ਰੂਸ ਵੱਲੋਂ ਖਾਰਕੀਵ ਵਿਚ ਨਵੇਂ ਸਿਰੇ ਤੋਂ ਹਮਲਾ

ਕੀਵ: ਰੂਸੀ ਫ਼ੌਜ ਨੇ ਯੂਕਰੇਨ ਦੇ ਉੱਤਰ-ਪੂਰਬ ‘ਚ ਨਵੇਂ ਸਿਰੇ ਤੋਂ ਹਮਲਾ ਕੀਤਾ ਹੈ ਜਿਸ ‘ਚ ਕਈ ਵਿਅਕਤੀ ਮਾਰੇ ਅਤੇ ਕਈ ਜ਼ਖ਼ਮੀ ਹੋ ਗਏ। ਖਾਰਕੀਵ ਖਿੱਤੇ ‘ਚ 1700 ਤੋਂ ਵਧ ਲੋਕਾਂ ਨੂੰ ਇਲਾਕਾ ਖਾਲੀ ਕਰਨਾ ਪਿਆ ਹੈ। ਰੂਸ ਦੇ ਰੱਖਿਆ ਮੰਤਰੀ ਅਨੁਸਾਰ ਫੌਜ ਨੇ ਪੰਜ ਪਿੰਡਾਂ ‘ਤੇ ਕਬਜ਼ਾ ਕਰ ਲਿਆ ਹੈ, ਉਧਰ ਖਾਰਕੀਵ ਦੇ ਗਵਰਨਰ ਓਲੇਹ ਸਿਨੀਏਹੁਬੋਵ ਦਾ ਕਹਿਣਾ ਕਿ 30 ਤੋਂ ਜ਼ਿਆਦਾ ਵੱਖ ਵੱਖ ਨਗਰਾਂ ਅਤੇ ਪਿੰਡਾਂ ‘ਚ ਹਮਲੇ ਕੀਤੇ ਗਏ ਹਨ ਜਿਨ੍ਹਾਂ ‘ਚ ਤਿੰਨ ਵਿਅਕਤੀ ਹਲਾਕ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ।

ਯੂਕਰੇਨ ਨੇ ਰੂਸੀ ਹਮਲੇ ਦੇ ਟਾਕਰੇ ਲਈ ਖਾਰਕੀਵ ਖ਼ਿੱਤੇ ‘ਚ ਹੋਰ ਫ਼ੌਜੀ ਟੁਕੜੀਆਂ ਭੇਜੀਆਂ ਹਨ। ਇਸ ਹਮਲੇ ਨਾਲ ਰੂਸ ਵੱਲੋਂ ਬਫ਼ਰ ਜ਼ੋਨ ਬਣਾਉਣ ਦੀ ਕੋਸ਼ਿਸ਼ ਸ਼ੁਰੂ ਹੋ ਸਕਦੀ ਹੈ ਜਿਸ ਦਾ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਹਿਦ ਲਿਆ ਹੋਇਆ ਹੈ।
ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਪੁਸ਼ਟੀ ਕੀਤੀ ਹੈ ਕਿ ਰੂਸੀ ਫ਼ੌਜ ਨੇ ਹਮਲੇ ਵਧਾ ਦਿੱਤੇ ਹਨ। ਉਨ੍ਹਾਂ ਮੁਲਕ ਦੇ ਪੱਛਮੀ ਭਾਈਵਾਲਾਂ ਨੂੰ ਹੋਕਾ ਦਿੱਤਾ ਕਿ ਉਹ ਫ਼ੌਜੀ ਸਹਾਇਤਾ ਤੇਜ਼ੀ ਨਾਲ ਪਹੁੰਚਾਉਣਾ ਯਕੀਨੀ ਬਣਾਉਣ। ਰੂਸੀ ਫ਼ੌਜ ਵੱਲੋਂ ਇਲਾਕੇ ਦੇ ਅਹਿਮ ਸਪਲਾਈ ਰੂਟ ਬੰਦ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਰੂਸ ਨੇ ਜੰਗ ਦੇ ਸ਼ੁਰੂਆਤੀ ਦਿਨਾਂ ‘ਚ ਖਾਰਕੀਵ ਨੂੰ ਕਬਜ਼ੇ ‘ਚ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਕਰੀਬ ਇਕ ਮਹੀਨੇ ਮਗਰੋਂ ਫ਼ੌਜ ਬਾਹਰਲੇ ਇਲਾਕਿਆਂ ਤੋਂ ਪਿਛਾਂਹ ਹਟ ਗਈ ਸੀ ਕਿਉਂਕਿ ਯੂਕਰੇਨੀ ਫ਼ੌਜ ਨੇ ਉਨ੍ਹਾਂ ਨੂੰ ਖਾਰਕੀਵ ਤੋਂ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ ਸੀ। ਇਸ ਜਵਾਬੀ ਕਾਰਵਾਈ ਕਾਰਨ ਪੱਛਮੀ ਮੁਲਕਾਂ ਨੂੰ ਆਸ ਬੱਝ ਗਈ ਸੀ ਕਿ ਯੂਕਰੇਨ ਵੱਲੋਂ ਰੂਸ ਨੂੰ ਜੰਗ ‘ਚ ਹਰਾਇਆ ਜਾ ਸਕਦਾ ਹੈ ਅਤੇ ਉਹ ਯੂਕਰੇਨ ਦੀ ਮਦਦ ਲਈ ਅੱਗੇ ਆਏ ਸਨ।
ਗਾਜ਼ਾ ‘ਚ ਸਾਡੇ ਹਥਿਆਰਾਂ ਦੀ ਵਰਤੋਂ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ: ਅਮਰੀਕਾ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਕਿਹਾ ਕਿ ਗਾਜ਼ਾ ਵਿਚ ਇਜ਼ਰਾਈਲ ਵੱਲੋਂ ਅਮਰੀਕਾ ਵੱਲੋਂ ਮੁਹੱਈਆ ਕਰਵਾਏ ਹਥਿਆਰਾਂ ਦੀ ਵਰਤੋਂ ਕੌਮਾਂਤਰੀ ਕਾਨੂੰਨ ਦੀ ਸੰਭਾਵਿਤ ਉਲੰਘਣਾ ਹੋ ਸਕਦੀ ਹੈ ਪਰ ਚੱਲ ਰਹੇ ਯੁੱਧ ਕਾਰਨ ਅਮਰੀਕੀ ਅਧਿਕਾਰੀਆਂ ਕੋਲ ਹਾਲੇ ਇਸ ਦੇ ਪੂਰੇ ਸਬੂਤ ਨਹੀਂ ਹਨ। ਅਮਰੀਕਾ ਦੇ ਸਹਿਯੋਗੀ ਮੁਲਕ ਵੱਲੋਂ ਗਾਜ਼ਾ ਵਿਚ ਜੰਗ ਛੇੜ ਕੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਦੇ ‘ਵਾਜਬ` ਸਬੂਤਾਂ ਵਾਲੀ ਰਿਪੋਰਟ ਅਮਰੀਕੀ ਸੰਸਦ ਵਿਚ ਪੇਸ਼ ਕੀਤੀ ਜਾਣੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਜ਼ਰਾਈਲ ਖ਼ਿਲਾਫ਼ ਕੀਤੀ ਗਈ ਇਹ ਹੁਣ ਤੱਕ ਦੀ ਸਭ ਤੋਂ ਸਖ਼ਤ ਟਿੱਪਣੀ ਮੰਨੀ ਜਾ ਰਹੀ ਹੈ।