ਸਿਆਸਤ ਬਨਾਮ ਵਾਤਾਵਰਨ

ਭਾਰਤ ਵਿਚ ਇਕ ਪਾਸੇ ਲੋਕ ਸਭਾ ਚੋਣਾਂ ਦਾ ਪਿੜ ਭਖਿਆ ਹੋਇਆ ਹੈ, ਦੂਜੇ ਬੰਨੇ ਗਰਮੀ ਨੇ ਵੀ ਪੂਰੇ ਵੱਟ ਕੱਢੇ ਹੋਏ ਹਨ। ਬਹੁਤ ਥਾਈਂ ਪਾਰਾ 45 ਡਿਗਰੀ ਤੋਂ ਉਤਾਂਹ ਟੱਪ ਗਿਆ ਹੈ। ਇੰਨੀ ਗਰਮੀ ਕਾਰਨ ਬੱਚਿਆਂ ਨੂੰ ਸਕੂਲੋਂ ਛੁੱਟੀਆਂ ਕਰ ਦਿੱਤੀ ਗਈਆਂ ਹਨ ਅਤੇ ਆਮ ਕੰਮਕਾਰ ਵਿਚ ਵੀ ਸਾਵਧਾਨੀ ਵਰਤੀ ਜਾ ਰਹੀ ਹੈ।

ਵਾਤਾਵਰਨ ਵਿਚ ਤੇਜ਼ੀ ਨਾਲ ਆ ਰਹੀਆਂ ਤਬਦੀਲੀਆਂ ਨੇ ਸਭ ਨੂੰ ਫਿਕਰ ਵਿਚ ਪਾਇਆ ਹੋਇਆ ਹੈ। ਵਾਤਾਵਰਨ ਮਾਹਿਰਾਂ ਕਈ ਸਾਲਾਂ ਤੋਂ ਖਬਰਦਾਰ ਕਰ ਰਹੇ ਹਨ ਕਿ ਜੇ ਵਿਕਾਸ ਦਾ ਇਹੀ ਮਾਡਲ ਜਾਰੀ ਰਿਹਾ ਤਾਂ ਬਹੁਤ ਛੇਤੀ ਇਹ ਧਰਤੀ ਮਨੁੱਖ ਤੇ ਹੋਰ ਜੀਆ-ਜੰਤ ਦੇ ਰਹਿਣ ਲਾਇਕ ਨਹੀਂ ਰਹੇਗੀ। ਇਸ ਬਾਰੇ ਵੱਖ-ਵੱਖ ਮੰਚਾਂ ਉਤੇ ਚਰਚਾ ਤਾਂ ਬਥੇਰੀ ਵਾਰ ਚੱਲਦੀ ਹੈ ਪਰ ਇਸ ਦੇ ਹੱਲ ਲਈ ਕੋਈ ਕਾਰਗਰ ਕਦਮ ਉਠਾਉਣ ਵਿਚ ਸੰਸਾਰ ਦੇ ਆਗੂ ਅਜੇ ਤੱਕ ਅਸਫਲ ਰਹੇ ਹਨ।
ਇਸ ਸਭ ਕੁਝ ਦੇ ਬਾਵਜੂਦ ਭਾਰਤ ਅੰਦਰ ਚੋਣ ਸਰਗਰਮੀਆਂ ਨੂੰ ਕੋਈ ਫਰਕ ਨਹੀਂ ਪਿਆ ਹੈ। ਹਰ ਪਾਰਟੀ ਅਤੇ ਉਮੀਦਵਾਰ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ। ਐਤਕੀਂ ਲੋਕ ਸਭਾ ਚੋਣਾਂ ਕੁੱਲ ਸੱਤ ਗੇੜਾਂ ਵਿਚ ਹੋ ਰਹੀਆਂ ਹਨ ਅਤੇ ਆਖਰੀ ਗੇੜ ਪਹਿਲੀ ਜੂਨ ਨੂੰ ਹੈ। ਪੰਜਾਬ ਵਿਚ ਵੀ ਇਸੇ ਦਿਨ ਵੋਟਾਂ ਪੈਣੀਆਂ ਹਨ। ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਈ ਮਾਮਲਿਆਂ ਵਿਚ ਵਿਲੱਖਣ ਹਨ। ਕੇਂਦਰ ਵਿਚ ਪਿਛਲੇ ਦਸ ਸਾਲ ਤੋਂ ਕਾਬਜ਼ਭਾਜਪਾ ਅਤੇ ਇਸ ਦੀ ਸਰਪ੍ਰਸਤ ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਨੂੰ ਜਾਪਦਾ ਸੀ ਕਿ ਕਿਤੇ-ਕਿਤੇ ਸੱਤਾ-ਵਿਰੋਧੀ ਸੁਰ ਹੋਣ ਦੇ ਬਾਵਜੂਦ ਇਹ ਆਰਾਮ ਨਾਲ ਹੀ ਇਕ ਵਾਰ ਫਿਰ ਸੱਤਾ ਹਾਸਿਲ ਕਰ ਲਵੇਗੀ। ਇਸੇ ਕਰ ਕੇ ਇਨ੍ਹਾਂ ਨੇ ਐਤਕੀਂ ਕੁੱਲ 543 ਲੋਕ ਸਭਾ ਸੀਟਾਂ ਵਿਚੋਂ 400 ਤੋਂ ਵੱਧ ਉਤੇ ਜਿੱਤ ਹਾਸਿਲ ਕਰਨ ਦੇ ਨਾਅਰੇ ਮਾਰਨੇ ਆਰੰਭ ਕਰ ਦਿੱਤੇ। ਉਂਝ, ਪਹਿਲੇ ਹੀ ਗੇੜ ਵਿਚ ਕਨਸੋਆਂ ਮਿਲ ਗਈਆਂ ਕਿ 2019 ਵਾਲੀਆਂ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਮੁਕਾਬਲਾ ਇੰਨਾ ਆਸਾਨ ਨਹੀਂ।ਸ਼ਾਇਦ ਇਸੇ ਕਰ ਕੇ ਹੁਣ ਸੱਤਾ ਧਿਰ ਦੇ ਆਗੂ 400 ਸੀਟਾਂ ਜਿੱਤਣ ਵਾਲਾ ਨਾਅਰਾ ਤਕਰੀਬਨ ਹਜ਼ਮ ਹੀ ਕਰ ਗਏ ਹਨ।ਭਾਜਪਾ ਨੇ ਭਾਵੇਂ ਜਨਵਰੀ ਵਿਚ ਅਯੁੱਧਿਆ ਵਿਚ ਰਾਮ ਮੰਦਰ ਦਾ ਉਦਘਾਟਨ ਕਰ ਕੇ ਧਾਰਮਿਕ ਮੁਹਾਵਰਾ ਸਿਰਜਣ ਦਾ ਸੁਚੇਤ ਯਤਨ ਕੀਤਾ ਪਰ ਇਸ ਦੇ ਪ੍ਰਚਾਰ ਵਿਚ ਆਪਣੇ ਕੀਤੇ ਕੰਮਾਂ ਬਾਰੇ ਦਾਅਵੇ ਕੀਤੇ ਜਾਣ ਲੱਗੇ। ਸਭ ਤੋਂ ਵਧੇਰੇ ਚਰਚਾ ਤੇਜ਼ੀ ਨਾਲ ਵਧ-ਫੁੱਲ ਰਹੇ ਅਰਥਚਾਰੇ ਦੀ ਕੀਤੀ ਗਈ। ਉਂਝ, ਇਉਂ-ਜਿਉਂ ਵਕਤ ਗੁਜ਼ਰਦਾ ਗਿਆ, ਪਾਰਟੀ ਦੇ ਆਗੂ ਖਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਸਲਮਾਨਾਂ ਖਿਲਾਫ ਲੋਕ-ਭਾਵਨਾਵਾਂ ਭੜਕਾਉਣ ਲੱਗ ਪਏ। ਸਿਆਸੀ ਮਾਹਿਰਾਂ ਨੇ ਇਸ ਤੋਂ ਇਹ ਨਤੀਜਾ ਕੱਢਿਆ ਕਿ ਭਾਜਪਾ ਦਾ ਵਿਕਾਸ ਵਾਲਾ ਨਾਅਰਾ ਉੱਕਾ ਹੀ ਠੁੱਸ ਹੋ ਗਿਆ ਹੈ ਅਤੇ ਪ੍ਰਧਾਨ ਮੰਤਰੀ ਤੱਕ ਨੂੰ ਬੁਖਲਾਹਟ ਵਿਚ ਫਿਰਕੂ ਭਾਵਨਾਵਾਂਭੜਕਾ ਕੇ ਵੋਟਾਂ ਲੈਣ ਲਈ ਤਰੱਦਦ ਕਰਨਾ ਪੈ ਰਿਹਾ ਹੈ।ਇਹੀ ਨਹੀਂ, ਵਿਰੋਧੀ ਧਿਰ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਬਹੁਗਿਣਤੀ ਵੋਟਰਾਂ ਨੂੰ ਖੌਫਜ਼ਦਾ ਕੀਤਾ ਜਾ ਰਿਹਾ ਹੈ।
