਸ਼ਾਂ ਦਾ ਕੋਲਾਜ ਦਰਸ਼ਕਾਂ ਨੂੰ ਫਿਲਮ ਨੂੰ ਨਿਸ਼ਚਿਤ ਫਰੇਮ ਜਾਂ ਸਿਨੇਮਈ ਪਰਿਭਾਸ਼ਾ ਅਨੁਸਾਰ ਪੂਰਵ-ਅਨੁਮਾਨ ਲਗਾਉਣ ਤੋਂ ਲਗਾਤਾਰ ਰੋਕਦਾ ਹੈ। ਉਦਾਹਰਨ ਦੇ ਤੌਰ ’ਤੇ ਉਹ ਦ੍ਰਿਸ਼ ਦੇਖੋ ਜਿੱਥੇ ਪਾਲ ਲੋਕਾਂ ਦੀ ਭੀੜ ਵਿਚ ਸੜਕ ’ਤੇ ਤੁਰਿਆ ਜਾ ਰਿਹਾ ਹੈ ਕਿ ਕੋਈ ਅਜਨਬੀ ਉਸ ’ਤੇ ਚਾਕੂ ਤਾਣ ਲੈਂਦਾ ਹੈ ਤੇ ਡਰਾਉਣ ਦੀ ਕੋਸ਼ਿਸ ਕਰਦਾ ਹੈ। ਇਸ ਤੋਂ ਪਹਿਲਾਂ ਕਿ ਪਾਲ ਇਸ ਹਾਲਤ ਨਾਲ ਨਜਿੱਠਣ ਲਈ ਕੁਝ ਸੋਚੇ, ਉਹ ਇਨਸਾਨ ਉਸੇ ਚਾਕੂ ਨਾਲ ਖੁਦ ਨੂੰ ਮਾਰ ਲੈਂਦਾ ਹੈ ਤੇ ਪਾਲ ਹੱਕਾ-ਬੱਕਾ ਰਹਿ ਜਾਂਦਾ ਹੈ। ਹਾਲਾਤ ਦੀ ਤਰਾਸਦੀ ਦੇਖੋ, ਜਦ ਉਹ ਆਪਣੇ ਦੋਸਤਾਂ ਨਾਲ ਇਸ ਖੁਦਕੁਸ਼ੀ ਬਾਰੇ ਗੱਲਬਾਤ ਕਰਦਾ ਹੈ ਤਾਂ ਉਹਨਾਂ ਕੋਲ ਇਸ ਦਾ ਕੋਈ ਜਵਾਬ ਨਹੀਂ ਹੁੰਦਾ ਤੇ ਨਾ ਹੀ ਉਹ ਇਸ ਖੁਦਕੁਸ਼ੀ ਬਾਰੇ ਹੋਰ ਤੱਥ ਜਾਣਨ ਦੀ ਕੋਸ਼ਿਸ ਕਰਦੇ ਹਨ। ਇਸ ਦੇ ਨਾਲ ਹੀ ਗੋਦਾਦ ਦਰਸ਼ਕਾਂ ਲਈ ਵੀ ਇਹ ਘਟਨਾ ਬੁਝਾਰਤ ਦੇ ਰੂਪ ਵਿਚ ਛੱਡ ਦਿੰਦਾ ਹੈ ਪਰ ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਇਹ ਕਿਹੋ ਜਿਹੇ ਸਮਾਜ ਹਨ ਜਿਹਨਾਂ ਵਿਚ ਇਨਸਾਨ ਇੱਦਾਂ ਅਣਪਛਾਤੀ ਮੌਤ ਮਰ ਜਾਂਦੇ ਹਨ। ਇਸ ਤੋਂ ਵੀ ਵੱਡਾ ਸਵਾਲ ਫਿਲਮ ਦਰਸ਼ਕਾਂ ਲਈ ਇਹ ਛੱਡ ਜਾਂਦੀ ਹੈ ਕਿ ਇਹਨਾਂ ਸਮਾਜਾਂ ਨੂੰ ਬਦਲਣ ਲਈ ਕੀ ਕੀਤਾ ਜਾ ਸਕਦਾ ਹੈ?
ਇੱਥੇ ਇੱਕ ਪਾਸੇ ਤਕਨੀਕੀ ਵਿਕਾਸ ਅਤੇ ਆਧੁਨਿਕ ਸਨਅਤੀਕਰਨ ਰਾਹੀ ਇਨਸਾਨਾਂ ਨੂੰ ਵੱਧ ਤੋਂ ਵੱਧ ਪੂੰਜੀ ਕਮਾਉਣ ਅਤੇ ਸਾਂਭਣ ਵਿਚ ਖਪਤ ਕਰਨ ਵਾਲਾ ਮੌਜੂਦਾ ਸਿਆਸੀ-ਸਮਾਜਿਕ ਪ੍ਰਬੰਧ ਹੈ ਤਾਂ ਦੂਜੇ ਪਾਸੇ ਉਹਨਾਂ ਦੀ ਮਨੁੱਖੀ ਸੰਭਾਵਨਾਵਾਂ ਅਤੇ ਸਮਰੱਥਾਵਾਂ ਵਿਗਸਣ, ਮੌਲਣ ਤੇ ਪਾਲਣ ਦੇ ਮੌਕੇ ਦੇਣ ਵਾਲਾ, ਸਾਂਝੇ ਸੋਮਿਆਂ ਤੇ ਸਾਂਝੀ ਹਸਤੀ-ਹੋਣੀ ਵਾਲਾ ਮਾਰਕਸਵਾਦੀ ਫਲਸਫਾ ਹੈ। ਗੋਦਾਦ ਦਾ ਸਿਨੇਮਾ ਅਜਿਹੇ ਦ੍ਰਿਸ਼ਾਂ ਦੀ ਨਿਰੰਤਰਤਾ ਦਾ ਸਿਨੇਮਾ ਹੈ ਜਿੱਥੇ ਇਹਨਾਂ ਦੋਵਾਂ ਪ੍ਰਬੰਧਾਂ ਦੁਆਰਾ ਘੜੇ ਇਨਸਾਨ ਇੱਕ-ਦੂਜੇ ਨਾਲ ਪਿਆਰ ਦਾ ਰਿਸ਼ਤਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਵਾਰ-ਵਾਰ ਅਸਫਲ ਹੋ ਰਹੇ ਹਨ। ਸਾਰੀ ਫਿਲਮ ਇਸ ਰਿਸ਼ਤੇ ਵਿਚਲੀਆਂ ਵਿਸੰਗਤੀਆਂ, ਵਿਰੋਧਾਭਾਸਾਂ ਅਤੇ ਵਿਚਾਰਧਾਰਕ ਵਿੱਥਾਂ ਦੀ ਦ੍ਰਿਸ਼ਾਵਲੀ ਹੈ।
ਪਾਲ ਅਤੇ ਮੈਡੇਲਿਨ ਦੇ ਰਿਸ਼ਤੇ ਦੇ ਚਿਤਰਨ ਰਾਹੀਂ ਗੋਦਾਦ ਫਰਾਂਸ ਦੇ ਰਵਾਇਤੀ ਮੁੱਲਾਂ ਦੇ ਆਧੁਨਿਕ ਵਿਚਾਰਧਾਰਵਾਂ ਨਾਲ ਹੁੰਦਾ ਟਕਰਾਉ ਵੀ ਚਿਤਰਦਾ ਹੈ। ਮੈਡੇਲਿਨ, ਪਾਲ ਨਾਲ ਆਪਣੇ ਰਿਸ਼ਤੇ ਸਬੰਧੀ ਸ਼ਸ਼ੋਪੰਜ ਵਿਚ ਰਹਿੰਦੀ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਹ ਰਿਸ਼ਤਾ ਟਿਕਣਾ ਨਹੀਂ। ਉਹ ਖੁਦ ਗਾਇਕਾ ਬਣਨ ਲਈ ਜੱਦੋ-ਜਹਿਦ ਕਰ ਰਹੀ ਹੈ ਤੇ ਉਸ ਨੂੰ ਪਾਲ ’ਤੇ ਇਸ ਲਈ ਵੀ ਜ਼ਿਆਦਾ ਵਿਸ਼ਵਾਸ ਨਹੀਂ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਕਿਸੇ ਲਈ ਸੰਗੀਤ ਨੂੰ ਪਿਆਰ ਕਰਨਾ ਸਮਾਜ ਨੂੰ ਪਿਆਰ ਕਰਨ ਤੋਂ ਬਿਲਕੁੱਲ ਨਿੱਜੀ ਹੋ ਸਕਦਾ ਹੈ। ਗੋਦਾਦ ਦਾ ਸਿਨੇਮਾ ਕਿਉਂਕਿ ‘ਨਿੱਜੀ ਵੀ ਸਿਆਸੀ ਹੈ` ਦਾ ਸਿਨੇਮਾ ਹੈ, ਉਹ ਮੈਡੇਲਿਨ ਸਾਹਮਣੇ ਨੈਤਿਕ ਦਵੰਦ ਵਾਲੀ ਹਾਲਤ ਪੈਦਾ ਕਰ ਦਿੰਦਾ ਹੈ। ਇਸ ਕਾਰਨ ਉਹ ਲਗਾਤਾਰ ਪਾਲ ਨਾਲ ਬਹਿਸਦੀ ਰਹਿੰਦੀ ਹੈ ਤੇ ਪਾਲ ਨੂੰ ਰਿਸ਼ਤੇ ਬਾਰੇ ਭੰਬਲਭੂਸੇ ਵਿਚ ਪਾਈ ਰੱਖਦੀ ਹੈ। ਇਸ ਦਾ ਫਾਇਦਾ ਚੁੱਕਦਿਆਂ ਉਸ ਦੀ ਦੋਸਤ ਕੈਥਲੀਨ ਪਾਲ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਜਿਸ ਨੂੰ ਪਾਲ ਇਹ ਕਹਿੰਦਿਆਂ ਹੈਰਾਨ ਕਰ ਦਿੰਦਾ ਹੈ, “ਮੈਨੂੰ ਮੈਡੇਲਿਨ ਦੀ ਫਿਕਰ ਰਹਿੰਦੀ ਹੈ।”
ਪਾਲ ਖੁਦ ਵੀ ਕਈ ਤਰ੍ਹਾਂ ਦੀਆਂ ਵਿਚਾਰਧਾਰਕ ਅਤੇ ਮਾਨਸਿਕ ਦੁਚਿਤੀਆਂ ’ਚ ਘਿਰਿਆ ਹੋਇਆ ਹੈ। ਉਹ ਵੀਅਤਨਾਮ ’ਤੇ ਹਮਲੇ ਕਾਰਨ ਸਾਮਰਾਜਵਾਦੀ ਅਮਰੀਕਾ ਦਾ ਸਖਤ ਆਲੋਚਕ ਹੈ ਪਰ ਇੱਕ ਦਿਨ ਜਦ ਉਹ ਅਤੇ ਉਸ ਦੇ ਦੋਸਤ ਟਰੇਨ ਵਿਚ ਸਫਰ ਕਰ ਰਹੇ ਹੁੰਦੇ ਹਨ ਤਾਂ ਇੱਕ ਫਰੈਂਚ ਔਰਤ ਉੱਥੇ ਬੈਠੇ ਕਾਲੀ ਨਸਲ ਦੇ ਬੰਦੇ ਨੂੰ ਗਾਲਾਂ ਕੱਢਦੀ ਹੈ ਅਤੇ ਉਸ ’ਤੇ ਹਮਲਾ ਕਰ ਦਿੰਦੀ ਹੈ। ਇਸ ਘਟਨਾ ’ਤੇ ਪਾਲ ਅਤੇ ਉਸ ਦੇ ਦੋਸਤ ਚੁੱਪ ਰਹਿੰਦੇ ਹਨ। ਇਉਂ ਗੋਦਾਦ ਫਰਾਂਸੀਸੀ ਸਮਾਜ ਨੂੰ ਘੁਣ ਵਾਂਗ ਖਾ ਰਹੇ ਨਸਲਵਾਦ ਨੂੰ ਨੰਗਾ ਕਰਦਾ ਹੈ ਤੇ ਇਸ ਨੂੰ ਇੰਝ ‘ਆਮ ਵਰਤਾਰਾ` ਬਣਾ ਦਿੱਤੇ ਜਾਣ ’ਤੇ ਕਟਾਕਸ਼ ਕਰਦਾ ਹੈ। ਸਮਾਜ ਦੇ ਜ਼ਿਆਦਾਤਰ ਮੈਂਬਰ ਇਸ ਬਾਰੇ ਇੱਦਾਂ ਚੁੱਪ ਧਾਰ ਲੈਂਦੇ ਹਨ ਜਿਵੇਂ ਇਹ ਕਿਸੇ ਅਣਲਿਖਤ ਕਾਨੂੰਨ ਦਾ ਹਿੱਸਾ ਹੋਵੇ। ਇਉਂ ਫਿਲਮ ਹਥਿਆਰਬੰਦ ਇਨਕਲਾਬ ਦੇ ਸਮਰਥਕਾਂ ਦੀ ਆਪਣੇ ਖੁਦ ਦੇ ਸਮਾਜਾਂ ਵਿਚ ਪਈ ਸੰਸਥਾਈ ਹਿੰਸਾ ਬਾਰੇ ਚੁੱਪ ’ਤੇ ਵੀ ਸਵਾਲ ਕਰਦੀ ਹੈ।