ਪੰਜਾਬ ਅੰਦਰ ਇਨ੍ਹਾਂ ਚੋਣਾਂ ਦਾ ਰੰਗ ਵੱਖਰਾ ਹੈ। ਐਤਕੀਂ ਚੋਣ ਪਿੜ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗੱਠਜੋੜ ਨਹੀਂ ਹੈ। ਦੋਵੇਂ ਪਾਰਟੀਆਂ 1996 ਤੋਂ ਗੱਠਜੋੜ ਅਧੀਨ ਚੋਣ ਪਿੜ ਵਿਚ ਨਿੱਤਰਦੀਆਂ ਰਹੀਆਂ ਹਨ ਪਰ ਚਾਰ ਸਾਲ ਪਹਿਲਾਂ ਖੇਤੀ ਕਾਨੂੰਨਾਂ ਦੇ ਰੱਫੜ ਕਾਰਨਦੋਹਾਂ ਵਿਚਕਾਰ ਤੋੜ-ਵਿਛੋੜਾ ਹੋ ਗਿਆ ਸੀ। ਹੁਣ ਹਾਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਭਾਜਪਾ ਦੇ ਉਮੀਦਵਾਰਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦੇ ਰਹੀਆਂ। ਦੂਜੇ ਬੰਨੇ, ਬੇਅਦਬੀ ਅਤੇ ਕਈ ਹੋਰ ਮੁੱਦਿਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਪਿਛਲੇ ਕਈ ਸਾਲਾਂ ਤੋਂ ਸਿਆਸੀ ਪਛਾੜ ਝੱਲ ਰਿਹਾ ਹੈ। ਪੰਜਾਬ ਵਿਚ 2017 ਵਿਚ ਸੱਤਾ ਖੁੱਸਣ ਤੋਂ ਬਾਅਦ ਇਸ ਦੀ ਸਿਆਸੀ ਜ਼ਮੀਨ ਲਗਾਤਾਰ ਖਿਸਕ ਰਹੀ ਹੈ। ਇਸੇ ਦੌਰਾਨ ਇਸ ਨੂੰ ਅੰਦਰੂਨੀ ਬਗਾਵਤਾਂ ਦਾ ਸੇਕ ਵੀ ਝੱਲਣਾ ਪਿਆ ਹੈ। ਕੁੱਲ ਮਿਲਾ ਕੇ ਇਨ੍ਹਾਂ ਦੋਹਾਂ ਪਾਰਟੀਆਂ ਦੀ ਹਾਲਤ ‘ਸਭ ਅੱਛਾ’ ਵਾਲੀ ਨਹੀਂ। ਇਸ ਵਕਤ ਪੰਜਾਬ ਵਿਚ ਸੱਤਾ ’ਤੇ ਕਾਬਜ਼ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਾਰੀਆਂ 13 ਸੀਟਾਂ ਉਤੇ ਜਿੱਤ ਦੇ ਦਾਅਵੇ ਹਰ ਰੋਜ਼ ਕਰ ਰਹੇ ਹਨ ਪਰ ਜ਼ਮੀਨੀ ਹਕੀਕਤ ਦੱਸਦੀ ਹੈ ਕਿ ਦੋ ਸਾਲ ਪਹਿਲਾਂ ਬਣੀ ਸਰਕਾਰ ਖਿਲਾਫ ਲੋਕਾਂ ਅੰਦਰ ਕਿੰਨਾ ਰੋਸ ਹੈ। ਮੁੱਖ ਮੰਤਰੀ ਦੇ ਦਾਅਵੇ ਭਾਵੇਂ ਬਹੁਤ ਵੱਡੇ ਹਨ ਪਰ ਆਮ ਲੋਕਾਂ ਦੀ ਰਾਇ ਇਹੀ ਹੈ ਕਿ ਇਹ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਕੋਈ ਬਹੁਤੀ ਵੱਖਰੀ ਸਾਬਤ ਨਹੀਂ ਹੋਈ। ਅਸਲ ਵਿਚ 92 ਸੀਟਾਂ ਵਾਲੀ ਵੱਡੀ ਜਿੱਤ ਕਰ ਕੇ ਲੋਕਾਂ ਨੇ ਸਰਕਾਰ ਤੋਂ ਕੁਝ ਜ਼ਿਆਦਾ ਹੀ ਆਸ ਲਾ ਲਈ ਸੀ।
ਅਜਿਹੀ ਡਾਵਾਂਡੋਲ ਹਾਲਤ ਵਿਚ ਕਾਂਗਰਸ ਆਗੂਆਂ ਨੂੰ ਲੱਗਦਾ ਹੈ ਕਿ ਇਹ 13 ਵਿਚੋਂ ਬਹੁਤੀਆਂ ਸੀਟਾਂ ਉਤੇ ਜਿੱਤ ਹਾਸਲ ਕਰ ਲਵੇਗੀ। ਚੋਣ ਮਾਹਿਰ ਵੀ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਦਾਅਵਿਆਂ ਬਾਰੇ ਵੱਖ-ਵੱਖ ਰਾਇ ਰੱਖਦੇ ਹਨ। ਉਂਝ, ਚਰਚਾ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਿਸੇ ਵੀ ਪਾਰਟੀ ਨੇ ਪੰਜਾਬ ਦੇ ਅਸਲ ਮੁੱਦਿਆਂ ਬਾਰੇ ਕੋਈ ਠੋਸ ਗੱਲ ਨਹੀਂ ਕੀਤੀ। ਸੂਬੇ ਦਾ ਅਰਥਚਾਰਾ ਡੋਲ ਰਿਹਾ ਹੈ। ਬੇਰੁਜ਼ਗਾਰੀ ਸਿਖਰ ’ਤੇ ਹੈ ਜਿਸ ਕਾਰਨ ਔਕੜਾਂ ਵਧ ਰਹੀਆਂ ਹਨ।ਨਸ਼ਿਆਂ ਦੀ ਮਾਰ ਜਿਉਂ ਦੀ ਤਿਉਂ ਹੈ। ਸਿੱਖਿਆ ਤੇ ਸਿਹਤ ਖੇਤਰ ਦਾ ਜਿੰਨਾ ਮਾੜਾ ਹੁਣ ਹੋ ਗਿਆ ਹੈ, ਪਹਿਲਾਂ ਕਦੀ ਨਹੀਂ ਸੀ। ਭ੍ਰਿਸ਼ਟਾਚਾਰ ਲੋਕਾਂ ਨੂੰ ਖਾ ਰਿਹਾ ਹੈ। ਪ੍ਰਸ਼ਾਸਨ ਦਾ ਮਾੜਾ ਹਾਲ ਹੈ। ਹੋਰ ਤਾਂ ਹੋਰ, ਸਰਕਾਰ ਕਿਸਾਨਾਂ ਨੂੰ ਖੇਤਾਂ ਵਿਚ ਰਹਿੰਦ-ਖੂੰਹਦ ਸਾੜਨ ਤੋਂ ਮੋੜਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਆਉਣ ਵਾਲੇ ਸਮੇਂ ਵਿਚ ਪਾਣੀ ਵੱਡਾ ਸੰਕਟ ਬਣ ਕੇ ਉਭਰੇਗਾ। ਸਵਾਲ ਹੈ: ਕੀ ਚੋਣਾਂ ਇਨ੍ਹਾਂ ਹਾਲਾਤ ਨੂੰ ਕੋਈ ਫਰਕ ਪਾਉਣਗੀਆਂ? ਫਿਲਹਾਲ ਜਵਾਬ ਨਾਂਹ ਵਿਚ ਹੀ ਹੈ।