ਫਿਲਮ ਦੇ ਇੱਕ ਅਹਿਮ ਸੀਨ ਵਿਚ ਪਾਲ ਅਤੇ ਉਸ ਦੇ ਦੋਸਤ ਫਿਲਮਾਂ ਬਣਾਉਣ ਦੇ ਢੰਗ-ਤਰੀਕਿਆਂ ਅਤੇ ਉਹਨਾਂ ਵਿਚਲੇ ਪਿਆਰ-ਦ੍ਰਿਸ਼ਾਂ ਬਾਰੇ ਕਈ ਟਿੱਪਣੀਆਂ ਕਰਦੇ ਹਨ; ਉਹੀ ਫਰੈਂਚ ਸਮਾਜ ਜਿਹੜਾ ਆਪਣੀਆਂ ਸਰਕਾਰਾਂ ਦੁਆਰਾ ਅਲਜੀਰੀਆ ਦੇ ਲੋਕਾਂ ਦੇ ਕਤਲੇਆਮ ਅਤੇ ਉਪਨਿਵੇਸ਼ਵਾਦੀ ਨੀਤੀਆਂ ਬਾਰੇ ਕੋਈ ਆਵਾਜ਼ ਨਹੀਂ ਚੁੱਕਦਾ, ਫਿਲਮ ਦੇ ਪਿਆਰ-ਦ੍ਰਿਸ਼ਾਂ ਨੂੰ ਹਿੰਸਾਤਮਕ ਅਤੇ ਘ੍ਰਿਣਾ ਭਰਪੂਰ ਦੱਸਦਿਆਂ ਵਿਰੋਧ ’ਤੇ ਉੱਤਰ ਆਉਂਦਾ ਹੈ। ਫਿਲਮ ਵਿਚ ਅਜਿਹੇ ਸਿਆਸੀ ਦ੍ਰਿਸ਼ਾਂ ਅਤੇ ਤਸਵੀਰਾਂ ਦੀ ਭਰਮਾਰ ਹੈ ਜਿਸ ਦੀ ਵਿਆਖਿਆ ਗੋਦਾਦ ਨੂੰ ਬੌਧਿਕ ਫਿਲਮਸਾਜ਼ ਵਜੋਂ ਸਥਾਪਿਤ ਕਰਦੀ ਹੈ।
ਫਿਲਮ ਦੇ ਨਾਮ ‘ਮਾਸਕੁਲਿਨ ਫੈਮਿਨਿਨ` ਰਾਹੀਂ ਵੀ ਗੋਦਾਦ ਫਿਲਮਾਂ ਜਾਂ ਕਿਤਾਬਾਂ ਨੂੰ ਨਾਮ ਤੋਂ ਸਮਝਣ ਦੀ ਧਾਰਨਾ ਪਲਟਾ ਦਿੰਦਾ ਹੈ। ਫਿਲਮ ਲਿੰਗ ਵਰਤਾਰੇ ਜਾਂ ਲਿੰਗਕ ਸਿਆਸਤ ਨਾਲ ਸਬੰਧਿਤ ਨਹੀਂ। ਗੋਦਾਦ ਇਸ ਫਿਲਮ ਦੇ ਅੰਤ ’ਤੇ ਪਾਲ ਦੀ ਮੌਤ ਦਾ ਦ੍ਰਿਸ਼ ਸਿਰਜਦਾ ਹੈ ਜਿਹੜਾ ਬਿਲਕੁੱਲ ਪਾਲ ਦੇ ਸਾਹਮਣੇ ਖੁਦਕੁਸ਼ੀ ਕਰ ਗਏ ਅਜਨਬੀ ਦੀ ਮੌਤ ਦੇ ਦ੍ਰਿਸ਼ ਵਰਗਾ ਹੈ। ਗੋਦਾਦ ਮੁਤਾਬਿਕ ਜਿਹੜੇ ਸਮਾਜ ਸਨਅਤੀਕਰਨ ਅਤੇ ਸ਼ਹਿਰੀਕਰਨ ਦੇ ਆਧੁਨਿਕ ਦੌਰਾਂ ਵਿਚੋਂ ਗੁਜ਼ਰ ਰਹੇ ਹੁੰਦੇ ਹਨ, ਉਹਨਾਂ ਵਿਚ ਮੌਤ ਮਹਿਜ਼ ਖਬਰ, ਸੰਵਾਦ ਜਾਂ ਘਟਨਾ ਤੋਂ ਵੱਧ ਕੁਝ ਨਹੀਂ ਰਹਿੰਦੀ ਭਾਵੇਂ ਮਰਨ ਵਾਲਾ ਬੰਦਾ ਪਾਲ ਵਾਂਗ ਚੇਤੰਨ, ਸਿਆਸੀ ਅਤੇ ਬੌਧਿਕ ਹੀ ਕਿਉਂ ਨਾ ਹੋਵੇ!